ਪੱਤਰ ਪ੍ਰੇਰਕ
ਦੋਰਾਹਾ, 24 ਅਗਸਤ
ਸਮਰਾਲਾ ਨੇੜੇ ਡਰੇਨ ਦਾ ਉਦਘਾਟਨ ਕਰਨ ਸਮੇਂ ਕਿਸਾਨ ਯੂਨੀਅਨ ਵੱਲੋਂ ਵਿਰੋਧ ਕਾਰਨ ਕੈਬਨਿਟ ਮੰਤਰੀ ਸੁਖਵਿੰਦਰ ਸਿੰਘ ਸੁੱਖ ਤੇ ਭਾਰਤ ਭੂਸ਼ਨ ਆਸ਼ੂ ਦੇ ਨਾ ਆਉਣ ਪਿੱਛੋਂ ਹਲਕਾ ਵਿਧਾਇਕ ਸਮਰਾਲਾ ਤੇ ਪਾਇਲ ਨੂੰ ਕਿਸਾਨਾਂ ਨੇ ਤਿੱਖੇ ਸਵਾਲ ਕੀਤੇ। ਇਸ ਤੋਂ ਦੋਵੇਂ ਵਿਧਾਇਕ ਭੱਜਦੇ ਨਜ਼ਰ ਆਏ। ਫੂਲੇ ਸ਼ਾਹ ਅੰਬੇਦਕਰ ਲੋਕ ਜਗਾਓ ਮੰਚ ਦੇ ਪ੍ਰਧਾਨ ਗੁਰਦੀਪ ਸਿੰਘ ਕਾਲੀ ਨੇ ਕਿਹਾ ਕਿ ਜਦੋਂ ਵਿਧਾਇਕ ਪਾਇਲ ਕਿਸਾਨਾਂ ਦੇ ਸਵਾਲਾਂ ਦਾ ਜਵਾਬ ਨਾ ਦੇ ਸਕੇ ਤਾਂ ਉਹ ਕਾਂਗਰਸੀ ਵਿਚਾਰਧਾਰਾ ਅਨੁਸਾਰ ਧਰਮ ਤੇ ਜਾਤੀ ਦੀ ਰਾਜਨੀਤੀ ਦਾ ਸਹਾਰਾ ਲੈ ਕੇ ਕਿਸਾਨਾਂ ਤੇ ਮਜ਼ਦੂਰਾਂ ਵਿਚ ਪਾੜ ਪਾਉਣ ਵਾਲੀ ਗੱਲ ਕਰਨ ਲੱਗ ਪਏ। ਉਨ੍ਹਾਂ ਕਿਹਾ ਕਿ ਕਿਸਾਨਾਂ ਕੋਲੋਂ ਹਿਸਾਬ ਮੰਗਣ ਵਾਲਾ ਵਿਧਾਇਕ ਪਹਿਲਾਂ ਆਪਣੀ ਜ਼ਮੀਨ ਜਾਇਦਾਦ ਦਾ ਹਿਸਾਬ ਦੇਵੇ ਅਤੇ ਕਾਂਗਰਸ ਵੱਲੋਂ ਪੰਜਾਬ ਤੇ ਦੇਸ਼ ਨੂੰ ਲੁੱਟ ਦਾ ਹਿਸਾਬ ਕੌਣ ਦੇਵੇਗਾ। ਉਨ੍ਹਾਂ ਕਿਹਾ ਕਿ ਨਗਰ ਕੌਂਸਲ ਪਾਇਲ ਤੇ ਦੋਰਾਹਾ ਵਿਚ 72 ਸਾਲਾਂ ਤੋਂ ਐਸਸੀ/ਐਸਟੀ/ ਓਬੀਸੀ ਦਾ ਪ੍ਰਧਾਨ ਨਹੀਂ ਬਣਾਇਆ ਗਿਆ। ਸ੍ਰੀ ਕਾਲੀ ਨੇ ਕਿਹਾ ਕਿ ਵਿਧਾਇਕ ਆਪਣੀ ਸੌੜੀ ਸੋਚ ਤੇ ਜਾਤੀਵਾਦੀ ਰਾਜਨੀਤੀ ਨੂੰ ਕਿਸਾਨ-ਮਜ਼ਦੂਰ ਏਕੜਾ ਵਿਚ ਪਾਉਣ ਲਈ ਲਈ ਵਰਤ ਰਹੇ ਹਨ, ਜਿਸ ਦਾ ਲੋਕ ਵਿਧਾਨ ਸਭਾ ਚੋਣਾਂ ਦੌਰਾਨ ਜਵਾਬ ਜ਼ਰੂਰ ਦੇਣਗੇ।