ਖੇਤਰੀ ਪ੍ਰਤੀਨਧ
ਲੁਧਿਆਣਾ, 30 ਅਕਤੂਬਰ
ਸਥਾਨਕ ਗੁਰਦੁਆਰਾ ਸੰਗਤਸਰ ਟਿੱਬਾ ਰੋਡ ਵਿਚ ਖ਼ੂਨ ਦਾਨ ਅਤੇ ਅੱਖਾਂ ਦਾ ਮੁਫ਼ਤ ਜਾਂਚ ਕੈਂਪ ਲਗਾਇਆ ਗਿਆ। ਇਸ ਦੌਰਾਨ ਸੰਬੋਧਨ ਕਰਦਿਆਂ ਵਿਧਾਇਕ ਦਲਜੀਤ ਸਿੰਘ ਭੋਲਾ ਗਰੇਵਾਲ ਨੇ ਕਿਹਾ ਕਿ ਮਨੁੱਖਤਾ ਦੀ ਸੇਵਾ ਲਈ ਖ਼ੂਨ ਦਾਨ ਸਭ ਤੋਂ ਵਧੀਆ ਹੈ। ਇਸ ਮੌਕੇ ਵਿਧਾਇਕ ਗਰੇਵਾਲ ਨੇ ਕਿਹਾ ਕਿ ਭਾਵੇਂ ਪੰਜਾਬ ਸਰਕਾਰ ਲੋਕਾਂ ਨੂੰ ਉੱਚ ਪੱਧਰ ਦੀਆਂ ਸਿਹਤ ਸਹੂਲਤਾਂ ਦੇਣ ਲਈ ਵਚਨਬੱਧ ਹੈ ਪਰ ਖ਼ੂਨ ਦੀ ਘਾਟ ਦੂਰ ਕਰਨ ਲਈ ਲੋਕਾਂ ਦੇ ਸਹਿਯੋਗ ਦੀ ਜ਼ਰੂਰਤ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਖ਼ੂਨ ਦਾਨ ਕਰਨ ਲਈ ਅੱਗੇ ਆਉਣ ਤਾਂ ਕਿ ਖ਼ੂਨ ਦੀ ਘਾਟ ਕਾਰਨ ਜ਼ਿੰਦਗੀ ਗੁਆਉਣ ਵਾਲੇ ਲੋੜਵੰਦਾਂ ਨੂੰ ਬਚਾਇਆ ਜਾ ਸਕੇ।
ਕੈਂਪ ਦੌਰਾਨ ਕਰੀਬ 300 ਯੂਨਿਟ ਖ਼ੂਨ ਇਕੱਤਰ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਲੋਕਾਂ ਨੇ ਅੱਖਾਂ ਦੀ ਜਾਂਚ ਕਰਵਾਈ। ਇਸ ਕੈਂਪ ਲਈ ‘ਬਲੱਡ ਡੋਨਰ ਫੈਮਿਲੀ’, ‘ਬਲੱਡ ਸੇਵਾ ਫੈਮਿਲੀ’, ‘ਡੋਨੇਟ ਬਲੱਡ ਟੂ ਡੋਨੇਟ ਲਾਈਫ’ ਅਤੇ ‘ਬੀਐਲਐਫ’ ਦਾ ਵਿਸ਼ੇਸ਼ ਸਹਿਯੋਗ ਰਿਹਾ।