ਨਿੱਜੀ ਪੱਤਰ ਪ੍ਰੇਰਕ
ਖੰਨਾ, 4 ਅਕਤੂਬਰ
ਨਗਰ ਕੌਂਸਲ ਦੇ ਮੈਬਰਾਂ ਦੀ ਇੱਕਤਰਤਾ ਕਮਲਜੀਤ ਸਿੰਘ ਲੱਧੜ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ 11 ਮਤੇ ਕੌਸਲਰਾਂ ਵੱਲੋਂ ਸਰਬਸੰਮਤੀ ਨਾਲ ਪਾਸ ਕੀਤੇ ਗਏ। ਇਨ੍ਹਾਂ ਮਤਿਆਂ ਦੇ ਸਰਬ ਸੰਮਤੀ ਨਾਲ ਪਾਸ ਹੋਣ ਨਾਲ ਡੰਪ ਸਾਈਟ ’ਤੇ ਪਏ ਪੁਰਾਣੇ ਕੂੜੇ ਦੀ ਰੈਮੀਡੇਸ਼ਨ ਕਰਨ ਸਬੰਧੀ ਅਕਾਲੀ ਕੌਂਸਲਰ ਸਰਬਦੀਪ ਸਿੰਘ ਕਾਲੀਰਾਓ, ‘ਆਪ’ ਕੌਂਸਲਰ ਪਰਮਪ੍ਰੀਤ ਸਿੰਘ ਪੌਂਪੀ ਤੇ ਸੁਖਮਨਜੀਤ ਸਿੰਘ ਨੇ ਸਵਾਲ ਪੁੱਛੇ। ਚੀਫ ਸੈਨੇਟਰੀ ਇੰਸਪੈਕਟਰ ਸੰਦੀਪ ਕੁਮਾਰ ਨੇ ਕਿਹਾ ਕਿ ਪਲਾਸਟਿਥ ਗੁਦਾਮ ਵਿਚ ਪਿਆ ਹੈ ਤੇ ਪੋਕ ਲਾਈਨ ਮਸ਼ੀਨਾਂ ਹਾਲੇ ਚੱਲੀਆਂ ਨਹੀਂ, ਇਸ ਤੋਂ ਬਾਅਦ ਹੀ ਖ਼ਰਚਾ ਦੱਸਿਆ ਜਾਵੇਗਾ। ਕਾਲੀਰਾਓ ਨੇ ਕਿਹਾ ਕਿ ਉਨ੍ਹਾਂ ਦੇ ਵਾਰਡ ਵਿਚ ਲੰਬੇ ਸਮੇਂ ਤੋਂ ਖਰਾਬ ਮੋਟਰ ਸਬੰਧੀ ਕੁਝ ਸਮਾਂ ਪਹਿਲਾ ਮਤਾ ਪਾਸ ਹੋਇਆ ਸੀ, ਇਸ ਨੂੰ ਪਹਿਲ ਦੇ ਅਧਾਰ ਤੇ ਟੈਂਡਰ ਲਾ ਕੇ ਲੋਕਾਂ ਨੂੰ ਪਾਣੀ ਮੁਹੱਈਆ ਕਰਵਾਇਆ ਜਾਵੇ। ਪੌਂਪੀ ਨੇ ਕਿਹਾ ਕਿ ਕੌਂਸਲ ਵੱਲੋਂ 28 ਅਕਤੂਬਰ 2021 ਦੇ ਮਤੇ ਰਾਹੀਂ ਡੰਪ ਤੇ ਕੂੜਾ 165000 ਟਨ ਦੱਸਿਆ ਗਿਆ ਸੀ ਹੁਣ 90 ਹਜ਼ਾਰ ਟਨ ਦੱਸਿਆ ਗਿਆ। ਉਨ੍ਹਾਂ ਕਿਹਾ ਕਿ ਕੂੜੇ ਦੀ ਆਪਣੇ ਪੱਧਰ ਤੇ ਛਾਂਟੀ ਕਰਵਾ ਕੇ ਖੁਦ ਅਲੱਗ ਤੌਰ ਤੇ ਕਿਸਾਨਾਂ ਨੂੰ ਦਿੱਤਾ ਜਾਵੇ, ਜਿਸ ਨੂੰ ਕਿਸਾਨ ਆਪ ਹੀ ਚੁੱਕ ਲੈਣਗੇ ਅਤੇ ਕੌਂਸਲ ਦਾ ਲੱਖਾਂ ਰੁਪਇਆ ਬਚਾਇਆ ਜਾ ਸਕਦਾ ਹੈ। ਪ੍ਰਧਾਨ ਲੱਧੜ ਨੇ ਕਿਹਾ ਕਿ ਕੌਂਸਲ ਵੱਲੋਂ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਹੀ ਮਤਾ ਲਿਆਂਦਾ ਗਿਆ ਹੈ।
ਆਪ ਕੌਂਸਲਰ ਸੁਖਮਨਜੀਤ ਸਿੰਘ ਨੇ ਕਿਹਾ ਕਿ ਸ਼ਹਿਰ ’ਚ ਰੋਜ਼ਾਨਾ ਇੱਕਠੇ ਹੋਣ ਵਾਲੇ ਕੂੜੇ ’ਚ ਵੱਡੀ ਧਾਂਦਲੀ ਕੀਤੀ ਜਾ ਰਹੀ ਹੈ। ਇਸ ਗੱਲ ਦੀ ਜਾਂਚ ਕੀਤੀ ਜਾਵੇ। ਇਸ ਮਸਲੇ ਤੇ ਕੌਂਸਲ ਵੱਲੋਂ ਤਿੰਨ ਮੈਬਰੀ ਕਮੇਟੀ ਬਨਾਉਣ ਦਾ ਫੈਸਲਾ ਕੀਤਾ ਗਿਆ। ਕੌਂਸਲਰਾਂ ਨੇ ਵਾਰਡ ਵਿਚ ਸਫਾਈ ਸਬੰਧੀ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਜੇ ਵਾਰਡਾਂ ਵਿਚ ਸਫਾਈ ਕਰਮਚਾਰੀਆਂ ਦੀ ਗਿਣਤੀ ਨਾ ਵਧਾਈ ਤਾਂ ਆਉਣ ਵਾਲੇ ਸਮੇਂ ਵਿਚ ਧਰਨਾ ਲਾਇਆ ਜਾਵੇਗਾ।