ਨਿੱਜੀ ਪੱਤਰ ਪ੍ਰੇਰਕ
ਮੋਗਾ, 10 ਸਤੰਬਰ
ਜ਼ਿਲ੍ਹਾ ਪੁਲੀਸ ਮੁਖੀ ਧਰੂਮਨ ਐਚ ਨਿੰਬਾਲੇ ਨੇ ਕੈਨੇਡਾ ਆਧਾਰਤ ਕੇਟੀਐੱਫ ਕਾਰਕੁਨ ਅਰਸ਼ਦੀਪ ਸਿੰਘ ਉਰਫ ਅਰਸ਼ ਡਾਲਾ ਦਾ ਪਾਸਪੋਰਟ ਬਣਾਉਣ ਵੇਲੇ ਲਾਪ੍ਰਵਾਹੀ ਨਾਲ ਪੁਲੀਸ ਰਿਕਾਰਡ ਦੀ ਪੜਤਾਲ ਕਰਨ ਅਤੇ ਪਾਸਪੋਰਟ ਬਣਾਉਣ ਦੀ ਸਿਫ਼ਾਰਸ਼ ਕਰਨ ਵਾਲੇ ਥਾਣੇਦਾਰ ਕੁਲਦੀਪ ਸਿੰਘ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਹੈ। ਐੱਸਐੱਸਪੀ ਨਿੰਬਾਲੇ ਨੇ ਦੱਸਿਆ ਕਿ ਅਰਸ਼ਦੀਪ ਸਿੰਘ ਉਰਫ਼ ਅਰਸ਼ ਡਾਲਾ ਨੇ 2017 ਵਿੱਚ ਖੇਤਰੀ ਪਾਸਪੋਰਟ ਦਫ਼ਤਰ ਜਲੰਧਰ ਵਿੱਚ ਆਪਣਾ ਪਾਸਪੋਰਟ ਅਪਲਾਈ ਕੀਤਾ ਸੀ। ਇਸ ਦੇ ਚਾਲ-ਚਲਣ ਦੀ ਤਸਦੀਕ ਸਬੰਧੀ ਵੈਰੀਫਿਕੇਸ਼ਨ ਥਾਣੇਦਾਰ ਕੁਲਦੀਪ ਸਿੰਘ ਨੇ ਕੀਤੀ ਸੀ। ਉਦੋਂ ਉਹ ਥਾਣਾ ਅਜੀਤਵਾਲ ਵਿੱਚ ਬਤੌਰ ਮੁੱਖ ਮੁਨਸ਼ੀ ਤਾਇਨਾਤ ਸੀ।
ਉਨ੍ਹਾਂ ਦੱਸਿਆ ਕਿ ਅਰਸ਼ਦੀਪ ਸਿੰਘ ਖ਼ਿਲਾਫ਼ ਪਰਚੇ ਦਰਜ ਹੋਣ ਦੇ ਬਾਵਜੂਦ ਇਸ ਮੁਲਾਜ਼ਮ ਨੇ ਉਸ ਦੇ ਵਧੀਆ ਚਰਿੱਤਰ ਬਾਰੇ ਲਿਖ ਕੇ ਪਾਸਪੋਰਟ ਬਣਾਏ ਜਾਣ ਦੀ ਗਲਤ ਸਿਫ਼ਾਰਸ਼ ਕਰ ਕੇ ਰਿਪੋਰਟ ਉਚ ਅਧਿਕਾਰੀਆਂ ਕੋਲ ਭੇਜੀ ਸੀ। ਪਾਸਪੋਰਟ ਜਾਰੀ ਹੋਣ ਮਗਰੋਂ ਅਰਸ਼ਦੀਪ ਕੈਨੇਡਾ ਚਲਾ ਗਿਆ। ਉਥੋਂ ਉਹ ਆਪਣੇ ਸਾਥੀਆਂ ਰਾਹੀਂ ਪੰਜਾਬ ਵਿੱਚ ਫਿਰੌਤੀਆਂ ਮੰਗ ਰਿਹਾ ਹੈ। ਇਸ ਮਾਮਲੇ ਦੀ ਮੁੱਢਲੀ ਪੜਤਾਲ ਤੋਂ ਬਾਅਦ ਥਾਣੇਦਾਰ ਕੁਲਦੀਪ ਸਿੰਘ ਨੂੰ ਨੌਕਰੀ ਤੋਂ ਬਰਖ਼ਾਸਤ ਕੀਤਾ ਗਿਆ ਹੈ।