ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 23 ਫਰਵਰੀ
ਲੁਧਿਆਣਾ ਨੂੰ ਸਮਾਰਟ ਸਿਟੀ ਬਣਾਉਣ ਲਈ ਕਰੋੜਾਂ ਰੁਪਏ ਖਰਚ ਕੀਤੇ ਜਾ ਰਹੇ ਹਨ। ਇਸੇ ਤਹਿਤ ਸ਼ਹਿਰ ਦੀ ਪੌਸ਼ ਇਲਾਕੇ ਮਲਹਾਰ ਰੋਡ ਨੂੰ ਸਮਾਰਟ ਸੜਕ ਬਣਾਉਣ ਲਈ 23 ਕਰੋੜ ਰੁਪਏ ਖ਼ਰਚ ਕੀਤੇ ਗਏ ਸਨ, ਪਰ ਹੈਰਾਨੀ ਵਾਲੀ ਗੱਲ ਹੈ ਕਿ ਸੜਕ ਦੀਆਂ ਟਾਈਲਾਂ 6 ਮਹੀਨੇ ਵੀ ਨਹੀਂ ਚੱਲ ਸਕੀਆਂ, ਜੋ ਟੁੱਟਣੀਆਂ ਸ਼ੁਰੂ ਹੋ ਗਈਆਂ ਹਨ। ਇਹ ਸੜਕ ਮੰਤਰੀ ਆਸ਼ੂ ਦੇ ਹਲਕੇ ਪੱਛਮੀ ਵਿੱਚ ਆਉਂਦੀ ਹੈ, ਜਿਸ ’ਤੇ ਬਿਲਡਰ ਨੇ ਹੁਣ ਨਵੀਆਂ ਟਾਈਲਾਂ ਲਗਵਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ। ਸਮਾਰਟ ਸਿਟੀ ਪ੍ਰਾਜੈਕਟ ਤਹਿਤ ਸ਼ਹਿਰ ਦੀ ਮਲਹਾਰ ਰੋਡ ਨੂੰ ਸਮਾਰਟ ਬਣਾਇਆ ਜਾਣਾ ਸੀ। ਇਹ ਇਲਾਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦਾ ਇਲਾਕਾ ਹੈ। ਪੂਰੀ ਰੋਡ ’ਤੇ ਇੰਟਰਲਾਕ ਟਾਈਲਾਂ ਲਾਈਆਂ ਗਈਆਂ ਤੇ ਸੜਕ ਦੀ ਚੌੜਾਈ ਵੀ ਘੱਟ ਕਰ ਦਿੱਤੀ ਗਈ। ਇਹ ਰੋਡ ਚੌੜਾਈ ਘੱਟ ਹੋਣ ਮਗਰੋਂ ਸੁਰਖੀਆਂ ’ਚ ਆਈ। ਸੜਕ ’ਤੇ ਪੈਦਲ ਚੱਲਣ, ਸਾਈਕਲਿੰਗ ਦੇ ਲਈ ਤੇ ਪਾਰਕਿੰਗ ਦੀ ਜਗ੍ਹਾ ਬਣਾ ਦਿੱਤੀ ਗਈ, ਜਿਥੋਂ ਹੁਣ ਲੰਘਣ ਵਾਲੇ ਲੋਕਾਂ ਨੂੰ ਪ੍ਰੇਸ਼ਾਨੀ ਹੋ ਰਹੀ ਹੈ। ਕਾਫ਼ੀ ਸਮੇਂ ਤੱਕ ਜਾਮ ਰਹਿਣ ਕਾਰਨ ਲੋਕਾਂ ਨੂੰ ਆਵਾਜਾਈ ਵਿੱਚ ਦਿੱਕਤਾਂ ਆ ਰਹੀਆਂ ਹਨ। 23 ਕਰੋੜ ਰੁਪਏ ਖਰਚ ਕੇ ਮਲਹਾਰ ਰੋਡ ’ਤੇ ਟਾਈਲਾਂ ਲਾਉਣ ਦੀ ਗੁਣਵੱਤਾ ਹੁਣ ਸਾਹਮਣੇ ਆ ਰਹੀ ਹੈ। ਜੋ ਕੁਝ ਮਹੀਨੇ ਬਾਅਦ ਹੀ ਟੁੱਟਣੀ ਸ਼ੁਰੂ ਹੋ ਚੁੱਕੀ ਹੈ।
ਕੌਂਸਲ ਆਫ਼ ਇੰਜਨੀਅਰ ਵੱਲੋਂ ਨਿਗਮ ਕਮਿਸ਼ਨਰ ਨੂੰ ਨੋਟਿਸ
ਮਲਹਾਰ ਰੋਡ ਨੂੰ ਬਣਾਉਣ ’ਚ ਵਰਤੇ ਗਏ ਮੈਟੀਰੀਅਲ ਨੂੰ ਲੈ ਕੇ ਤਾਂ ਸਵਾਲ ਖੜ੍ਹੇ ਹੋਣ ਹੀ ਲੱਗੇ ਹਨ, ਨਾਲ ਹੀ ਕੌਂਸਲ ਆਫ਼ ਇੰਜਨੀਅਰ ਵੀ ਇਸ ’ਤੇ ਨੋਟਿਸ ਲੈਣ ਲੱਗਾ ਹੈ। ਉਨ੍ਹਾਂ ਨੇ ਗੁਣਵੱਤਾ ਅਤੇ ਬਣਾਉਣ ਦੇ ਕੰਮ ’ਚ ਦੇਰੀ ਕਾਰਨ ਪ੍ਰਿੰਸੀਪਲ ਸਕੱਤਰ ਮਨਿਸਟਰੀ ਆਫ਼ ਅਰਬਨ ਹਾਊਸਿੰਗ ਐਂਡ ਅਫੇਅਰ ਦੇ ਨਾਲ-ਨਾਲ ਸਮਾਰਟ ਸਿਟੀ ਕਮੇਟੀ ਤੇ ਲੋਕ ਬਾਡੀ ਅਤੇ ਨਗਰ ਨਿਗਮ ਕਮਿਸ਼ਨਰ ਨੂੰ ਵੀ ਨੋਟਿਸ ਜਾਰੀ ਕਰਕੇ ਜਵਾਬਤਲਬੀ ਕੀਤੀ ਹੈ ਕਿ ਕੰਮ ਪੂਰਾ ਕਿਉਂ ਨਹੀਂ ਹੋਇਆ। ਇਸ ਦੇ ਨਾਲ-ਨਾਲ ਇਹ ਵੀ ਆਖਿਆ ਗਿਆ ਕਿ ਲੰਮੇ ਸਮੇਂ ਤੱਕ ਇਸ ਤਰ੍ਹਾਂ ਦੀ ਦੇਰੀ ਕਾਰਨ ਲੋਕਾਂ ਨੂੰ ਪਾਣੀ ਤੇ ਹਵਾ ਪ੍ਰਦੂਸ਼ਣ ਕਾਰਨ ਸਿਹਤ ਸਮੱਸਿਆ ਆ ਰਹੀ ਹੈ। ਇਸ ਤੋਂ ਇਲਾਵਾ ਬਣਾਉਣ ਦੇ ਕੰਮ ’ਚ ਘਟੀਆ ਸਮੱਗਰੀ ਦਾ ਸਬੂਤ ਇਹ ਹੈ ਕਿ ਸੜਕ 6 ਮਹੀਨੇ ’ਚ ਹੀ ਟੁੱਟਣ ਲੱਗੀ ਹੈ।