ਜਸਬੀਰ ਸ਼ੇਤਰਾ
ਜਗਰਾਉਂ, 26 ਜੁਲਾਈ
‘ਚਿੱਟੇ’ ਸਮੇਤ ਪਿੰਡ ਵਿੱਚ ਵਿਕਦੇ ਹੋਰ ਨਸ਼ਿਆਂ ਖ਼ਿਲਾਫ਼ ਡਟਣ ਵਾਲੀ ਅਤੇ ਅੱਗੇ ਲੱਗ ਕੇ ਇਸ ਨੂੰ ਲਹਿਰ ਬਣਾ ਕੇ ਪੁਲੀਸ ਨੂੰ ਕਾਰਵਾਈ ਲਈ ਮਜਬੂਰ ਕਰ ਦੇਣ ਵਾਲੀ ਪਿੰਡ ਮੰਡਿਆਣੀ ਦੀ ਮਹਿਲਾ ਸਰਪੰਚ ਗੁਰਪ੍ਰੀਤ ਕੌਰ ਨੂੰ ਅੱਜ ‘ਦਲੇਰ ਧੀ ਪੰਜਾਬ ਦੀ’ ਪੁਰਸਕਾਰ ਪ੍ਰਦਾਨ ਕੀਤਾ ਗਿਆ। ਸਵਾਮੀ ਗੰਗਾ ਨੰਦ ਭੂਰੀ ਵਾਲੇ ਇੰਟਰਨੈਸ਼ਨਲ ਫਾਊਂਡੇਸ਼ਨ ਦੇ ਪ੍ਰਧਾਨ ਬੀਬੀ ਜਸਬੀਰ ਕੌਰ ਅਤੇ ਸਕੱਤਰ ਕੁਲਦੀਪ ਸਿੰਘ ਮਾਨ ਨੇ ਮਹਿਲਾ ਸਰਪੰਚ ਨੂੰ ਇਸ ਪੁਰਸਕਾਰ ਨਾਲ ਸਨਮਾਨਿਤ ਕੀਤਾ। ਉਨ੍ਹਾਂ ਕਿਹਾ ਕਿ ਮਹਿਲਾ ਸ਼ਕਤੀਕਰਨ ਬਿਨਾਂ ਸਮਾਜ ਅੰਦਰ ਫੈਲੀਆਂ ਭੈੜੀਆਂ ਅਲਾਮਤਾਂ ਦਾ ਖ਼ਾਤਮਾ ਹੋਣਾ ਅਸੰਭਵ ਹੈ। ਕੁਲਦੀਪ ਸਿੰਘ ਮਾਨ ਨੇ ਕਿਹਾ ਕਿ ਪਿੰਡ ਮੰਡਿਆਣੀ ਦੇ ਮਹਿਲਾ ਸਰਪੰਚ ਗੁਰਪ੍ਰੀਤ ਕੌਰ ਕਰੋਨਾ ਦੌਰਾਨ ਆਪਣੇ ਪਤੀ ਦੀ ਮੌਤ ਹੋਣ ਦੇ ਬਾਵਜੂਦ ਮਜ਼ਬੂਤ ਇਰਾਦਿਆਂ ਨਾਲ ਘਰੇਲੂ ਅਤੇ ਸਮਾਜਿਕ ਜ਼ਿੰਮੇਵਾਰੀਆਂ ਨੂੰ ਨਿਭਾਅ ਰਹੀ ਹੈ। ਅਚਾਰੀਆ ਡਾ. ਕ੍ਰਿਸ਼ਨ ਕੁਮਾਰ ਭਾਦਸੋਂ ਨੇ ਕਿਹਾ ਕਿ ਪਿਛਲੇ ਦਹਾਕਿਆਂ ਤੋਂ ਨਸ਼ਿਆਂ ਵਰਗੇ ਕਾਲੇ ਧੰਦਿਆਂ ’ਚ ਆਪਣੇ ਹੱਥ ਰੰਗ ਰਹੇ ਅਨਸਰਾਂ ਵਿਰੁੱਧ ਆਵਾਜ਼ ਚੁੱਕਣੀ ਔਖੀ ਹੈ, ਪਰ ਇਸ ਸਰਪੰਚ ਨੇ ਮਹਿਲਾ ਸ਼ਕਤੀ ਮਹਾਨ ਦਾ ਸਬੂਤ ਦਿੰਦਿਆਂ ਪੁਲੀਸ ਪ੍ਰਸ਼ਾਸਨ ਦੀਆਂ ਅੱਖਾਂ ਖੋਲ੍ਹ ਦਿੱਤੀਆਂ ਹਨ। ਦੂਜੇ ਪਾਸੇ ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਉਨ੍ਹਾਂ ਦੀ ਹੌਸਲਾ-ਅਫ਼ਜ਼ਾਈ ਕਰਦਿਆਂ ਪਿੰਡ ਦੇ ਵਿਕਾਸ ਲਈ ਵਿਸ਼ੇਸ਼ ਗ੍ਰਾਂਟ ਅਤੇ ਸਨਮਾਨ ਦੇਣ ਦੇ ਫ਼ੈਸਲੇ ਨੇ ਹੋਰਨਾਂ ਸਰਪੰਚਾਂ ਨੂੰ ਵੀ ਹਲੂਣਿਆ ਹੈ। ਇਸ ਮੌਕੇ ਵੈਦ ਸ਼ਿਵ ਕੁਮਾਰ ਭਾਦਸੋਂ, ਕੋਆਰਡੀਨੇਟਰ ਕੁਲਵਿੰਦਰ ਸਿੰਘ ਡਾਂਗੋਂ, ਮਮਤਾ ਚੌਧਰੀ, ਮਨਪ੍ਰੀਤ ਕੌਰ, ਰਿੰਕੀ ਨਾਇਕ ਆਦਿ ਹਾਜ਼ਰ ਸਨ।