ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 10 ਸਤੰਬਰ
ਪੰਜਾਬ ਰਾਜ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਦੇ ਚੇਅਰਮੈਨ ਕਮਲਦੀਪ ਸਿੰਘ ਸੈਣੀ ਰਾਸ਼ਟਰੀ ਸਹਿਕਾਰੀ ਖੇਤੀਬਾੜੀ ਅਤੇ ਪੇਂਡੂ ਵਿਕਾਸ ਬੈਂਕ ਫੈਡਰੇਸ਼ਨ ਮੁੰਬਈ ਦੇ ਉੱਪ ਚੇਅਰਮੈਨ ਚੁਣੇ ਗਏ ਹਨ। ਮੁੰਬਈ ਵਿੱਚ ਹੋਏ ਨੈਸ਼ਨਲ ਫੈਡਰੇਸ਼ਨ ਦੇ ਆਮ ਇਜਲਾਸ ਵਿੱਚ ਸਾਰੇ ਮੈਂਬਰਾਂ ਤੇ ਅਹੁਦੇਦਾਰਾਂ ਨੇ ਸਰਬਸੰਮਤੀ ਨਾਲ ਕਮਲਦੀਪ ਸਿੰਘ ਸੈਣੀ ਨੂੰ ਫੈਡਰੇਸ਼ਨ ਦਾ ਉੱਪ ਚੇਅਰਮੈਨ ਚੁਣਿਆ। ਫੈਡਰੇਸ਼ਨ, ਕੇਂਦਰ ਸਰਕਾਰ ਤੇ ਵਿਦੇਸ਼ੀ ਸਹਿਕਾਰੀ ਸੰਸਥਾਵਾਂ ਨਾਲ ਨਿਯਮਤ ਤੌਰ ’ਤੇ ਵਿਚਾਰ-ਵਟਾਂਦਰਾ ਕਰਦੀ ਰਹਿੰਦੀ ਹੈ ਤੇ ਪੂਰੇ ਭਾਰਤ ਵਿੱਚ ਸਹਿਕਾਰੀ ਸੰਸਥਾਵਾਂ ਨਾਲ ਸਬੰਧਤ ਮਾਮਲੇ ਚੁੱਕਦੀ ਹੈ। ਕਮਲਦੀਪ ਸਿੰਘ ਸੈਣੀ ਦੇ ਇਸ ਫੈਡਰੇਸ਼ਨ ਵਿੱਚ ਸ਼ਾਮਲ ਹੋਣ ਨਾਲ ਸਹਿਕਾਰੀ ਖੇਤਰ ਬਾਰੇ ਉਨ੍ਹਾਂ ਦੇ ਡੂੰਘੇ ਤਜੁਰਬੇ ਸਦਕਾ ਫੈੱਡਰੇਸ਼ਨ ਲਈ ਨਵੀਆਂ ਉਚਾਈਆਂ ਪ੍ਰਾਪਤ ਕਰਨ ਦਾ ਰਾਹ ਪੱਧਰਾ ਹੋਵੇਗਾ।