ਮਾਛੀਵਾੜਾ (ਪੱਤਰ ਪ੍ਰੇਰਕ): ਸਥਾਨਕ ਪੁਲੀਸ ਵੱਲੋਂ 35 ਕਿੱਲੋ ਭੁੱਕੀ ਸਮੇਤ ਗੁੱਡੂ ਕੁਮਾਰ ਵਾਸੀ ਮੁਰਵਾ ਇਰਾਜੀ, ਸਰਵਾਰਾ (ਬਿਹਾਰ) ਅਤੇ ਵਿਕਾਸ ਕੁਮਾਰ ਵਾਸੀ ਸੀਸੇ, ਸਰਨ (ਬਿਹਾਰ) ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਥਾਣਾ ਮੁਖੀ ਵਿਜੈ ਕੁਮਾਰ ਨੇ ਦੱਸਿਆ ਕਿ ਸਬ-ਇੰਸਪੈਕਟਰ ਗੁਰਪ੍ਰਤਾਪ ਸਿੰਘ ਵੱਲੋਂ ਗੁਰਦੁਆਰਾ ਕ੍ਰਿਪਾਨ ਭੇਟ ਸਾਹਿਬ ਟੀ-ਪੁਆਇੰਟ ਨੇੜੇ ਗਸ਼ਤ ਕੀਤੀ ਜਾ ਰਹੀ ਸੀ ਕਿ ਦੋ ਨੌਜਵਾਨ ਖੜ੍ਹੇ ਦਿਖਾਈ ਦਿੱਤੇ, ਜਿਨ੍ਹਾਂ ਕੋਲ ਪਲਾਸਟਿਕ ਦਾ ਥੈਲਾ ਪਿਆ ਸੀ। ਪੁਲੀਸ ਨੂੰ ਦੇਖ ਕੇ ਇਹ ਦੋਵੇਂ ਸ਼ੱਕੀ ਹਾਲਤ ਵਿਚ ਥੈਲਾ ਚੁੱਕ ਕੇ ਮੁੜਨ ਲੱਗੇ ਤਾਂ ਇਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਇਨ੍ਹਾਂ ਦੀ ਪਛਾਣ ਗੁੱਡੂ ਕੁਮਾਰ ਅਤੇ ਵਿਕਾਸ ਕੁਮਾਰ ਵਜੋਂ ਹੋਈ। ਪੁਲੀਸ ਵਲੋਂ ਉਨ੍ਹਾਂ ਕੋਲੋਂ ਮਿਲੇ ਥੈਲੇ ’ਚੋਂ 35 ਕਿੱਲੋ ਭੁੱਕੀ ਬਰਾਮਦ ਹੋਈ। ਪੁੱਛਗਿੱਛ ਦੌਰਾਨ ਇਨ੍ਹਾਂ ਦੱਸਿਆ ਕਿ ਇਹ ਭੁੱਕੀ ਬਿਹਾਰ ਤੋਂ ਲੈ ਕੇ ਆਏ ਸਨ ਜੋ ਕਿ ਪੰਜਾਬ ਵਿਚ ਸਪਲਾਈ ਕੀਤੀ ਜਾਣੀ ਸੀ। ਇਹ ਵੀ ਜਾਣਕਾਰੀ ਮਿਲੀ ਕਿ ਇਨ੍ਹਾਂ ਨੂੰ ਪੰਜਾਬ ਵਿਚ ਭੁੱਕੀ ਸਪਲਾਈ ਕਰਨ ਬਦਲੇ 5000 ਰੁਪਏ ਪ੍ਰਤੀ ਚੱਕਰ ਮਿਲਦਾ ਸੀ।