ਗੁਰਮੀਨ ਕੌਰ
‘‘ਨੀ ਫਿਟੇਮੂੰਹ ਤੇਰੇ,’’ ਪੰਮੀ ਨੇ ਚੌਂਕੇ ਦੀ ਕੰਧ ਨਾਲ ਲੱਗ ਕੇ ਸੁੱਤੀ ਮਾਣੀ ਦੇ ਮੌਰਾਂ ਵਿਚ ਜ਼ੋਰ ਦੀ ਧੱਫਾ ਮਾਰਦਿਆਂ ਕਿਹਾ।
‘‘ਸਾਰੀ ਚਾਹ ਉੱਬਲ-ਉੱਬਲ ਚੁੱਲ੍ਹੇ ’ਚ ਪੈ ਗਈ ਤੇ ਇਹਨੂੰ ਮਹਾਰਾਣੀ ਨੂੰ ਪਤਾ ਨਹੀਂ ਕਿੱਧਰ ਦੀਆਂ ਨੀਦਰਾਂ ਚੜ੍ਹੀਆਂ,’’ ਪੰਮੀ ਪੂਰੇ ਗੁੱਸੇ ਵਿਚ ਬੋਲਦਿਆਂ ਚਾਹ ਵਾਲੇ ਪਤੀਲੇ ਨੂੰ ਪੋਣੇ ਨਾਲ ਫੜ ਥੱਲੇ ਲਾਹ ਰਹੀ ਸੀ। ਤੇ ਮਾਣੀ ਮੌਰਾਂ ’ਚ ਵੱਜੇ ਜ਼ੋਰ ਦੀ ਧੱਫੇ ਨਾਲ ਇੰਝ ਉੱਠੀ ਸੀ ਜਿਵੇਂ ਕੋਈ ਨਿੱਕਾ ਨਿਆਣਾ ਸੁੱਤਾ ਪਿਆ ਤ੍ਰਭਕ ਕੇ ਉੱਠਦਾ ਹੈ।
‘‘ਮੰਮੀ… ਮੈਂ… ਮੈਨੂੰ…’’ ਤੇ ਉਹਨੂੰ ਸਮਝ ਨਹੀਂ ਸੀ ਲੱਗ ਰਹੀ ਕਿ ਉਹ ਹੁਣ ਆਪਣੀ ਮਤਰੇਈ ਮਾਂ ਦੇ ਕਹਿਰ ਤੋਂ ਕਿਵੇਂ ਬਚੇ।
‘‘ਨੀਂ ਰਹਿਣ ਦੇ ਤੂੰ… ਬੱਕਰੀ ਵਾਂਗੂੰ ਮੈਂ ਮੈਂ ਕਰੀ ਜਾਨੀ ਐਂ। ਨਾਲੇ ਤੂੰ ਕਿਹੜਾ ਇਹ ਕਰਤੂਤ ਪਹਿਲੀ ਵਾਰ ਕੀਤੀ ਐ। ਤੇਰਾ ਤੇ ਨਿੱਤ ਦਾ ਈ ਕੰਮ ਐ। ਪਹਿਲਾਂ ਰਾਤਾਂ ਨੂੰ ਜਾਗ-ਜਾਗ ਇੰਝ ਪੜ੍ਹਦੀ ਐ, ਜਿਵੇਂ ਇਹਨੇ ਈ ਜੱਜ ਲੱਗਣਾ ਹੋਵੇ। ਰਾਤ ਨੂੰ ਵੇਲੇ ਸਿਰ ਸੌਂ ਮਰ ਜਾਇਆ ਕਰ।’’ ਤੇ ਉਹ ਹੋਰ ਪਤਾ ਨਹੀਂ ਕੀ ਬੁੜ-ਬੁੜ ਕਰਦੀ ਰਸੋਈ ਵਿਚ ਜਾ ਵੜੀ ਸੀ|
ਪੰਮੀ ਮਾਣੀ ਦੀ ਮਤਰੇਈ ਮਾਂ ਸੀ। ਉਹਦੀ ਸਕੀ ਮਾਂ ਤਾਂ ਉਸ ਨੂੰ ਜਨਮ ਦਿੰਦਿਆਂ ਹੀ ਰੱਬ ਨੂੰ ਪਿਆਰੀ ਹੋ ਗਈ ਸੀ। ਉਹ ਮਸਾਂ ਸਾਲ ਕੁ ਦੀ ਸੀ ਜਦੋਂ ਉਹਦੇ ਬਾਪ ਦਾ ਦੂਜਾ ਵਿਆਹ ਹੋ ਗਿਆ ਸੀ। ਮਾਣੀ ਦੀ ਨਾਨੀ ਤਾਂ ਚਾਹੁੰਦੀ ਸੀ ਕਿ ਉਹ ਨਾਨਕੇ ਪਲੇ, ਪਰ ਉਹਦੇ ਬਾਪ ਨੇ ਨਾ ਭੇਜਿਆ। ਸਾਲ ਪਿੱਛੋਂ ਹੀ ਪੰਮੀ ਦੇ ਆਪਣੇ ਧੀ ਹੋ ਗਈ ਤੇ ਫਿਰ ਉਸ ਤੋਂ ਦੋ ਸਾਲ ਛੋਟਾ ਪੁੱਤਰ। ਮਾਣੀ ਨਾਲ ਹਮੇਸ਼ਾ ਹੀ ਉਹ ਮਾੜਾ ਵਰਤਾਓ ਕਰਦੀ ਸੀ। ਬਚਨ ਸਿੰਹੁ ਕਦੇ ਚੁੱਪ ਕੀਤਾ ਰਹਿੰਦਾ ਤੇ ਕਦੇ ਖਿਝ ਕੇ ਪੈ ਵੀ ਜਾਂਦਾ। ਪੰਮੀ ਨੇ ਵੀ ਚਲਾਕੀ ਵਰਤਣੀ ਸ਼ੁਰੂ ਕਰ ਦਿੱਤੀ। ਉਹ ਬਚਨ ਸਿੰਹੁ ਸਾਹਮਣੇ ਤਾਂ ਕੁਝ ਨਾ ਕਹਿੰਦੀ, ਪਰ ਓਹਦੇ ਘਰੋਂ ਜਾਣ ਦੀ ਦੇਰ ਹੁੰਦੀ, ਮਾਣੀ ਦੀ ਕਿਸੇ ਨਾ ਕਿਸੇ ਗੱਲੋਂ ਸ਼ਾਮਤ ਆ ਹੀ ਜਾਂਦੀ।
ਸੁਰਤ ਸੰਭਾਲਦਿਆਂ ਹੀ ਘਰ ਦਾ ਸਾਰਾ ਕੰਮ ਉਹਦੇ ਜ਼ਿੰਮੇ ਆ ਗਿਆ ਸੀ। ਪੰਮੀ ਤਾਂ ਉਹਦੇ ਸਕੂਲ ਜਾਣ ਦੇ ਹੱਕ ਵਿਚ ਬਿਲਕੁਲ ਨਹੀਂ ਸੀ, ਪਰ ਬਚਨ ਸਿੰਹੁ ਅੱਗੇ ਉਹਦੀ ਇਸ ਗੱਲ ’ਤੇ ਨਹੀਂ ਸੀ ਚੱਲੀ। ਮਾਣੀ ਵਿਚਾਰੀ ਨੂੰ ਸਕੂਲ ਜਾਣ ਤੋਂ ਪਹਿਲਾਂ ਵੀ ਘਰ ਦਾ ਕੰਮ ਕਰਨਾ ਪੈਂਦਾ ਤੇ ਆ ਕੇ ਵੀ। ਜੇ ਬਚਨ ਸਿੰਹੁ ਕੁਝ ਕਹਿੰਦਾ ਤਾਂ ਪੰਮੀ ਦਾ ਇਕੋ ਘੜਿਆ-ਘੜਾਇਆ ਜਵਾਬ ਹੁੰਦਾ, ‘‘ਕੱਲ੍ਹ ਨੂੰ ਜਦੋਂ ਸਹੁਰੇ ਗਈ ਤੇ ਕੱਖ ਕਰਨਾ ਨਾ ਆਇਆ ਤਾਂ ਲੋਕਾਂ ਮੇਰੇ ਸਿਰ ਵਿਚ ਹੀ ਖੇਹ ਪਾਉਣੀ ਐ ਕਿ ਮਤਰੇਈ ਮਾਂ ਸੀ ਤਾਂ ਕੋਈ ਚੱਜ ਨਹੀਂ ਸਿਖਾਇਆ।’’
ਬਚਨ ਸਿੰਹੁ ਬਹਿਸ ਤੋਂ ਡਰਦਾ ਚੁੱਪ ਕਰ ਜਾਂਦਾ। ਮਾਣੀ ਹੁਣ ਗਿਆਰਵੀਂ ਵਿਚ ਹੋ ਗਈ ਸੀ। ਪੱਕੇ ਪੇਪਰ ਚੱਲ ਰਹੇ ਸੀ। ਸਾਰਾ ਰੋਟੀ-ਟੁੱਕ, ਬਹੁਕਰ-ਬੁਹਾਰੀ ਕਰਕੇ, ਕੱਪੜਾ-ਲੱਤਾ ਧੋ ਕੇ ਵਿਚਾਰੀ ਰਾਤ ਨੂੰ ਇਕ-ਇਕ ਦੋ-ਦੋ ਵਜੇ ਤੱਕ ਜਾਗ ਕੇ ਪੜ੍ਹਦੀ ਤੇ ਸਵੇਰੇ ਸੁਵਖਤੇ ਹੀ ਉਸ ਨੂੰ ਪੰਜ ਵਜੇ ਫੇਰ ਉਠਾ ਦਿੱਤਾ ਜਾਂਦਾ।
ਹੁਣ ਤਾਂ ਉਸ ਨੂੰ ਜਿਵੇਂ ਇਸ ਸਭ ਦੀ ਆਦਤ ਜਿਹੀ ਹੋ ਗਈ ਸੀ। ਉਹ ਕਿਸੇ ਨਾਲ ਵੀ ਆਪਣੇ ਦਿਲ ਦੀ ਗੱਲ ਨਹੀਂ ਸੀ ਕਰਦੀ, ਆਪਣੀ ਪੱਕੀ ਸਹੇਲੀ ਸਿੰਮੀ ਨਾਲ ਵੀ ਨਹੀਂ। ਪਰ ਉਹਨੇ ਮਨ ਦੀਆਂ ਗੱਲਾਂ ਇਕ ਕਾਪੀ ਵਿਚ ਲਿਖੀਆਂ ਹੋਈਆਂ ਸਨ ਜਿਸ ਨੂੰ ਉਹ ਸਭ ਤੋਂ ਲੁਕੋ ਕੇ ਰੱਖਦੀ।
ਇਕ ਦਿਨ ਉਹਦੇ ਬੈਗ ਵਿੱਚੋਂ ਹਿਸਾਬ ਦੀ ਕਿਤਾਬ ਲੱਭਦਿਆਂ ਸਿੰਮੀ ਦੇ ਹੱਥ ਉਹ ਕਾਪੀ ਲੱਗ ਗਈ। ਅਜੇ ਉਹਨੇ ਦੋ-ਚਾਰ ਵਰਕੇ ਹੀ ਪਲਟੇ ਸਨ ਕਿ ਮਾਣੀ ਨੇ ਝਪਟਾ ਮਾਰ ਕੇ ਖੋਹ ਲਈ।
‘‘ਆਏ! ਹਾਏ! ਪੜ੍ਹ ਲੈਣ ਦੇ ਕੀ ਲਿਖਿਆ ਈ… ਤੂੰ ਤਾਂ ਇੰਝ ਖੋਹੀ ਜਿਵੇਂ ਪ੍ਰੇਮ ਪੱਤਰ ਲਿਖੇ ਹੋਣ,’’ ਤੇ ਉਹਨੇ ਮਾਣੀ ਨੂੰ ਜ਼ੋਰ ਦੀ ਹੁੱਝ ਮਾਰੀ।
‘‘ਨੀ ਜਾ ਪਰ੍ਹਾਂ ਮਰ। ਤੂੰ ਕੋਈ ਚੱਜ ਦੀ ਗੱਲ ਨਾ ਕਰੀਂ।’’ ਮਾਣੀ ਖਿਝ ਕੇ ਬੋਲੀ।
‘‘ਲੈ! ਤੇ ਫੇਰ ਦੱਸ ਕੀ ਲਿਖਿਆ ਇਹਦੇ ’ਚ।’’ ਸਿੰਮੀ ਪੂਰੀ ਉਤਸੁਕ ਸੀ ਜਾਣਨ ਲਈ।
‘‘ਕੁਝ ਨਹੀਂ ਨ੍ਹੀਂ ਅੜੀਏ! ਬਸ ਜਦੋਂ ਮਨ ਜ਼ਿਆਦਾ ਈ ਅਵਾਜ਼ਾਰ ਹੁੰਦੈ ਤਾਂ ਆਪਣੇ ਦੁੱਖ-ਸੁੱਖ ਕਰ ਲੈਂਦੀ ਆਂ ਇਹਦੇ ਨਾਲ।’’ ਉਹ ਅੱਖਾਂ ਵਿਚ ਆਏ ਹੰਝੂ ਛੁਪਾਉਂਦਿਆਂ ਬੋਲੀ ਤੇ ਸਿੰਮੀ ਨੇ ਉਸ ਨੂੰ ਘੁੱਟ ਕੇ ਜੱਫੀ ਪਾ ਲਈ।
ਗਿਆਰਵੀਂ ਵਿਚ ਮਾਣੀ ਜਮਾਤ ’ਚੋਂ ਦੂਜੇ ਨੰਬਰ ’ਤੇ ਆਈ ਸੀ ਤੇ ਉਹਦੀ ਛੋਟੀ ਭੈਣ ਨੰਨ੍ਹੀ ਨੇ ਖਿੱਚ-ਧੂਹ ਕੇ ਮਸਾਂ ਪਾਸ ਹੋਣ ਜੋਗੇ ਨੰਬਰ ਲਏ ਸਨ। ਪੰਮੀ ਨੂੰ ਇਸ ਗੱਲ ਤੋਂ ਵੀ ਬੜੀਆਂ ਕਚੀਚੀਆਂ ਚੜ੍ਹੀਆਂ ਤੇ ਉਹ ਫੇਰ ਸੜੂ-ਭੁੱਜੂ ਕਰਨ ਲੱਗੀ।
‘‘ਅੱਧੀ-ਅੱਧੀ ਰਾਤ ਤੱਕ ਜਿਹੜਾ ਤੂੰ ਜਾਗਦੀ ਐਂ, ਮੈਨੂੰ ਭਲਾ ਪਤਾ ਨਹੀਂ। ਪਰਚੀਆਂ ਚਲਾ-ਚਲਾ, ਨਕਲ ਮਾਰ-ਮਾਰ ਨੰਬਰ ਲੈਂਦੀ ਐਂ। ਤੇਰੇ ਜੀਅ ’ਚ ਕੀ ਐ ਮੈਨੂੰ ਪਤਾ ਨਹੀਂ ਲਗਦਾ! ਮੇਰੀ ਧੀ ’ਚ ਏਦਾਂ ਦੀਆਂ ਚਲਾਕੀਆਂ ਨਹੀਂ।’’ ਹੋਰ ਪਤਾ ਨਹੀਂ ਉਹ ਕੀ ਕੁਝ ਬੋਲ ਗਈ ਅਤੇ ਉਹ ਵਿਚਾਰੀ ਮਾਸੂਮ ਹਮੇਸ਼ਾਂ ਵਾਂਗ ਸਭ ਕੁਝ ਕੌੜਾ ਘੁੱਟ ਕਰਕੇ ਪੀ ਗਈ।
‘‘ਨੀ ਮਾਣੀਏ! ਤੂੰ ਬਸ ਬੈਠੀ ਕਿਤਾਬਾਂ ਨਾਲ ਮੱਥਾ ਮਾਰੀ ਜਾਇਆ ਜਰ। ਕਿਸੇ ਹੋਰ ਚੀਜ਼ ਦੀ ਵੀ ਉੱਘ-ਸੁੱਘ ਰੱਖ ਲਿਆ ਕਰ। ਤੈਨੂੰ ਪਤਾ ਹੁਣੇ ਪੰਜਾਬੀ ਵਾਲੇ ਮੈਡਮ ਦੱਸ ਕੇ ਗਏ ਐ ਕਿ ਕੱਲ੍ਹ ਆਪਣੇ ਸਕੂਲ ‘ਮਾਂ ਦਿਵਸ’ ਉੱਤੇ ਲੇਖ ਮੁਕਾਬਲਾ ਹੋਣੈ।’’ ਸਿੰਮੀ ਨੇ ਸਕੂਲ ਦੇ ਮੈਦਾਨ ਵਿਚ ਇਕ ਨੁੱਕਰੇ ਲੱਗੇ ਗੁਲਮੋਹਰ ਦੇ ਰੁੱਖ ਥੱਲੇ ਬੈਠੀ ਮਾਣੀ ਨੂੰ ਆ ਕੇ ਕਿਹਾ ਜਿਹੜੀ ਹਿਸਾਬ ਦੇ ਕਿਸੇ ਸਵਾਲ ਵਿਚ ਉਲਝੀ ਹੋਈ ਸੀ।
‘‘ਆਏ! ਹਾਏ ਨੀਂ! ਬੋਲੀਏ ਤੈਨੂੰ ਦੱਸਿਆ ਮੈਂ।’’ ਮਾਣੀ ਵੱਲੋਂ ਕੋਈ ਜਵਾਬ ਨਾ ਮਿਲਣ ’ਤੇ ਸਿੰਮੀ ਨੇ ਉਹਦੇ ਹੱਥ ’ਚੋਂ ਕਿਤਾਬ ਖੋਂਹਦਿਆਂ ਕਿਹਾ।
‘‘ਤੇ ਫੇਰ?’’ ਮਾਣੀ ਨੇ ਆਪਣੀ ਕਿਤਾਬ ਵਾਪਸ ਉਹਦੇ ਹੱਥ ’ਚੋਂ ਫੜਦਿਆਂ ਬਸ ਏਨਾ ਕਿਹਾ।
‘‘ਫੇਰ ਇਹ ਕਿ ਮੈਂ ਤੇਰਾ ਨਾਂ ਲਿਖਾ ’ਤਾ।’’ ਉਹ ਸ਼ਰਾਰਤ ਨਾਲ ਹੱਸੀ।
‘‘ਨੀਂ ਤੇਰਾ ਦਿਮਾਗ਼ ਠੀਕ ਐ? ਕੀਹਨੂੰ ਪੁੱਛ ਕੇ ਲਿਖਾਇਆ?’’ ਮਾਣੀ ਪੂਰੇ ਗੁੱਸੇ ਵਿਚ ਸੀ।
‘‘ਲੈ ਪੁੱਛਣ ਨੂੰ, ਮੈਂ ਬੜੀ ਤੇਰੀ ਜਾਇਦਾਦ ਕਿਸੇ ਦੇ ਨਾਂ ਕਰਨੀ ਸੀ। ਓਦਾਂ ਵੀ ਤਾਂ ਪਤਾ ਨਹੀਂ ਕੀ ਕੁਝ ਲਿਖ-ਲਿਖ ਕਾਪੀਆਂ ਕਾਲੀਆਂ ਕਰਦੀ ਐਂ। ਹੁਣ ਤਾਂ ਦੇਖ ਬਈ ਮੈਂ ਲਿਖਾ ’ਤਾ। ਭਾਗ ਤਾਂ ਤੈਨੂੰ ਲੈਣਾ ਪੈਣੈ, ਚਾਹੇ ਕੁਝ ਲਿਖੀ ਜਾਂ ਨਾ ਲਿਖੀ।’’ ਅਤੇ ਉਹ ਉੱਥੋਂ ਇੰਝ ਭੱਜ ਗਈ ਜਿਵੇਂ ਚੋਰ ਚੋਰੀ ਕਰਕੇ ਭੱਜਦਾ ਹੈ।
ਮੁਕਾਬਲੇ ਲਈ ਦੋ ਗਰੁੱਪ ਬਣੇ ਹੋਏ ਸਨ। ਇਕ ਪੰਜਵੀ ਤੋਂ ਅੱਠਵੀਂ ਤਕ ਅਤੇ ਦੂਜਾ ਨੌਂਵੀ ਤੋਂ ਬਾਰਵੀਂ ਤਕ। ਸਾਰੇ ਬੱਚਿਆਂ ਨੂੰ ਇਕ-ਇਕ ਕੋਰਾ ਕਾਗਜ਼ ਦੇ ਦਿੱਤਾ ਗਿਆ ਅਤੇ ਪੰਜਾਬੀ ਵਾਲੀ ਅਧਿਆਪਕਾ ਮੁਕਾਬਲੇ ਦੇ ਨਿਯਮ ਸਮਝਾਉਣ ਲੱਗੀ।
‘‘ਬੱਚਿਓ! ਤੁਸੀਂ ਦਿੱਤੇ ਹੋਏ ਕਾਗਜ਼ ਉੱਤੇ ਲੇਖ ਲਿਖਣਾ ਹੈ ਅਤੇ ਤੁਹਾਨੂੰ ਅੱਧੇ ਘੰਟੇ ਦਾ ਸਮਾਂ ਦਿੱਤਾ ਜਾ ਰਿਹਾ ਹੈ। ਤੁਸੀਂ ਲੇਖ ਸਿਰਫ਼ ਮਾਂ ਬਾਰੇ ਲਿਖਣਾ ਹੈ ਜਿਵੇਂ ਕਿ ਉਹ ਕਿਵੇਂ ਆਪਣੇ ਬੱਚਿਆਂ ਨੂੰ ਪਾਲਦੀ ਹੈ, ਉਸ ਦੀਆਂ ਕੁਰਬਾਨੀਆਂ ਬਾਰੇ ਜਾਂ ਕੁਝ ਵੀ ਜੋ ਤੁਸੀਂ ਲਿਖਣਾ ਚਾਹੋ ਕਿ ਮਾਂ ਕਿਵੇਂ ਦੀ ਹੁੰਦੀ ਹੈ।’’
ਅਧਿਆਪਕਾ ਦੀ ਗੱਲ ਸੁਣ ਸਾਰੇ ਬੱਚੇ ਲੇਖ ਲਿਖਣ ਵਿਚ ਰੁੱਝ ਗਏ ਤੇ ਮਾਣੀ ਜਿਵੇਂ ਪੱਥਰ ਦਾ ਬੁੱਤ ਬਣੀ ਬੈਠੀ ਸੀ। ਉਹ ਸੋਚ ਰਹੀ ਸੀ ਕਿ ਉਹ ਕਿਸ ਮਾਂ ਬਾਰੇ ਲਿਖੇ। ਮਤਰੇਈ ਮਾਂ ਬਾਰੇ ਜਿਸ ਕੋਲੋਂ ਉਸ ਨੂੰ ਝਿੜਕਾਂ ਤੋਂ ਬਿਨਾਂ ਕਦੇ ਕੁਝ ਨਹੀਂ ਮਿਲਿਆ ਜਾਂ ਉਸ ਮਾਂ ਬਾਰੇ ਜਿਸ ਨੂੰ ਉਸ ਨੇ ਕਦੇ ਦੇਖਿਆ ਹੀ ਨਹੀਂ। ਉਸ ਦੀਆਂ ਅੱਖਾਂ ’ਚੋਂ ਵਗਦੇ ਹੰਝੂ ਲੇਖ ਲਿਖਣ ਲਈ ਮਿਲੇ ਵਰਕੇ ਉੱਤੇ ਡਿੱਗ ਰਹੇ ਸਨ।
ਲੇਖ ਲਈ ਮਿਲੇ ਸਮੇਂ ਤੋਂ ਪੰਜ ਮਿੰਟ ਬਾਅਦ ਹੀ ਉਹ ਆਪਣੀ ਸੀਟ ਤੋਂ ਉੱਠੀ ਅਤੇ ਹੰਝੂਆਂ ਨਾਲ ਭਿੱਜਿਆ ਵਰਕਾ ਅਧਿਆਪਕਾ ਨੂੰ ਫੜਾ ਬਾਹਰ ਚਲੀ ਗਈ। ਵਰਕੇ ਉਪਰ ਸਿਰਫ਼ ਇਕੋ ਸਤਰ ਲਿਖੀ ਹੋਈ ਸੀ: ‘‘ਮੈਨੂੰ ਪਤਾ ਨਹੀਂ ਕਿ ਮਾਂ ਕਿਹੋ ਜਿਹੀ ਹੁੰਦੀ ਐ…।’’
ਸੰਪਰਕ: 94637-61800
ਤਾਲਾਬੰਦੀ
ਜੀਤ ਹਰਜੀਤ
‘‘ਸਤਿ ਸ਼੍ਰੀ ਅਕਾਲ ਆਂਟੀ।’’
‘‘ਹਾਂ ਭਾਈ ਕੁੜੀਏ, ਕੀ ਹਾਲ ਨੇ ਤੇਰੇ?’’
‘‘ਆਂਟੀ ਠੀਕ ਹੈ ਜੀ। ਬਹੁਤ ਵਧੀਆ। ਤੁਸੀਂ ਦੱਸੋ?’’
‘‘ਠੀਕ ਹਾਂ ਪੁੱਤ, ਬਾਕੀ ਤੈਨੂੰ ਪਤੈ ਬੁੜ੍ਹੇ ਸਰੀਰਾਂ ਦਾ। ਤੂੰ ਦੱਸ ਕੀ ਕਰ ਰਹੀ ਏਂ ਅੱਜਕੱਲ੍ਹ?’’
‘‘ਆਂਟੀ, ਮੈਂ ਪਟਿਆਲੇ ਤੋਂ ਤਿਆਰੀ ਕਰ ਰਹੀ ਹਾਂ ਆਈ.ਏ.ਐੱਸ ਦੀ।’’
‘‘ਚੱਲੋ ਪੁੱਤ ਵਧੀਆ। ਮਿਹਨਤ ਕਰੋ ਤਾਂ ਜੋ ਮੁੱਲ ਪਵੇ ਪੜ੍ਹਾਈਆਂ ਕੀਤੀਆਂ ਦਾ।’’
‘‘ਹਾਂਜੀ ਆਂਟੀ, ਬੱਸ ਇਹੀ ਕੋਸ਼ਿਸ਼ ਕਰ ਰਹੀ ਹਾਂ।’’
ਗਲੀ ਵਿਚੋਂ ਲੰਘ ਰਹੀ ਬਿਮਲਾ ਆਂਟੀ ਨੇ ਇੰਟਰਵਿਊ ਦੇ ਸੁਆਲਾਂ ਵਾਂਗ ਇਕ-ਇਕ ਕਰਕੇ ਕਈ ਸੁਆਲ ਮੈਨੂੰ ਇਕੱਠਿਆਂ ਹੀ ਦਾਗ਼ ਦਿੱਤੇ। ਮੈਂ ਵੀ ਹੁਸ਼ਿਆਰ ਵਿਦਿਆਰਥੀ ਵਾਂਗ ਸਾਰੇ ਸੁਆਲਾਂ ਦੇ ਜੁਆਬ ਬੜੇ ਹੀ ਪਿਆਰ ਨਾਲ ਦਿੱਤੇ।
ਉਸ ਵਕਤ ਮੈਂ ਰੋਜ਼ ਵਾਂਗ ਆਪਣੇ ਘਰ ਦੇ ਬਾਹਰ ਬੈਠੀ ਸੀ। ਅਕਸਰ ਸ਼ਾਮ ਢਲਣ ’ਤੇ ਮੈਂ ਅਤੇ ਮੰਮੀ ਬਾਹਰ ਬੈਠ ਜਾਂਦੇ ਹਾਂ। ਸਾਰਾ ਦਿਨ ਘਰ ਅੰਦਰ ਬੈਠਣਾ ਵੀ ਬੜਾ ਔਖਾ ਕੰਮ ਹੈ। ਜੇ ਮੈਂ ਇਹ ਕਹਾਂ ਕਿ ਦੁਨੀਆਂ ਦਾ ਸਭ ਤੋਂ ਔਖਾ ਕੰਮ ਹੀ ਵਿਹਲੇ ਘਰ ਬੈਠਣਾ ਹੈ ਤਾਂ ਮੈਨੂੰ ਲੱਗਦਾ ਹੈ ਮੈਂ ਗ਼ਲਤ ਨਹੀਂ ਹੋਵਾਂਗੀ। ਇਹ ਗੱਲ ਮੈਂ ਮਾਂ ਨਾਲ ਵੀ ਸਾਂਝੀ ਕੀਤੀ। ਉਨ੍ਹਾਂ ਨੇ ਮੇਰੇ ਨਾਲ ਸਹਿਮਤ ਹੁੰਦਿਆਂ ਕਿਹਾ ਕਿ ਜੋ ਇਨਸਾਨ ਜਿਸ ਤਰ੍ਹਾਂ ਦਾ ਕਿੱਤਾ ਕਰਦਾ ਹੈ ਉਸ ਤੋਂ ਟੁੱਟਣਾ ਹਮੇਸ਼ਾ ਉਸ ਲਈ ਔਖਾ ਹੀ ਹੁੰਦਾ ਏ। ਉਨ੍ਹਾਂ ਦਾ ਇਸ਼ਾਰਾ ਮੇਰੇ ਨਿੱਤ ਪਟਿਆਲੇ ਕਲਾਸਾਂ ਲਗਾਉਣ ਵੱਲ ਸੀ ਜੋ ਹੁਣ ਲੌਕਡਾਊਨ ਕਰਕੇ ਬੰਦ ਹੋ ਗਈਆਂ ਸਨ। ਉਂਜ ਅਕਾਦਮੀ ਵਾਲੇ ਪੜ੍ਹਾ ਤਾਂ ਔਨਲਾਈਨ ਵੀ ਰਹੇ ਸਨ, ਪਰ ਅਸਲੀਅਤ ਤੋਂ ਇਹ ਕੋਹਾਂ ਦੂਰ ਦੀ ਗੱਲ ਸੀ। ਇਸ ਔਨਲਾਈਨ ਸਿਸਟਮ ਵਿਚ ਮੇਰੀ ਭੋਰਾ ਵੀ ਦਿਲਚਸਪੀ ਨਹੀਂ। ਔਨਲਾਈਨ ਪੜ੍ਹਨਾ ਇੰਜ ਲੱਗਦਾ ਹੈ ਜਿਵੇਂ ਯੂ-ਟਿਊਬ ਤੋਂ ਕਿਸੇ ਵਿਦਵਾਨ ਦਾ ਭਾਸ਼ਣ ਸੁਣ ਰਹੇ ਹੋਈਏ। ਬਿਨਾਂ ਕਿਸੇ ਪ੍ਰਤੀਕਿਰਿਆ ਤੋਂ ਦਿੱਤਾ ਜਾ ਰਿਹਾ ਭਾਸ਼ਣ ਮੈਨੂੰ ਹਮੇਸ਼ਾ ਅਕਾਊ ਅਤੇ ਥਕਾਊ ਲੱਗਦਾ ਹੈ। ਇਸ ਕਰਕੇ ਹੀ ਮੈਂ ਔਨਲਾਈਨ ਕਲਾਸ ਲਗਾਉਣ ਤੋਂ ਟਾਲਾ ਵੱਟ ਲੈਂਦੀ ਹਾਂ।
ਗਰੈਜੂਏਸ਼ਨ ਪੂਰੀ ਹੋਣ ਤੋਂ ਬਾਅਦ ਹੀ ਮੈਂ ਕੋਚਿੰਗ ਲੈਣੀ ਸ਼ੁਰੂ ਕਰ ਦਿੱਤੀ ਸੀ ਤਾਂ ਜੋ ਮੰਮੀ ਪਾਪਾ ਦਾ ਮੈਨੂੰ ਅਫ਼ਸਰ ਬਣਾਉਣ ਦਾ ਸੁਪਨਾ ਸਾਕਾਰ ਹੋ ਸਕੇ। ਮੈਨੂੰ ਜਾਂਦਿਆਂ ਹਾਲੇ ਦੋ ਮਹੀਨੇ ਵੀ ਪੂਰੇ ਨਹੀਂ ਹੋਏ ਸਨ ਕਿ ਲੌਕਡਾਊਨ ਹੋ ਗਿਆ। ਉੱਤੋਂ ਇਸ ਵਿਚ ਹੋ ਰਹੇ ਲਗਾਤਾਰ ਵਾਧੇ ਨੇ ਸਥਿਤੀ ਨੂੰ ਹੋਰ ਉਲਝਾ ਕੇ ਰੱਖ ਦਿੱਤਾ। ਘਰ ਰਹਿਣਾ, ਉਹ ਵੀ ਸਾਰਾ ਦਿਨ, ਬੜਾ ਔਖਾ ਲੱਗਦਾ।
ਮੈਂ ਸਾਰਾ ਦਿਨ ਘਰ ਬੈਠ-ਬੈਠ ਕੇ ਅੱਕ ਗਈ ਸਾਂ। ਇਸ ਉਦਾਸੀ ਦੇ ਆਲਮ ਨੇ ਦੂਰ ਨੇੜੇ ਦੇ ਸਕੇ ਸਬੰਧੀ ਸਭ ਚੇਤੇ ਕਰਵਾ ਦਿੱਤੇ। ਸਾਰਾ-ਸਾਰਾ ਦਿਨ ਰਿਸ਼ਤੇਦਾਰਾਂ ਨੂੰ ਫੋਨ ਕਰਦਿਆਂ ਲੰਘਾਉਣਾ ਪੈਂਦਾ ਹੈ। ਸੱਚ ਆਖਾਂ ਤਾਂ ਹੁਣ ਇਸ ਕੰਮ ਤੋਂ ਵੀ ਮਨ ਅੱਕਣ ਲੱਗ ਗਿਆ ਹੈ। ਭਲਾ ਹਰ ਰੋਜ਼ ਕੀ ਗੱਲ ਹੁੰਦੀ ਹੈ ਕਰਨ ਨੂੰ? ਉਹੀ ਗੱਲਾਂ, ਇਨਸਾਨ ਕਿੰਨੇ ਕੁ ਦਿਨ ਅਤੇ ਕਿੰਨੀਆਂ ਕੁ ਘੁਮਾ ਫਿਰਾ ਕੇ ਕਰ ਸਕਦਾ ਹੈ ਭਲਾ। ਮੈਂ ਅੱਕੀ ਹੋਈ ਕੋਈ ਹੱਲ ਸੋਚ ਹੀ ਰਹੀ ਸੀ ਕਿ ਮੈਨੂੰ ਇਕਦਮ ਸਕੂਲ ਸਮੇਂ ਦੌਰਾਨ ਨਾਲ ਪੜ੍ਹਦੀਆਂ ਮੇਰੀਆਂ ਸਹੇਲੀਆਂ ਯਾਦ ਆਈਆਂ। ਸੋਚਿਆ ਉਨ੍ਹਾਂ ਨਾਲ ਚਾਰ-ਪੰਜ ਮਹੀਨਿਆਂ ਤੋਂ ਗੱਲ ਵੀ ਨਹੀਂ ਹੋਈ, ਇਸ ਕਰਕੇ ਉਨ੍ਹਾਂ ਨੂੰ ਫੋਨ ਕਰਦੀ ਹਾਂ।
ਸਭ ਤੋਂ ਪਹਿਲਾਂ ਮੈਨੂੰ ਉਸ ਸਹੇਲੀ ਦਾ ਚੇਤਾ ਆਇਆ ਜਿਸ ਨਾਲ ਮੈਂ ਸਭ ਤੋਂ ਵੱਧ ਲੜਿਆ ਕਰਦੀ ਸੀ। ਇਹ ਵੀ ਇਕ ਸਚਾਈ ਹੈ ਕਿ ਦੂਰ ਹੋਣ ਨਾਲ ਰਿਸ਼ਤਿਆਂ ਦੀ ਅਹਿਮੀਅਤ ਦਾ ਅਹਿਸਾਸ ਜ਼ਿਆਦਾ ਹੁੰਦਾ ਹੈ। ਸਮੇਂ ਨਾਲ ਰਿਸ਼ਤਿਆਂ ਵਿਚਲੇ ਅਰਥ ਫਿੱਕੇ ਜਾਂ ਗੂੜ੍ਹੇ ਹੋ ਜਾਂਦੇ ਹਨ। ਉਸ ਸਮੇਂ ਸਾਡੇ ਲੜਨ ਦਾ ਕਾਰਨ ਇਹ ਹੁੰਦਾ ਸੀ ਕਿ ਉਹ ਕਈ ਵਾਰ ਮੇਰੇ ਮੁਕਾਬਲੇ ਦੇ ਨੰਬਰ ਲੈ ਜਾਂਦੀ ਸੀ। ਮੈਨੂੰ ਫ਼ਿਕਰ ਹੁੰਦਾ ਸੀ ਕਿ ਕਿਤੇ ਕਿਸੇ ਦਿਨ ਇਹ ਮੇਰੇ ਤੋਂ ਜ਼ਿਆਦਾ ਨੰਬਰ ਨਾ ਲੈ ਜਾਵੇ। ਇਸ ਕਰਕੇ ਮੈਂ ਉਸ ਨਾਲ ਖਾਰ ਖਾਂਦੀ ਸੀ। ਗੱਲ-ਗੱਲ ਉੱਤੇ ਉਸ ਨਾਲ ਲੜਨ ਦਾ ਅਸਲੀ ਕਾਰਨ ਇਹੀ ਹੁੰਦਾ ਸੀ, ਉਂਜ ਭਾਵੇਂ ਬਹਾਨਾ ਕੋਈ ਹੋਰ ਬਣ ਜਾਂਦਾ ਸੀ। ਪਤਾ ਨਹੀਂ ਕਿਉਂ ਅੱਜ ਮੈਨੂੰ ਉਸ ਪ੍ਰੀਤ ਦਾ ਹੀ ਸਭ ਤੋਂ ਜ਼ਿਆਦਾ ਪਿਆਰ ਆ ਰਿਹਾ ਸੀ। ਇਸ ਕਰਕੇ ਮੈਂ ਉਸ ਨਾਲ ਸਭ ਤੋਂ ਪਹਿਲਾਂ ਗੱਲ ਕਰਨ ਲਈ ਉਸ ਦੇ ਘਰ ਫ਼ੋਨ ਮਿਲਾਇਆ। ਫ਼ੋਨ ਉੱਠਦੇ ਸਾਰ ਹੀ ਮੈਂ ਆਵਾਜ਼ ਪਛਾਣ ਕੇ ਅੱਗੋਂ ਕਿਹਾ, ‘‘ਸਤਿ ਸ਼੍ਰੀ ਅਕਾਲ ਅੰਕਲ ਜੀ, ਮੈਂ ਰਮਨ ਬੋਲ ਰਹੀ ਹਾਂ। ਮੇਰੀ ਪ੍ਰੀਤ ਨਾਲ ਗੱਲ ਕਰਵਾ ਦਿਓ।’’
ਕੁਝ ਸਕਿੰਟ ਦੀ ਚੁੱਪ ਤੋਂ ਬਾਅਦ ਪ੍ਰੀਤ ਨੇ ‘‘ਹੈਲੋ’’ ਕਿਹਾ
‘‘ਹਾਂ ਪ੍ਰੀਤ ਕੀ ਹਾਲ ਨੇ? ਮੈਂ ਰਮਨ ਬੋਲ ਰਹੀ ਹਾਂ।’’
‘‘ਹਾਂਜੀ ਕਿਵੇਂ ਆ ਰਮਨ। ਤੈਨੂੰ ਕਿਵੇਂ ਅੱਜ ਮਹੀਨਿਆਂ ਬਾਅਦ ਮੇਰੀ ਯਾਦ ਆ ਗਈ?’’
ਉਸ ਦੇ ਇਸ ਸੁਆਲ ਦਾ ਤਾਂ ਮੇਰੇ ਕੋਲ ਜੁਆਬ ਨਹੀਂ ਸੀ। ਇਸ ਲਈ ਇਸ ਦਾ ਉੱਤਰ ਨਾ ਦਿੰਦਿਆਂ ਮੈਂ ਗੱਲ ਨੂੰ ਹੋਰ ਪਾਸੇ ਮੋੜ ਦਿੱਤਾ, ‘‘ਬਸ ਯਾਰ ਕੁਝ ਨਹੀਂ, ਆਹ ਕਰੋਨਾ ਨੇ ਸਭ ਗੜਬੜ ਕਰ ਦਿੱਤੀ ਹੈ। ਘਰਾਂ ’ਚ ਬੰਨ੍ਹ ਕੇ ਬਿਠਾ ਦਿੱਤਾ ਹੈ।’’
‘‘ਹਾਂਜੀ ਹਾਂ ਇਹ ਤਾਂ ਹੈ।’’
‘‘ਮੈਂ ਤਾਂ ਪਟਿਆਲੇ ਤੋਂ ਕੋਚਿੰਗ ਲੈ ਰਹੀ ਸੀ ਆਈ.ਏ.ਐੱਸ. ਦੀ ਤੇ ਇਹ ਲੌਕਡਾਊਨ ਹੋ ਗਿਆ। ਇਸ ਲਈ ਹੁਣ ਘਰ ਬੈਠਣ ਲਈ ਮਜਬੂਰ ਹਾਂ।’’
‘‘ਅੱਛਾ… ਤਾਂ ਹੀ ਯਾਦ ਆ ਗਈ ਤੈਨੂੰ ਮੇਰੀ!’’
‘‘ਹਾਹਾਹਾਹਾਹਾ… ਹੋਰ ਤੂੰ ਸੁਣਾ ਕੀ ਕਰ ਰਹੀ ਏਂ ਅੱਜਕੱਲ੍ਹ? ਪ੍ਰੀਤ, ਤੈਨੂੰ ਔਖਾ ਨਹੀਂ ਲੱਗਦਾ ਘਰ ਬੈਠਣਾ? ਮੈਨੂੰ ਤਾਂ ਬਹੁਤ ਔਖਾ ਹੋਇਆ ਪਿਆ ਹੈ ਇਕ-ਇਕ ਪ਼ਲ ਲੰਘਾਉਣਾ।’’
‘‘ਨਹੀਂ ਰਮਨ, ਮੈਨੂੰ ਤਾਂ ਕੋਈ ਔਖਾ ਨਹੀਂ ਲੱਗ ਰਿਹਾ ਕਿਉਂਕਿ ਮੈਂ ਤਾਂ ਭੈਣੇ ਕਾਲਜ ਤੋਂ ਬਾਅਦ ਦੀ ਘਰ ਹੀ ਹਾਂ।’’
‘‘ਸੱਚੀਂ! ਤੂੰ ਅੱਗੇ ਕੁਝ ਕਰਨ ਬਾਰੇ ਨ੍ਹੀਂ ਸੋਚਿਆ।’’
‘‘ਨਹੀਂ ਰਮਨ, ਘਰ ਦੇ ਕਹਿੰਦੇ ਬਹੁਤ ਐ ਗਰੈਜੂਏਸ਼ਨ ਹੋ ਗਈ। ਬਹੁਤਾ ਪੜ੍ਹ ਕੇ ਕੀ ਕਰਨਾ, ਨੌਕਰੀਆਂ ਤਾਂ ਅੱਜਕੱਲ੍ਹ ਮਿਲਦੀਆਂ ਨਹੀਂ। ਉਹ ਮੁੰਡਾ ਦੇਖ ਰਹੇ ਨੇ ਵਿਆਹ ਕਰ ਦੇਣਗੇ ਮੇਰਾ।’’
‘‘ਅੱਛਾ ਅੱਛਾ… ਹੋਰ ਸੁਣਾ ਸਭ ਠੀਕ ਹੈ ਘਰ। ਭਾਈ ਕੀ ਕਰ ਰਿਹਾ ਤੇਰਾ?’’
‘‘ਉਹਦਾ ਵਿਆਹ ਹੋ ਗਿਆ ਹੈ। ਉਸ ਕੋਲ ਇਕ ਬੇਟਾ ਹੈ।’’
‘‘ਉਹ ਵਾਹ… ਵੈਰੀ ਗੁੱਡ। ਭਾਬੀ ਕੀ ਕਰਦੇ ਨੇ?’’
‘‘ਉਹ ਤਾਂ ਘਰ ਹੀ ਹੁੰਦੇ ਨੇ। ਵੀਰਾ ਪੜ੍ਹ ਰਿਹਾ। ਯੂਨੀਵਰਸਿਟੀ ’ਚ ਐੱਮ.ਫ਼ਿਲ. ਕਰ ਰਿਹਾ ਹੈ।’’
‘‘ਚਲੋ ਵਧੀਆ ਪ੍ਰੀਤ। ਹੋਰ ਸਭ ਠੀਕ? ਚੱਲ ਠੀਕ ਹੈ ਪ੍ਰੀਤ, ਧਿਆਨ ਰੱਖੀਂ ਆਪਣਾ ਬਾਏ…।’’
‘‘ਹਾਂਜੀ ਠੀਕ ਰਮਨ ਓਕੇ।’’
ਪ੍ਰੀਤ ਦੀਆਂ ਗੱਲਾਂ ਸੁਣ ਕੇ ਮੇਰੇ ਅੰਦਰ ਹਜ਼ਾਰਾਂ ਸੁਆਲ ਖੜ੍ਹੇ ਹੋਏ। ਇਸ ਤੋਂ ਪਹਿਲਾਂ ਕਿ ਮੈਂ ਇਨ੍ਹਾਂ ਸਵਾਲਾਂ ਦੇ ਜਵਾਬ ਤਲਾਸ਼ਣ ਦੀ ਕੋਸ਼ਿਸ਼ ਕਰਦੀ ਜਾਂ ਇਸ ਬਾਰੇ ਕਿਸੇ ਨਾਲ ਗੱਲ ਕਰਦੀ, ਮੈਂ ਅਗਲਾ ਫ਼ੋਨ ਪ੍ਰਭਜੋਤ ਨੂੰ ਮਿਲਾ ਦਿੱਤਾ।
‘‘ਹੈਲੋ… ਆਂਟੀ ਸਤਿ ਸ਼੍ਰੀ ਅਕਾਲ ਜੀ, ਮੈਂ ਰਮਨ ਬੋਲ ਰਹੀ ਹਾਂ। ਮੇਰੀ ਪ੍ਰਭਜੋਤ ਨਾਲ ਗੱਲ ਕਰਵਾ ਦਿਓ।’’
ਆਂਟੀ ਦੇ ਜਵਾਬ ਨੇ ਮੈਨੂੰ ਸੋਚਾਂ ਵਿਚ ਪਾ ਦਿੱਤਾ।
‘‘ਪੁੱਤ, ਪ੍ਰਭਜੋਤ ਦਾ ਤਾਂ ਵਿਆਹ ਹੋ ਗਿਆ ਹੈ। ਉਹ ਹੁਣ ਆਪਣੇ ਸਹੁਰੇ ਘਰ ਹੈ।’’
ਮੈਨੂੰ ਇਹ ਸੁਣ ਕੇ ਬੜਾ ਅਜੀਬ ਜਿਹਾ ਲੱਗਿਆ ਕਿ ਐਨੀ ਛੇਤੀ ਵਿਆਹ ਕਿਵੇਂ ਕਰ ਦਿੱਤਾ। ਉਸ ਦੀ ਉਮਰ ਤਾਂ ਤਕਰੀਬਨ ਮੇਰੇ ਹਾਣ ਦੀ, ਅਠਾਰਾਂ-ਉੱਨੀ ਸਾਲ ਸੀ। ਇਸ ਵਿਚਾਰ ਨੂੰ ਅੱਗੇ ਵਧਾਉਂਦਿਆਂ ਮੇਰੇ ਦਿਲ ਅੰਦਰ ਹੋਰ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਹੋਣ ਲੱਗੇ।
ਇਸ ਤੋਂ ਪਹਿਲਾਂ ਕਿ ਮੈਂ ਕੁਝ ਬੋਲਦੀ ਆਂਟੀ ਹੀ ਬੋਲ ਪਏ।
‘‘ਪੁੱਤ, ਜੇ ਕੋਈ ਜ਼ਰੂਰੀ ਗੱਲ ਕਰਨੀ ਹੈ ਤਾਂ ਮੈਂ ਤੈਨੂੰ ਉਸ ਦਾ ਨੰਬਰ ਲਿਖਾ ਦਿੰਦੀ ਹਾਂ। ਤੂੰ ਉਸ ਨੂੰ ਫ਼ੋਨ ਕਰ ਲਵੀਂ।’’
‘‘ਜੀ ਆਂਟੀ ਲਿਖਵਾ ਦਿਓ। ਠੀਕ ਹੈ ਆਂਟੀ ਮੈਂ ਕਰਦੀ ਹਾਂ ਫ਼ੋਨ ਉਸ ਨੂੰ। ਹੋਰ ਆਂਟੀ, ਘਰ ਸਭ ਠੀਕ ਹੈ ਜੀ?’’
‘‘ਹਾਂ ਪੁੱਤ, ਰਾਜੀ ਹੈ।’’
‘‘ਓਕੇ ਆਂਟੀ, ਫ਼ੋਨ ਰੱਖ ਰਹੀ ਹਾਂ।’’
ਆਂਟੀ ਦੇ ‘‘ਚੰਗਾ ਪੁੱਤ ਕਹਿੰਦਿਆਂ’’ ਮੈਂ ਫ਼ੋਨ ਕੱਟ ਦਿੱਤਾ।
ਫ਼ੋਨ ਰੱਖਣ ਮਗਰੋਂ ਮੈਂ ਸੋਚਾਂ ਵਿਚ ਪੈ ਗਈ ਕਿ ਭਲਾ ਇਉਂ ਵੀ ਵਿਆਹ ਹੋ ਜਾਂਦੇ ਨੇ! ਪ੍ਰਭਜੋਤ ਦੇ ਮੰਮੀ ਕਹਿ ਰਹੇ ਸੀ ਕਿ ਸਾਨੂੰ ਰਿਸ਼ਤਾ ਜਲਦੀ-ਜਲਦੀ ਵਿਚ ਕਰਨਾ ਪਿਆ। ਮੁੰਡਾ ਚੰਗਾ ਮਿਲ ਗਿਆ ਸੀ। ਮਾਪਿਆਂ ਦਾ ’ਕੱਲਾ ਪੁੱਤ ਹੈ ਤੇ ਪੰਦਰਾਂ ਕਿੱਲੇ ਜ਼ਮੀਨ ਆਉਂਦੀ ਐ। ਪੈਸਾ ਬਥੇਰੈ ਕੋਈ ਥੋੜ੍ਹ ਨਹੀਂ ਕਾਸੇ ਦੀ। ਵਿਹਲੀ ਬੈਠ ਕੇ ਖਾਊ ਕੁੜੀ ਆਪਣੀ। ਇਹ ਤਾਂ ਇਹਦੇ ਕਰਮ ਚੰਗੇ ਸੀ। ਪਹਿਲਾਂ ਮੁੰਡਾ ਤਾਂ ਤਕੜੇ ਘਰ ਹੀ ਮੰਗਿਆ ਹੋਇਆ ਸੀ। ਉਹ ਤਾਂ ਇਹਦੇ ਕਰਮਾਂ ਨੂੰ ਲੌਕਡਾਊਨ ਹੋ ਗਿਆ। ਉਨ੍ਹਾਂ ਨੂੰ ਕੁੜੀ ਵਾਲੇ ਕਹਿੰਦੇ ਬਈ ਅਸੀਂ ਤਾਂ ਕੁੜੀ ਵਿਆਹ ਕਰੇ ਬਿਨਾਂ ਨਹੀਂ ਤੋਰਨੀ। ’ਕੱਲੀ ਕੁੜੀ ਹੈ। ਐਨਾ ਪੈਸਾ ਹੈ ਸਾਡੇ ਕੋਲ। ਜੇ ਐਦਾਂ ਤੋਰ ਦਿੱਤੀ ਸਾਡੇ ਰਿਸ਼ਤੇਦਾਰ ਕੀ ਕਹਿਣਗੇ? ’ਕੱਠ ਤੈਨੂੰ ਪਤੈ ਗੌਰਮਿੰਟ ਨੇ ਬੰਦ ਕਰ ਦਿੱਤੇ ਨੇ ਕਰਨੇ। ਉਹ ਕਹਿੰਦੇ ਵਿਆਹ ਅੱਗੇ ਪਾ ਲੈਂਦੇ ਹਾਂ। ਪਰ ਇਹ ਕਹਿੰਦੇ ਸਾਡੀ ਸ਼ਰੀਕੇ ਵਿਚ ਬੇਇੱਜ਼ਤੀ ਹੋ ਜਾਵੇਗੀ ਜੇ ਮੁੰਡੇ ਦਾ ਸਹੀ ਸਮੇਂ ’ਤੇ ਵਿਆਹ ਨਾ ਹੋਇਆ। ਮੁੰਡੇ ਵਾਲਿਆਂ ਤਾਂ ਇਹ ਵੀ ਆਖਿਆ ਸੀ ਕਿ ਆਪਾਂ ਬਾਅਦ ਵਿਚ ਵੱਡੀ ਪਾਰਟੀ ਕਰ ਲਵਾਂਗੇ ਜਦੋਂ ਆ ਹਾਲਾਤ ਠੀਕ ਹੋ ਗਏ। ਬੱਸ ਭਾਈ! ਕੁੜੀ ਵਾਲੇ ਮੰਨੇ ਨਹੀਂ ਤੇ ਰਿਸ਼ਤਾ ਟੁੱਟ ਗਿਆ।
ਮੁੰਡੇ ਵਾਲਿਆਂ ਘਰ ਅੰਦਰੋਂ-ਅੰਦਰੀਂ ਸਲਾਹਾਂ ਹੋਣ ਲੱਗੀਆਂ ਕਿ ਗੱਲ ਕਿਵੇਂ ਸਿੱਧੇ ਰਾਹ ਪਾਈ ਜਾਵੇ ਤਾਂ ਜੋ ਬੇਇੱਜ਼ਤੀ ਹੋਣ ਤੋਂ ਬਚ ਜਾਵੇ। ਕਿਤੇ ਪ੍ਰਭਜੋਤ ਦੀ ਭੂਆ ਉਨ੍ਹਾਂ ਨੂੰ ਜਾਣਦੀ ਸੀ। ਉਹ ਕਹਿੰਦੀ, ਕੁੜੀ ਤਾਂ ਮੈਂ ਲਿਆ ਦਿੰਦੀ ਹਾਂ ਭਾਈ ਪਰ ਦਹੇਜ ਨ੍ਹੀਂ ਦੇ ਸਕਦੇ। ਇਹ ਕਹਿੰਦੇ, ਅਸੀਂ ਤਾਂ ਕੱਪੜੇ ਵੀ ਆਪਣੇ ਪਾ ਕੇ ਲੈ ਜਾਵਾਂਗੇ। ਇਹਦੀ ਭੂਆ ਨੇ ਪ੍ਰਭਜੋਤ ਦੇ ਪਾਪਾ ਨੂੰ ਮਨਾ ਲਿਆ। ਫਿਰ ਕੀ ਸੀ ਪੁੱਤ, ਅਸੀਂ ਚਾਰ ਦਿਨਾਂ ਵਿਚ ਵਿਆਹ ਦੇ ਦਿੱਤਾ। ਇਸ ਤਰ੍ਹਾਂ ਇਹਦੀ ਭੂਆ ਜ਼ਰੀਏ ਗੱਲ ਸਿਰੇ ਚੜ੍ਹ ਗਈ। ਉਨ੍ਹਾਂ ਦਾ ਸ਼ਰੀਕੇ ਵਿਚ ਨੱਕ ਰਹਿ ਗਿਆ ਤੇ ਆਪਾਂ ਨੂੰ ਸਿਉਨੇ ਵਰਗਾ ਘਰ ਮਿਲ ਗਿਆ।
ਪ੍ਰਭਜੋਤ ਦੀ ਮੰਮੀ ਦੇ ਇਹ ਸਾਰੇ ਬੋਲ ਕਿਸੇ ਫ਼ਿਲਮ ਦੇ ਸੰਵਾਦਾਂ ਵਾਂਗ ਇਕਦਮ ਹੀ ਮੇਰੇ ਦਿਮਾਗ਼ ਵਿਚ ਚੜ੍ਹ ਗਏ। ਗੱਲ ਮਨ ਵਿੱਚੋਂ ਆਈ ਗਈ ਕਰ ਕੇ ਮੈਂ ਪ੍ਰਭਜੋਤ ਨੂੰ ਫ਼ੋਨ ਮਿਲਾਇਆ।
‘‘ਹੈਲੋ ਪ੍ਰਭਜੋਤ…’’
‘‘ਹਾਂਜੀ… ਰਮਨ…’’
‘‘ਪ੍ਰਭਜੋਤ ਤੂੰ ਬੜਾ ਪਛਾਣਿਆ ਮੈਨੂੰ।’’
‘‘ਲੈ ਦੱਸ ਭੁੱਲ ਕਿਵੇਂ ਸਕਦੇ ਹਾਂ… ਆਖ਼ਰ ਕਿੰਨਾ ਸਮਾਂ ਇਕ ਦੂਜੇ ਨਾਲ ਰਹੇ ਹਾਂ। ਤੈਨੂੰ ਮੇਰਾ ਨੰਬਰ ਕਿੱਥੋਂ ਮਿਲਿਆ?’’
‘‘ਨੰਬਰ ਤਾਂ ਭੈਣੇ ਮਿਲ ਹੀ ਜਾਂਦੇ ਨੇ… ਜੇ ਤੂੰ ਵਿਆਹ ਕਰਵਾ ਕੇ ਨਹੀਂ ਦੱਸੇਂਗੀ, ਇਹਦਾ ਮਤਲਬ ਇਹ ਥੋੜ੍ਹਾ ਹੈ ਬਈ ਪਤਾ ਹੀ ਨਹੀਂ ਲੱਗਣਾ।’’
‘‘ਨਹੀਂ ਰਮਨ, ਇਹ ਤਾਂ ਬੱਸ ਅਚਾਨਕ ਹੀ ਹੋ ਗਿਆ।’’
‘‘ਚੱਲ ਕੋਈ ਨਾ। ਹੋਰ ਸੁਣਾ ਕਿਵੇਂ ਹੈ ਤੇਰਾ ਸਹੁਰਾ ਪਰਿਵਾਰ?’’
‘‘ਠੀਕ ਹੈ ਰਮਨ, ਵਧੀਆ, ਤੂੰ ਸੁਣਾ ਕੀ ਕਰ ਰਹੀ ਏਂ ਅੱਜਕੱਲ੍ਹ?’’
‘‘ਮੈਂ ਪਟਿਆਲੇ ਆਈ.ਏ.ਐੱਸ ਦੀ ਤਿਆਰੀ ਕਰ ਰਹੀ ਹਾਂ, ਪਰ ਹੁਣ ਸਭ ਕੁਝ ਬੰਦ ਹੈ। ਇਸ ਲਈ ਘਰ ਬੈਠਣ ਵਾਸਤੇ ਮਜਬੂਰ ਹਾਂ…। ਘਰ ਬੈਠਣਾ ਕਿੰਨਾ ਔਖਾ ਹੈ ਨਾ!’’
‘‘ਹਾਂ ਰਮਨ, ਜਿਹੜਾ ਨਿੱਤ ਘਰੋਂ ਬਾਹਰ ਜਾਂਦਾ ਹੋਵੇ ਉਸ ਲਈ ਤਾਂ ਔਖਾ ਹੀ ਹੈ। ਮੇਰੇ ਵਰਗੀ ਨੂੰ ਕੀ ਔਖਾ ਲੱਗਣੈ ਭੈਣੇ। ਮੈਂ ਤਾਂ ਪਹਿਲਾਂ ਵੀ ਘਰ ਹੀ ਸੀ। ਹੁਣ ਵਿਆਹ ਤੋਂ ਬਾਅਦ ਵੀ ਸਦਾ ਘਰ ਅੰਦਰ ਹੀ ਰਹਿਣਾ ਹੈ।’’
‘‘ਕਿਉਂ ਪ੍ਰਭਜੋਤ? ਤੇਰਾ ਅੱਗੇ ਪੜ੍ਹਨ ਦਾ ਦਿਲ ਨਹੀਂ ਕੀਤਾ? ਤੈਨੂੰ ਤਾਂ ਪੜ੍ਹਨਾ ਐਨਾ ਚੰਗਾ ਲੱਗਦਾ ਸੀ। ਮੈਨੂੰ ਯਾਦ ਹੈ ਤੂੰ ਕਾਲਜ ਵਿਚ ਰੋਟੀ ਖਾਣ ਸਮੇਂ ਵੀ ਕਿਤਾਬਾਂ ਲਈ ਬੈਠੀ ਹੁੰਦੀ ਸੀ।’’
‘‘ਪ੍ਰਭਜੋਤ, ਉਹ ਉਸ ਵਕਤ ਦੀਆਂ ਗੱਲਾਂ ਨੇ। ਹੁਣ ਉਹ ਸਭ ਕੁਝ ਇਕ ਸੁਪਨਾ ਜਿਹਾ ਬਣ ਕੇ ਰਹਿ ਗਿਆ ਹੈ।’’
‘‘ਅੱਛਾ, ਚੱਲ ਛੱਡ। ਹੋਰ ਸੁਣਾ, ਕੀ ਕਰਦੇ ਨੇ ਜੀਜਾ ਜੀ?’’
‘‘ਕੁਝ ਨਹੀਂ, ਆਪਣੀ ਜ਼ਮੀਨ ਹੈ ਸਾਡੀ ਖ਼ਾਸੀ। ਖੇਤ ਲਈ ਕਈ ਕਾਮੇ ਰੱਖੇ ਹੋਏ ਨੇ। ਬੱਸ ਉਨ੍ਹਾਂ ਦਾ ਧਿਆਨ ਰੱਖਦੇ ਨੇ। ਤੈਨੂੰ ਪਤੈ ਅੱਜਕੱਲ੍ਹ ਮਾਲਕ ਬਿਨਾਂ ਨੌਕਰ ਕੰਮ ਨਹੀਂ ਕਰਦੇ।’’
‘‘ਹੂੰ ਹੂੰ… ਹੋਰ ਪ੍ਰਭਜੋਤ ਸਭ ਠੀਕ! ਚੱਲ ਧਿਆਨ ਰੱਖੀਂ ਆਪਣਾ ਬਾਏ…।’’
‘‘ਹਾਂਜੀ ਠੀਕ। ਓਕੇ ਰਮਨ।’’
ਫ਼ੋਨ ਕੱਟਣ ਬਾਅਦ ਮੈਂ ਐਨਾ ਉਲਝ ਗਈ ਕਿ ਮੈਨੂੰ ਸਮਝ ਨਹੀਂ ਆ ਰਿਹਾ ਸੀ, ਸਾਡੇ ਸਮਾਜ ਵਿਚ ਇਹ ਹੋ ਕੀ ਰਿਹਾ ਹੈ? ਫ਼ੋਨ ਰੱਖਣ ਮਗਰੋਂ ਮੈਂ ਸੋਚ ਰਹੀ ਸੀ ਕਿ ਕਿਵੇਂ ਸਾਡਾ ਸਮਾਜ ਪ੍ਰਭਜੋਤ ਵਰਗੀਆਂ ਕੁੜੀਆਂ ਦੀ ਜ਼ਿੰਦਗੀ ਲਈ ਸਦਾ ਦੀ ‘ਤਾਲਾਬੰਦੀ’ ਦੇ ਫ਼ੈਸਲੇ ਸੁਣਾ ਰਿਹਾ ਹੈ। ਕਿਵੇਂ ਪ੍ਰੀਤ ਵਰਗੀਆਂ ਕੁੜੀਆਂ ਮਾਪਿਆਂ ਦੀ ‘ਸੂਝ ਭਰੀ ਤਾਲਾਬੰਦੀ’ ਕਰਕੇ ਆਪਣੇ ਸੁਪਨਿਆਂ ਦਾ ਕਤਲ ਕਰ ਸਦਾ ਲਈ ਘਰ ਬੈਠਣ ਨੂੰ ਮਜਬੂਰ ਹਨ। ਪਤਾ ਨਹੀਂ ਅਜਿਹੀਆਂ ਕੁੜੀਆਂ ਲਈ ਹੋ ਰਹੀਆਂ ਤਾਲਾਬੰਦੀਆਂ ਖ਼ੌਰੇ ਕਦੋਂ ਖੁੱਲ੍ਹਣਗੀਆਂ।
ਸੰਪਰਕ: 97816-77772