ਪੱਤਰ ਪ੍ਰੇਰਕ
ਸਮਰਾਲਾ, 9 ਸਤੰਬਰ
ਸ਼ਹਿਰ ਦੀ ਗਊਸ਼ਾਲਾ ਵਿਚ ਦੇਰ ਰਾਤ 14 ਗਾਵਾਂ ਦੀ ਭੇਤਭਰੀ ਹਾਲਤ ਵਿੱਚ ਮੌਤ ਹੋ ਗਈ ਹੈ। ਜਿਸ ਵਿੱਚ 6 ਵੱਛੇ-ਵੱਛੀਆਂ ਸਮੇਤ 3 ਸਾਨ੍ਹ ਵੀ ਸ਼ਾਮਲ ਹਨ। ਜਦਕਿ ਮ੍ਰਿਤਕ ਗਊਆਂ ਦੀ ਗਿਣਤੀ 5 ਹੈ। ਜਾਂਚ ਕਰ ਰਹੀ ਵੈਟਨਰੀ ਡਾ. ਜਸਵਿੰਦਰ ਕੌਰ ਨੇ ਦੱਸਿਆ ਕਿ ਹਰੇ ਚਾਰੇ ਦੇ ਸੈਂਪਲਾਂ ਦੀ ਮੁੱਢਲੀ ਪੜਤਾਲ ’ਚ ਨਾਇਟ੍ਰੇਟ ਜ਼ਹਿਰ ਦੀ ਮਾਤਰਾ ਚਾਰੇ ਵਿੱਚ ਸਾਹਮਣੇ ਆਈ ਹੈ। ਆਮ ਤੌਰ ’ਤੇ ਚਾਰਾ ਉਤਪਾਦਕ ਚਾਰੇ ਦੀ ਜਲਦੀ ਪੈਦਾਵਾਰ ਲੈਣ ਲਈ ਵੱਧ ਮਾਤਰਾ ਵਿੱਚ ਬੇਵਖਤੀ ਦਵਾਈਆਂ ਦਾ ਛਿੜਕਾਅ ਕਰ ਦਿੰਦੇ ਹਨ, ਪਰ ਇਹ ਚਾਰਾ ਤੁਰੰਤ ਪਸ਼ੂਆਂ ਨੂੰ ਖੁਵਾਉਣ ਨਾਲ ਇਹ ਚਾਰਾ ਜਾਨਲੇਵਾ ਵੀ ਸਿੱਧ ਹੋ ਸਕਦਾ ਹੈ। ਗਊਸ਼ਾਲਾ ਪ੍ਰਬੰਧਕਾਂ, ਸ਼ਿਵ ਸੈਨਾ ਦੇ ਆਗੂਆਂ ਅਤੇ ਸ਼ਹਿਰ ਦੇ ਪਤਵੰਤਿਆਂ ਵਿਚਾਲੇ ਹੋਈ ਸਹਿਮਤੀ ਤੋਂ ਬਾਅਦ ਸਾਰੇ ਮ੍ਰਿਤਕ ਪਸ਼ੂਆਂ ਦੀ ਬਜਾਏ ਸਿਰਫ ਇੱਕ ਵੱਛੇ ਦਾ ਪੋਸਟਮਾਰਟਮ ਕਰਵਾਉਣ ਦਾ ਫੈਸਲਾ ਲਿਆ ਗਿਆ ਹੈ। ਜਾਣਕਾਰੀ ਅਨੁਸਾਰ ਇਸ ਘਟਨਾ ਦਾ ਅੱਜ ਸਵੇਰੇ ਗਊਸ਼ਾਲਾ ਪ੍ਰਬੰਧਕਾਂ ਨੂੰ ਜਿਉਂ ਹੀ ਪਤਾ ਲੱਗਿਆ ਤਾਂ ਸਥਾਨਕ ਪ੍ਰਸ਼ਾਸਨ ਅਤੇ ਵੈਟਰਨਰੀ ਅਫਸਰਾਂ ਨੂੰ ਇਤਲਾਹ ਦਿੱਤੀ ਗਈ। ਇਨ੍ਹਾਂ ਗਾਵਾਂ ਦੀ ਹੋਈ ਮੌਤ ਦੇ ਕਾਰਨ ਜਾਨਣ ਲਈ ਤੁਰੰਤ ਲੁਧਿਆਣੇ ਤੋਂ ਉੱਚ ਪੱਧਰੀ ਡਾਕਟਰੀ ਟੀਮ ਮੌਕੇ ਤੇ ਸੱਦੀ ਗਈ ਅਤੇ ਇਸ ਟੀਮ ਨੇ ਮੌਕੇ ’ਤੇ ਪਹੁੰਚ ਕੇ ਗਊਆਂ ਨੂੰ ਪਾਏ ਗਏ ਹਰੇ ਚਾਰੇ ਸਮੇਤ ਇਨ੍ਹਾਂ ਨੂੰ ਰਾਤ ਵੇਲੇ ਦਿੱਤੀ ਗਈ ਤੂੜੀ ਦੇ ਸੈਂਪਲ ਲੈ ਕੇ ਉਨ੍ਹਾਂ ਦੀ ਪਰਖ ਕੀਤੀ। ਇਸ ਘਟਨਾ ਦਾ ਪਤਾ ਲੱਗਦੇ ਹੀ ਅਕਾਲੀ ਦਲ ਦੇ ਹਲਕਾ ਇੰਚਾਰਜ ਪਰਮਜੀਤ ਸਿੰਘ ਢਿੱਲੋਂ ਅਤੇ ਸ਼ਿਵ ਸੈਨਾ ਆਗੂ ਸਮੇਤ ਕਈ ਹੋਰ ਰਾਜਨੀਤਕ ਆਗੂ ਵੀ ਮੌਕੇ ’ਤੇ ਪਹੁੰਚੇ।