ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 11 ਜਨਵਰੀ
ਦਸਮੇਸ਼ ਕਿਸਾਨ-ਮਜ਼ਦੂਰ ਯੂਨੀਅਨ ਦੀ ਅਗਵਾਈ ਹੇਠ ਟੌਲ ਰੇਟ ’ਚ ਵਾਧੇ ਖ਼ਿਲਾਫ਼ ਵਿੱਢੇ ਸੰਘਰਸ਼ ਤੋਂ ਬਾਅਦ ਚੌਕੀਮਾਨ ਟੌਲ ਪਲਾਜ਼ਾ ’ਤੇ ਸਿਰਫ ਪੰਜ ਰੁਪਏ ਦੇ ਵਾਧੇ ਤੋਂ ਇਲਾਵਾ ਇਕ ਹੋਰ ਸਹਿਮਤੀ ਬਣ ਗਈ ਹੈ। ਇਸ ਨਾਲ ਲਾਗਲੇ 16 ਪਿੰਡਾਂ ਦੇ ਲੋਕਾਂ ਨੂੰ ਲਾਹਾ ਮਿਲੇਗਾ। ਜਥੇਬੰਦੀ ਦੇ ਪ੍ਰਧਾਨ ਸਤਨਾਮ ਸਿੰਘ ਮੋਰਕਰੀਮਾ ਤੇ ਜਸਦੇਵ ਸਿੰਘ ਲਲਤੋਂ ਨੇ ਦੱਸਿਆ ਕਿ ਮੀਤ ਪ੍ਰਧਾਨ ਕੈਪਟਨ ਕੁਲਰਾਜ ਸਿੰਘ ਸਿੱਧਵਾਂ ਦੀ ਅਗਵਾਈ ਹੇਠ ਬਣੀ ਪੰਜ ਮੈਂਬਰੀ ਕਮੇਟੀ ਨੇ ਟੌਲ ਕੰਪਨੀ ਦੇ ਮਾਲਕਾਂ ਤੇ ਅਧਿਕਾਰੀਆਂ ਨਾਲ ਕਈ ਗੇੜ ਦੀ ਗੱਲਬਾਤ ਕੀਤੀ। ਉਪਰੰਤ ਲਿਖਤੀ ਸਮਝੌਤਾ ਨੇਪਰੇ ਚੜ੍ਹਿਆ, ਜਿਸ ਤਹਿਤ ਟੌਲ ਨੇੜਲੇ 16 ਪਿੰਡਾਂ ਦੇ ਵਾਸੀ ਬਿਨਾਂ ਟੌਲ ਪਰਚੀ ਦੇ ਮੁਫ਼ਤ ’ਚ ਆਪਣੇ ਵਾਹਨ ਲੰਘਾ ਸਕਣਗੇ। ਇਸ ਮੌਕੇ ਸਕੱਤਰ ਜਸਦੇਵ ਸਿੰਘ ਲਲਤੋਂ, ਮੀਤ ਪ੍ਰਧਾਨ ਸਰਵਿੰਦਰ ਸਿੰਘ ਸੁਧਾਰ, ਜਸਵੰਤ ਸਿੰਘ ਮਾਨ, ਇੰਦਰਜੀਤ ਸਿੰਘ ਖਾਲਸਾ ਮੌਜੂਦ ਸਨ। ਉਨ੍ਹਾਂ ਦੱਸਿਆ ਕਿ 16 ਪਿੰਡਾਂ ’ਚ ਚੌਕੀਮਾਨ, ਕੁਲਾਰ, ਜੱਸੋਵਾਲ, ਪੱਬੀਆਂ, ਕੋਠੇ ਹਾਂਸ, ਸੋਹੀਆਂ, ਸਿੱਧਵਾਂ ਕਲਾਂ, ਸਿੱਧਵਾਂ ਖੁਰਦ, ਗੁੜੇ, ਵਿਰਕ, ਸਵੱਦੀ ਕਲਾਂ, ਤਲਵੰਡੀ ਕਲਾਂ, ਤਲਵੰਡੀ ਖੁਰਦ, ਮੋਰਕਰੀਮਾ, ਸ਼ੇਖੂਪੁਰਾ ਤੇ ਢੱਟ ਨੇ ਨਾਂ ਸ਼ਾਮਲ ਹਨ। ਇਸੇ ਤਰ੍ਹਾਂ ਫਾਸਟੈਗ ਵਾਲੀਆਂ ਗੱਡੀਆਂ ਵੀਆਈਪੀ ਲਾਈਨ (ਸੱਜੇ ਪਾਸੇ) ਤੋਂ ਲੰਘਣਗੀਆਂ ਅਤੇ ਉਨ੍ਹਾਂ ਦੇ ਕੱਟੇ ਹੋਏ ਰੁਪਏ ਤੁਰੰਤ ਖਾਤਿਆਂ ’ਚ ਵਾਪਸ ਆ ਜਾਣਗੇ।