ਗਗਨਦੀਪ ਅਰੋੜਾ
ਲੁਧਿਆਣਾ, 4 ਅਕਤੂਬਰ
ਸਨਅਤੀ ਸ਼ਹਿਰ ਵਿੱਚ ਕਾਂਗਰਸ ਦੇ ਲੱਗੇ ਬੋਰਡਾਂ ਦਾ ਕੈਪਟਨ ਹੁਣ ਬਦਲ ਗਿਆ ਹੈ। ਹੁਣ ਲੁਧਿਆਣਾ ਦੇ ਸੈਂਕੜੇ ਬੋਰਡਾਂ ’ਤੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਫੋਟੋ ਵਾਲੇ ਇਸ਼ਤਿਹਾਰੀ ਬੋਰਡ ਲੱਗ ਗਏ ਹਨ। ਖਾਸ ਗੱਲ ਇਹ ਹੈ ਕਿ ਇਸ ਵਾਰ ਚੰਨੀ ਵੀ ਪੰਜਾਬ ਦੇ ਪੁਰਾਣੇ ਕੈਪਟਨ ਦੇ ਰਾਹ ’ਤੇ ਹੀ ਤੁਰੇ ਹਨ, ਜਿਵੇਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਿਰਫ਼ ਆਪਣੀ ਹੀ ਫੋਟੋ ਵਾਲੇ ਬੋਰਡ ਲਗਾਏ ਸਨ, ਉਸੇ ਤਰ੍ਹਾਂ ਮੁੱਖ ਮੰਤਰੀ ਚੰਨੀ ਨੇ ਵੀ ਸਿਰਫ਼ ਆਪਣੀ ਹੀ ਫੋਟੋ ਲਗਾਈ ਹੈ। ਸਨਅਤੀ ਸ਼ਹਿਰ ਦਾ ਕੋਈ ਇਲਾਕਾ ਅਜਿਹਾ ਨਹੀਂ ਜਿੱਥੇ ਚੰਨੀ ਦੀ ਫੋਟੋ ਵਾਲਾ ਬੋਰਡ ਨਾ ਲੱਗਿਆ ਹੋਵੇ।
ਇਨ੍ਹਾਂ ਬੋਰਡਾਂ ’ਤੇ ਸਰਕਾਰ ਵੱਲੋਂ ਲੱਖਾਂ ਰੁਪਏ ਖ਼ਰਚ ਕੀਤੇ ਜਾਂਦੇ ਹਨ ਜਿਸ ’ਤੇ ਸਿਆਸੀ ਪਾਰਟੀਆਂ ਨੇ ਇਤਰਾਜ਼ ਵੀ ਕੀਤਾ ਹੈ। ਇਨ੍ਹਾਂ ਬੋਰਡਾਂ ਦੀ ਖਾਸ ਗੱਲ ਇਹ ਹੈ ਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਮੇਂ ਹੋਏ ਕੰਮਾਂ ਨੂੰ ਇਨ੍ਹਾਂ ਹੋਰਡਿੰਗਜ਼ ’ਤੇ ਨਹੀਂ ਲਿਖਿਆ ਗਿਆ। ਇਹੀ ਕਾਰਨ ਹੈ ਕਿ ਮੁੱਖ ਮੰਤਰੀ ਨੇ ਆਪਣੇ ਗਿਣੇ ਚੁਣੇ ਕੰਮਾਂ ਨੂੰ ਹੀ ਇਸ ’ਤੇ ਜਗ੍ਹਾ ਦਿੱਤੀ ਹੈ ਤੇ ਕੰਮ ਵੀ ਉਹ ਗਿਣਾਏ ਹਨ, ਜਿਨ੍ਹਾਂ ਦਾ ਹਾਲ ਦੀ ਘੜੀ ਸਿਰਫ਼ ਐਲਾਨ ਹੋਇਆ ਹੈ। ਜਿਵੇਂ ਕਪਾਹ ਦੀ ਤਬਾਹ ਹੋਈ ਫਸਲ ਦਾ ਮੁਆਵਜ਼ਾ ਦੇਣ ਦੀ ਗੱਲ ਕਹੀ ਗਈ ਹੈ, ਪਰ ਹਾਲੇ ਇਸ ਦੀ ਗਿਰਦਾਵਰੀ ਚੱਲ ਰਹੀ ਹੈ। ਇਹੀ ਨਹੀਂ ਹਾਕੀ ਖਿਡਾਰੀਆਂ ਨੂੰ ਨੌਕਰੀ ਦੇਣ ਦੀ ਗੱਲ ਵੀ ਆਖੀ ਗਈ ਹੈ, ਜਦੋਂ ਕਿ ਇਸ ਦਾ ਵੀ ਐਲਾਨ ਹੀ ਹੋਇਆ ਹੈ।
ਪਿਛਲੀ ਸਰਕਾਰ ਸਮੇਂ ਮੰਤਰੀ ਅਤੇ ਵਿਧਾਇਕ ਕੈਪਟਨ ਅਮਰਿੰਦਰ ਸਿੰਘ ਤੋਂ ਇਸ ਗੱਲ ਕਰਕੇ ਨਾਰਾਜ਼ ਸਨ ਕਿ ਉਹ ਸਰਕਾਰ ਦੇ ਬੋਰਡ ’ਤੇ ਆਪਣੀ ਫੋਟੋ ਹੀ ਲਾਉਂਦੇ ਹਨ। ਇਸ ਵਾਰ ਵੀ ਇਕੱਲੇ ਚਰਨਜੀਤ ਸਿੰਘ ਚੰਨੀ ਦੀ ਫੋਟੋ ਲਾ ਦਿੱਤੀ ਗਈ ਹੈ। ਇਨ੍ਹਾਂ ਬੋਰਡਾਂ ’ਤੇ ਕਿਸੇ ਮੰਤਰੀ ਜਾਂ ਵਿਧਾਇਕ ਨੂੰ ਜਗ੍ਹਾ ਨਹੀਂ ਦਿੱਤੀ ਗਈ। ਇੱਥੋਂ ਤੱਕ ਕਿ ਉਪ ਮੁੱਖ ਮੰਤਰੀ ਸੁਖਜਿੰਦਰ ਰੰਧਾਵਾ ਤੇ ਓ.ਪੀ. ਸੋਨੀ ਵੀ ਇਨ੍ਹਾਂ ਬੋਰਡਾਂ ਤੋਂ ਗਾਇਬ ਹਨ।
ਲੋਕਾਂ ਲਈ ਖਜ਼ਾਨਾ ਖਾਲੀ, ਬੋਰਡਾਂ ’ਤੇ ਖਰਚੇ ਲੱਖਾਂ
ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਲੱਖਾਂ ਰੁਪਏ ਇਨ੍ਹਾਂ ਬੋਰਡਾਂ ’ਤੇ ਖਰਚੇ ਗਏ ਹਨ, ਪਰ ਲੋਕਾਂ ਨੂੰ ਸਹੂਲਤਾਂ ਦੇਣ ਲਈ ਸਰਕਾਰ ਕੋਲ ਖਜ਼ਾਨਾ ਖਾਲੀ ਹੈ। ਜਦੋਂ ਵਿਕਾਸ ਦੀ ਗੱਲ ਆਉਂਦੀ ਹੈ ਤਾਂ ਸਰਕਾਰ ਕੋਲ ਇੱਕ ਹੀ ਜਵਾਬ ਹੁੰਦਾ ਹੈ ਕਿ ਖਜ਼ਾਨਾ ਖਾਲੀ ਹੈ ਪਰ ਪੈਸੇ ਨਾ ਹੋਣ ’ਤੇ ਸਿਰਫ਼ ਐਲਾਨ ਕਰਕੇ ਸਾਬਾਸ਼ੀ ਕਿਉਂ ਲਈ ਜਾ ਰਹੀ ਹੈ।