ਪੱਤਰ ਪ੍ਰੇਰਕ
ਮਾਛੀਵਾੜਾ, 18 ਅਪਰੈਲ
ਇਥੇ ਪਿੰਡ ਚੱਕ ਸ਼ੰਮੂ ਵਿੱਚ ਅੱਜ ਬਾਅਦ ਦੁਪਹਿਰ ਅੱਗ ਲੱਗਣ ਕਾਰਨ ਕਿਸਾਨ ਅੰਗਰੇਜ਼ ਸਿੰਘ ਦੀ 3 ਏਕੜ ਪੱਕੀ ਕਣਕ ਸੜ ਕੇ ਸੁਆਹ ਹੋ ਗਈ ਜਦ ਕਿ 4 ਏਕੜ ਨਾੜ ਵੀ ਸੜ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਕਿਸਾਨ ਅੰਗਰੇਜ਼ ਸਿੰਘ ਦੇ ਖੇਤਾਂ ਵਿੱਚ ਕਣਕ ਦੀ ਫਸਲ ਨੂੰ ਅਚਾਨਕ ਅੱਗ ਲੱਗ ਗਈ ਜੋ ਕਿ ਦੇਖਦੇ ਹੀ ਦੇਖਦੇ ਤੇਜ਼ੀ ਨਾਲ ਫੈਲ ਗਈ। ਆਸ-ਪਾਸ ਦੇ ਕਿਸਾਨਾਂ ਵੱਲੋਂ ਇਕੱਠੇ ਹੋ ਕੇ ਅੱਗ ‘ਤੇ ਕਾਬੂ ਪਾਉਣ ਲਈ ਟਰੈਕਟਰਾਂ ਨਾਲ ਜ਼ਮੀਨ ਵਾਹੁਣੀ ਸ਼ੁਰੂ ਕਰ ਦਿੱਤੀ। ਇਸ ਤੋਂ ਇਲਾਵਾ ਸਮਰਾਲਾ ਤੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪੁੱਜੀਆ, ਜਿਨ੍ਹਾਂ ਵੱਲੋਂ ਬੜੀ ਮੁਸ਼ੱਕਤ ਨਾਲ ਅੱਗ ਬੁਝਾਈ ਗਈ। ਇਸ ਅੱਗ ਨਾਲ ਅੰਗਰੇਜ਼ ਸਿੰਘ ਦਾ ਕਾਫੀ ਆਰਥਿਕ ਨੁਕਸਾਨ ਹੋਇਆ, ਜਿਸ ਦੀ ਕਰੀਬ 3 ਏਕੜ ਤੋਂ ਵੱਧ ਫਸਲ ਪੂਰੀ ਤਰ੍ਹਾਂ ਸੜਕੇ ਸੁਆਹ ਹੋ ਗਈ ਜਦਕਿ ਨਾਲ ਲੱਗਦੇ ਖੇਤਾਂ ਵਿਚ ਤੂੜੀ ਬਣਾਉਣ ਲਈ ਖੜਾ ਨਾੜ ਵੀ ਬਿਲਕੁਲ ਖਤਮ ਹੋ ਗਿਆ। ਮੌਕੇ ‘ਤੇ ਪੁੱਜੇ ਕੁੱਲ ਹਿੰਦ ਕਿਸਾਨ ਸਭਾ ਦੇ ਪ੍ਰਧਾਨ ਨਿੱਕਾ ਸਿੰਘ ਖੇੜਾ ਨੇ ਕਿਹਾ ਕਿ ਪਹਿਲਾਂ ਹੀ ਬੇਮੌਸਮੀ ਬਾਰਿਸ਼ ਕਾਰਨ ਕਿਸਾਨਾਂ ਦਾ ਭਾਰੀ ਨੁਕਸਾਨ ਹੋਇਆ ਹੈ ਅਤੇ ਹੁਣ ਅੱਗ ਦੀ ਘਟਨਾ ਕਾਰਨ ਕਿਸਾਨ ਅੰਗਰੇਜ਼ ਸਿੰਘ ਨੂੰ ਵੱਡੀ ਆਰਥਿਕ ਢਾਹ ਲੱਗੀ। ਕਿਸਾਨ ਆਗੂ ਨੇ ਪ੍ਰਸ਼ਾਸਨ ਤੇ ਸਰਕਾਰ ਤੋਂ ਮੰਗ ਕੀਤੀ ਕਿ ਅੱਗ ਦੀ ਘਟਨਾ ਕਾਰਨ ਜੋ ਕਿਸਾਨਾਂ ਦਾ ਨੁਕਸਾਨ ਹੋਇਆ ਉਸ ਦਾ ਤੁਰੰਤ ਮੁਆਵਜ਼ਾ ਦਿੱਤਾ ਜਾਵੇ।