ਨਿੱਜੀ ਪੱਤਰ ਪ੍ਰੇਰਕ
ਖੰਨਾ, 18 ਜੁਲਾਈ
ਇੱਥੇ ਅੱਜ ਖੰਨਾ ਦੇ 4 ਕਾਲਜਾਂ ਅਤੇ 3 ਸਕੂਲਾਂ ਨੂੰ ਚਲਾਉਣ ਵਾਲੀ ਇਲਾਕੇ ਦੀ ਸਭ ਤੋਂ ਵੱਡੀ ਸੰਸਥਾ ਏਐੱਸ ਪ੍ਰਬੰਧਕ ਕਮੇਟੀ ਦੀ ਸਲਾਨਾ ਮੀਟਿੰਗ ਵਿਚ ਜ਼ੋਰਦਾਰ ਹੰਗਾਮਾ ਹੋਇਆ। ਇਕ ਪਾਸੇ ਮੈਨੇਜਮੈਂਟ ਦੇ ਜਨਰਲ ਸਕੱਤਰ ਐਡਵੋਕੇਟ ਬਰਿੰਦਰ ਡੈਵਿਟ ਬਜਟ ਪੇਸ਼ ਕਰਦੇ ਰਹੇ ਅਤੇ ਦੂਜੇ ਪਾਸੇ ਵਿਰੋਧੀ ਧਿਰ ਦੇ ਮੈਂਬਰ ਸਾਬਕਾ ਚੇਅਰਮੈਨ ਰਾਜੇਸ਼ ਡਾਲੀ ਅਤੇ ਭਾਜਪਾ ਜ਼ਿਲ੍ਹਾ ਪ੍ਰਧਾਨ ਰਜਨੀਸ਼ ਬੇਦੀ ਨੇ ਅਧੂਰਾ ਬਜਟ ਪੇਸ਼ ਕਰਨ ਦੇ ਦੋਸ਼ ਲਾਏ। ਉਨ੍ਹਾਂ ਸਾਲ 2022-23 ਲਈ ਪ੍ਰਬੰਧਕ ਕਮੇਟੀ ਦੀ 23.29 ਕਰੋੜ ਰੁਪਏ ਦੀ ਆਮਦਨ ਨਾਲ 27.65 ਕਰੋੜ ਰੁਪਏ ਦੇ ਸ਼ੁੱਧ ਖਰਚੇ ਅਤੇ 3.09 ਕਰੋੜ ਦੇ ਪੂੰਜੀ ਨਿਵੇਸ਼ ਖਰਚੇ ਨਾਲ 30.74 ਕਰੋੜ ਰੁਪਏ ਦੇ ਕੁੱਲ ਖਰਚੇ ਨਾਲ 7.45 ਕਰੋੜ ਰੁਪਏ ਦੇ ਘਾਟੇ ਦਾ ਬਜਟ ਪਾਸ ਕੀਤਾ। ਵਿਰੋਧੀ ਧਿਰ ਨੇ ਕਿਹਾ ਕਿ ਨਿਯਮਾਂ ਅਨੁਸਾਰ ਅਗਲੇ ਸਾਲ ਦਾ ਬਜਟ ਪਾਸ ਕਰਨ ਤੋਂ ਪਹਿਲਾ ਪਿਛਲੇ ਸਾਲ ਦਾ ਅਸਲ ਬਜਟ ਪੇਸ਼ ਕੀਤਾ ਜਾਂਦਾ, ਜੋ ਕਿ ਨਹੀਂ ਕੀਤਾ ਗਿਆ। ਏ.ਐਸ ਕਾਲਜ (ਲੜਕੀਆਂ) ਦਾ ਘਾਟਾ ਸਾਲ 74 ਲੱਖ ਹੋ ਗਿਆ ਜੋ ਪਿਛਲੇ ਸਾਲ 40 ਲੱਖ ਸੀ। ਏਐੱਸ ਸੀਨੀਅਰ ਸੈਕੰਡਰੀ ਸਕੂਲ ਦਾ 44.43 ਲੱਖ ਰੁਪਏ ਦਾ ਘਾਟਾ ਹੈ, ਜੋ ਪਿਛਲੇ ਸਾਲ ਨਾਲੋਂ ਕਰੀਬ 18 ਲੱਖ ਰੁਪਏ ਵਧਿਆ ਹੈ। ਗਰੁੱਪ ਆਫ ਇੰਸਟੀਚਿਊਟਸ ਦਾ ਨੁਕਸਾਨ ਹੋਇਆ 6.90 ਲੱਖ, ਏਐੱਸ ਮਾਡਰਨ ਸਕੂਲ ਦਾ ਮੁਨਾਫਾ ਪਿਛਲੇ ਸਾਲ ਦੇ 40 ਲੱਖ ਰੁਪਏ ਦੇ ਮੁਕਾਬਲੇ ਸਿਰਫ 4.15 ਲੱਖ ਰੁਪਏ ਹੀ ਰਹਿ ਗਿਆ ਹੈ। ਇਸ ਮੌਕੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ਼ਮਿੰਦਰ ਸਿੰਘ ਮਿੰਟੂ, ਸੁਸ਼ੀਲ ਕੁਮਾਰ, ਅਮਿਤ ਵਰਮਾ, ਦਿਨੇਸ਼ ਸ਼ਰਮਾ, ਸੰਜੀਵ ਕੁਮਾਰ, ਸੁਮਿਤ ਲੂਥਰਾ, ਵਿਕਾਸ ਮਹਿਤਾ, ਰਾਜੀਵ ਰਾਏ ਮਹਿਤਾ ਹਾਜ਼ਰ ਸਨ।