ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 2 ਮਾਰਚ
ਇੰਟਰਨੈਟ ਮੀਡੀਆ ਦੇ ਸਾਈਬਰ ਠੱਗ ਖੁਦ ਨੂੰ ਇੰਗਲੈਂਡ ਦਾ ਸਿਟੀਜ਼ਨ ਦੱਸਦੇ ਹੋਏ ਵਿਧਵਾ ਔਰਤ ਨੂੰ ਵਿਆਹ ਦਾ ਝਾਂਸਾ ਦੇ ਕੇ 10 ਲੱਖ ਦਾ ਚੂਨਾ ਲਾ ਗਿਆ। ਹੁਣ ਘਟਨਾ ਦੇ 7 ਮਹੀਨੇ ਬਾਅਦ ਥਾਣਾ ਡਿਵੀਜ਼ਨ ਨੰਬਰ 7 ਦੀ ਪੁਲੀਸ ਨੇ 2 ਔਰਤਾਂ ਸਮੇਤ 4 ਲੋਕਾਂ ਦੇ ਖਿਲਾਫ਼ ਕੇਸ ਦਰਜ ਕੀਤਾ ਹੈ। ਇਹ ਮਾਮਲਾ ਪੁਲੀਸ ਨੇ ਗੁਰੂ ਅਰਜਨ ਦੇਵ ਨਗਰ ਵਾਸੀ ਔਰਤ ਅਮਨਦੀਪ ਕੌਰ ਦੀ ਸ਼ਿਕਾਇਤ ’ਤੇ ਨਾਗਾਲੈਂਡ ਦੇ ਪੁਰਾਣਾ ਬਾਜ਼ਾਰ ਵਾਸੀ ਰਿਚਰਡ ਮੈਕ, ਮਿਸ ਹੋਵੀਕਲੀ ਅਚਹੂਮੀ ਤੇ ਹਰਿਆਣਾ ਦੇ ਫਰੀਦਾਬਾਦ ਦੀ ਚਾਵਲਾ ਕਲੋਨੀ ਵਾਸੀ ਖੁਸ਼ਬੂ ਦੇ ਖ਼ਿਲਾਫ਼ ਦਰਜ ਕੀਤਾ ਹੈ। ਪੁਲੀਸ ਨੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪਿਛਲੇ ਸਾਲ ਜੂਨ ਦੇ ਪਹਿਲੇ ਹਫ਼ਤੇ ’ਚ ਇੰਸਟਾਗ੍ਰਾਮ ’ਤੇ ਉਸ ਦੀ ਮੁਲਜ਼ਮ ਨਾਲ ਦੋਸਤੀ ਹੋਈ। ਗੱਲ ਕਰਨ ਵਾਲੇ ਨੌਜਵਾਨ ਨੇ ਦੱਸਿਆ ਕਿ ਉਸ ਦਾ ਨਾਮ ਐਰਿਕ ਜੋ ਮੋਇਆ ਹੈ, ਉਹ ਇੰਗਲੈਂਡ ਦਾ ਵਾਸੀ ਹੈ। ਉਸ ਨੇ ਔਰਤ ਦੇ ਸਾਹਮਣੇ ਵਿਆਹ ਦੀ ਤਜਵੀਜ਼ ਰੱਖੀ। ਜੂਨ ਦੇ ਆਖਰੀ ਹਫ਼ਤੇ ’ਚ ਐਰਿਕ ਜੋ ਮੋਇਆ ਨੇ ਕਿਹਾ ਕਿ ਉਸ ਨੇ ਉਸ ਲਈ ਪਾਰਸਲ ਭੇਜਿਆ, ਜਿਸ ’ਚ ਉਸ ਲਈ ਬਹੁਤ ਸਾਰੇ ਤੋਹਫ਼ੇ ਹਨ ਤੇ 25 ਹਜ਼ਾਰ ਪਾਊਂਡ ਹਨ। 1 ਜੁਲਾਈ ਨੂੰ ਔਰਤ ਦੇ ਮੋਬਾਈਲ ’ਤੇ ਇੱਕ ਫੋਨ ਆਇਆ। ਉਸਨੇ ਖੁਦ ਨੂੰ ਕਸਟਮ ਅਧਿਕਾਰੀ ਦੱਸਿਆ ਅਤੇ ਕਿਹਾ ਕਿ ਉਸ ਦੇ ਨਾਮ ਦਾ ਪਾਰਸਲ ਆਇਆ ਹੈ, ਪਰ ਉਸ ਨੂੰ ਛੁਡਵਾਉਣ ਲਈ ਕਸਟਮ ਡਿਊਟੀ ਦੇਣੀ ਪਵੇਗੀ। ਔਰਤ ਨੇ ਉਸ ਦੇ ਦੱਸੇ ਖਾਤੇ ’ਚ ਉਹ ਰਕਮ ਭੇਜ ਦਿੱਤੀ। ਉਸ ਤੋਂ ਬਾਅਦ ਉਨ੍ਹਾਂ ਦੀ ਮੰਗ ਵਧਦੀ ਚਲੀ ਗਈ। ਵੱਖ-ਵੱਖ ਦਿਨਾਂ ’ਚ ਉਸ ਔਰਤ ਨੇ ਆਪਣੀ ਇੱਕ ਹੋਰ ਸਾਥੀ ਔਰਤ ਦੇ ਨਾਲ ਮਿਲ ਕੇ ਡਰਾ ਧਮਕਾ ਕੇ ਉਸ ਤੋਂ 10 ਲੱਖ ਰੁਪਏ ਠੱਗ ਲਏ।