ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 18 ਫਰਵਰੀ
ਪਿੰਡ ਕੱਕਾ ਦੇ ਡੇਅਰੀ ਚਲਾਉਣ ਵਾਲੇ ਕੇਵਲ ਕੁਮਾਰ ਦੇ ਘਰ ਤੋਂ ਲੱਖਾਂ ਰੁਪਏ ਚੋਰੀ ਕਰਨ ਵਾਲਾ ਕੋਈ ਹੋਰ ਨਹੀਂ ਬਲਕਿ ਉਨ੍ਹਾਂ ਦੀ ਹੀ ਡੇਅਰੀ ’ਤੇ ਕੰਮ ਕਰਨ ਵਾਲਾ ਨੌਕਰ ਸੀ। ਨੌਕਰ ਨੇ ਮੌਕਾ ਦੇਖ ਕੇ ਘਰ ’ਚੋਂ ਪੈਸੇ ਚੋਰੀ ਕੀਤੇ ਤੇ ਫ਼ਰਾਰ ਹੋ ਗਿਆ। ਪੁਲੀਸ ਨੇ ਜਾਂਚ ਦੌਰਾਨ ਮੁਲਜ਼ਮ ਨੌਕਰ ਰਾਜੂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਸ ਦੇ ਕਬਜ਼ੇ ’ਚੋਂ 8.7 ਲੱਖ ਰੁਪਏ ਵੀ ਬਰਾਮਦ ਕਰ ਲਏ ਗਏ ਹਨ। ਇਸ ਦੇ ਨਾਲ ਹੀ ਪੁਲੀਸ ਨੇ ਮੁਲਜ਼ਮ ਦੇ ਕਬਜ਼ੇ ’ਚੋਂ ਕੇਵਲ ਕੁਮਾਰ ਦੇ ਘਰੋਂ ਚੋਰੀ ਕੀਤਾ ਮੋਬਾਈਲ ਫੋਨ ਵੀ ਬਰਾਮਦ ਕੀਤਾ ਹੈ। ਮੁਲਜ਼ਮ ਦੀ ਪਛਾਣ ਉੱਤਰ ਪ੍ਰਦੇਸ਼ ਦੇ ਬਲਰਾਮਪੁਰ ਸਥਿਤ ਪਿੰਡ ਸੁਗਾਨਪੁਰ ਦੇ ਰਾਜੂ ਉਰਫ਼ ਬ੍ਰਹਮਾਨੰਦ ਕੋਰੀ ਦੇ ਰੂਪ ’ਚ ਹੋਈ ਹੈ।