ਸੰਤੋਘ ਗਿੱਲ
ਗੁਰੂਸਰ ਸੁਧਾਰ, ਮੁੱਲਾਂਪੁਰ, 22 ਅਪਰੈਲ
ਦਾਖਾ ਪੁਲੀਸ ਦੇ ਥਾਣੇਦਾਰ ਕੁਲਦੀਪ ਸਿੰਘ ਅਤੇ ਆਬਕਾਰੀ ਵਿਭਾਗ ਦੇ ਇੰਸਪੈਕਟਰ ਬਲਕਰਨ ਸਿੰਘ ਦੀ ਟੀਮ ਨੇ ਸਾਂਝੇ ਅਪਰੇਸ਼ਨ ਦੌਰਾਨ ਪਿੰਡ ਬਲੀਪੁਰ ਕਲਾਂ ਦੇ ਇਲਾਕੇ ਵਿੱਚ ਸਤਲੁਜ ਦਰਿਆ ਕੰਢੇ 10 ਤਰਪਾਲਾਂ ਵਿਚ ਲੁਕਾ ਕੇ ਰੱਖਿਆ ਲਾਹਣ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਜਾਂਚ ਅਫ਼ਸਰ ਕੁਲਦੀਪ ਸਿੰਘ ਅਨੁਸਾਰ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਨਾਜਾਇਜ਼ ਸ਼ਰਾਬ ਦੀ ਭਾਲ ਦੌਰਾਨ 10 ਤਰਪਾਲਾਂ ਵਿਚ ਤਿਆਰ ਲਾਹਣ ਜਿਸ ਦੀ ਮਾਤਰਾ 24 ਹਜ਼ਾਰ 600 ਲੀਿਰ ਲਾਹਣ ਬਰਾਮਦ ਕੀਤੀ ਗਈ ਸੀ। ਆਬਕਾਰੀ ਵਿਭਾਗ ਅਤੇ ਪੁਲੀਸ ਵੱਲੋਂ ਸਾਂਝੇ ਤੌਰ ’ਤੇ ਬਰਾਮਦ ਲਾਹਣ ਨਸ਼ਟ ਕੀਤਾ ਗਿਆ ਹੈ। ਇਸ ਸਮੇਂ 10 ਤਰਪਾਲਾਂ ਅਤੇ ਤਿੰਨ ਡਰੰਮ ਪੁਲੀਸ ਨੇ ਜ਼ਬਤ ਕੀਤੇ ਹਨ। ਇਸ ਮਾਮਲੇ ਵਿਚ ਆਬਕਾਰੀ ਕਾਨੂੰਨ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਕੇ ਕਾਨੂੰਨੀ ਕਾਰਵਾਈ ਆਰੰਭ ਦਿੱਤੀ ਗਈ ਹੈ।
ਮੁਲਜ਼ਮ ਨਾਜਾਇਜ਼ ਸ਼ਰਾਬ ਸਮੇਤ ਗ੍ਰਿਫ਼ਤਾਰ
ਲੁਧਿਆਣਾ: ਥਾਣਾ ਡਿਵੀਜ਼ਨ ਨੰਬਰ-7 ਦੀ ਪੁਲੀਸ ਨੇ ਇੱਕ ਵਿਅਕਤੀ ਨੂੰ ਨਾਜਾਇਜ਼ ਸ਼ਰਾਬ ਸਮੇਤ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਥਾਣੇਦਾਰ ਮਲਕੀਤ ਸਿੰਘ ਨੇ ਦੱਸਿਆ ਕਿ ਪੁਲੀਸ ਪਾਰਟੀ ਗਸ਼ਤ ਸਬੰਧੀ ਟੀ-ਪੁਆਇੰਟ ਤਾਜਪੁਰ ਰੋਡ ਮੌਜੂਦ ਸੀ ਤਾਂ ਦੌਰਾਨੇ ਚੈਕਿੰਗ ਮੁਹੱਲਾ ਵਿਸ਼ਕਰਮਾ ਨਗਰ ਤਾਜਪੁਰ ਰੋਡ ਵਾਸੀ ਗੁਰਵਿੰਦਰ ਸਿੰਘ ਉਰਫ਼ ਭੋਲਾ ਨੂੰ ਕਾਬੂ ਕੀਤਾ ਜੋ ਸ਼ਰਾਬ ਵੇਚਣ ਦਾ ਨਾਜਾਇਜ਼ ਧੰਦਾ ਕਰਦਾ ਹੈ। ਤਲਾਸ਼ੀ ਦੌਰਾਨ ਉਸ ਪਾਸੋਂ 22 ਅਧੀਏ ਸ਼ਰਾਬ ਬਰਾਮਦ ਕੀਤੀ ਗਈ। -ਨਿੱਜੀ ਪੱਤਰ ਪ੍ਰੇਰਕ