ਨਿੱਜੀ ਪੱਤਰ ਪ੍ਰੇਰਕ
ਖੰਨਾ, 31 ਅਗਸਤ
ਪੁਲੀਸ ਜ਼ਿਲ੍ਹਾ ਖੰਨਾ ਨੇ ਮੂਸਾ ਗੈਂਗ ਦੇ 12 ਮੈਂਬਰਾਂ ਨੂੰ 9 ਪਿਸਤੌਲ, 61 ਕਾਰਤੂਸ ਅਤੇ ਹੋਰ ਮਾਰੂ ਹਥਿਆਰਆਂ ਸਣੇ ਕਾਬੂ ਕੀਤਾ ਹੈ। ਐੱਸਆਈ ਚਰਨਜੀਤ ਸਿੰਘ ਨੂੰ ਕਿਸੇ ਮੁਖਬਰ ਦੀ ਇਤਲਾਹ ਦਿੱਤੀ ਕਿ ਮੂਸਾ ਗੈਂਗ ਨਾਲ ਸਬੰਧਤ ਇਹ ਮੁਲਜ਼ਮ ਭਾਰੀ ਮਾਤਰਾ ’ਚ ਨਾਜਾਇਜ਼ ਅਸਲਾ ਤੇ ਹੋਰ ਮਾਰੂ ਹਥਿਆਰ ਰੱਖਦੇ ਹਨ ਤੇ ਸ਼ਾਮ ਵੇਲੇ ਹਾਈਵੇਅ ’ਤੇ ਲੋਕਾਂ ਨੂੰ ਹਥਿਆਰ ਦਿਖਾ ਕੇ ਨਕਦੀ ਤੇ ਹੋਰ ਕੀਮਤੀ ਸਾਮਾਨ ਲੁੱਟਦੇ ਹਨ। ਇਸ ’ਤੇ ਕਾਰਵਾਈ ਕਰਦਿਆਂ ਪੁਲੀਸ ਨੇ ਮੂਸਾ ਗੈਂਗ ਦੇ 13 ਮੈਂਬਰਾਂ ਖ਼ਿਲਾਫ਼ ਕੇਸ ਦਰਜ ਕੀਤਾ, ਜਦਕਿ ਇਸੇ ਗੈਂਗ ਦੇ ਕੁਲਵੰਤ ਸਿੰਘ ਉਰਫ ਲਾਲਾ ਵਾਸੀ ਲਸਾੜਾ ਲੱਖੋਵਾਸ (ਮਲੌਦ) ਖ਼ਿਲਾਫ਼ ਪਹਿਲਾਂ ਹੀ ਇਕ ਮਾਮਲਾ ਆਰਮਜ਼ ਐਕਟ ਤਹਿਤ ਥਾਣਾ ਸਮਰਾਲਾ ਵਿੱਚ ਦਰਜ ਹੈ। ਇਸ ਤੋਂ ਇਲਾਵਾ ਨਛੱਤਰ ਸਿੰਘ ਵੱਲੋਂ 25 ਅਗਸਤ ਨੂੰ ਇਕ ਮੁਕੱਦਮਾ ਸ਼ੁਭਮ ਅਰੋੜਾ ਵਾਸੀ ਮੁੱਲ੍ਹਾਪੁਰ ਦਾਖਾ ਖ਼ਿਲਾਫ਼ ਦਰਜ ਕਰਕੇ 1 ਪਿਸਤੌਲ 32 ਬੋਰ, 2 ਕਾਰਤੂਸ ਬਰਾਮਦ ਕੀਤੇ ਜਾ ਚੁੱਕੇ ਹਨ। ਪੁਲੀਸ ਨੇ ਗੈਂਗ ਦੇ ਮੁਖੀ ਹਰਦੀਪ ਸਿੰਘ ਮੂਸਾ ਮੰਡੀ ਅਹਿਮਦਗੜ੍ਹ, ਧੀਰਜ ਬੱਤਾ ਖੰਨਾ, ਪ੍ਰਵੀਨ ਬੱਤਾ ਖੰਨਾ, ਅਮਨਿੰਦਰ ਸਿੰਘ ਪ੍ਰਿੰਸ ਖੰਨਾ, ਮਨਦੀਪ ਸਿੰਘ ਬੰਟੀ ਖੰਨਾ, ਹਰਚੇਤ ਸਿੰਘ ਖੰਨਾ, ਅੰਕੁਸ਼ ਸ਼ਰਮਾ ਭਾਰਦਵਾਜ ਖੰਨਾ, ਮਨੀਸ਼ ਕੁਮਾਰ ਦਿੱਲੀ ਮੰਡੀ ਗੋਬਿੰਦਗੜ੍ਹ, ਸੰਦੀ ਕੁਮਾਰ ਬੌਕਸਰ ਖੰਨਾ, ਜਗਵਿੰਦਰ ਸਿੰਘ ਜੰਪੀ ਜੱਲੋਵਾਲ, ਰਣਜੀਤ ਸਿੰਘ ਜੀਤਾ ਸੇਹ, ਗੁਰਪ੍ਰੀਤ ਸਿੰਘ ਪੱਪਲ ਮੰਡੀ ਗੋਬਿੰਦਗੜ੍ਹ, ਲਖਵੀਰ ਸਿੰਘ ਲੱਖਾ ਮੰਡੀ ਅਹਿਮਦਗੜ੍ਹ ਨੂੰ ਕਾਬੂ ਕੀਤਾ ਗਿਆ। ਮੁਲਜ਼ਮਾਂ ਨੂੰ ਅਦਾਲਤ ’ਚ ਪੇਸ਼ ਕਰਕੇ 5 ਦਿਨ ਦਾ ਪੁਲੀਸ ਰਿਮਾਂਡ ਹਾਸਲ ਕੀਤਾ ਗਿਆ। ਉਨ੍ਹਾਂ ਕਿਹਾ ਕਿ ਮੁਲਜ਼ਮ ਖੰਨਾ, ਮੰਡੀ ਗੋਬਿੰਦਗੜ੍ਹ, ਖਰੜ, ਮੁਹਾਲੀ ’ਚ ਸਰਗਰਮ ਸਨ। ਪੁਲੀਸ ਮੁਲਜ਼ਮਾਂ ਤੋਂ ਪੁੱਛ ਪੜਤਾਲ ਕਰ ਰਹੀ ਹੈ।