ਬਿੰਦਰ ਬੀਰੋਕੇ
ਜ਼ਿੰਦਗੀ ਦੀ ਕੋਈ ਵੀ ਜੰਗ ਅਸੀਂ ਇਕੱਲੇ ਨਹੀਂ ਜਿੱਤ ਸਕਦੇ, ਨਾ ਹੀ ਇਕੱਲੇ ਲੜ ਸਕੀਏ। ਉਸ ਲਈ ਸਾਨੂੰ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਖ਼ੁਦ ਨਾਲ ਤੋਰਨਾ ਬੜਾ ਜ਼ਰੂਰੀ ਹੁੰਦਾ ਹੈ।
ਜਦੋਂ ਅਸੀਂ ਖ਼ੁਦ ਨੂੰ ਆਪਣੇ ਹੱਕ ਵਿਚ ਡਟਣ ਲਈ ਤਿਆਰ ਕਰ ਲਈਏ ਤਾਂ ਅਸੀਂ ਜੰਗ ਵਿਚ ਉਤਰਦੇ ਹੀ ਨਹੀਂ, ਉਸ ਨੂੰ ਸਫ਼ਲਤਾਪੂਰਵਕ ਜਿੱਤਦੇ ਵੀ ਹਾਂ।
ਅੱਜ ਅਸੀਂ ਜੋ ਕੀਤਾ ਉਸ ਲਈ ਕੱਲ੍ਹ ਤੱਕ ਮੇਰੇ ਕੋਲ ਹੌਸਲਾ ਨਹੀਂ ਸੀ। ਕੁਝ ਨਿਸ਼ਚਿਤ ਵੀ ਨਹੀਂ ਸੀ ਕਿ ਮੈਂ ਕਰਫਿਊ ਅਤੇ ਲੌਕਡਾਊਨ ਦੌਰਾਨ ਕਰ ਵੀ ਸਕਾਂਗਾ ਜਾਂ ਨਹੀਂ। ਪਰ ਬੇਹੱਦ ਦੂਰੋਂ ਆਏ ਇਕ ਫ਼ੌਜੀ ਨੌਜਵਾਨ ਦੇ ਮਾਪਿਆਂ ਨੇ ਮੈਨੂੰ ਫੋਨ ਕਰਕੇ ਬੜੀ ਦਰਦ ਭਰੀ ਆਵਾਜ਼ ਵਿਚ ਕਿਹਾ ਕਿ ਮਾਤਾ ਨੂੰ ਖ਼ੂਨ ਦੀ ਬਹੁਤ ਜ਼ਰੂਰਤ ਹੈ ਅਤੇ ਏਥੇ ਸਾਨੂੰ ਕੋਈ ਹੋਰ ਜਾਣਦਾ ਤੱਕ ਨਹੀਂ। ਇਸ ’ਤੇ ਬਜ਼ੁਰਗ ਬਾਪੂ ਨੂੰ ਮੈਂ ਕਿਹਾ, ‘‘ਤੁਹਾਨੂੰ ਕੋਈ ਜਾਣਦਾ ਹੋਣਾ ਜ਼ਰੂਰੀ ਨਹੀਂ, ਬਾਪੂ ਜੀ। ਤੁਹਾਡਾ ਤਾਂ ਬੱਸ ਇਕ ਫ਼ੌਜੀ ਜਵਾਨ ਦਾ ਪਿਤਾ ਹੋਣਾ ਹੀ ਸਾਡੇ ਲਈ ਕਾਫ਼ੀ ਹੈ। ਬਾਕੀ ਤੁਸੀਂ ਚਿੰਤਾ ਨਾ ਕਰੋ, ਮੈਂ ਹੱਲ ਕੱਢ ਲਵਾਂਗਾ।’’
ਬਾਪੂ ਨੂੰ ਹੌਸਲੇ ਵਿਚ ਕਰਨ ਤੋਂ ਬਾਅਦ ਸਭ ਤੋਂ ਪਹਿਲਾਂ ਮੇਰੀ ਖ਼ੁਦ ਉਪਰ ਨਿਗ੍ਹਾ ਗਈ ਕਿ ਚੱਲ ਬਈ ਅੱਜ ਤੇਰੀ ਮੈਦਾਨ ਵਿਚ ਲੋੜ ਹੈ ਜਦੋਂਕਿ ਮੇਰੇ ਵਿਚ 9.5 ਗ੍ਰਾਮ ਐੱਚਬੀ ਹੈ ਜਿਸ ਦਾ ਪੀਜੀਆਈ ਤੋਂ ਇਲਾਜ ਚੱਲ ਰਿਹਾ ਹੈ। ਮੈਂ ਪਹਿਲਾਂ ਵੀ ਬਹੁਤ ਵਾਰ ਖ਼ੂਨ ਦਾਨ ਕੀਤਾ, ਪਰ ਪਤਾ ਨਹੀਂ ਕਿਸ ਤਰ੍ਹਾਂ ਖ਼ੁਦ ਵਿਚ ਘਟ ਗਿਆ। ਪਤਾ ਵੀ ਉਸ ਦਿਨ ਹੀ ਲੱਗਿਆ ਜਦੋਂ ਅਗਲੀ ਵਾਰ ਦਾਨ ਕਰਨ ਲੱਗਾ ਸੀ।
ਜੰਗ ਜਿੱਤਣ ਲਈ ਖ਼ੁਦ ਦਾ ਤਿਆਰ ਹੋਣਾ ਬਹੁਤ ਜ਼ਰੂਰੀ ਹੈ। ਜਦੋਂ ਮੇਰੇ ਦਿਲ ਨੇ ਇਸ ਲਈ ਹਾਮੀ ਭਰ ਦਿੱਤੀ ਤਾਂ ਮੈਂ ਬਜ਼ੁਰਗ ਨੂੰ ਫੋਨ ’ਤੇ ਕਿਹਾ, ‘‘ਬਾਪੂ ਜੀ, ਖ਼ੂਨ ਦਾ ਇੰਤਜ਼ਾਮ ਹੋ ਗਿਆ ਹੈ।’’ ਉਨ੍ਹਾਂ ਪੁੱਛਿਆ, ‘‘ਕੌਣ ਐ?’’ ਮੈਂ ਕਿਹਾ, ‘‘ਬਾਪੂ ਜੀ, ਤੁਸੀਂ ਚਿੰਤਾ ਨਾ ਕਰੋ। ਮੈਂ ਖ਼ੁਦ ਦਿਆਂਗਾ ਤਾਂ ਉਨ੍ਹਾਂ ਕਿਹਾ, ‘‘ਤੇਰੇ ’ਚ ਤਾਂ ਖ਼ਦ ਘੱਟ ਹੈ। ਆਪਾਂ ਉਸ ਦਿਨ ਤੇਰੀਆਂ ਆਇਰਨ ਦੀਆਂ ਗੋਲੀਆਂ ਲੈ ਕੇ ਆਏ ਸੀ। ਮੈਂ ਝੂਠ ਬੋਲਿਆ ਕਿ ਨਹੀਂ, ਮੈਂ ਚੈੱਕ ਕਰਵਾਇਆ ਸੀ, ਹੁਣ ਮੇਰੇ ਵਿਚ ਪੂਰਾ ਹੋ ਗਿਆ ਹੈ। ਬਾਪੂ ਜੀ ਨੇ ਕਿਹਾ, ‘‘ਨਹੀਂ। ਤੈਨੂੰ ਤਾਂ ਡਾਕਟਰਾਂ ਨੇ ਕਿਹਾ ਹੈ ਕਿ ਇਕ ਸਾਲ ਤੱਕ ਖ਼ੂਨ ਨਹੀਂ ਕਢਵਾਉਣਾ।’’ ਪਰ ਖ਼ੁਦ ਦਾ ਹੌਸਲਾ ਮੇਰੇ ਹੁੱਝਾਂ ਮਾਰ ਰਿਹਾ ਸੀ ਕਿ ਅੱਜ ਇਸ ਨੇਕ ਕੰਮ ਵਿਚ ਹਿੱਸਾ ਪਾਉਣਾ ਹੀ ਹੈ।
ਕੁਝ ਸਮੇਂ ਬਾਅਦ ਬਾਪੂ ਜੀ ਦਾ ਫਿਰ ਫੋਨ ਆਇਆ, ‘‘ਡਾਕਟਰ ਕਹਿ ਰਹੇ ਨੇ ਬਈ ਅੱਜ ਅਸੀਂ ਆਪਣੇ ਕੋਲੋਂ ਖ਼ੂਨ ਚੜ੍ਹਾ ਦਿੰਦੇ ਹਾਂ। ਕੱਲ੍ਹ ਤੁਸੀਂ ਆਪਣਾ ਇੰਤਜ਼ਾਮ ਕਰ ਲੈਣਾ, ਬੰਦੇ ਬੁਲਾ ਲਓ।’’
ਇਸ ਨਾਲ ਮੇਰਾ ਹੌਸਲਾ ਹੋਰ ਵਧ ਗਿਆ ਕਿ ਚਲੋ ਸਮਾਂ ਮਿਲ ਗਿਆ ਹੱਲ ਕੱਢਣ ਨੂੰ। ਆਪਣੇ ਦਿਲ ਦੇ ਕਰੀਬ ਜਿਹੜੇ ਵੀ ਦੋਸਤ ਸਨ, ਉਨ੍ਹਾਂ ਤਾਈਂ ਸੰਪਰਕ ਸਾਧਿਆ।
ਸਭ ਤੋਂ ਪਹਿਲਾਂ ਆਪਣੇ ਪਿੰਡਾਂ ਵੱਲ ਦਾ ਸਿਮਰਨ ਚੇਤੇ ਆਇਆ। ਫੋਨ ’ਤੇ ਪੁੱਛਿਆ, ‘‘ਕਿੱਥੇ ਐਂ ਮਿੱਤਰ?’’ ਅੱਗੋਂ ਜਵਾਬ ਆਇਆ, ‘‘ਮੁਹਾਲੀ ਆਂ ਡਿਊਟੀ ’ਤੇ। ਸਵੇਰੇ ਫ੍ਰੀ ਹੋਣਾ, ਉਹ ਵੀ ਤਾਂ ਜੇ ਨਾਲ ਦੇ ਮੁੰਡੇ ਨੇ ਆ ਕੇ ਛੱਡ ਦਿੱਤਾ।’’ ਚਲੋ ਉਸ ਦਾ ਵਾਪਸ ਫੋਨ ਆਇਆ, ‘‘ਬਣ ਗਿਆ ਕੰਮ। ਮੈਂ ਆ ਜਾਵਾਂਗਾ। ਨਾਲ ਦੇ ਮੁੰਡੇ ਨਾਲ ਗੱਲ ਹੋ ਗਈ, ਉਹ ਸਵੇਰੇ ਜਲਦੀ ਛੱਡ ਦੇਵੇਗਾ ਮੈਨੂੰ।’’
ਅੱਜ ਸਵੇਰੇ ਮਨ ਵਿਚ ਆਇਆ ਕਿ ਕਿਉਂ ਨਾ ਵੱਧ ਤੋਂ ਵੱਧ ਖ਼ੂਨ ਦਾਨ ਕੀਤਾ ਜਾਵੇ ਤਾਂ ਕਿ ਕੱਲ੍ਹ ਨੂੰ ਸਰਹੱਦ ’ਤੇ ਖੜ੍ਹੇ ਕਿਸੇ ਹੋਰ ਫ਼ੌਜੀ ਵੀਰਾਂ ਦੇ ਮਾਪਿਆਂ ਨੂੰ ਲੋੜ ਪੈ ਜਾਵੇ ਤਾਂ ਡਾਕਟਰ ਖ਼ੁਦ ਕਹਿਣ ਕਿ ਹਾਂ ਸਾਡੇ ਕੋਲ ਉਪਲੱਬਧ ਹੈ। ਸੋ ਸਵੇਰੇ ਲੰਗਰ ਤਿਆਰ ਕਰਦੇ ਸਮੇਂ ਆਪਣੇ ਦੋਸਤਾਂ ਬਲਜਿੰਦਰ, ਰਣਜੀਤ, ਗੁਰਵਿੰਦਰ ਤੇ ਸਹਿਲਜੀਤ ਨੂੰ ਖ਼ੂਨ ਦਾਨ ਕਰਨ ਲਈ ਪ੍ਰੇਰਿਤ ਕੀਤਾ ਤਾਂ ਉਨ੍ਹਾਂ ਨੇ ਦੋਸਤੀ ਦੇ ਨਾਂ ’ਤੇ ਝੱਟ ਮਾਰੀਆਂ ਛਾਲਾਂ। ਬਹਿ ਗਏ ਮੋਟਰਸਾਈਕਲਾਂ ਤੇ ਚੱਲ ਪਏ ਕਮਾਂਡ ਹਸਪਤਾਲ ਚੰਡੀ ਮੰਦਿਰ ਵੱਲ ਨੂੰ। ਅੱਗੋਂ ਬਜ਼ੁਰਗ ਗੇਟ ’ਤੇ ਲੈਣ ਲਈ ਖੜ੍ਹਾ। ਛੇ ਜਣਿਆਂ ਨੂੰ ਵੇਖ ਕੇ ਬੜਾ ਖ਼ੁਸ਼ ਹੋਇਆ। ਚਿਹਰੇ ’ਤੇ ਮੁਸਕਰਾਹਟ ਲਿਆ ਕੇ ਅਸੀਸਾਂ ਦੀ ਬੁਛਾੜ ਕਰਦਾ ਹੋਇਆ ਇਨ੍ਹਾਂ ਪੰਜਾਂ ਨੂੰ ਖ਼ੂਨ ਦਾਨ ਕਰਨ ਲਈ ਅੰਦਰ ਲੈ ਗਿਆ। ਮੈਨੂੰ ਕਹਿ ਗਿਆ, ‘‘ਕਮਾਂਡਰ, ਅਗਵਾਈ ਕਰਨ ਲਈ ਹੋਰ ਫ਼ੌਜ ਤਿਆਰ ਕਰ। ਜੰਗ ਹਾਲੇ ਜਾਰੀ ਹੈ। ਤੂੰ ਆਪਣਾ ਖ਼ੂਨ ਪੂਰਾ ਕਰ। ਤੇਰਾ ਬਹੁਤ ਸਹਿਯੋਗ ਹੈ। ਅਜੇ ਆਪਾਂ ਨੂੰ ਹੋਰ ਲੋੜ ਪੈਂਦੀ ਦਿਸੀ ਤਾਂ ਦੇਖਾਂਗੇ।’’
ਮੈਂ ਬਾਹਰ ਇੰਤਜ਼ਾਰ ਕਰਦਾ ਜ਼ਿੰਦਗੀ ਦੇ ਇਸ ਅਨਮੋਲ ਪਲ ਨੂੰ ਅੱਖਰਾਂ ਵਿਚ ਪਰੋਣ ਲੱਗ ਪਿਆ। ਜ਼ਿੰਦਗੀ ਵਿਚ ਹੋਰਾਂ ਨੂੰ ਹੋਰਾਂ ਲਈ ਖ਼ੂਨ ਦਾਨ ਕਰਨ ਲਈ ਪ੍ਰੇਰਿਤ ਕਰਨ ’ਚ ਸਫ਼ਲ ਹੋਣ ਦਾ ਵੱਖਰਾ ਹੀ ਸਕੂਨ ਮਿਲਿਆ।
ਸੰਪਰਕ: 98882-80748