ਜਗਜੀਤ ਸੰਧੂ
ਕੋਈ ਵੀ ਟੈਕਸਟ ਕਵਿਤਾ ਕਦੋਂ ਕਹਾਉਂਦੀ ਹੈ?
ਜਿਵੇਂ ਮਤਸੂਓ ਬਾਸ਼ੋ ਕਹਿ ਗਿਆ ਕਿ ਚੀੜ੍ਹ ਬਾਰੇ ਜਾਨਣਾ ਹੈ ਤਾਂ ਚੀੜ੍ਹਾਂ ਤੋਂ ਜਾਣੋ, ਬਾਂਸ ਬਾਰੇ ਜਾਨਣਾ ਹੈ ਤਾਂ ਬਾਂਸਾਂ ਤੋਂ ਜਾਣੋ। ਜੇਕਰ ਕਵਿਤਾ ਬਾਰੇ ਜਾਨਣਾ ਹੈ ਤਾਂ… ਸਾਨੂੰ ਕਵਿਤਾ ਕੋਲ ਹੀ ਜਾਣਾ ਪਏਗਾ।
“ਇਹ ਕਵਿਤਾ ਕਿਉਂ ਹੈ?” ਦਾ ਉੱਤਰ ਕਵੀ ਜਾਂ ਆਲੋਚਕ ਦੇ ਨੁਕਤੇ-ਨਜ਼ਰ ਤੋਂ ਦਿੱਤਾ ਜਾਂਦਾ ਰਿਹਾ ਹੈ। ਮੇਰਾ ਖਿਆਲ ਹੈ ਕਿ ਇਸਨੂੰ ਪਾਠਕ ਦੇ ਅਤੇ ਫਿਰ ਕਵਿਤਾ ਦੇ ਨੁਕਤੇ-ਨਜ਼ਰ ਤੋਂ ਵੀ ਵਿਚਾਰਨਾ ਚਾਹੀਦਾ ਹੈ। ਪਾਠਕ ਨੂੰ ਕੀ ਲੱਗਦਾ ਹੈ? ਕੁਝ ਵੀ ਪੜ੍ਹਨ ਤੋਂ ਪਿੱਛੋਂ ਕੀ ਹੈ ਜੋ ਉਸਨੂੰ ਕਵਿਤਾ ਵਰਗਾ ਲੱਗਦਾ ਹੈ? ਉਸ ਤੋਂ ਵੀ ਪਹਿਲਾ ਸੁਆਲ: “ਪੜ੍ਹਨਾ ਕੀ ਹੁੰਦਾ ਹੈ?”
ਅਸੀਂ ਜਾਣਕਾਰੀ ਪੜ੍ਹਦੇ ਹਾਂ; ਇਹ ਇੱਕ ਦੁਨੀਆਦਾਰ ਦਾ ਪੜ੍ਹਨ ਹੈ।
ਅਸੀਂ ਗਿਆਨ ਪੜ੍ਹਦੇ ਹਾਂ: ਇਹ ਇੱਕ ਜਗਿਆਸੂ ਦਾ ਪੜ੍ਹਨ ਹੈ। ਜਾਣਕਾਰੀ ਸੰਦ ਬਣਦੀ ਹੈ, ਗਿਆਨ ਚਲਨ ਬਣਦਾ ਹੈ ਤਾਂ ਫਿਰ “ਕਵਿਤਾ ਦਾ ਕੀ ਬਣਦਾ ਹੈ?”
ਕਵਿਤਾ ਅਸੀਂ ਰਿਸ਼ਤਾ ਬਣਾਉਣ ਲਈ ਪੜ੍ਹਦੇ ਹਾਂ। ਨਿਸੁਆਰਥ ਰਿਸ਼ਤਾ: ਕੁਦਰਤ ਨਾਲ, ਧਰਮ ਨਾਲ, ਅਧਿਆਤਮ ਨਾਲ, ਕੁਦਰਤ ਦਾ ਜੀਵਨ ਨਾਲ, ਸਾਡਾ ਆਪਣੇ ਆਪ ਨਾਲ, ਸ਼ਬਦਾਂ ਨਾਲ ਅਤੇ ਚੌਗਿਰਦੇ ਨਾਲ। ਕਵਿਤਾ ਦਾ ਅਜੋਕਾ ਪਾਠਕ ਦਰਅਸਲ ਹਾਜੀ ਹੈ ਜਾਂ ਚਾਰ ਧਾਮ ਦੇ ਦਰਸ਼ਨਾਂ ਨੂੰ ਨਿਕਲਣ ਵਾਲਾ। ਕਵਿਤਾ ਪੜ੍ਹਨ ਤੋਂ ਪਹਿਲਾਂ ਉਸਨੂੰ ਆਪਣਾ ਮਨ ਬਣਾਉਣਾ ਪੈਂਦਾ ਹੈ। ਉਹ ਸ਼ੋਰ, ਦੌੜ ਅਤੇ ਚਕਾਚੌਂਧ ਤੋਂ ਦੂਰ ਹੋਣ ਲਈ ਸ਼ਬਦਾਂ ਨਾਲ ਆਪਣਾ ਵਾਰਤਾਲਾਪ ਹੁੰਦਾ ਵੇਖਣਾ ਚਾਹੁੰਦਾ ਹੈ। ਨਿਵੇਕਲਾ ਵਾਰਤਾਲਾਪ ਹੈ, ਅਤੇ ਅੱਜਕੱਲ੍ਹ ਇਹ ਕੋਈ-ਕੋਈ ਹੀ ਕਰਦਾ ਹੈ। ਕਵਿਤਾ ਭੀੜ ਦੀ ਰੁਚੀ ਹੀ ਨਹੀਂ ਹੈ। ਭੀੜ ਦੀ ਰੁਚੀ ਨਾਰ੍ਹਾ ਹੈ, ਅਖ਼ਬਾਰ ਹੈ, ਜਾਂ ਉਹ ਮਨੋਰੰਜਨ ਜੋ ਅੱਖਾਂ-ਕੰਨਾਂ ’ਚ ਆਪਣੇ-ਆਪ ਪੈਂਦਾ ਰਹੇ। ਜਿਸ ਲਈ ਨਾ ਚੇਤਨ ਹੋਣਾ ਪਵੇ, ਨਾ ਕੋਈ ਤਿਆਰੀ ਕਰਨੀ ਪਵੇ। ਅਖ਼ਬਾਰ ਸਾਡੇ ਘਰ ਆਉਂਦਾ ਹੈ ਪਰ ਕਵਿਤਾ ਕੋਲ ਸਾਨੂੰ ‘ਜਾਣਾ’ ਪੈਂਦਾ ਹੈ। ਇੱਕ ਕਵਿਤਾ ਕੰਨਾਂ ਜਾਂ ਅੱਖਾਂ ਨੂੰ ਕੇਵਲ ਰਸਤਾ ਬਣਾਉਂਦੀ ਹੈ, ਅਪਨਾਉਣਾ ਉਸਨੇ ਪਾਠਕ ਦੇ ਮਨ ਨੂੰ ਹੁੰਦਾ ਹੈ, ਅਤੇ ਤਨ ਨੂੰ ਵੀ।
ਹੁਣ ਮੀਡੀਆ ਦੇ ਯੁਗ ਵਿੱਚ ਕਵਿਤਾ ਕੋਲ ਦੋ ਕੰਮ ਹਨ ਪਹਿਲਾ ਤਾਂ ‘ਕਵਿਤਾ ਹੋਣਾ’, ਦੂਸਰਾ ਪਾਠਕ ‘ਅੰਦਰ ਜਾਣ’ ਦੀ ਜੁੰਬਿਸ਼ ਜੁਟਾਉਣਾ। ਰਿਸ਼ਤਾ ਬਣਾਉਣ ਜਾਣ ਦੀ ਜੁੰਬਿਸ਼ ਜਿਸਦੀ ਕਿ ਸਾਨੂੰ ਲੋੜ ਹੈ… ਸਾਨੂੰ ਬਤੌਰ ਇਨਸਾਨ। ਇਸ ਲਈ ਪਾਠਕ ਨੂੰ ਇਹ ਦੱਸਣਾ ਕਵਿਤਾ ਦਾ ਕੰਮ ਹੈ ਕਿ ਅਖ਼ਬਾਰ ਦੇ ਮੁੱਖ ਪੰਨੇ ’ਤੇ ਛਪੀ ਕੁੱਤੇ ਦੀ ਮੌਤ ਦੀ ਖ਼ਬਰ ਨਾਲੋਂ ਜ਼ਰੂਰੀ ਇਹ ਖ਼ਬਰ ਹੈ ਕਿ ਉਸ ਦੇ ਬੈਕਯਾਰਡ ’ਚ ਬਿੱਲੀ ਨੇ ਬਲੂੰਗੜੇ ਦਿੱਤੇ ਹਨ, ਉਹਨਾਂ ਦੀਆਂ ਅੱਖਾਂ ਬਹੁਤ ਸੁਹਣੀਆਂ ਹਨ, ਅਤੇ ਸੁਆਲੀਆ ਵੀ।
ਕਵਿਤਾ ਮਨ ਨੂੰ ਅਪਣਾਉਂਦੀ ਹੈ ਵਿਅਕਤੀ ਦੇ ਸਲੀਕੇ ਵਿੱਚ ਥੋੜਚਿਰਾ ਜਾਂ ਚਿਰੋਕਣਾ ਵਾਸ ਕਰਦੀ ਹੈ। ਤਨ ਵਿੱਚ ਛਿੜਦੀਆਂ ਤਰੰਗਾਂ, ਗੁਸੈਲ ਜਾਂ ਵਿਸਮਾਦੀ ਹਾਵ-ਭਾਵਾਂ, ਝਰਣਾਹਟਾਂ ਜਾਂ ਧੁਣਧੁਣੀਆਂ ਤੋਂ ਪਤਾ ਲੱਗ ਜਾਂਦਾ ਹੈ ਕਿ ਕਵਿਤਾ ਦਾ ਤਨ ਨਾਲ ਵੀ ਵਾਰਤਾਲਾਪ ਸ਼ੁਰੂ ਹੋ ਗਿਆ ਹੈ। ਫੇਰ ਕਿਤੇ ਕਵੀ ਕਿਸੇ ਸ਼ੈਅ ਦੇ ਹੋਣ ਨੂੰ ਕਵਿਤਾ ਕਹਿੰਦਾ ਹੈ।
ਫੈਲ ਜਾਵੇਂ ਤੂੰ ਰੋਮ-ਰੋਮ ਅੰਦਰ ਫੇਰ ਜਜ਼ਬਾ ਬਿਆਨ ਹੁੰਦਾ ਹੈ ਮਨ ਦਾ ਸੂਰਜ ਸ਼ਦੀਦ ਹੁੰਦਾ ਹੈ ਤਨ ਦਾ ਜੰਗਲ ਜੁਆਨ ਹੁੰਦਾ ਹੈ ਸੋ ਕਵਿਤਾ ਮਨ ਹੀ ਨਹੀਂ ਤਨ ਦਾ ਜੰਗਲ ਜੁਆਨ ਹੁੰਦਾ ਹੈ ਸੋ ਕਵਿਤਾ ਮਨ ਹੀ ਨਹੀਂ ਸਰੀਰ ਦੇ ਰੋਮ ਰੋਮ ਵਿੱਚ ਸੰਚਰਿਤ ਹੁੰਦੀ ਹੈ। ਕਵਿਤਾ ਦੀ ਕਾਵਿਕ ਪ੍ਰੀਭਾਸ਼ਾ: ਬੋਤਲ ਵਿੱਚ ਸੰਦੇਸਾ ਐਡਵਰਡ ਹਿਰਸ਼ਚ ਕਵਿਤਾ ਨੂੰ ਕਵਿਤਾ ਦੇ ਚਿਹਨਾਂ ਥਾਣੀਂ ਹੀ ਪ੍ਰੀਭਾਸ਼ਿਤ ਕਰਦਾ ਕਹਿੰਦਾ ਹੈ ਕਿ ਇਹ ਬੋਤਲ ਵਿੱਚ ਸੰਦੇਸਾ ਹੁੰਦੀ ਹੈ। ਕਿਸੇ ਨੇ ਦੂਰ-ਦੁਰਾਡੇ ਸਮੁੰਦਰ ਵਿੱਚ ਕਾਗ਼ਜ਼ ’ਤੇ ਕੁਝ ਲਿਖਿਆ ਅਤੇ ਫਿਰ ਬੋਤਲ ’ਚ ਪਾ ਕੇ ਰੋੜ੍ਹ ਦਿੱਤਾ। ਕਵਿਤਾ ਅਦ੍ਰਿਸ਼ਟ ਨੂੰ ਮੁਖ਼ਾਤਬਿ ਹੁੰਦੀ ਹੈ; ਬੋਤਲ ਵਿੱਚ ਪਾਏ ਸੁਨੇਹੇ ਵਾਂਗ ਅਤੇ ਬਾਕੀ ਸ਼ਕਤੀਆਂ ਉਸਨੂੰ ਪਾਠਕ ਤੱਕ ਪਹੁੰਚਣ ਦਾ ਹੀਲਾ ਪ੍ਰਦਾਨ ਕਰਦੀਆਂ ਹਨ। ਜਿਸ ਤਰ੍ਹਾਂ ਬੋਤਲ ਨੂੰ ਪਾਣੀ ਦੀਆਂ ਛੱਲਾਂ ਕਿਨਾਰੇ ਤੱਕ ਲੈ ਆਉਂਦੀਆਂ ਹਨ ਉਸੇ ਤਰ੍ਹਾਂ ਹੀ ਕਵਿਤਾਵਾਂ ਵਿੱਚ ਇੱਕ ਨਿਹਿਤ ਹੀਲਾ ਹੁੰਦਾ ਹੈ। ਇਹ ਹੀਲਾ ਕਵੀ ਦਾ ਦਿੱਤਾ ਹੁੰਦਾ ਹੈ। ਹੀਲਾ… ਸਵੈ ਕੋਲ ਪਹੁੰਚਣ ਦਾ, ਆਪਣੀਆਂ ਮਨੋ-ਬਿਰਤੀਆਂ, ਭਾਵਾਂ, ਵਤੀਰਿਆਂ ਅਤੇ ਵਰਤਾਰਿਆਂ ਦਾ ਆਦਰ ਕਰਨ ਦਾ, ਆਪਣੇ ਰਿਸ਼ਤਿਆਂ, ਸੰਬੰਧਾਂ ਅਤੇ ਇਕੱਲਤਾਵਾਂ ਦੀ ਪਛਾਣ ਕਰਨ ਦਾ।
ਸੈਫ਼ੋ ਦੇ ਇਹ ਸ਼ਬਦ “ਮੇਅਰ ਏਅਰ ਇਨ ਦੀਜ਼ ਵਰਡਜ਼ ਬਟ ਡਿਲੀਸ਼ਸ ਟੂ ਹੀਅਰ’ ਕਿਸੇ ਸਿਖਰਲੀ ਕਵਿਤਾ ਨੂੰ ਸੁਣ ਕੇ ਆਖੇ ਹੋਏ ਹੋਣਗੇ- ਸ਼ਬਦਾਂ ’ਚ ਬੱਸ ਫੁਲਾਵਟ ਹੈ ਪਰ ਸੁਣਨ ਨੂੰ ਕਿੰਨੇ ਚੰਗੇ ਲੱਗਦੇ ਹਨ। ਮਾਤਰਾ ਤੋਂ ਸ਼ਬਦ, ਸ਼ਬਦ ਤੋਂ ਵਾਕੰਸ਼, ਵਾਕੰਸ਼ ਤੋਂ ਵਾਕ ਬਣਦੀ ਛੰਦ-ਬੱਧ ਕਵਿਤਾ ਦੀ ਧੁਨੀ ਕਵਿਤਾ ਦੇ ਬੁਨਿਆਦੀ ਪਰ ਉਤਸਵੀ ਅਨੁਭਵਾਂ ਦਾ ਸੋਮਾ ਹੁੰਦੀ ਹੈ। ਇਹ ਸ਼ਬਦ ‘ਸੁਣਨ ਨੂੰ ਚੰਗਾ’ ਸ਼ਾਇਰ ਦੀ ਰਚਨਾਤਮਕ ਊਰਜਾ ਅਤੇ ਸਹੀ ਵਿਧੀਆਂ ਦੇ ਸਹੀ ਥਾਂ ਉਪਯੋਗ ਨਾਲ ਹੀ ਬਣਦੇ ਹਨ। ਸ਼ਬਦਾਂ ਦੀ ਧਵਨੀ ਅਤੇ ਭਾਸ਼ਾਈ ਰੋਮਾਂਚ ਕਵਿਤਾ ਦੇ ਬਹੁਤ ਪੁਰਾਤਨ ਅਤੇ ਅਚੁੱਕ ਹਥਿਆਰ ਹਨ। ਚੰਗੀ ਕਵਿਤਾ ਵਿੱਚ ਕੋਈ ਵੱਡੀ ਗੱਲ ਦਾ ਕਿਹਾ ਜਾਣਾ ਜ਼ਰੂਰੀ ਨਹੀਂ; ਸ਼ਬਦਾਂ ਦੇ ਅਰਥਾਂ ਦਾ ਹੋਣਾ ਵੀ ਜ਼ਰੂਰੀ ਨਹੀਂ।
ਜੇ ਸੁਰਜੀਤ ਪਾਤਰ ਦੇ ਇਸ ਮਿਸਰੇ ਨੂੰ ਵੇਖੀਏ:
‘‘ਰਿਮ ਝਿਮ ਛਮਾ ਛਮ ਛਮ ਛਮਾ ਛਮ ਛਮ ਛਮ ਕਲਲ ਕਲਲ’’
ਇਸਦੇ ਸ਼ਾਬਦਿਕ ਅਰਥ ਕੋਈ ਨਹੀਂ ਹਨ। ਇਸ ’ਚ ਕੋਈ ਆਇਤ ਜਾਂ ਸਲੋਕਨੁਮਾ ਗੱਲ ਵੀ ਨਹੀਂ ਹੈ। ਪਰ ਮੈਨੂੰ ਇਹ ਪਾਤਰ ਦੇ ਖ਼ੂਬਸੂਰਤ ਮਿਸਰਿਆਂ ’ਚੋਂ ਇੱਕ ਲੱਗਦਾ ਹੈ। ਇਹ ਕੇਵਲ ਧੁਨੀਆਂ ਹਨ ਜੋ ਮੇਰਾ ਘਰ ਜਾਂ ਲਾਇਬ੍ਰੇਰੀ ਤੇ ਨਦੀ ਦੇ ਕਿਨਾਰੇ ਤੱਕ ਪ੍ਰਵਹਿਣ ਕਰਦੀਆਂ ਹਨ ਜਿੱਥੇ ਕਲਪਨਾ ਜਾਂ ਡੇ-ਡਰੀਮਿੰਗ ਸ਼ੁਰੂ ਹੁੰਦੀ ਹੈ।
‘‘ਮੇਰੇ ਖੁੱਲ੍ਹੀ ਕਵਿਤਾ ਵਿੱਚ ਰਿਦਮ ਪੈਦਾ ਕਰਨ ਦੇ ਕੀ ਔਜ਼ਾਰ ਹਨ?’’ ਇਸ ਦਾ ਪੂਰਾ ਉੱਤਰ ਏਥੇ ਦੇਣਾ ਓਨਾ ਹੀ ਔਖਾ ਹੈ ਜਿੰਨਾ ਖੁੱਲ੍ਹੀ ਕਵਿਤਾ ਵਿੱਚ ਰਿਦਮ ਪੈਦਾ ਕਰਨਾ। ਖੁੱਲ੍ਹੀ ਕਵਿਤਾ ਵਿੱਚ ਇੱਕ ਤਰ੍ਹਾਂ ਦਾ ਅਰੂਜ਼ ਸਿੱਖ ਕੇ ਗੁਜ਼ਾਰਾ ਨਹੀਂ ਹੁੰਦਾ। ਹਰ ਕਵਿਤਾ ਦਾ ਆਪਣਾ ਨਵਾਂ ਅਨੁਸ਼ਾਸਨ ਹੁੰਦਾ ਹੈ। ਖੁੱਲ੍ਹੀ ਕਵਿਤਾ ਵਿੱਚ ਰਿਦਮ ਪੈਦਾ ਕਰਨ ਲਈ ਭਾਵਨਾਵਾਂ ਨੂੰ ਸਮੇਂ ਵਿੱਚ ਤਰਾਸ਼ਣਾ ਪੈਂਦਾ ਹੈ। ਇਸਦਾ ਰਿਦਮ ਜਾਂ ਸਾਕਾਰ ਪੰਨ ਜਾਂ ਧਵਨੀ ਵਿੱਚ ਨਹੀਂ ਬਲਕਿ ਅਹਿਸਾਸ ਵਿੱਚ ਸੁਲਗਦਾ ਹੋਣਾ ਹੁੰਦਾ ਹੈ। ਜੋ ਅਸੀਂ ਬਿਆਨ ਕਰਨਾ ਹੈ, ਅਤੇ ਜਿਵੇਂ ਅਸੀਂ ਬਿਆਨ ਕਰਨਾ ਹੈ ਦੇ ਅਨੁਭਵ ’ਚੋਂ ਹੀ ਇਹ ਰਿਦਮ ਪੈਦਾ ਹੁੰਦਾ ਹੈ। ਇਸ ਲਈ ਕੇਵਲ ਕਵਿਤਾ ਨੂੰ ਹੀ ਨਹੀਂ, ਭਾਸ਼ਾ ਨੂੰ ਵੀ ਕਵਿਤਾ ਦੀ ਡਾਢੀ ਲੋੜ ਹੈ।
ਆਪਣੀ ਪੁਸਤਕ ‘ਪੋਇਟਿਕਸ ਔਫ਼ ਸਪੇਸ’ ਵਿੱਚ ਗੈਸਟਨ ਬਾਖ਼ਲਾਰਡ ਕਹਿੰਦਾ ਹੈ: ਕਵਿਤਾ ਭਾਸ਼ਾ ਨੂੰ ਉਦੈ ਦੀ ਅਵਸਥਾ ਵਿੱਚ ਰੱਖਦੀ ਹੈ। ਮਤਲਬ, ਕਵਿਤਾ ਅੰਦਰ ਭਾਸ਼ਾ ਦਾ ਰੂਪ ਆਪਣੀ ਚਰਮ ’ਤੇ ਹੁੰਦਾ ਹੈ। ਭਾਸ਼ਾ ਦਾ ਆਪਣੀਆਂ ਨਵੀਆਂ ਡਾਇਮੈਂਸ਼ਨਜ਼ ਨਾਲ ਰੂਬਰੂ ਹੁੰਦਾ ਹੈ।
ਸ਼ਬਦਾਂ ਨੂੰ ਜੋਬਨ ਮਿਲਦਾ ਹੈ… ਕਵਿਤਾ ਹੁੰਦੀ ਹੈ, ਸਾਹ ਲੈਂਦੀ ਹੈ, ਜਾਗਦੀ ਹੈ, ਜਿਉਂਦੀ ਹੈ।
ਮੈਂ ਕਾਗ਼ਜ਼ ’ਤੇ…
ਮੈਂ ਕਾਗ਼ਜ਼ ’ਤੇ ਕਵਿਤਾ ਲਿਖਦਾਂ
ਤੂੰ ਮੱਥਿਆਂ ’ਤੇ ਲੇਖ ਲਿਖੇਂ
ਆਪੋ ਆਪਣੀ ਕਿਰਤ ਕਮਾਈ
ਆਪੋ ਆਪਣਾ ਜੋਤੈ ਯਾਰ
ਮੇਰੀਆਂ ਅੱਖਾਂ ਦੇ ਵਿੱਚ ਹੰਝੂ
ਤੇ ਤੇਰੇ ਦਰਿਆ ਵਿੱਚ ਪਾਣੀ
ਆਪੋ ਆਪਣੇ ਭਾਂਡੇ ਟੀਂਡੇ
ਕੀ ਵੱਡੈ ਕੀ ਛੋਟੈ ਯਾਰ
ਬਾਰਿਸ਼ ਹਰ ਥਾਂ ਨਿਰਮਲ ਨਿਰਮਲ
ਫਿਰ ਵੀ ਭੋਇੰ ਹਰ ਥਾਂ ਲਬਿੜੀ
ਮੇਰੀ ਮੱਤ ਨੂੰ ਸਮਝ ਨਾ ਆਵੇ
ਕੀ ਮੈਲੈ ਕੀ ਧੋਤੈ ਯਾਰ
* * *
ਅੱਜ ਵਗੀ ਪੂਰੇ ਦੀ ‘ਵਾ
ਅੱਜ ਵਗੀ ਪੂਰੇ ਦੀ ‘ਵਾ ਮੇਰਾ ਰੋਮ ਰੋਮ ਕੰਬਿਆ
ਇਹ ਕਿਸਨੇ ਲਿਆ ਹੌਕਾ ਮੇਰਾ ਰੋਮ ਰੋਮ ਕੰਬਿਆ
ਝੂਠਾ ਜਿਹਾ ਹੱਸਦਾਂਗਾ ਮੈਂ ਸਾਉਣ ਮਹੀਨੇ ’ਤੇ
ਸਿਰ ਆਪਣਾ ਰੱਖਦਾਂਗਾ ਫਿਰ ਪੌਣ ਦੇ ਸੀਨੇ ’ਤੇ
ਮੈਂ ਸਾਉਣ ਮਹੀਨੇ ’ਤੇ, ਝੂਠਾ ਜਿਹਾ ਹੱਸਦਾਂਗਾ
ਫਿਰ ਪੌਣ ਦੇ ਸੀਨੇ ’ਤੇ, ਸਿਰ ਆਪਣਾ ਰੱਖਦਾਂਗਾ
ਮਤਾਂ ਪੌਣ ਦੀ ਤੜਪ ਚੋਂ ਹੀ
ਮੇਰੀ ਤੜਪ ਦੀ ਮਿਲੇ ਦਵਾ
ਪਤਝੜ ਦੇ ਮਾਰੇ ਦਾ, ਪਰਛਾਵਾਂ ਕੌਣ ਲਵੇ
ਇੱਕ ਟੁੱਟਦੇ ਤਾਰੇ ਦਾ, ਸਿਰਨਾਵਾਂ ਕੌਣ ਲਵੇ,
ਪਰਛਾਵਾਂ ਕੌਣ ਲਵੇ, ਪਤਝੜ ਦੇ ਮਾਰੇ ਦਾ
ਸਿਰਨਾਵਾਂ ਕੌਣ ਲਵੇ, ਇੱਕ ਟੁਟਦੇ ਤਾਰੇ ਦਾ
ਸਭ ਲੋਅ ਦੇ ਹੀ ਲੋਭੀ
ਮੇਰੇ ਬਲਣ ਦੀ ਕਰਨ ਦੁਆ
ਸੀ ਥੋਹਰ ਨਿਮਾਣੀ ਉਹ ਮੇਰੇ ਸਾਹੀਂ ਜੀਂਦੀ ਸੀ
ਹੈ ਹੋਰ ਕਹਾਣੀ ਉਹ ਜ਼ਖਮਾਂ ਨੂੰ ਸੀਂਦੀ ਸੀ
ਮੇਰੇ ਸਾਹੀਂ ਜੀਂਦੀ ਸੀ, ਸੀ ਥੋਹਰ ਨਿਮਾਣੀ ਉਹ
ਜ਼ਖਮਾਂ ਨੂੰ ਸੀਂਦੀ ਸੀ, ਹੈ ਹੋਰ ਕਹਾਣੀ ਉਹ
ਉਹ ਮੌਨ ਸੀ ਭੋਂਅ ਵਾਂਗੂੰ
ਪਰ ਨੈਣੀਂ ਸੀ ਤਰਲਾ
* * *
ਟੱਪੇ
ਕੋਈ ਪੰਛੀ ਚਹਿਕ ਪਿਆ
ਉੱਠ ਵੇ ਮਨਾਂ ਸੁਤਿਆ
ਸਰਘੀ ਨੇ ਵਾਕ ਲਿਆ
ਕਰ ਆਪਣੇ ਜ਼ਬਿਾਹ ਬੈਠਾ
ਰੱਬ ਤੇ ਨਾ ਮਿਲਿਆ
ਜੱਗ ਅੱਖੀਆਂ ਗੁਆ ਬੈਠਾ
ਉਪਹਾਰ ਨਵੇਂ ਯੁਗ ਦਾ
ਖੇਤਾਂ ’ਚ ਬਾਰੂਦ ਬੀਜਿਆ
ਘਰੀਂ ਚੁੱਲ੍ਹਿਆਂ ’ਚ ਘਾਹ ਉਗਦਾ
ਧੜਕਣ ਦਾ ਵਿਸਾਹ ਕੀ ਏ
ਹੱਥ ਲਾਕੇ ਯਾਰ ਪੁਛਦਾ
ਤੇਰੀ ਹਿੱਕ ਵਿੱਚ ਆਹ ਕੀ ਏ
ਇੱਕ ਆਖਰੀ ਵਸੀਤ ਕਰੋ
ਖੋਲ੍ਹੋ ਦਰਵਾਜ਼ੇ ਦਿਲ ਦੇ
ਬੰਦ ਮੰਦਰ ਮਸੀਤ ਕਰੋ
ਰੱਬ ਦਾ ਭਰਵਾਸਾ ਏ
ਜਿੰਦ ਨੂੰ ਹਜ਼ਾਰਾਂ ਦੁੱਖੜੇ
ਤੇਰਾ ਇੱਕ ਹੀ ਦਿਲਾਸਾ ਏ
ਦੀਵਟ ਨੂੰ ਚਰਾਗ਼ ਮਿਲੇ
ਹਾਣ ਲੱਭੇ ਹਾਣੀਆਂ ਨੂੰ
ਹਰ ਫੁੱਲ ਨੂੰ ਪਰਾਗ ਮਿਲੇ
* * *
ਕਵੀਸ਼ਰੀ
ਚੌਕ ਉਮਰ ਦਾ ਸਮਾਂ ਸਿਪਾਹੀ ਖ਼ਲਕਤ ਵਾਹੋ-ਦਾਹ ਜਿੰਦੇ
ਸੁਖਾਂ-ਦੁਖਾਂ ਦੀ ਆਵਾਜਾਈ ਜਾਣ ਗੁਆਚੀ ਸਾਹ ਜਿੰਦੇ
ਅਮੁੱਲਾ ਜਨਮ
ਜਿਉਣਾ ਧਰਮ
ਛੇਕੜੋਂ ਕਰਮ ਹੀ ਬਣਨ ਗਵਾਹ ਜਿੰਦੇ
ਹੋਵਣ ਤੇ ਨਾ ਹੋਵਣ ਵਿਚਲਾ ਅੰਤਰ ਬੜਾ ਬਾਰੀਕ ਕੁੜੇ
ਸੋਚ ਲੈ ਤੂੰ ਪਾਣੀ ਬਣਨੈਂ ਜਾਂ ਪਾਣੀ ਉਤਲੀ ਲੀਕ ਕੁੜੇ
ਕਦੀ ਸੀ ਅੰਕੁਰ
ਤੇ ਫਿਰ ਤਰਵਰ
ਪਲ ਨੂੰ ਜਰਜਰ ਫੇਰ ਸਵਾਹ ਜਿੰਦੇ
ਸਿੱਖ ਮੱਸਿਆ ਤੋਂ ਚੰਨ ਬਾਰੇ ਅੰਦਾਜ਼ੇ ਕੀਕਣ ਲਾਈਦੇ
ਉਮਰੋਂ ਉੱਚੀਆਂ ਕੰਧਾਂ ਨੂੰ ਦਰਵਾਜ਼ੇ ਕੀਕਣ ਲਾਈਦੇ
ਕੀ ਬੇਅਖਤਿਆਰੀ
ਸੋਚ ਤੇ ਚਾੜ੍ਹੀ
ਮਾਰ ਕੇ ਤਾੜੀ ਪੈ ਜਾ ਰਾਹ ਜਿੰਦੇ
ਸਰਦਲ ਉੱਤੇ ਖੜ੍ਹਾ ਹਨੇਰਾ ਆਪਣੇ ਆਪ ਨਾ ਹੱਟਣਾ ਨੀ
ਤੈਨੂੰ ਸਿਖਰ ਦੁਪਹਿਰੇ ਚੇਤਾ ਨਾ ਸੀ ਦੀਵੇ-ਬੱਤੀਆਂ ਵੱਟਣਾ ਨੀ
ਬਹਿ ਮਲ਼ ਤਲ਼ੀਆਂ
ਤਿਕਾਲ਼ਾਂ ਢਲ਼ੀਆਂ
ਰੇਤ ਵਿੱਚ ਰਲ਼ੀਆਂ ਲਾਪਰਵਾਹ ਜਿੰਦੇ
ਧੁੱਪ ਦਰੀਚੇ ਥਾਣੀਂ ਬੋਲੇ ਕਹਿੰਦੀ ਪੌਣ ਬਨੇਰੇ ਤੋਂ
ਵੇਖ ਕਦੋਂ ਦਾ ਛੱਤਾਂ ਨੇ ਅਸਮਾਨ ਖੋਹ ਲਿਆ ਤੇਰੇ ਤੋਂ
ਟੋਲ਼ ਸਿਰਨਾਵਾਂ
ਛੰਡ ਪਰਛਾਵਾਂ
ਝਾੜ ਖੜਾਵਾਂ ਪੱਤੇ ਵਾਹ ਜਿੰਦੇ
ਚੌਕ ਉਮਰ ਦਾ ਸਮਾਂ ਸਿਪਾਹੀ ਖ਼ਲਕਤ ਵਾਹੋ-ਦਾਹ ਜਿੰਦੇ
ਸੁਖਾਂ-ਦੁਖਾਂ ਦੀ ਆਵਾਜਾਈ ਜਾਣ ਗੁਆਚੀ ਸਾਹ ਜਿੰਦੇ
* * *
ਕਿਸਾਨ ਕਥਾ
ਇਕ ਦੂਜੇ ਨੂੰ ਆਖਣ, “ਅੜਿਆ! ਇਸ ਰੁੱਤੇ ਹੀ ਪਰਤੀਦਾ।”
ਇਕ ਹਰਿਆਈ ਕਣਕ ਦੀ ਬੱਲੀ, ਇੱਕ ਖਿੜਿਆ ਫੁੱਲ ਅਲਸੀ ਦਾ। ਇਸ ਰੁੱਤੇ ਕਿਉਂ ਸੂਰਜ ਤੋਂ ਬੱਦਲ਼ਾਂ ਦੀ ਬੁੱਕਲ਼ ਲਹਿ ਜਾਵੇ?
ਇਸ ਰੁੱਤੇ ਕਿਉਂ ਧੁੱਪ ਦੀਆਂ ਉਂਗਲ਼ਾਂ ਵਿੱਚ ਕੋਸਾਪਨ ਆਵੇ?
ਇਹ ਜੋ ਸਾਨੂੰ ਸਿੰਜ ਰਿਹਾ ਹੈ ਇਸ ਕੋਲੋਂ ਸਭ ਪੁੱਛਾਂਗੇ।
ਦਿਨੋ-ਦਿਨੀਂ ਕਿਉਂ ਜਾਣ ਉਲ਼ਝਦੇ ਕੁੰਡਲ਼ ਤੇਰੀਆਂ ਮੁੱਛਾਂ ਦੇ।
ਕੌਣ ਹੈ ਇਹ ਜੋ ਖੇਤ ਪੂਰਦਾ ਪਰ ਖੁਦ ਮੁੱਕਦਾ ਰਹਿੰਦਾ ਹੈ ?
ਜਿਸਦੇ ਮੋਢੀਂ ਅਜ਼ਲ ਤੋਂ ਟੰਗਿਆ ਕੁੜਤਾ ਸੁੱਕਦਾ ਰਹਿੰਦਾ ਹੈ।
ਇਹ ਕਿਰਸਾਨ ਜੋ ਸਾਨੂੰ ਬੀਜੇ, ਸਿੰਜੇ, ਗੁੱਡੇ, ਗਾਹੇ, ਵੇਚੇ।
ਜਿਸਦੇ ਸੁਪਨੇ ਸੱਚ ਹੋ ਕੇ ਵੀ ਮੰਡੀ ਦੇ ਵਿੱਚ ਜਾਣ ਪਰੇਤੇ।
ਅੰਦਰ ਹੀ ਵਿਹੁ ਪਾਲ਼ੀ ਜਾਵੇ ਜੇਰਾ ਰੱਖੇ ਕੁਝ ਨਾ ਬੋਲੇ।
ਹਵਾ ਦੇ ਨਾਲ਼ ਪਰਾਲੀ ਸਾੜੇ ਪੌਣਾਂ ਦੇ ਵਿੱਚ ਮਹੁਰਾ ਘੋਲ਼ੇ।
ਸ਼ੁਕਰ ਹੈ ਭੈਣਾਂ ਜ਼ਹਿਰ ਏਸਦੇ ਨੂੰ ਏਦਾਂ ਕੁਝ ਮੋੜ ਤਾਂ ਪੈਂਦਾ।
ਖਵਰੇ ਕਿੰਨੇ ਢਿੱਡਾਂ ਦੇ ਸੰਸੇ ਬੇਖ਼ਬਰਾ ਸਿਰ ਲੈ ਲੈਂਦਾ।
ਹਾਲ ਤੀਕ ਤਾਂ ਕੀਤਾ ਇਸਨੇ ਰੱਬ ਜੇਡਾ ਧਰਵਾਸ ਕੁੜੇ।
ਹਾਲ ਤੀਕ ਤਾਂ ਇਸਦੇ ਬੋਲੀਂ ਉਣੀ ਹੋਈ ਅਰਦਾਸ ਕੁੜੇ।
ਜੀਣਾ ਮੁਸ਼ਕਲ ਕਰ ਨਾ ਦੇਵਣ ਬੈਂਕਾਂ ਅਤੇ ਤਕਾਵੀਆਂ ਵਾਲ਼ੇ।
ਮਧੂਮੱਖੀਆਂ ਪਾਲ਼ਦਾ ਕਿਧਰੇ ਸੁੱਚੇ ਦਿਲ ਵਿੱਚ ਡੰਗ ਨਾ ਪਾਲ਼ੇ।
ਕੰਬਦੇ ਹੱਥੀਂ ਰਗੜ ਖਰੇ ਕੀ ਬੁੱਲ੍ਹਾਂ ਪਿੱਛੇ ਰੱਖਿਆ ਏਹਨੇ।
ਕੀੜੇ ਮਾਰ ਦਵਾਈ ਨੂੰ ਫਿਰ ਸਿੱਲ੍ਹੇ ਨੈਣੀਂ ਤੱਕਿਆ ਏਹਨੇ।
ਪੁੱਤਰ ਇਹਦਾ ਖਵਰੇ ਅੱਜ-ਕੱਲ੍ਹ ਖੇਤਾਂ ਵੱਲ ਨਾ ਮੂੰਹ ਕਰਦਾ ਏ।
ਗਹਿਣੇ ਕੀਤੀ ਵਿੱਚ ਉਸਦਾ ਜੀ ਗਰਕ ਹੋ ਜਾਵਣ ਨੂੰ ਕਰਦਾ ਏ।
ਚੰਗੇ ਨੰਬਰ ਲੈ ਕੇ ਵੀ ਸੀ ਬਾਪੂ ਦੇ ਨਾਲ਼ ਹੱਥ ਵਟਾਉਂਦਾ।
ਰਾਖਵੀਆਂ ਸੀਟਾਂ ਮਗਰੋਂ ਪਰ ਏਹਨਾਂ ਹਿੱਸੇ ਕੁਝ ਨਾ ਆਉਂਦਾ।
ਜਿਗਰੇ ਵਾਲ਼ੀ ਧੀ ਇਸਦੀ ਜੋ ਥੋੜ ਕੀਤਿਆਂ ਘਰ ਨਾ ਬੈਠੇ।
ਅਸਲ ‘ਚ ਉਹ ਇਹ ਵੇਖਣ ਆਵੇ ਕਿ ਡੈਡੀ ਕੁਝ ਕਰ ਨਾ ਬੈਠੇ। ਰਿਸ਼ਵਤਖੋਰਾਂ ਔਰਤਬਾਜ਼ਾਂ ਨੌਕਰੀਆਂ ਦੀ ਬੋਲੀ ਲਾਈ।
ਇਹ ਅਫ਼ਸਰ ਦੀ ਪੱਗ ਲਹਿਰਾਉਂਦੀ ਦਫ਼ਤਰ ਚੋਂ ਬਾਹਰ ਭੱਜ ਆਈ।
ਸਾਰੀ ਦੁਨੀਆ ਦਾ ਅੰਨਦਾਤਾ ਜਦ ਖ਼ੁਦ ਸੁੱਕ ਕੇ ਡਰਨਾ ਬਣਦਾ।
ਉਦੋਂ ਮਨ ਵਿੱਚ ਭੈਅ ਆਉਂਦਾ ਹੈ, ‘ਤੇ ਵੈਸੇ ਭੈਅ ਕਰਨਾ ਬਣਦਾ।
ਚਲ ਸੂਰਜ ਵੀ ਨੀਵਾਂ ਹੋਇਆ, ਗੂੰਜ ਰਹੀ ਰਹਿਰਾਸ ਕੁੜੇ।
ਇਸਦੇ ਦੁਖ ਸੁਖ ਫੇਰ ਕਰਾਂਗੇ, ਦੇਵਾਂਗੇ ਧਰਵਾਸ ਕੁੜੇ।
* * *
ਅੱਛਾ
ਅੱਛਾ…!
ਤਾਂ ਇਸ ਤਰ੍ਹਾਂ ਕੁੱਟਦੇ ਹਨ ਫਾਲ਼ੇ
‘ਤੇ ਇਸ ਤਰ੍ਹਾਂ ਉਹ ਭੋਂ ਸੀੜਦੇ ਨੇ
ਅੱਛਾ…!
ਤਾਂ ਇਸ ਤਰ੍ਹਾਂ ਕਿਰਦਾ ਹੈ ਬੀਜ ਪੋਰੇ ਚੋਂ
ਤੇ ਇਸ ਤਰ੍ਹਾਂ ਫਿਰ ਪਾਣੀ ਜੀਰਦੇ ਨੇ
ਮਿੱਟੀ ਤੋਂ ਟੁੱਟਿਆਂ ਅਰਸਾ ਹੋ ਚੱਲਿਐ
ਸਧਾਰਨ ਗੱਲਾਂ ਅਲੋਕਾਰ ਲਗਦੀਆਂ ਹਨ
ਵਾ-ਵਰੋਲ਼ੇ ਅੰਦਰ ਆਜ਼ਾਦ ਪੱਤੀਆਂ
ਖੌਰੇ ਕਿਸ ਦੀ ਪ੍ਰਕਰਮਾ ‘ਚ ਵਗਦੀਆਂ ਹਨ
ਅੱਛਾ…!
ਇਸ ਤਰ੍ਹਾਂ ਹੋ ਜਾਂਦਾ ਹੈ ਚਾਨਣ ਗ਼ਾਇਬ
ਅਤੇ ਇਸ ਤਰ੍ਹਾਂ ਹਨ੍ਹੇਰ ਦਿਸਦਾ ਹੈ
ਅੱਛਾ…!
ਇਸ ਤਰ੍ਹਾਂ ਪਹਿਨਦਾ ਹੈ ਅੰਬਰ ਘਟਾਵਾਂ ਨੂੰ
ਫਿਰ ਇਸ ਤਰ੍ਹਾਂ ਰੇਤੜ ਪੁਰ ਪਾਣੀ ਵਿਛਦਾ ਹੈ
ਮੇਰੇ ਅੱਧੇ ਯਕੀਨ ‘ਤੇ ਹੱਸਦੀ
ਤੂੰ ਆਪਣੇ ਜੇਰੇ ‘ਤੇ ਗ਼ਰੂਰਦੀ ਵੀ ਹੁੰਦੀ ਸੀ
ਏਹਦਾ ਮਤਲਬ ਤੂੰ ਮੈਨੂੰ ਪਿਆਰਦੀ ਹੀ ਨਹੀਂ
ਆਪ ਖੁਰ-ਖੁਰ ਕੇ ਪੂਰਦੀ ਵੀ ਹੁੰਦੀ ਸੀ
ਅੱਛਾ…!
ਏਨੇ ਸੁਰਖ ਹੁੰਦੇ ਹਨ ਰੋ ਕੇ ਤੇਰੇ ਕੋਏ
‘ਤੇ ਏਸ ਤਰ੍ਹਾਂ ਤੇਰਾ ਹੇਠਲਾ ਬੁੱਲ੍ਹ ਫਰਕਦਾ ਹੈ
ਅੱਛਾ…!
ਤਾਂ ਇਸ ਤਰ੍ਹਾਂ ਤਿਲਕਦੇ ਹਨ ਹੱਥ ਤੇਰੇ ਚੇਹਰੇ ਤੋਂ
ਇਸ ਤਰ੍ਹਾਂ ਪੋਟਿਆਂ ‘ਚੋਂ ਰੇਸ਼ਮ ਸਰਕਦਾ ਹੈ
ਦਿਨ ਵੇਲ਼ੇ ਆਲ੍ਹਣੇ ਸਣੇ ਰੁੱਖ ਚਿਤਰਿਆ ਜਾਂਦਾ ਹੈ
ਰਾਤ ਵੇਲ਼ੇ ਇਸ ਖਿੜਕੀ ‘ਤੇ ਲੁੱਕ ਪੁਤ ਜਾਂਦੀ ਹੈ
ਸਾਉਣ ਮਹੀਨੇ ਪੁਰਾਣੇ ਫਾਲ਼ੇ ਦੀ ਚੌਅ
ਚੱਪਾ ਕੁ ਧਰਤੀ ‘ਚ ਆਪੇ ਖੁਭ ਜਾਂਦੀ ਹੈ
ਅੱਛਾ…!
ਮੈਨੂੰ ਹਰ ਸ਼ੈਅ ਦੂਸਰੀ ਵਾਰ ਦੇਖਣੀ ਪੈਂਦੀ ਹੈ
‘ਤੇ ਦੂਜੀ ਵਾਰ ਆਉਂਦੀ ਹੈ ਮੇਰੀ ਸੁਰਤ ‘ਚ ਮਹੀਨੀ
ਅੱਛਾ…!
ਪਹਿਲੀ ਵਾਰ ਤੇ ਮੇਰਾ ਪਿਆਰ ਸੀ ਅੰਨ੍ਹਾ
ਹੁਣ ਤਾਂ ਪਰ ਹੋ ਗਈ ਹੈ ਛੋਹ ਖ਼ੁਰਦਬੀਨੀ
ਅੱਛਾ…!!!
* * *
ਭੁੱਲਣਹਾਰ
ਜਿਸ ਦਿਨ ਮੈਨੂੰ ਨੌਕਰੀ ਮਿਲ਼ੀ
ਕੁਦਰਤੀ ਉਸ ਦਿਨ
ਮੈਂ ਆਪਣਾ ਮਨ
ਜਾਣ ਕੇ ਘਰ ਭੁੱਲ ਗਿਆ ਸੀ
ਮੈਨੂੰ ਕੰਮ ਦੀ ਤਲਾਸ਼ ਸੀ
ਉਹਨਾਂ ਨੂੰ…
ਕਦੇ ਚਮਚੇ ਦੀ
ਕਦੇ ਥੁੱਕਦਾਨ ਦੀ
ਕੁਦਰਤੀ ਉਸ ਦਿਨ
ਮੈਂ ਲੈ ਗਿਆ ਸੀ ਸਭ ਸਨਦਾਂ
ਆਪਣਾ ਸਾਫ਼ ਸੁਥਰਾ,
ਰਿਸ਼ਟ ਪੁਸ਼ਟ
ਸਰੀਰ
ਉਹਨਾਂ ਨੇ ਮੇਰੇ ਅੱਖੀਂ ਘੱਟਾ ਪਾਇਆ
ਅਤੇ ਕੰਨਾਂ ਚ ਉਲਟੀਆਂ ਕੀਤੀਆਂ
ਰੋਜ਼ ਲਬਿੇੜ ਕੇ ਘਰ ਭੇਜਿਆ
ਹਰ ਰੋਜ਼
ਕਦੇ ਮਸ਼ੀਨ ਵਾਂਗ ਚਲਾਇਆ
ਕਦੇ ਨੋਟ ਵਾਂਗ
ਫਿਰ ਇੱਕ ਦਿਨ ਮੈਂ-
ਮਨ ਕੰਮ ‘ਤੇ ਲੈ ਗਿਆ
ਤੇ ਗੜੁੱਚ ਹੋ ਗਿਆ
– ਤਰ ਲਥ-ਪਥ
ਉਸ ਦਿਨ ਮੈਂ ਚੱਲ ਨਾ ਸਕਿਆ
ਬਰੂਦ ਵਾਂਗ
ਹੁਣ ਮੈਂ ਫਿਰ
ਕੰਮ ਦੀ ਤਲਾਸ਼ ਕਰ ਰਿਹਾਂ
ਹੁਣ ਉਹ ਫਿਰ
ਆਵਾਜ਼ੇ ਲਾ ਰਹੇ ਹਨ
ਚਮਚੇ, ਥੁੱਕਦਾਨ, ਮਸ਼ੀਨਾਂ, ਨੋਟ
ਵਾਂਟੇਡ ਬਈ ਓ
ਹੁਣ ਮੈਂ ਫਿਰ
ਦਿਨ ਰਾਤ ਅਭਿਆਸ ਕਰਦਾ ਹਾਂ
ਮਨ ਨੂੰ ਘਰ ਭੁੱਲ ਕੇ ਜਾਣ ਦਾ
* * *
ਹੌਲ਼ੀ ਹੌਲ਼ੀ
ਕਦੇ ਵੀ ਬੰਦਾ ਠੀਕ
‘ਐਨੇ” ਵਜੇ ਪੈਦਾ ਨਹੀਂ ਹੁੰਦਾ
ਤੇ ਨਾ ਹੀ ਠੀਕ ‘ਐਨੇ’ ਸਮੇਂ ਬਾਅਦ ਮਰਦਾ ਹੈ
ਅਕਸਰ ਸ਼ੂੰ ਕਰਕੇ ਜੀਂਦਾ ਹੈ ਅਤੇ
ਹੌਲੀ ਹੌਲੀ ਮਰਦਾ ਹੈ
ਮਜ਼ੇ ਮਜ਼ੇ
ਪਰ ਮੈਂ ਜੀਂਦਾ ਵੀ ਹੌਲ਼ੀ ਹੌਲ਼ੀ ਹਾਂ
ਏਥੇ ਆਉਂਦੇ ਲੋਕ ਕਹਿੰਦੇ ਨੇ-
ਉਸਦੀ ਗੱਲ ਕਰਦੇ ਹੋ ਤੁਸੀਂ
ਜੋ ਗਾਉਂਦਾ ਹੈ
ਪਰ ਆਵਾਜ਼ ਨਹੀਂ ਆਉਂਦੀ
ਉਹ ਲੋਕ
ਮੈਨੂੰ ਉਸ ਤੋਂ ਕਿਤੇ ਜ਼ਿਆਦਾ ਜਾਣਦੇ ਨੇ
ਜਿੰਨਾ ਮੈਂ ਆਪਣੇ ਆਪ ਬਾਰੇ ਦੱਸਦਾ ਹਾਂ
ਦਰਅਸਲ
ਮੈਂ ਗੂੰਗਾ ਹੋ ਕੇ ਵੀ ਗਾਉਂਦਾ ਹਾਂ
ਬੋਲ਼ਾ ਹੋ ਕੇ ਵੀ
… ਤੇ ਹੌਲੀ ਹੌਲੀ ਜੀਂਦਾ ਹਾਂ
ਥੋੜ੍ਹਾ ਚਿਰ ਪਹਿਲਾਂ,
ਮੈਂ ਉਸ ਭਾਸ਼ਾ ‘ਚ ਗਾ ਕੇ ਹਟਿਆ ਹਾਂ
ਜੋ ਮੈਂ ਕੌਫ਼ੀ ਨਾਲ਼ ਬਣਾਈ ਸੀ
ਅਤੇ ਕੱਪ ਨਾਲ਼
ਕੂੜਾਦਾਨ ਵਿੱਚ ਸੁੱਟ ਦਿੱਤੀ
ਮੈਂ ਐਸੀਆਂ ਕਈ ਭਾਸ਼ਾਵਾਂ ਬਣਾਉਣੀਆਂ ਹਨ
ਸਮੇਂ ਦੀ ਚਿੰਤਾ ਉੱਕਾ ਨਹੀਂ
ਮੈਂ ਇੱਕ ਮਿੰਟ ਨੂੰ ਕਈ ਮਿੰਟ ਅਤੇ
ਕਈ ਥਾਵਾਂ ਉੱਤੇ ਜੀਂਦਾ ਹਾਂ
…ਤੇ ਹੌਲ਼ੀ-ਹੌਲ਼ੀ ਜੀਂਦਾ ਹਾਂ
ਮਾਫ਼ ਕਰਨਾ
ਜੇ ਤੁਸੀਂ ਮੈਨੂੰ ਇਸ ਵੇਲ਼ੇ
ਇਸ ਕੌਫ਼ੀ ਹਾਊਸ ’ਚ ਨਹੀਂ ਵੇਖ ਰਹੇ
ਮੈਂ ਹੁਣੇ-ਹੁਣੇ
ਬਰਲਿਨ ਦੀ ਕੰਧ ਕੱਢਣ ਚਲਾ ਗਿਆ ਹਾਂ
ਪਤਾ ਨਹੀਂ ਕਦ ਮੁੜਾਂ
ਮੁੜਾਂ ਵੀ ਕਿ ਨਾ
ਜੇ ਮੈਨੂੰ ਇਹ ਨਹੀਂ ਪਤਾ
ਕਿ ਮੈਂ ਕਿਸ ਵੇਲੇ ਮੁੜਨਾ ਹੈ
ਕਿਸ ਵੇਲੇ ਮਰਨਾ ਹੈ
ਜੇ ਮੇਰੀ ਮਾਂ ਨੂੰ ਇਹ ਨਹੀਂ ਸੀ ਪਤਾ
ਕਿ ਮੈਂ ਠੀਕ ਕਿਸ ਵੇਲੇ
ਪੈਦਾ ਹੋਣਾ ਹੈ
ਤਾਂ ਤੁਸੀਂ ਕਿਵੇਂ ਆਸ ਕਰ ਸਕਦੇ ਓ
ਕਿ ਮੈਂ ਹਰ ਰੋਜ਼
ਠੀਕ- ੮:੦੦ ਵਜੇ ਕੰਮ ‘ਤੇ ਪਹੁੰਚਾਂ
ਠੀਕ- ੪:੦੦ ਵਜੇ ਛੁੱਟੀ ਕਰਾਂ
ਠੀਕ- ੬:੦੦ ਵਜੇ ਖਬਰਾਂ ਸੁਣਾਂ
ਮੈਂ ਏਨਾ ਠੀਕ ਨਹੀਂ ਹੋ ਸਕਦਾ ਜਨਾਬ
ਮੈਂ ਜੀਣਾ ਵੀ ਹੈ
ਹੌਲ਼ੀ-ਹੌਲ਼ੀ…
* * *
ਸੱਚਾ ਬੰਦਾ
ਸੁਣਿਆ ਹੈ
ਸੱਚਾ ਬੰਦਾ ਜਲਦੀ ਮਰਦਾ ਹੈ
ਤੇ ਜਿਸ ਦਿਨ ਦਾ ਸੁਣਿਆ ਹੈ
…ਆਪਣਾ ਕਫ਼ਨ ਮੈਂ ਡੂੰਘਾ ਸਾਂਭ ਦਿੱਤੈ
ਸਲੀਪਿੰਗ ਪਿੱਲ ਨਾਲ ਸੌਣਾ
ਅਲਾਰਮ ਨਾਲ ਜਾਗਣਾ
ਵਾਲ ਕਾਲੇ ਕਰਨਾ
ਆਪਣੇ ਆਪ ਤੋਂ ਵੱਧ ਸੁੰਦਰ ਦਿਖਣਾ
ਇਹ ਝੂਠ ਆਪਾਂ ਬਿਨਾ ਨਾਗਾ ਮਾਰੇ ਹਨ
ਇਹ ਕਹਿੰਦਾ ਹੋਇਆ ਵੀ ਮੈਂ ਝੂਠ ਹੀ ਮਾਰ ਰਿਹਾ ਸਾਂ-
“ਆ ਜਾ ਆਪਾਂ ਦਿਲ ਸਾਂਝਾ ਕਰੀਏ”
ਸਾਂਝਾ ਤੇ ਸਿਰਫ ਮੈਂ ਬਿਸਤਰ ਕਰਨਾ ਚਾਹੁੰਦਾ ਸਾਂ
ਪਰ ਤੂੰ ਹਵਾ ਦੇ ਕੋਲ਼ ਜਹੇ ਹੋਕੇ
ਪਾਣੀ ਵਰਗੀ ਆਵਾਜ਼ ਕਿਹਾ
“ਬਿਸਤਰ ਤਾਂ ਸਭ ਸਾਂਝਾ ਕਰਦੇ ਨੇ
ਚਲ, ਆਪਾਂ ਕਿਤੇ ਘਾਹ, ਪੱਤੇ ਜਾਂ
ਬੀਚ ਦੀ ਰੇਤ ਸਾਂਝੀ ਕਰੀਏ’’
ਦੁਨੀਆਂ ਭਰ ਦੀ ਸਾਰੀ ਸੁੱਚਮ
ਤੇਰੇ ਪੋਟਿਆਂ, ਤੇਰੇ ਹੱਥਾਂ ਰਾਹੀਂ
ਮੇਰੇ ਪਿੰਡੇ ਤੇ ਤੈਰਨ ਲੱਗੀ
ਤੇ ਹੁਣ ਤੱਕ ਦਾ ਜਾਇਆ ਸਾਰਾ ਝੂਠ
ਖੌਲਦਾ ਰਿਹਾ ਮੇਰੇ ਅੰਦਰ
ਕਿਸੇ ਲਈ ਮਰਨ ਦਾ ਝੂਠ
ਕਿਸੇ ਲਈ ਜੀਣ ਦਾ ਝੂਠ
ਮਤਲਬ
ਏਨਾ ਝੂਠ ਬੋਲਿਆ ਹੈ ਮੇਰੀ ਜਾਨ
ਕਿ ਉਮਰ ਭੋਗ ਕੇ ਮਰਾਂਗਾ
ਅਤੇ ‘‘ਚਾਰ ਮੋਢੇ’’ ਕੀ…
ਮਾਣ ਕਰਨ ਜੋਗਾ ਇਕੱਠ ਹੋਵੇਗਾ
ਮੇਰੇ ਜਨਾਜ਼ੇ ’ਤੇ
* * *
ਜਦ ਮੈਂ ਹੋਂਠ ਛੁਹਾਇਆ…
ਜਦ ਮੈਂ ਹੋਂਠ ਛੁਹਾਇਆ ਪਾਣੀ
ਮੇਰੇ ‘ਤੇ ਮੁਸਕਾਇਆ ਪਾਈ
ਪਾਣੀ ਪਾਣੀ ਹੋ ਕੇ ਤੱਕਿਆ
ਤੇਰੇ ਨੈਣ ਪਰਾਇਆ ਪਾਣੀ
ਸਾਗਰ ਨੂੰ ਦਰਿਆ ਕੀ ਮਿਲ਼ਿਆ
ਪਾਣੀ ਨੇ ਤੜਪਾਇਆ ਪਾਣੀ
ਹੈਨ ਹਮੇਸ਼ ਅਪੂਰਨ ਤੇਹਾਂ
ਤੇਹਾਂ ਦਾ ਹਮਸਾਇਆ ਪਾਣੀ
ਜੇ ਵਰ੍ਹਿਆ ਸਾਗਰ ‘ਤੇ ਵਰ੍ਹਿਆ
ਕਿਉਂ ਏਨਾ ਤ੍ਰਿਹਾਇਆ ਪਾਣੀ
ਤੇਹਾਂ ਤੱਕ ਕੁਰਲਾਇਆ ਪਾਣੀ
ਕੰਢਿਆਂ ਚੁੱਪ ਕਰਾਇਆ ਪਾਣੀ।