ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 12 ਫਰਵਰੀ
ਹਮੇਸ਼ਾ ਸੁਰਖੀਆਂ ’ਚ ਰਹਿਣ ਵਾਲੀ ਲੁਧਿਆਣਾ ਦੀ ਟਰੈਫਿਕ ਪੁਲੀਸ ਸ਼ੁੱਕਰਵਾਰ ਨੂੰ ਵੱਖਰੇ ਹੀ ‘ਕਾਰਨਾਮੇ’ ਨਾਲ ਫਿਰ ਚਰਚਾ ’ਚ ਆ ਗਈ। ਹੱਥ ਨਾਲ ਖਿੱਚਣ ਵਾਲੀ ਗੰਨੇ ਦੇ ਰਸ ਦੀ ਰੇਹੜੀ ਦਾ ਟਰੈਫਿਕ ਪੁਲੀਸ ਵੱਲੋਂ 27 ਹਜ਼ਾਰ ਰੁਪਏ ਦਾ ਚਲਾਨ ਕੀਤਾ ਗਿਆ। ਇੰਨਾ ਹੀ ਨਹੀਂ ਰੇਹੜੀ ਜ਼ਬਤ ਕਰ ਪੁਲੀਸ ਨੇ ਥਾਣਾ ਕੋਤਵਾਲੀ ’ਚ ਰਖਵਾ ਦਿੱਤੀ। ਪੀੜਤ ਰਾਮਰਾਜ ਨੇ ਪੁਲੀਸ ਕਮਿਸ਼ਨਰ ਰਾਕੇਸ਼ ਅਗਰਵਾਲ ਨੂੰ ਸ਼ਿਕਾਇਤ ਦੇ ਕੇ ਇਨਸਾਫ਼ ਦੀ ਮੰਗ ਕੀਤੀ। ਸ੍ਰੀ ਅਗਰਵਾਲ ਨੇ ਉਥੋਂ ਉਸ ਨੂੰ ਜਾਂਚ ਦਾ ਭਰੋਸਾ ਦਿੱਤਾ ਹੈ। ਪੀੜਤ ਰਾਮਰਾਜ ਨੇ ਦੱਸਿਆ ਕਿ ਉਹ ਘੰਟਾ ਘਰ ਚੌਕ ਕੋਲ ਗੰਨੇ ਦੇ ਰਸ ਦੀ ਰੇੜੀ ਲਾਉਂਦਾ ਹੈ। ਦੋ ਦਿਨ ਪਹਿਲਾਂ ਟਰੈਫਿਕ ਪੁਲੀਸ ਨੇ ਉਸ ਦੀ ਰੇਹੜੀ ਦਾ ਚਲਾਨ ਕਰ ਦਿੱਤਾ ਗਿਆ ਤੇ ਰੇਹੜੀ ਜ਼ਬਤ ਕਰ ਲਈ ਗਈ। ਉਸ ਨੇ ਕਿਹਾ ਕਿ ਉਸ ਦੀ ਹੱਥ ਨਾਲ ਖਿੱਚਣ ਵਾਲੀ ਰੇਹੜੀ ਦੇ ਚਲਾਣ ’ਤੇ ਪੁਲੀਸ ਨੇ ‘ਜੁਗਾੜੂ’ ਵਾਹਨ ਲਿਖ ਦਿੱਤਾ। ਰਾਮ ਰਾਜ ਨੇ ਕਿਹਾ ਕਿ ਜਦੋਂ ਚਲਾਨ ਦੇਖਿਆ ਤਾਂ ਉਸ ’ਤੇ 27 ਹਜ਼ਾਰ ਦਾ ਜੁਰਮਾਨਾ ਸੀ, ਜਿਸ ਨੂੰ ਭਰਨ ’ਚ ਉਹ ਅਸਮਰੱਥ ਹੈ। ਉਹ ਰੋਜ਼ਾਨਾ 100 ਤੋਂ 200 ਰੁਪਏ ਕਮਾਉਂਦਾ ਹੈ ਤੇ ਰੇਹੜੀ ਜ਼ਬਤ ਹੋਣ ਕਾਰਨ ਉਸ ਦੀ ਆਮਦਨ ਠੱਪ ਹੋ ਗਈ ਹੈ।