ਨਿੱਜੀ ਪੱਤਰ ਪ੍ਰੇਰਕ
ਰਾਏਕੋਟ, 7 ਅਗਸਤ
ਥਾਣਾ ਸਦਰ ਰਾਏਕੋਟ ਦੀ ਪੁਲੀਸ ਨੇ ਰਮਿੰਦਰ ਸਿੰਘ, ਉਸ ਦੀ ਪਤਨੀ ਸਲੋਨੀ ਸਲੂਜਾ ਵਾਸੀ ਸ਼ਹੀਦ ਭਗਤ ਸਿੰਘ ਨਗਰ ਲੁਧਿਆਣਾ ਅਤੇ ਗਗਨਦੀਪ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਪਿੰਡ ਬੁਰਜ ਰਹੀ ਸਿੰਘ ਖ਼ਿਲਾਫ਼ ਇੰਦਰਪ੍ਰੀਤ ਸਿੰਘ ਵਾਸੀ ਪਿੰਡ ਬੁਰਜ ਹਰੀ ਸਿੰਘ ਨੂੰ ਕੈਨੇਡਾ ਭੇਜਣ ਦੇ ਨਾਂ ’ਤੇ ਕਰੀਬ 24 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਹੇਠ ਮੁਕੱਦਮਾ ਦਰਜ ਕੀਤਾ ਹੈ।
ਪੁਲੀਸ ਕਪਤਾਨ ਲੁਧਿਆਣਾ (ਦਿਹਾਤੀ) ਦੀ ਪੜਤਾਲੀਆ ਰਿਪੋਰਟ ਮਗਰੋਂ ਡੀਏ ਲੀਗਲ ਦੀ ਰਾਏ ਅਨੁਸਾਰ ਮੁਲਜ਼ਮਾਂ ਖ਼ਿਲਾਫ਼ ਅਪਰਾਧਿਕ ਸਾਜ਼ਿਸ਼ ਤਹਿਤ ਧੋਖਾਧੜੀ, ਧਮਕੀਆਂ ਦੇਣ, ਇਮੀਗ੍ਰੇਸ਼ਨ ਕਾਨੂੰਨ ਅਤੇ ਪੰਜਾਬ ਟਰੈਵਲ ਪ੍ਰੋਫੈਸ਼ਨਲ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ।
ਇਸ ਦੀ ਅਗਲੀ ਜਾਂਚ ਪ੍ਰਭਜੋਤ ਕੌਰ ਉਪ ਪੁਲੀਸ ਕਪਤਾਨ ਰਾਏਕੋਟ ਹਵਾਲੇ ਕੀਤੀ ਗਈ ਹੈ। ਪਿੰਡ ਬੁਰਜ ਹਰੀ ਸਿੰਘ ਵਾਸੀ ਸੁਰਜੀਤ ਸਿੰਘ ਅਤੇ ਉਸ ਦੀ ਪਤਨੀ ਹਰਚਰਨ ਕੌਰ ਨੇ ਆਪਣੀ ਸ਼ਿਕਾਇਤ ਵਿਚ ਦੋਸ਼ ਲਾਇਆ ਸੀ ਕਿ ਰਮਿੰਦਰ ਸਿੰਘ, ਉਸ ਦੀ ਪਤਨੀ ਸਲੋਨੀ ਸਲੂਜਾ ਅਤੇ ਗਗਨਦੀਪ ਸਿੰਘ ਨੇ ਅਪਰਾਧਿਕ ਸਾਜ਼ਿਸ਼ ਰਚ ਕੇ ਮੁੱਦਈ ਦੇ ਪੁੱਤਰ ਇੰਦਰਪ੍ਰੀਤ ਸਿੰਘ ਨੂੰ ਕੈਨੇਡਾ ਭੇਜਣ ਬਦਲੇ 23 ਲੱਖ 70 ਹਜ਼ਾਰ ਰੁਪਏ ਦੀ ਕਥਿਤ ਠੱਗੀ ਮਾਰ ਲਈ ਹੈ। ਇੰਦਰਪ੍ਰੀਤ ਸਿੰਘ ਨੂੰ ਕੈਨੇਡਾ ਤਾਂ ਕੀ ਭੇਜਣਾ ਸੀ, ਉਲਟਾ ਪੈਸੇ ਵਾਪਸ ਮੰਗਣ ’ਤੇ ਮਾਰ ਦੇਣ ਦੀਆ ਧਮਕੀਆਂ ਦਿੱਤੀਆਂ ਗਈ।
ਲਿਖਤੀ ਸ਼ਿਕਾਇਤ ਦੀ ਜਾਂਚ ਉਪਰੰਤ ਇਹ ਮੁਕੱਦਮਾ ਦਰਜ ਕੀਤਾ ਗਿਆ ਹੈ। ਜਾਂਚ ਅਫ਼ਸਰ ਅਨੁਸਾਰ ਮੁਲਜ਼ਮਾਂ ਦੀ ਭਾਲ ਜਾਰੀ ਹੈ।