ਪੱਤਰ ਪ੍ਰੇਰਕ
ਜਗਰਾਉਂ, 22 ਅਕਤੂਬਰ
ਪੁਲੀਸ ਨੇ ਇੱਕ ਔਰਤ ਸਣੇ ਦੋ ਜਣਿਆਂ ਖ਼ਿਲਾਫ਼ ਵਿਦੇਸ਼ ਭੇਜਣ ਦੇ ਨਾਂ ’ਤੇ ਠੱਗੀ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ। ਪੁਲੀਸ ਜ਼ਿਲ੍ਹਾ ਲੁਧਿਆਣਾ (ਦਿਹਾਤੀ) ਦੇ ਐੱਸਐੱਸਪੀ ਹਰਜੀਤ ਸਿੰਘ ਨੂੰ ਅਵਤਾਰ ਸਿੰਘ ਵਾਸੀ ਪਿੰਡ ਸ਼ੇਖੂਪੁਰਾ ਨੇ ਲਿਖਤੀ ਸ਼ਿਕਾਇਤ ਕੀਤੀ ਕਿ ਉਸ ਨਾਲ ਪਰਿਵਾਰ ਸਮੇਤ ਕਨੇਡਾ ਭੇਜਣ ਦੇ ਨਾਮ ਤੇ ਕਰੀਬ 12 ਲੱਖ ਦੀ ਠੱਗੀ ਹੋਈ ਹੈ। ਐੱਸਐੱਸਪੀ ਵੱਲੋਂ ਸ਼ਿਕਾਇਤ ਦੀ ਪੜਤਾਲ ਡੀ.ਐੱਸ.ਪੀ (ਸਥਾਨਕ) ਨੂੰ ਸੌਂਪੀ ਗਈ। ਜਾਂਚ ’ਚ ਸਾਹਮਣੇ ਆਇਆ ਕਿ ਬਲਬੀਰ ਸਿੰਘ ਵਾਸੀ ਪਿੰਡ ਕੋਕਰੀ ਬੁੱਟਰਾਂ (ਮੋਗਾ) ਅਤੇ ਰੁਪਿੰਦਰ ਕੌਰ ਵਾਸੀ ਬੰਗਸੀਪੁਰਾ (ਸਿੱਧਵਾਂ ਬੇਟ) ਨੇ ਹਮ-ਮਸ਼ਵਰਾ ਹੋ ਕੇ ਅਵਤਾਰ ਸਿੰਘ ਨੂੰ ਸਮੇਤ ਪਰਿਵਾਰ ਕੈਨੇਡਾ ਭੇਜਣ ਦੀ ਆੜ੍ਹ ਵਿੱਚ ਵੱਖ-ਵੱਖ ਸਮੇਂ 11.44.768 ਲੱਖ ਰੁਪਏ ਆਪਣੇ ਬੈਂਕ ਖਾਤਿਆਂ ’ਚ ਪਵਾਏ ਹਨ। ਪਰ ਉਨ੍ਹਾਂ ਨੇ ਅਵਤਾਰ ਸਿੰਘ ਨੂੰ ਕੈਨੇਡਾ ਨਾ ਭੇਜਿਆ। ਅਵਤਾਰ ਸਿੰਘ ਨੇ ਪੈਸੇ ਵਾਪਸ ਮੰਗੇ ਤਾਂ ਉਨ੍ਹਾਂ ਪੈਸੇ ਦੇਣ ਤੋਂ ਵੀ ਇਨਕਾਰ ਕਰ ਦਿੱਤਾ। ਪੜਤਾਲ ’ਚ ਸਾਬਤ ਹੋਇਆ ਕਿ ਅਵਤਾਰ ਸਿੰਘ ਨੇ ਉਨ੍ਹਾਂ ਦੇ ਖਾਤਿਆਂ ’ਚ ਪੈਸੇ ਪਾਏ ਹਨ।