ਸਤਵਿੰਦਰ ਬਸਰਾ
ਲੁਧਿਆਣਾ, 22 ਦਸੰਬਰ
ਸਨਅਤੀ ਸ਼ਹਿਰ ਲੁਧਿਆਣਾ ਦੀਆਂ ਸੜਕਾਂ ’ਤੇ ਹਜ਼ਾਰਾਂ ਦੀ ਗਿਣਤੀ ਵਿੱਚ ਲਾਵਾਰਿਸ ਪਸ਼ੂ ਘੁੰਮਦੇ ਦੇਖੇ ਜਾ ਸਕਦੇ ਹਨ। ਇਨ੍ਹਾਂ ਪਸ਼ੂਆਂ ਦੀ ਗਿਣਤੀ ਹੈਬੋਵਾਲ ਅਤੇ ਤਾਜਪੁਰ ਇਲਾਕਿਆਂ ਵਿੱਚ ਵਧੇਰੇ ਹੈ। ਸੜਕਾਂ ’ਤੇ ਪਸ਼ੂਆਂ ਦੀ ਵਧੇਰੇ ਗਿਣਤੀ ਕਾਰਨ ਲੰਬਾ ਜਾਮ ਲੱਗ ਜਾਂਦਾ ਹੈ। ਪਸ਼ੂਆਂ ਦੀ ਖਰੀਦ-ਵੇਚ ਦੀ ਜਾਣਕਾਰੀ ਲਈ ਲਾਏ ਜਾਂਦੇ ਟੈਗ ਲਗਾਉਣ ਤੋਂ ਵੀ ਪਸ਼ੂ ਪਾਲਕ ਕਤਰਾਉਣ ਲੱਗ ਪਏ ਹਨ।
ਲੁਧਿਆਣਾ ਦੇ ਤਾਜਪੁਰ ਰੋਡ ਅਤੇ ਹੈਬੋਵਾਲ ਵਿੱਚ ਪਿਛਲੇ ਕਰੀਬ ਤੀਹ ਕੁ ਸਾਲਾਂ ਤੋਂ ਡੇਅਰੀਆਂ ਦੀ ਭਰਮਾਰ ਹੈ। ਇਨ੍ਹਾਂ ਡੇਅਰੀਆਂ ਵਿੱਚੋਂ ਨਿਕਲਦੀ ਗੰਦਗੀ ਸਿੱਧੀ ਬੁੱਢੇ ਦਰਿਆ ਵਿੱਚ ਸੁੱਟੀ ਜਾਂਦੀ ਹੈ। ਇਸ ਨੂੰ ਰੋਕਣ ਲਈ ਭਾਵੇਂ ਡੇਅਰੀਆਂ ਦੂਰ ਦੁਰਾਡੇ ਖੇਤਰਾਂ ਵਿੱਚ ਭੇਜਣ ਦੀ ਪਲਾਨਿੰਗ ਕੀਤੀ ਜਾ ਰਹੀ ਹੈ ਪਰ ਮੌਜੂਦਾ ਸਮੇਂ ਸ਼ਹਿਰ ਦੀਆਂ ਸੜਕਾਂ ’ਤੇ ਹਜ਼ਾਰਾਂ ਲਾਵਾਰਿਸ ਪਸ਼ੂ ਹਾਦਸਿਆਂ ਦਾ ਕਾਰਨ ਬਣ ਰਹੇ ਹਨ। ਸ਼ਹਿਰ ਦੇ ਬਾਕੀ ਇਲਾਕਿਆਂ ਦੇ ਮੁਕਾਬਲੇ ਡੇਅਰੀ ਖੇਤਰਾਂ ਦੇ ਨੇੜੇ ਇਨ੍ਹਾਂ ਦੀ ਗਿਣਤੀ ਕਈ ਗੁਣਾਂ ਵੱਧ ਹੈ। ਇਸ ਪਿੱਛੇ ਵੱਡਾ ਕਾਰਨ ਦੋਗਲੀਆਂ ਗਾਵਾਂ ਦੇ ਸੂਣ ਦਾ ਸਮਾਂ ਘੱਟ ਹੋਣਾ ਅਤੇ ਡੇਅਰੀਆਂ ਵਾਲਿਆਂ ਵੱਲੋਂ ਬਾਂਝ ਪਸ਼ੂਆਂ ਨੂੰ ਰਾਤ ਦੇ ਹਨੇਰ੍ਹੇ ਵਿੱਚ ਬਾਹਰ ਸੜਕਾਂ ’ਤੇ ਧੱਕ ਦੇਣਾ ਹੈ। ਪਸ਼ੂ ਪਾਲਕਾਂ ਦਾ ਮੰਨਣਾ ਹੈ ਕਿ ਪਸ਼ੂ ਦੇ ਟੈਗ ਆਦਿ ਲਗਾਉਣ ਤੋਂ ਲੋਕਾਂ ਵਿੱਚ ਇਹ ਪ੍ਰਭਾਵ ਜਾਂਦਾ ਹੈ ਕਿ ਇਹ ਪਸ਼ੂ ਲੋਨ ’ਤੇ ਖਰੀਦੇ ਹੋਏ ਹਨ। ਇਹੋ ਵਜ੍ਹਾ ਹੈ ਕਿ ਲੋਕ ਪਸ਼ੂਆਂ ਦੇ ਟੈਗ ਲਗਾਉਣਾ ਚੰਗਾ ਨਹੀਂ ਸਮਝਦੇ। ਦੂਜੇ ਪਾਸੇ ਲਾਵਾਰਿਸ ਪਸ਼ੂਆਂ ਲਈ ਹਰ ਜ਼ਿਲ੍ਹੇ ਵਿੱਚ ਬਣਾਈ ਇੱਕ-ਇੱਕ ਸਰਕਾਰੀ ਗਊਸ਼ਾਲਾ ਵੀ ਨਾ-ਕਾਫੀ ਸਮਝੀ ਜਾ ਰਹੀ ਹੈ।
ਐਨੀਮਲ ਹਸਬੈਂਡਰੀ ਦੇ ਡਿਪਟੀ ਡਾਇਰੈਕਟਰ ਡਾ. ਪਰਮਦੀਪ ਸਿੰਘ ਵਾਲੀਆ ਨੇ ਕਿਹਾ ਕਿ ਸ਼ਹਿਰ ਵਿੱਚ ਲਗਭਗ 35 ਤੋਂ 40 ਹਜ਼ਾਰ ਲਾਵਾਰਿਸ ਪਸ਼ੂ ਸੜਕਾਂ ’ਤੇ ਘੁੰਮਦੇ ਹਨ। ਪਸ਼ੂਆਂ ਦੇ ਸਰੀਰ ਵਿੱਚ ਚਿੱਪ ਨੂੰ ਪੜ੍ਹਨ ਲਈ ਚਿੱਪ ਰੀਡਰ ਚਾਹੀਦਾ ਹੈ ਅਤੇ ਬੈਟਰੀ ਦੀ ਵੀ ਲੋੜ ਪੈਂਦੀ ਹੈ, ਇਸੇ ਤਰ੍ਹਾਂ ਟੈਗ ਤੋਂ ਪਸ਼ੂ ਦੇ ਖਰੀਦ-ਵੇਚ ਬਾਰੇ ਪਤਾ ਲੱਗ ਜਾਂਦਾ ਹੈ, ਜਿਸ ਕਰਕੇ ਕਈ ਲੋਕ ਚਿੱਪ ਅਤੇ ਟੈਗ ਲਗਾਉਣ ਤੋਂ ਕਤਰਾਉਂਦੇ ਹਨ।