ਮੰਡੀ ਅਹਿਮਦਗੜ੍ਹ: ਇੱਥੋਂ ਦੀ ਰੋਟਰੀ ਕਲੱਬ ਅਤੇ ਰੋਟਰੀ ਜ਼ਿਲ੍ਹਾ 3090 ਅਧੀਨ ਪੈਂਦੀਆਂ ਹੋਰਨਾਂ ਇਕਾਈਆਂ ਦੇ ਵਾਲੰਟੀਅਰਾਂ ਨੇ ਅੱਜ ਕਰਤਾਰਪੁਰ ਸਾਹਿਬ ਵਿਖੇ ਪਾਕਿਸਤਾਨ ਤੋਂ ਆਏ ਰੋਟੇਰੀਅਨਾਂ ਨਾਲ ਮੁਲਾਕਾਤ ਕੀਤੀ। ਇਸ ਮੌਕੇ ਪੋਲੀਓ ਦੇ ਖ਼ਾਤਮੇ ਲਈ ਦੋਵੇਂ ਦੇਸ਼ਾਂ ਦੀਆਂ ਕਲੱਬਾਂ ਵੱਲੋਂ ਸਾਂਝੇ ਯਤਨਾਂ ਲਈ ਪ੍ਰੋਗਰਾਮ ਉਲੀਕਿਆ ਗਿਆ। ਸਥਾਨਕ ਰੋਟਰੀ ਕਲੱਬ ਵੱਲੋਂ ਬਲਦੇਵ ਸਿੰਘ ਮੱਕੜ ਦੀ ਅਗਵਾਈ ਵਿੱਚ ਗਏ ਸ਼ੈਂਕੀ ਗੋਇਲ ਤੇ ਮਨੀਸ਼ ਮਲਹੋਤਰਾ ਨੇ ਦੱਸਿਆ ਕਿ ਪੰਜਾਬ, ਹਰਿਆਣਾ ਅਤੇ ਰਾਜਸਥਾਨ ਦੀਆਂ ਕਲੱਬਾਂ ਤੋਂ ਕਰੀਬ ਡੇਢ ਸੌ ਰੋਟੇਰੀਅਨ ਅੱਜ ਪਾਕਿਸਤਾਨ ਸਥਿਤ ਕਰਤਾਰਪੁਰ ਸਾਹਿਬ ਪਹੁੰਚੇ। ਉਨ੍ਹਾਂ ਨੇ ਪਾਕਿਸਤਾਨ ਤੋਂ ਆਏ ਰੋਟੇਰੀਅਨਾਂ ਨਾਲ ਮਿਲ ਕੇ ਆਪਣੇ ਆਪਣੇ ਖੇਤਰ ਵਿੱਚ ਆਲਮੀ ਸ਼ਾਂਤੀ ਦਾ ਸੁਨੇਹਾ ਦੇਣ ਅਤੇ ਪੋਲੀਓ ਨੂੰ ਜੜ੍ਹੋਂ ਖ਼ਤਮ ਕਰਨ ਲਈ ਹੋਰ ਉਪਰਾਲੇ ਕਰਨ ਦੀਆਂ ਯੋਜਨਾਵਾਂ ਬਣਾਈਆਂ। -ਪੱਤਰ ਪ੍ਰੇਰਕ