ਪੱਤਰ ਪ੍ਰੇਰਕ
ਗੁਰੂਸਰ ਸੁਧਾਰ, 10 ਅਕਤੂਬਰ
ਥਾਣਾ ਸੁਧਾਰ ਦੀ ਪੁਲੀਸ ਨੇ ਪਿੰਡ ਬੋਪਾਰਾਏ ਕਲਾਂ ਵਾਸੀ ਹਰਮਨਦੀਪ ਸਿੰਘ ਪੁੱਤਰ ਮਨਪ੍ਰੀਤ ਸਿੰਘ ਦੀ ਸ਼ਿਕਾਇਤ ’ਤੇ ਵਿਦੇਸ਼ ਭੇਜਣ ਦੇ ਨਾਂ ਹੇਠ 17 ਲੱਖ ਰੁਪਏ ਬਰਬਾਦ ਕਰਨ ਦੇ ਮਾਮਲੇ ਵਿੱਚ ਉਸ ਦੀ ਪਤਨੀ ਏਕਮਪ੍ਰੀਤ ਕੌਰ, ਸੱਸ, ਸਹੁਰੇ ਅਤੇ ਹੋਰਨਾਂ ਸਮੇਤ ਬਠਿੰਡਾ ਵਾਸੀ ਇਕ ਟਰੈਵਲ ਏਜੰਟ ਵਿਭਾ ਬਾਂਸਲ ਖ਼ਿਲਾਫ਼ ਅਪਰਾਧਿਕ ਸਾਜ਼ਿਸ਼ ਰਚ ਕੇ ਧੋਖਾਧੜੀ ਕਰਨ ਦਾ ਮੁਕੱਦਮਾ ਦਰਜ ਕੀਤਾ ਹੈ। ਜਾਂਚ ਅਫ਼ਸਰ ਸਬ ਇੰਸਪੈਕਟਰ ਸ਼ਰਨਜੀਤ ਸਿੰਘ ਅਨੁਸਾਰ ਜ਼ਿਲ੍ਹਾ ਪੁਲੀਸ ਮੁਖੀ ਹਰਜੀਤ ਸਿੰਘ ਦੇ ਹੁਕਮਾਂ ’ਤੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਹਾਲ ਦੀ ਘੜੀ ਮੁਲਜ਼ਮ ਪੁਲੀਸ ਦੀ ਗ੍ਰਿਫ਼ਤ ਤੋਂ ਬਾਹਰ ਪਰ ਉਨ੍ਹਾਂ ਨੂੰ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਜਾਂਚ ਅਫ਼ਸਰ ਸਬ ਇੰਸਪੈਕਟਰ ਸ਼ਰਨਜੀਤ ਸਿੰਘ ਅਨੁਸਾਰ ਹਰਮਨਦੀਪ ਸਿੰਘ ਵਾਸੀ ਬੋਪਾਰਾਏ ਕਲਾਂ ਨੇ ਲਿਖਤੀ ਸ਼ਿਕਾਇਤ ਵਿੱਚ ਦੋਸ਼ ਲਾਇਆ ਸੀ ਕਿ ਜੀਤਾ ਚੌਧਰੀ ਸਿੰਘਵਾਲਾ ਜ਼ਿਲ੍ਹਾ ਮੋਗਾ ਵਾਸੀ ਏਕਮਪ੍ਰੀਤ ਕੌਰ ਨਾਲ ਉਸ ਦਾ ਵਿਆਹ ਹੋਇਆ ਸੀ। ਏਕਮਪ੍ਰੀਤ ਕੌਰ ਨੇ ਆਪਣੇ ਪਿਤਾ ਗੁਰਦਿਆਲ ਸਿੰਘ, ਮਾਂ ਜਸਦੀਪ ਕੌਰ ਤੇ ਬਾਘਾਪੁਰਾਣਾ ਵਾਸੀ ਰਾਜਪਾਲ ਕੌਰ, ਸ਼ਰਨਜੀਤ ਸਿੰਘ ਉਰਫ਼ ਡਾਕਟਰ ਅਤੇ ਬਠਿੰਡਾ ਜ਼ਿਲ੍ਹੇ ਦੇ ਇਕ ਟਰੈਵਲ ਏਜੰਟ ਨਾਲ ਮਿਲ ਹੋ ਕੇ ਵਿਦੇਸ਼ ਜਾਣ ਦੇ ਚੱਕਰ ਵਿੱਚ ਹਰਮਨਦੀਪ ਸਿੰਘ ਦੇ 17 ਲੱਖ ਰੁਪਏ ਬਰਬਾਦ ਕਰ ਦਿੱਤੇ ਅਤੇ ਵੀਜ਼ੇ ਤੋਂ ਨਾਂਹ ਹੋਣ ਮਗਰੋਂ ਬਾਕੀ ਪੈਸੇ ਵੀ ਖ਼ੁਦ ਹੀ ਹੜੱਪ ਲਏ। ਪੜਤਾਲ ਵਿਚ ਦੋਸ਼ਾਂ ਦੀ ਪੁਸ਼ਟੀ ਮਗਰੋਂ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।