ਗੁਰਿੰਦਰ ਸਿੰਘ
ਲੁਧਿਆਣਾ, 8 ਅਗਸਤ
ਥਾਣਾ ਡਿਵੀਜ਼ਨ ਨੰਬਰ ਪੰਜ ਅਧੀਨ ਪੈਂਦੇ ਇਲਾਕੇ ਗੁਰਚਰਨ ਪਾਰਕ ਦੇ ਇਕ ਪੀਜੀ ਵਿੱਚ ਨੌਜਵਾਨ ਵੱਲੋਂ ਖੁਦਕੁਸ਼ੀ ਕਰਨ ਦੀ ਸੂਚਨਾ ਮਿਲੀ ਹੈ। ਇਸ ਸਬੰਧੀ ਪੀਜੀ ਮਾਲਕ ਤਰੁਨ ਤਲਵਾੜ ਨੇ ਦੱਸਿਆ ਹੈ ਕਿ ਉਸ ਨੇ ਆਪਣੇ ਘਰ ਵਿੱਚ ਲੜਕਿਆਂ ਲਈ ਪੀਜੀ ਬਣਾਇਆ ਹੋਇਆ ਹੈ, ਜਿਸ ’ਚ ਮਯੂਰ ਟੰਡਨ ਪੁੱਤਰ ਵਿਜੈ ਟੰਡਨ (22 ਸਾਲ) ਵਾਸੀ ਰਾਜੀਵ ਨਗਰ ਬੇਗਪੁਰਾ ਨਵੀਂ ਦਿੱਲੀ ਕਿਰਾਏ ’ਤੇ ਰਹਿੰਦਾ ਸੀ। ਉਹ ਸ਼ਾਮ ਸਮੇਂ ਜਦੋਂ ਪੀਜੀ ਦਾ ਨਿਰੀਖਣ ਕਰਨ ਲਈ ਗਿਆ ਤਾਂ ਮਯੂਰ ਦੇ ਕਮਰੇ ਦਾ ਦਰਵਾਜ਼ਾ ਖੁੱਲ੍ਹਾ ਸੀ, ਜਦੋਂ ਉਹ ਅੰਦਰ ਗਿਆ ਤਾਂ ਉਸਦੀ ਲਾਸ਼ ਕਮਰੇ ਅੰਦਰ ਲੱਗੇ ਛੱਤ ਦੇ ਪੱਖੇ ਨਾਲ ਲਟਕ ਰਹੀ ਸੀ। ਉਨ੍ਹਾਂ ਤੁਰੰਤ ਇਸ ਬਾਰੇ ਪੁਲੀਸ ਨੂੰ ਸੂਚਨਾ ਦਿੱਤੀ ਅਤੇ ਉਸਦੇ ਪਰਿਵਾਰਕ ਮੈਂਬਰਾਂ ਨਾਲ ਵੀ ਸੰਪਰਕ ਕਾਇਮ ਕੀਤਾ। ਜਾਂਚ ਅਧਿਕਾਰੀ ਸੁਖਜਿੰਦਰ ਸਿੰਘ ਨੇ ਦੱਸਿਆ ਹੈ ਕਿ ਪੁਲੀਸ ਪਾਰਟੀ ਨੇ ਸੂਚਨਾ ਮਿਲਣ ’ਤੇ ਮੌਕੇ ’ਤੇ ਪਹੁੰਚ ਕੇ ਮਯੂਰ ਟੰਡਨ ਦੀ ਲਾਸ਼ ਕਬਜ਼ੇ ਵਿੱਚ ਲੈ ਕੇ ਕਮਰੇ ਦੀ ਤਲਾਸ਼ੀ ਲਈ ਤਾਂ ਉੱਥੋਂ ਖੁਦਕੁਸ਼ੀ ਨੋਟ ਮਿਲਿਆ, ਜਿਸ ਵਿੱਚ ਉਸਨੇ ਖ਼ੁਦਕਸ਼ੀ ਲਈ ਦਿੱਲੀ ਵਾਸੀ ਨੀਤੂ ਨੂੰ ਜ਼ਿੰਮੇਵਾਰ ਠਹਿਰਾਇਆ ਹੋਇਆ ਸੀ। ਉਨ੍ਹਾਂ ਦੱਸਿਆ ਕਿ ਪੁਲੀਸ ਵੱਲੋਂ ਨੀਤੂ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਜਦਕਿ ਲਾਸ਼ ਪੋਸਟਮਾਰਟਮ ਉਪਰੰਤ ਵਾਰਸਾਂ ਹਵਾਲੇ ਕਰ ਦਿੱਤੀ ਗਈ ਹੈ।