ਲੁਧਿਆਣਾ: ਸੀਬੀਐਸਈ ਵੱਲੋਂ ਅੱਜ ਐਲਾਨੇ 10ਵੀਂ ਜਮਾਤ ਦੇ ਨਤੀਜੇ ਵਿੱਚ ਐਮਜੀਐਮ ਸਕੂਲ ਦੇ ਪ੍ਰਥਮ ਜੈਨ ਨੇ 99.8 ਫ਼ੀਸਦੀ ਅੰਕ ਪ੍ਰਾਪਤ ਕੀਤੇ। ਉਹ ਅੱਗੇ ਕਾਮਰਸ ਦੀ ਪੜ੍ਹਾਈ ਕਰ ਕੇ ਆਪਣੇ ਪਿਤਾ ਦੀ ਤਰ੍ਹਾਂ ਇੱਕ ਬਿਜ਼ਨਸਮੈਨ ਬਣਨਾ ਚਾਹੁੰਦਾ ਹੈ। ਸੇਕਰਡ ਹਾਰਟ ਸਕੂਲ ਦੀਆਂ ਦੋ ਵਿਦਿਆਰਥਣਾਂ ਰੀਆ ਭੁਟਾਨੀ ਅਤੇ ਨੇਹਾ ਬਾਂਸਲ ਨੇ ਸਾਂਝੇ ਤੌਰ ’ਤੇ 99.6 ਫ਼ੀਸਦੀ ਅੰਕ ਪ੍ਰਾਪਤ ਕਰ ਕੇ ਸਕੂਲ ਵਿੱਚੋਂ ਪਹਿਲੀਆਂ ਪੁਜੀਸ਼ਨਾਂ ਹਾਸਲ ਕੀਤੀਆਂ। ਰੀਆ ਮਾਪਿਆਂ ਦੀ ਤਰ੍ਹਾਂ ਡਾਕਟਰ ਬਣਨਾ ਚਾਹੁੰਦੀ ਹੈ। ਇਸੇ ਤਰ੍ਹਾਂ ਦ੍ਰਿਸ਼ਟੀ ਡਾ. ਆਰਸੀ ਜੈਨ ਸਕੂਲ ਦੀ ਜਸਨੂਰ ਕੌਰ ਨੇ 99.4 ਫ਼ੀਸਦੀ ਅੰਕਾਂ ਨਾਲ, ਬੀਸੀਐਮ ਆਰੀਆ ਮਾਡਲ ਸਕੂਲ ਸਾਸ਼ਤਰੀ ਨਗਰ ਦੇ ਅਭੈ ਕੌਸ਼ਲ ਨੇ 99.2 ਫ਼ੀਸਦੀ ਨਾਲ, ਸਪਰਿੰਗ ਡੇਲ ਪਬਲਿਕ ਸਕੂਲ ਦੀ ਹਿਮਾਂਸ਼ੀ ਸਿੰਗਲਾ ਨੇ 97.6, ਗੁਰੂ ਨਾਨਕ ਇੰਟਰਨੈਸ਼ਨ ਸਕੂਲ ਦੀ ਗੁਰਕੀਰਤ ਕੌਰ ਨੇ 97.2, ਗੁਜਰਾਂਵਾਲਾ ਗੁਰੂ ਨਾਨਕ ਪਬਲਿਕ ਸਕੂਲ ਦੇ ਦਿਵਜੋਤ ਸਿੰਘ ਨੇ 96.2, ਡੀਏਵੀ ਸਕੂਲ ਪੱਖੋਵਾਲ ਦੇ ਸਾਂਜਲ ਜੈਨ ਨੇ 99.2 ਫੀਸਦੀ ਅੰਕਾਂ ਨਾਲ ਸਕੂਲਾਂ ਵਿੱਚੋਂ ਪਹਿਲੀਆਂ ਪੁਜੀਸ਼ਨਾਂ ਹਾਸਲ ਕੀਤੀਆਂ।