ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 13 ਅਕਤੂਬਰ
ਪੁਲੀਸ ਕਮਿਸ਼ਨਰ ਦੀਆਂ ਹਦਾਇਤਾਂ ’ਤੇ ਜੂਏਬਾਜ਼ਾਂ ਖ਼ਿਲਾਫ਼ ਕਾਰਵਾਈ ਕਰਦਿਆਂ ਵੱਖ ਵੱਖ ਥਾਣਿਆਂ ਦੀ ਪੁਲੀਸ ਨੇ ਲੱਖਾਂ ਦੀ ਨਕਦੀ ਸਮੇਤ 15 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਥਾਣਾ ਡਵੀਜਨ ਨੰਂਬਰ 6 ਦੀ ਪੁਲੀਸ ਨੇ ਧੂਰੀ ਰੇਲਵੇ ਲਾਈਨਾਂ ਨੇੜੇ ਜੂਆ ਖੇਡਦਿਆਂ 12 ਜਣਿਆਂ ਨੂੰ ਲੱਖਾਂ ਰੁਪਏ ਦੀ ਨਗਦੀ ਸਮੇਤ ਗ੍ਰਿਫ਼ਤਾਰ ਕੀਤਾ ਹੈ।
ਥਾਣੇਦਾਰ ਗੁਰਜੀਤ ਸਿੰਘ ਨੇ ਦੱਸਿਆ ਕਿ ਸੂਹ ਦੇ ਆਧਾਰ ’ਤੇ ਧੂਰੀ ਰੇਲਵੇ ਲਾਈਨਾਂ ਨੇੜੇ ਤਾਸ਼ ਨਾਲ ਪੈਸੇ ਲਗਾ ਕੇ ਜੂਆ ਖੇਡਦੇ ਬੇਅੰਤ ਸਿੰਘ ਵਾਸੀ ਜੰਮੂ ਕਲੋਨੀ, ਸ਼ੁੁਭਮ ਵਾਸੀ ਹਿੱਲ ਟੋਪ ਭਾਮੀਆਂ, ਅਸ਼ਵਨੀ ਕੁਮਾਰ ਵਾਸੀ ਮਨੋਹਰ ਨਗਰ, ਸੋਨੂੰ ਸਹੋਤਾ ਵਾਸੀ ਛਾਉਣੀ ਮੁੱਹਲਾ, ਜਸਵਿੰਦਰ ਸਿੰਘ ਵਾਸੀ ਛਾਉਣੀ ਮੁੱਹਲਾ, ਮਨਜਿੰਦਰ ਸਿੰਘ ਵਾਸੀ ਧੂਰੀ ਲਾਈਨ, ਰਮੇਸ਼ ਕੁਮਾਰ ਵਾਸੀ ਕਲਸੀਆਂ ਵਾਲੀ ਗਲੀ ਗਿੱਲ ਰੋਡ, ਸਰਬਜੀਤ ਸਿੰਘ ਵਾਸੀ ਜਨਤਾ ਨਗਰ, ਤਰਨਜੀਤ ਸਿੰਘ ਵਾਸੀ ਵਿਸ਼ਵਕਰਮਾ ਟਾਊਨ, ਹਰਪਾਲ ਸਿੰਘ ਵਾਸੀ ਇੰਡਸਟਰੀ ਏਰੀਆ ਬੀ, ਪ੍ਰਦੀਪ ਕੁਮਾਰ ਵਾਸੀ ਜੰਮੂ ਕਲੋਨੀ ਅਤੇ ਜਸਵਿੰਦਰ ਸਿੰਘ ਵਾਸੀ ਦਸਮੇਸ਼ ਨਗਰ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ 3.50 ਲੱਖ ਰੁਪਏ ਦੇ ਕਰੰਸੀ ਨੋਟ ਬਰਾਮਦ ਕੀਤੇ ਗਏ ਹਨ।
ਇੱਕ ਹੋਰ ਮਾਮਲੇ ਵਿੱਚ ਥਾਣਾ ਦੁੱਗਰੀ ਦੀ ਪੁਲੀਸ ਨੇ ਸ਼ਹੀਦ ਭਗਤ ਸਿੰਘ ਨਗਰ ਨੇੜੇ ਜੂਆ ਖੇਡਦਿਆਂ ਤਿੰਨ ਜਣਿਆਂ ਨੂੰ ਨਕਦੀ ਸਮੇਤ ਗ੍ਰਿਫ਼ਤਾਰ ਕੀਤਾ ਹੈ। ਹੌਲਦਾਰ ਕੇਵਲ ਕ੍ਰਿਸ਼ਨ ਨੇ ਦੱਸਿਆ ਕਿ ਪੁਲੀਸ ਟੀਮ ਨੇ ਸੂਹ ਦੇ ਆਧਾਰ ’ਤੇ ਸ਼ਹੀਦ ਭਗਤ ਸਿੰਘ ਨਗਰ ਗੇਟ ਨੰਬਰ 2 ਨੇੜਿਓਂ ਜੂਆ ਖੇਡਦੇ ਪਿੰਡ ਫੁਲਾਂਵਾਲ ਪੱਖੋਵਾਲ ਰੋਡ ਵਾਸੀ ਸੰਜੀਵ ਦਾਸ, ਸੰਜੈ ਦਾਸ ਅਤੇ ਜਾਮੂਨ ਦਾਸ ਨੂੰ ਕਾਬੂ ਕਰਕੇ 4730 ਰੁਪਏ ਦੇ ਕਰੰਸੀ ਨੋਟ ਅਤੇ ਤਾਸ਼ ਬਰਾਮਦ ਕੀਤੀ ਹੈ।