ਖੇਤਰੀ ਪ੍ਰਤੀਨਿਧ
ਲੁਧਿਆਣਾ, 28 ਫਰਵਰੀ
ਸੂਹੀ ਸਵੇਰ ਮੀਡੀਆ ਦੀ ਨੌਵੀਂ ਵਰ੍ਹੇ ਗੰਢ ਮੌਕੇ ਅੱਜ ਪੰਜਾਬੀ ਭਵਨ ਲੁਧਿਆਣਾ ਵਿਖੇ ‘ ਮੀਡੀਆ ਵਿਚ ਜਨ ਅੰਦਲਨਾਂ ਦੀ ਪੇਸ਼ਕਾਰੀ’ ਵਿਸ਼ੇ ’ਤੇ ਚਰਚਾ ਕਰਵਾਈ ਗਈ, ਜਿਸ ਵਿੱਚ ਸਕ੍ਰੋਲ ਡਾਟ ਇਨ ਦੀ ਕਾਰਜਕਾਰੀ ਸੰਪਾਦਕ ਸੁਪ੍ਰਿਆ ਸ਼ਰਮਾ ਅਤੇ ਨਿਊਜ਼ ਲਾਂਡਰੀ ਦੀ ਕਾਰਜਕਾਰੀ ਸੰਪਾਦਕ ਮਨੀਸ਼ਾਂ ਪਾਂਡੇ ਮੁੱਖ ਬੁਲਾਰਿਆਂ ਵਜੋਂ ਸ਼ਾਮਲ ਹੋਏ। ਸਭ ਤੋਂ ਪਹਿਲਾਂ ਸੂਹੀ ਸਵੇਰ ਮੀਡੀਆ ਦੇ ਮੁੱਖ ਸੰਪਾਦਕ ਸ਼ਿਵ ਇੰਦਰ ਸਿੰਘ ਨੇ ਮੁੱਖ ਬੁਲਾਰਿਆਂ ਨਾਲ ਜਾਣ-ਪਛਾਣ ਕਰਵਾਈ। ਸਮਾਗਮ ਦੌਰਾਨ ਮੁੱਖ ਬੁਲਾਰਿਆਂ ਨੇ ਮੀਡੀਆ ਦੀ ਭੂਮਿਕਾ, ਮੀਡੀਆ ਅੰਦਰ ਆ ਰਹੀਆਂ ਤਬਦੀਲੀਆਂ ਅਤੇ ਸੱਤਾਧਾਰੀ ਧਿਰ ਦੇ ਪ੍ਰਚਾਰ ਦਾ ਟੂਲ ਬਣੇ ਮੁੱਖਧਾਰਾ ਮੀਡੀਆ ਆਦਿ ਪੱਖਾਂ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਉਨ੍ਹਾਂ ਨੇ ਇਹ ਵੀ ਚਰਚਾ ਕੀਤੀ ਕਿ ਮੀਡੀਆ ਦੀ ਪੇਸ਼ਕਾਰੀ ਜਨਅੰਦੋਲਨਾਂ ਨੂੰ ਕਿਵੇਂ ਪ੍ਰਭਾਵਿਤ ਕਰਦੀ ਹੈ। ਸੱਚੀ ਪੱਤਰਕਾਰੀ ਕਰਨਾ ਬਹੁਤ ਵੱਡੀ ਚੁਣੌਤੀ ਬਣ ਚੁੱਕਾ ਹੈ। ਨਿਰਪੱਖ, ਤੱਥਪੂਰਨ ਅਤੇ ਸੱਤਾ ਵਿਰੋਧੀ ਪੱਤਰਕਾਰੀ ਕਰਨ ਵਾਲਿਆਂ ਨੂੰ ਗਿਣ-ਮਿਥ ਕੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਮਾਮੂਲੀ ਰਿਪੋਰਟਿੰਗ ਨੂੰ ਲੈ ਕੇ ਸਖ਼ਤ ਧਾਰਾਵਾਂ ਲਗਾ ਕੇ ਸੰਗੀਨ ਕੇਸ ਬਣਾਏ ਜਾ ਰਹੇ ਹਨ। ਸੱਤਾਧਾਰੀ ਧਿਰ ਵੱਲੋਂ ਆਪਣੇ ਆਈ.ਟੀ. ਸੈੱਲ ਅਤੇ ਮੁੱਖਧਾਰਾ ਮੀਡੀਆ ਰਾਹੀਂ ਅਵਾਮ ਦੀ ਬਰੇਨ ਵਾਸ਼ਿੰਗ ਇਸ ਕਦਰ ਕੀਤੀ ਜਾ ਰਹੀ ਹੈ ਕਿ ਲੋਕਾਂ ਦੀ ਆਪਣੀ ਜ਼ਿੰਦਗੀ ਦੇ ਅਨੁਭਵਾਂ ਰਾਹੀਂ ਸੋਚਣ ਸਮਝਣ ਦੀ ਸਮਰੱਥਾ ਨੂੰ ਹੀ ਬੁਰੀ ਤਰ੍ਹਾਂ ਯੋਜਨਾਬੱਧ ਤਰੀਕੇ ਨਾਲ ਖ਼ਤਮ ਕੀਤਾ ਜਾ ਰਿਹਾ ਹੈ। ਪੱਤਰਕਾਰੀ ਦਾ ਫਰਜ਼ ਅੱਜ ਦੇ ਸੱਚ ਨੂੰ ਰਿਕਾਰਡ ਕਰਨਾ ਹੈ। ਉਨ੍ਹਾਂ ਚਿੰਤਾ ਜ਼ਾਹਿਰ ਕੀਤੀ ਕਿ ਬੇਸ਼ੱਕ ਆਉਣ ਵਾਲੇ ਸਮੇਂ ’ਚ ਮੀਡੀਆ ਉੱਪਰ ਨਕੇਲ ਹੋਰ ਕੱਸੀ ਜਾਵੇਗੀ, ਲੇਕਿਨ ਪੱਤਰਕਾਰ ਨੂੰ ਆਪਣੇ ਪੇਸ਼ੇਵਰ ਫਰਜ਼ ਨੂੰ ਪਛਾਣਦੇ ਹੋਏ ਆਪਣੀ ਅਸਲ ਭੂਮਿਕਾ ਜਾਰੀ ਰੱਖਣੀ ਹੋਵੇਗੀ। ਇਸ ਮੌਕੇ ਸੂਹੀ ਸਵੇਰ ਮੀਡੀਆ ਪੁਰਸਕਾਰ 2021 ਲਹਿੰਦੇ ਪੰਜਾਬ ਦੀ ਸੰਸਥਾ ‘ਸੈਂਟਰ ਫਾਰ ਪੀਸ ਐਂਡ ਸੈਕੂਲਰ ਸਟੱਡੀਜ਼’ ਨੂੰ ਦਿੱਤਾ ਗਿਆ। ਹਾਜ਼ਰੀਨ ਨੂੰ ਪ੍ਰੋਫੈਸਰ ਜਗਮੋਹਣ ਸਿੰਘ, ਲੇਖਕ ਸੁਕੀਰਤ, ਰਾਜੀਵ ਖੰਨਾ ਅਤੇ ਜਮਹੂਰੀ ਕਾਰਕੁੰਨ ਬੂਟਾ ਸਿੰਘ ਨੇ ਵੀ ਸੰਬੋਧਨ ਕੀਤਾ।