ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 24 ਜੂਨ
ਸਨਅਤੀ ਸ਼ਹਿਰ ਵਿੱਚ ਡਿਪਟੀ ਕਮਿਸ਼ਨਰ ਸੁਰਭੀ ਮਲਿਕ ਨੇ ਅੱਜ ਦੱਸਿਆ ਕਿ ਜ਼ਿਲ੍ਹੇ ਵਿੱਚ ਨਸ਼ਾ ਵਿਰੋਧੀ ਮੁਹਿੰਮ ਨੂੰ ਹੋਰ ਹੁਲਾਰਾ ਦੇਣ ਲਈ ਹਾਲ ਹੀ ਵਿੱਚ 37 ਨਵੇਂ ਆਊਟਪੇਸ਼ੈਂਟ ਅਸਿਸਟਡ ਟ੍ਰੀਟਮੈਂਟ ਓਟ ਸੈਂਟਰ ਸਥਾਪਤ ਕੀਤੇ ਜਾਣੇ ਹਨ। ਡੀਸੀ ਨੇ ਦੱਸਿਆ ਕਿ ਇਨ੍ਹਾਂ ਨਵੇਂ ਕਲੀਨਿਕਾਂ ਦੀ ਸ਼ੁਰੂਆਤ ਤੋਂ ਬਾਅਦ ਲੁਧਿਆਣਾ ਵਿੱਚ ਓਟ ਕੇਂਦਰਾਂ ਦੀ ਕੁੱਲ ਗਿਣਤੀ 54 ਹੋ ਜਾਵੇਗੀ, ਜੋ ਸਮਾਜ ਵਿੱਚੋਂ ਨਸ਼ਿਆਂ ਦੀ ਅਲਾਮਤ ਨੂੰ ਜੜ੍ਹੋਂ ਖ਼ਤਮ ਕਰਨ ਵਿੱਚ ਮਦਦਗਾਰ ਸਿੱਧ ਹੋਣਗੇ। ਉਨ੍ਹਾਂ ਦੱਸਿਆ ਕਿ ਪੀਐੱਚਸੀ ਰਾਮਪੁਰ, ਕਟਾਣੀ ਕਲਾਂ, ਕਾਲਖ, ਮਹਿਦੂਦਾਂ, ਤਲਵੰਡੀ ਕਲਾਂ, ਸਵੱਦੀ ਕਲਾਂ, ਮੋਹੀ, ਮੁੱਲਾਂਪੁਰ, ਭਨੋਹੜ, ਲਾਡੋਵਾਲ, ਚੌਕੀਮਾਨ, ਮਾਣੂੰਕੇ, ਕਾਉਂਕੇ ਕਲਾਂ, ਯੂਸੀਐੱਚਸੀਜ਼ ਵਰਧਮਾਨ, ਸੀ.ਐੱਸ. ਕੰਪਲੈਕਸ, ਸ਼ਿਮਲਾਪੁਰੀ, ਘਵੱਦੀ, ਮੰਡਿਆਲਾ ਕਲਾਂ, ਜਵੱਦੀ, ਯੂਪੀਐੱਚਸੀਜ਼ ਜਗਰਾਉਂ, ਖੰਨਾ, ਲੇਡੀ ਹਸਪਤਾਲ, ਅਬਦੁੱਲਾਪੁਰ ਬਸਤੀ, ਢੋਲੇਵਾਲ, ਭਗਵਾਨ ਨਗਰ, ਦੁੱਗਰੀ, ਜਨਤਾ ਨਗਰ, ਮਾਡਲ ਟਾਊਨ, ਮੁਰਾਦਪੁਰਾ, ਪ੍ਰਤਾਪ ਨਗਰ, ਸਬਜ਼ੀ ਮੰਡੀ, ਸਲੇਮ ਟਾਬਰੀ, ਸ਼ਿਵਪੁਰੀ ਅਤੇ ਸਨੇਤ ਵਿੱਚ ਨਵੇਂ ਸੈਂਟਰ ਕਾਰਜਸ਼ੀਲ ਹੋ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕਲੀਨਿਕਾਂ ਨੇ ਕੁੱਲ 17 ਓਟ ਸੈਂਟਰਾਂ ਦੇ ਮੌਜੂਦਾ ਬੁਨਿਆਦੀ ਢਾਂਚੇ ਨੂੰ ਬੇਹੱਦ ਮਜ਼ਬੂਤ ਕੀਤਾ ਹੈ।