ਸੰਤੋਖ ਗਿੱਲ
ਗੁਰੂਸਰ ਸੁਧਾਰ, 5 ਮਾਰਚ
ਵੱਖ-ਵੱਖ ਪਿੰਡਾਂ ਦੇ ਅੱਧੀ ਦਰਜਨ ਤੋਂ ਵੱਧ ਭੋਲੇ-ਭਾਲੇ ਨੌਜਵਾਨਾਂ ਨੂੰ ਫ਼ਿਲਮੀ ਸ਼ੂਟਿੰਗ ਦੇ ਬਹਾਨੇ ਕੈਨੇਡਾ ਭੇਜਣ ਦੇ ਸਬਜ਼ਬਾਗ ਦਿਖਾ ਕੇ 30 ਲੱਖ ਰੁਪਏ ਤੋਂ ਵੀ ਵਧੇਰੇ ਦੀ ਠੱਗੀ ਮਾਰਨ ਦੇ ਦੋਸ਼ ਅਧੀਨ ਪਿੰਡ ਹਲਵਾਰਾ ਵਾਸੀ ਮਨਜੀਤ ਸਿੰਘ ਉਰਫ਼ ਜੱਸੀ ਪੁੱਤਰ ਸੇਵਾ ਸਿੰਘ ਵਿਰੁੱਧ ਥਾਣਾ ਸੁਧਾਰ ਦੀ ਪੁਲੀਸ ਨੇ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਂਚ ਅਫ਼ਸਰ ਸਬ ਇੰਸਪੈਕਟਰ ਨਿਰਮਲ ਸਿੰਘ ਅਨੁਸਾਰ ਮੁੱਢਲੀ ਪੜਤਾਲ ਬਾਅਦ ਜ਼ਿਲ੍ਹਾ ਪੁਲੀਸ ਮੁਖੀ ਕੇਤਨ ਪਾਟਿਲ ਬਲੀਰਾਮ ਦੇ ਹੁਕਮਾਂ ਅਨੁਸਾਰ ਇਹ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਹੋਰ ਡੂੰਘਾਈ ਨਾਲ ਜਾਂਚ ਉਪਰੰਤ ਮੁਲਜ਼ਮ ਨੂੰ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਪਿੰਡ ਪੱਖੋਵਾਲ ਵਾਸੀ ਮੱਘਰ ਸਿੰਘ ਪੁੱਤਰ ਫ਼ਕੀਰ ਸਿੰਘ ਅਨੁਸਾਰ ਮੁਲਜ਼ਮ ਮਨਜੀਤ ਸਿੰਘ ਉਰਫ਼ ਜੱਸੀ ਨੇ ਉਸ ਦੀ ਧੀ ਹਰਦੀਪ ਕੌਰ ਅਤੇ ਜਵਾਈ ਗੁਰਪ੍ਰੀਤ ਸਿੰਘ ਵਾਸੀ ਲਲਤੋਂ ਕਲਾਂ ਨੂੰ ਕੈਨੇਡਾ ਭੇਜਣ ਦਾ ਸਬਜ਼ਬਾਗ ਦਿਖਾ ਕੇ ਉਸ ਕੋਲੋਂ 8 ਲੱਖ ਰੁਪਏ ਹੜੱਪ ਲਏ। ਇਸੇ ਤਰ੍ਹਾਂ ਪਿੰਡ ਕਾਉਂਕੇ ਕਲਾਂ ਦੇ ਮਨਜੀਤ ਸਿੰਘ ਪੁੱਤਰ ਸੁਖਵਿੰਦਰ ਸਿੰਘ ਤੋਂ ਸਾਢੇ ਪੰਜ ਲੱਖ ਰੁਪਏ ਅਤੇ ਪਿੰਡ ਚਮਿੰਡਾ ਵਾਸੀ ਹਰਪ੍ਰੀਤ ਸਿੰਘ ਅਤੇ ਗੁਰਪ੍ਰੀਤ ਸਿੰਘ ਦੋਵੇਂ ਸਕੇ ਭਰਾਵਾਂ ਤੋਂ ਵੀ ਕੈਨੇਡਾ ਵਿੱਚ ਸ਼ੂਟਿੰਗ ਬਹਾਨੇ ਲੈ ਕੇ ਜਾਣ ਦੇ ਸਬਜ਼ਬਾਗ ਦਿਖਾ ਕੇ ਚਾਰ ਲੱਖ ਰੁਪਏ ਦੀ ਕਥਿਤ ਠੱਗੀ ਮਾਰਨ ਦੀ ਸ਼ਿਕਾਇਤ ਮਿਲੀ ਸੀ। ਜਦਕਿ ਪਿੰਡ ਦੋਲੋਂ ਕਲਾਂ ਦੇ ਉਂਕਾਰ ਸਿੰਘ ਪੁੱਤਰ ਤਰਕ ਸਿੰਘ ਤੋਂ ਵੀ ਇਸੇ ਬਹਾਨੇ 5 ਲੱਖ ਰੁਪਏ ਅਤੇ ਪਿੰਡ ਝੋਰੜਾਂ ਵਾਸੀ ਠਾਕਰ ਸਿੰਘ ਦੀ ਧੀ ਗੁਰਜੋਤ ਕੌਰ ਤੋਂ ਛੇ ਲੱਖ ਤੀਹ ਹਜ਼ਾਰ ਰੁਪਏ ਅਤੇ ਮਜ਼ਦੂਰੀ ਕਰਨ ਵਾਲੇ ਸੁਖਵਿੰਦਰ ਸਿੰਘ ਕੋਲੋਂ ਵੀ ਦੋ ਲੱਖ ਸੱਠ ਹਜ਼ਾਰ ਰੁਪਏ ਵਸੂਲ ਲਏ। ਜਦਕਿ ਪਿੰਡ ਬੱਸੀਆਂ ਦੇ ਜਸਪਾਲ ਸਿੰਘ ਦੀ ਇਨੋਵਾ ਗੱਡੀ ਕਿਰਾਏ ਉੱਪਰ ਲੈ ਕੇ 2 ਲੱਖ 98 ਹਜ਼ਾਰ ਰੁਪਏ ਅਦਾ ਨਾ ਕਰਨ ਦਾ ਮਾਮਲਾ ਵੀ ਸਾਹਮਣੇ ਆਇਆ ਹੈ। ਇਨ੍ਹਾਂ ਸਾਰੇ ਪੀੜਤਾਂ ਦੀਆਂ ਸ਼ਿਕਾਇਤਾਂ ਦੀ ਪੜਤਾਲ ਸਪੈਸ਼ਲ ਬਰਾਂਚ ਦੇ ਉਪ ਪੁਲੀਸ ਕਪਤਾਨ ਦਵਿੰਦਰ ਸਿੰਘ ਵੱਲੋਂ ਕੀਤੀ ਗਈ ਸੀ। ਇਸ ਵਿਚ ਸਾਰੇ ਦੋਸ਼ਾਂ ਦੀ ਪੁਸ਼ਟੀ ਪੁਲੀਸ ਕਪਤਾਨ ਗੁਰਦੀਪ ਸਿੰਘ ਵੱਲੋਂ ਕੀਤੀ ਜਾਂਚ ਵਿਚ ਵੀ ਕੀਤੀ ਗਈ ਸੀ। ਮੁਲਜ਼ਮ ਪੀੜਤ ਦਾ ਯਕੀਨ ਪੱਕਾ ਕਰਨ ਲਈ ਆਪਣੇ ਅਧਾਰ ਕਾਰਡ ਦੀ ਕਾਪੀ ਵੀ ਦਿੰਦਾ ਸੀ, ਪਰ ਜਾਂਚ ਦੌਰਾਨ ਪਤਾ ਲੱਗਿਆ ਕਿ ਉਹ ਵੀ ਨਕਲੀ ਸੀ। ਮੁਲਜ਼ਮ ਮਨਜੀਤ ਸਿੰਘ ਉਰਫ਼ ਜੱਸੀ ਨਾਲ ਸੰਪਰਕ ਦੀ ਕੋਸ਼ਿਸ਼ ਕੀਤੀ ਤਾਂ ਉਸ ਦੇ ਫ਼ੋਨ ਬੰਦ ਮਿਲੇ।