ਪੱਤਰ ਪ੍ਰੇਰਕ
ਜਗਰਾਉਂ, 7 ਅਕਤੂਬਰ
ਥਾਣਾ ਸ਼ਹਿਰੀ ਦੀ ਪੁਲੀਸ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਅਵਨੀਤ ਸਿੰਘ ਉਰਫ ਲੱਡੂ ਵਾਸੀ ਵਾਰਡ ਨੰਬਰ 15 ਅਗਵਾੜ ਗੁੱਜਰਾਂ ਅਤੇ ਮਨਪ੍ਰੀਤ ਸਿੰਘ ਉਰਫ ਮੰਨਾ ਵਾਸੀ ਕੱਚਾ ਕਿਲਾ ਜਗਰਾਉਂ ਦੇ ਘਰ ਛਾਪਾ ਮਾਰ ਕੇ ਸ਼ਰਾਬ ਦੀ ਸਪਲਾਈ ਲਈ ਵਰਤੀ ਜਾਣ ਵਾਲੀ ਐਕਟਿਵਾ ਸਕੂਟਰ ਪੀਬੀ 25 ਐੱਚ 1033 ਸਮੇਤ ਹਰਿਆਣਾ ਵਿੱਚ ਵਿਕਣ ਵਾਲੀਆਂ 27 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਅਤੇ ਮੌਕੇ ’ਤੇ ਮੰਨੇ ਨੂੰ ਗ੍ਰਿਫ਼ਤਾਰ ਕੀਤਾ ਜਦਕਿ ਲੱਡੂ ਪੁਲੀਸ ਦੇ ਹੱਥ ਨਹੀਂ ਲੱਗਾ। ਛਾਪੇ ਸਮੇਂ ਐਕਸਾਈਜ਼ ਇੰਸਪੈਕਟਰ ਕਰਮਜੀਤ ਸਿੰਘ ਵੀ ਹਾਜ਼ਰ ਸਨ । ਦੂਸਰੇ ਮਾਮਲੇ ਵਿੱਚ ਪੁਲੀਸ ਪਾਰਟੀ ਨੇ ਅਲੀਗੜ੍ਹ ਰੋਡ ਕੋਠੇ ਖੰਜੂਰਾ ’ਤੇ ਨਾਕੇ ਦੌਰਾਨ ਦੇਰ ਰਾਤ ਨੌਂ ਵਜੇ ਦੇ ਕਰੀਬ ਮੋਟਰਸਾਈਕਲ ਤੇ ਵਜ਼ਨਦਾਰ ਗੱਟੂ ਲੱਦੀ ਜਾ ਰਹੇ ਵਿਅਕਤੀ ਨੂੰ ਰੋਕਿਆ ਤਾਂ ਉਸ ਦੀ ਪਛਾਣ ਸਵਰਨ ਸਿੰਘ ਮੁਹੱਲਾ ਆਵਿਆ ਵਜੋਂ ਹੋਈ ਤੇ ਗੱਟੂ ਨੂੰ ਖੋਲ੍ਹਣ ’ਤੇ ਉਸ ਵਿੱਚੋਂ 24 ਬੋਤਲਾਂ ਸ਼ਰਾਬ ਬਰਾਮਦ ਹੋਈ। ਮੁਲਜ਼ਮ ਨੂੰ ਹਿਰਾਸਤ ਵਿੱਚ ਲੈ ਕੇਸ ਦਰਜ ਕੀਤਾ ਗਿਆ ਹੈ। ਤੀਜੇ ਮਾਮਲੇ ਵਿੱਚ ਪੁਲੀਸ ਨੇ ਪਿੰਡ ਮੰਡਿਆਣੀ ਕੋਲੋਂ ਪਰਮਜੀਤ ਕੌਰ ਉਰਫ ਕਾਲੇ ਪਤਨੀ ਮਨਜੀਤ ਸਿੰਘ ਵਾਸੀ ਮੰਡਿਆਣੀ ਨੂੰ ਉਸ ਵੇਲੇ ਹਿਰਾਸਤ ਵਿੱਚ ਲਿਆ ਜਦੋਂ ਉਹ ਪੈਦਲ ਹੀ ਗੋਲੀਆਂ ਦੀ ਸਪਲਾਈ ਲਈ ਜਾ ਰਹੀ ਸੀ । ਸਬ-ਇੰਸਪੈਕਟਰ ਜਰਨੈਲ ਸਿੰਘ ਨੇ ਦੱਸਿਆ ਕਿ ਇਹ ਕਾਰਵਾਈ ਗੁਪਤ ਸੂਚਨਾ ਦੇ ਆਧਾਰ ’ਤੇ ਕੀਤੀ ਗਈ ਹੈ ।