ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 31 ਦਸੰਬਰ
ਸਨਅਤੀ ਸ਼ਹਿਰ ਵਿੱਚ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਵੱਡੇ-ਵੱਡੇ ਬੋਰਡਾਂ ਤੋਂ ਕਾਂਗਰਸ ਤੇ ਕਾਂਗਰਸ ਦੇ ਆਗੂ ਗਾਇਬ ਹਨ। ਇਨ੍ਹਾਂ ਬੋਰਡਾਂ ਨੂੰ ਦੇਖਣ ਤੋਂ ਬਾਅਦ ਸ਼ਹਿਰ ਵਿੱਚ ਚਰਚਾ ਸ਼ੁਰੂ ਹੋਈ ਕਿ ਕਿਤੇ ਮੰਤਰੀ ਆਸ਼ੂ ਵੀ ਕਾਂਗਰਸ ਪਾਰਟੀ ਨੂੰ ਅਲਵਿਦਾ ਤਾਂ ਨਹੀਂ ਕਹਿਣ ਜਾ ਰਹੇ। ਇਸ ਚਰਚਾ ਤੋਂ ਬਾਅਦ ਅੱਜ ਮੰਤਰੀ ਆਸ਼ੂ ਨੂੰ ਸਪੱਸ਼ਟੀਕਰਨ ਵੀ ਦੇਣਾ ਪਿਆ ਕਿ ਉਹ ਕਾਂਗਰਸ ਛੱਡ ਕੇ ਕਿਤੇ ਨਹੀਂ ਜਾ ਰਹੇ। ਦਰਅਸਲ, ਲੁਧਿਆਣਾ ਦੇ ਵੱਖ-ਵੱਖ ਇਲਾਕਿਆਂ ਵਿੱਚ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਵੱਡੇ-ਵੱਡੇ ਬੋਰਡ ਲਗਾਏ ਹਨ, ਜਿਸ ’ਤੇ ਸਿਰਫ਼ ਮੰਤਰੀ ਆਸ਼ੂ ਦੀ ਫੋਟੋ ਹੈ ਤੇ ਉਸ ’ਤੇ ਲਿਖਿਆ ਹੈ ‘ਮੈਨ ਆਫ਼ ਪਰੋਮਿਸ’। ਇਸ ਬੋਰਡ ਵਿੱਚ ਨਾ ਤਾਂ ਕਿਸੇ ਪਾਸੇ ਕਾਂਗਰਸ ਪਾਰਟੀ ਦਾ ਨਾਂ ਲਿਖਿਆ ਹੋਇਆ ਤੇ ਨਾ ਹੀ ਕਿਸੇ ਕਾਂਗਰਸੀ ਆਗੂ ਦੀ ਫੋਟੋ ਹੈ। ਸ਼ਹਿਰ ਵਿੱਚ ਜਿਵੇਂ ਹੀ ਇਹ ਬੋਰਡ ਲੱਗੇ ਤਾਂ ਕੁੱਝ ਲੋਕਾਂ ਨੇ ਤਾਂ ਸੋਸ਼ਲ ਮੀਡੀਆ ’ਤੇ ਚਰਚਾ ਛੇੜ ਦਿੱਤੀ ਕਿ ਮੰਤਰੀ ਆਸ਼ੂ ਜਲਦ ਹੀ ਭਾਜਪਾ ਜੁਆਇੰਨ ਕਰਨਗੇ।
ਲੋਕਾਂ ਨੇ ਸੋਸ਼ਲ ਮੀਡੀਆ ’ਤੇ ਪੋਸਟਾਂ ਪਾਈਆਂ ਕਿ ਜਿਸ ਕਾਂਗਰਸ ਪਾਰਟੀ ਨੇ ਮੰਤਰੀ ਆਸ਼ੂ ਨੂੰ ਵਿਧਾਇਕ ਲਈ ਟਿਕਟ ਦਿੱਤੀ, ਮੰਤਰੀ ਦੀ ਕੁਰਸੀ ’ਤੇ ਬਿਠਾਇਆ, ਹੁਣ ਜਦੋਂ ਚੋਣਾਂ ਨੇੜੇ ਹਨ ਤਾਂ ਮੰਤਰੀ ਨੇ ਆਪਣੇ ਚੋਣ ਪ੍ਰਚਾਰ ਦੇ ਬੋਰਡਾਂ ਤੋਂ ਕਾਂਗਰਸ ਦਾ ਚੋਣ ਨਿਸ਼ਾਨ ਹੀ ਗਾਇਬ ਕਰ ਦਿੱਤਾ।
ਇਨ੍ਹਾਂ ਸਭ ਚਰਚਾਵਾਂ ਵਿੱਚ ਮੰਤਰੀ ਆਸ਼ੂ ਨੇ ਕਿਹਾ, ‘‘ਹੱਥ ਪੰਜਾ ਚੋਣਾਂ ’ਚ ਪ੍ਰਚਾਰ ਨੂੰ ਆਉਂਦਾ ਹੈ। ਸਾਡਾ ਨਿਸ਼ਾਨ ਸਦਾ ਤਿਰੰਗੇ ’ਚ ਰਹਿੰਦਾ ਹੈ। ਅੱਜ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਪੋਸਟਰ ’ਤੇ ਵੀ ਪੰਜੇ ਦਾ ਨਿਸ਼ਾਨ ਨਹੀਂ ਹੈ। ਕਾਂਗਰਸ ਪਾਰਟੀ ਚੋਣਾਂ ’ਚ ਜਿੱਤ ਰਹੀ ਹੈ ਤਾਂ ਕੁਝ ਲੋਕ ਪ੍ਰੇਸ਼ਾਨੀ ਵਿੱਚ ਪੈ ਗਏ ਹਨ। ਕੋਈ ਮੰਤਰੀ ਪਾਰਟੀ ਛੱਡ ਕੇ ਨਹੀਂ ਜਾ ਰਿਹਾ, ਜੋ ਗਏ ਹਨ, ਉਨ੍ਹਾਂ ਦੀ ਕਾਰਗੁਜ਼ਾਰੀ ਮਾੜੀ ਰਹੀ ਹੈ ਤੇ ਟਿਕਟ ਕੱਟਣ ਦੇ ਡਰੋ ਉਹ ਗਏ ਹਨ। ਮੈਂ ਪਾਰਟੀ ਦਾ ਵਫ਼ਾਦਾਰ ਸਿਪਾਹੀ ਹਾਂ ਤੇ ਹਮੇਸ਼ਾ ਰਹਾਂਗਾ।