ਜੋਗਿੰਦਰ ਸਿੰਘ ਓਬਰਾਏ
ਖੰਨਾ, 1 ਮਈ
ਏਸ਼ੀਆ ਦੀ ਵੱਡੀ ਮੰਡੀ ਖੰਨਾ ’ਚ ਸ਼ੁੱਕਰਵਾਰ ਸ਼ਾਮ ਤੱਕ ਕਰੀਬ 11 ਲੱਖ ਕੁਇੰਟਲ ਕਣਕ ਪੁੱਜੀ, ਜੋ ਪਿਛਲੇ ਸਾਲ ਦੇ ਮੁਕਾਬਲੇ 46 ਹਜ਼ਾਰ ਕੁਇੰਟਲ ਤੋਂ ਵੱਧ ਹੈ ਅਤੇ ਅਜੇ ਵੀ ਮੰਡੀ ਵਿਚ ਕਣਕ ਦੀ ਆਮਦ ਜਾਰੀ ਹੈ ਤੇ ਇਹ ਅੰਕੜਾ ਕਰੀਬ 11.50 ਲੱਖ ਕੁਇੰਟਲ ਤੱਕ ਪੁੱਜਣ ਦੀ ਆਸ ਹੈ। ਇਸ ਸਬੰਧੀ ਮਾਰਕੀਟ ਕਮੇਟੀ ਦੇ ਇਕ ਅਧਿਕਾਰੀ ਫਤਹਿ ਸਿੰਘ ਦਾ ਕਹਿਣਾ ਹੈ ਕਿ ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰ ਕਣਕ ਦਾ ਝਾੜ ਵਧਿਆ ਹੈ। ਇਸ ਮੰਡੀ ਵਿਚੋਂ ਸਰਕਾਰੀ ਖ਼ਰੀਦ ਏਜੰਸੀਆਂ ਪਨਗ੍ਰੇਨ, ਮਾਰਕਫੈੱਡ, ਵੇਅਰ ਹਾਊਸ ਕਾਰਪੋਰੇਸ਼ਨ, ਪਨਸਪ ਅਤੇ ਐੱਫ਼ ਸੀ ਆਈ ਤੋਂ ਇਲਾਵਾ ਪ੍ਰਾਈਵੇਟ ਅਦਾਰਿਆਂ ਨੇ ਵੀ ਕਣਕ ਦੀ ਖ਼ਰੀਦ ਕੀਤੀ ਹੈ। ਦੂਜੇ ਪਾਸੇ ਮੰਡੀ ਵਿਚ ਇਹ ਦੇਖਣ ਨੂੰ ਮਿਲਿਆ ਕਿ ਢੋਆ-ਢੁਆਈ ਦਾ ਪ੍ਰਬੰਧ ਬਹੁਤ ਹੀ ਢਿੱਲਾ ਹੈ। ਹੁਣ ਤੱਕ ਮੰਡੀ ਵਿਚੋਂ ਖ਼ਰੀਦੀ ਫ਼ਸਲ ਦੀ 55 ਫ਼ੀਸਦੀ ਹੀ ਢੋਅ-ਢੁਆਈ ਹੋਈ ਹੈ।
ਕਣਕ ਦੀ ਲਿਫਟਿੰਗ ਵਿੱਚ ਤੇਜ਼ੀ ਲਿਆਉਣ ਦੀ ਮੰਗ
ਜਗਰਾਉਂ (ਨਿੱਜੀ ਪੱਤਰ ਪ੍ਰੇਰਕ): ਖੁੱਲ੍ਹੇ ਅਸਮਾਨ ਹੇਠ ਪਈ ਲੱਖਾਂ ਬੋਰੀ ਕਣਕ ਦੀ ਦੇਖ ਰੇਖ ਦੀ ਜ਼ਿੰਮੇਵਾਰੀ ਸੰਭਾਲ ਰਹੇ ਮਜ਼ਦੂਰਾਂ ਨੇ ਅੱਜ ਅਨਾਜ ਮੰਡੀਆਂ ’ਚ ਮਈ ਦਾ ਦਿਹਾੜਾ ਮਨਾਇਆ। ਉਨ੍ਹਾਂ ਨੇ ਕਣਕ ਦੀ ਲਿਫਟਿੰਗ ਦੇ ਕੰਮ ਵਿੱਚ ਤੇਜ਼ੀ ਲਿਆਉਣ ਦੀ ਮੰਗ ਕੀਤੀ ਹੈ। ਗੱਲਾ ਮਜ਼ਦੂਰ ਯੂਨੀਅਨ ਨੇ ਕਿ ਮਸਲਾ ਹੱਲ ਨਾ ਹੋਣ ਦੀ ਸੂਰਤ ਵਿੱਚ ਉਹ ਧਰਨਾ ਲਾਉਣ ਲਈ ਮਜਬੂਰ ਹੋਣਗੇ। ਕੁੱਲ ਹਿੰਦ ਖੇਤ ਮਜ਼ਦੂਰ ਸਭਾ, ਕੁੱਲ ਹਿੰਦ ਕਿਸਾਨ ਸਭਾ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਨੇ ਵੀ ਮਈ ਦਿਵਸ ਮਨਾਉਂਦਿਆਂ ਇਨ੍ਹਾਂ ਮਜ਼ਦੂਰਾਂ ਦਾ ਸੰਘਰਸ਼ ’ਚ ਸਾਥ ਦੇਣ ਦਾ ਐਲਾਨ ਕੀਤਾ ਹੈ।