ਸੁਖਵਿੰਦਰ ਸਿੰਘ ਮੁੱਲਾਂਪੁਰ
ਪੰਜਾਬੀ ਸਾਹਿਤ ਦੇ ਖੇਤਰ ਵਿਚ ਕੁਲਵੰਤ ਸਿੰਘ ਵਿਰਕ ਦਾ ਨਾਮ ਕਿਸੇ ਜਾਣ ਪਛਾਣ ਦਾ ਮੁਥਾਜ ਨਹੀਂ। ਉਨ੍ਹਾਂ ਨੇ ਪੰਜਾਬੀ ਕਹਾਣੀ ਨੂੰ ਵੱਖਰੀ ਨੁਹਾਰ ਦਿੱਤੀ। ਕੁਲਵੰਤ ਸਿੰਘ ਵਿਰਕ ਦਾ ਜਨਮ ਪਿਤਾ ਆਸਾ ਸਿੰਘ ਵਿਰਕ ਅਤੇ ਮਾਤਾ ਈਸਰ ਕੌਰ ਚੱਠਾ ਦੇ ਘਰ 20 ਮਈ 1921 ਨੂੰ ਅਣਵੰਡੇ ਪੰਜਾਬ ਦੇ ਪਿੰਡ ਫੁੱਲਰਵਨ ਜ਼ਿਲ੍ਹਾ ਸ਼ੇਖੂਪੁਰਾ (ਹੁਣ ਪਾਕਿਸਤਾਨ) ਦੇ ਕਿਸਾਨ ਪਰਿਵਾਰ ਵਿਚ ਹੋਇਆ। ਇਸ ਇਲਾਕੇ ਨੂੰ ਸਾਂਦਲ ਬਾਰ ਦੇ ਨਾਂ ਨਾਲ ਯਾਦ ਕੀਤਾ ਜਾਂਦਾ ਹੈ।
ਕੁਲਵੰਤ ਸਿੰਘ ਵਿਰਕ ਪਿੰਡ ਦੇ ਸਕੂਲ ਤੋਂ ਚਾਰ ਜਮਾਤਾਂ ਪਾਸ ਕਰ ਕੇ ਖਾਲਸਾ ਹਾਈ ਸਕੂਲ ਨਨਕਾਣਾ ਸਾਹਿਬ ਦਾਖ਼ਲ ਹੋ ਗਏ। 1936 ਵਿਚ ਉਨ੍ਹਾਂ ਨੇ ਦਸਵੀਂ ਜਮਾਤ ਸ਼ੇਖੂਪੁਰੇ ਤੋਂ ਪਾਸ ਕੀਤੀ। ਫਿਰ ਬੀ.ਏ. ਅਤੇ ਐਮ.ਏ. ਅੰਗਰੇਜ਼ੀ ਕਰਨ ਉਪਰੰਤ ਲਾਅ ਕਾਲਜ ਲਾਹੌਰ ਤੋਂ ਐਲ.ਐਲ.ਬੀ. ਪਾਸ ਕੀਤੀ।
1942 ਵਿਚ ਫ਼ੌਜ ਵਿਚ ਲੈਫਟੀਨੈਂਟ ਭਰਤੀ ਹੋਏ। ਇਹ ਦੂਜੀ ਆਲਮੀ ਜੰਗ ਦਾ ਸਮਾਂ ਸੀ। ਯੁੱਧ ਖ਼ਤਮ ਹੁੰਦਿਆਂ ਹੀ ਹਿੰਦੋਸਤਾਨੀ ਫ਼ੌਜੀ ਹਟਾ ਦਿੱਤੇ ਗਏ। 1947 ਵਿਚ ਦੇਸ਼ ਆਜ਼ਾਦ ਹੋ ਗਿਆ। ਪਾਕਿਸਤਾਨ ਵਿਚ ਰਹਿ ਗਏ ਪਰਿਵਾਰਾਂ ਨੂੰ ਇੱਧਰ ਲਿਆਉਣ ਖ਼ਾਤਰ ਕੁਲਵੰਤ ਸਿੰਘ ਵਿਰਕ ਨੂੰ 1947 ਵਿਚ ਮੁੜ ਵਸੇਬਾ ਵਿਭਾਗ ਵਿਚ ਲਾਇਜ਼ਨ ਅਫ਼ਸਰ ਦੀ ਨੌਕਰੀ ਮਿਲ ਗਈ। 1949 ਵਿਚ ਕੁਲਵੰਤ ਸਿੰਘ ਵਿਰਕ ਦਾ ਵਿਆਹ ਹਰਬੰਸ ਕੌਰ ਨਾਲ ਹੋਇਆ ਜੋ ਅੰਮ੍ਰਿਤਸਰ ਦੇ ਹੱਡੀਆਂ ਦੇ ਮਾਹਿਰ ਡਾ. ਕਰਮ ਸਿੰਘ ਗਰੇਵਾਲ ਦੀ ਧੀ ਸੀ। ਇਨ੍ਹਾਂ ਦੇ ਘਰ ਦੋ ਪੁੱਤਰਾਂ ਅਤੇ ਤਿੰਨ ਧੀਆਂ ਨੇ ਜਨਮ ਲਿਆ। 1949 ਤੋਂ 1951 ਤੱਕ ਲੋਕ ਸੰਪਰਕ ਵਿਭਾਗ ਵਿਚ ਅਧਿਕਾਰੀ ਰਹੇ। ਇਕ ਸਾਲ ਰਸਾਲਿਆਂ ਜਾਗ੍ਰਤੀ ਅਤੇ ਐਂਡਵਾਂਸ (ਅੰਗਰੇਜ਼ੀ) ਦੇ ਸੰਪਾਦਕ ਰਹੇ।
ਜਲੰਧਰ ਵਿਖੇ ਸਹਾਇਕ ਸੂਚਨਾ ਅਧਿਕਾਰੀ (1956 ਤੋਂ 1964 ਤੱਕ) ਅਤੇ ਫਿਰ ਦਿੱਲੀ ਅਤੇ ਚੰਡੀਗੜ੍ਹ ਵਿਚ 1964 ਤੋਂ1970 ਤੱਕ ਸੂਚਨਾ ਅਧਿਕਾਰੀ ਰਹੇ। 1970 ਤੋਂ 1983 ਤੱਕ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ ਜੁਆਇੰਟ ਡਾਇਰੈਕਟਰ ਰਹੇ। ਇਸੇ ਦੌਰਾਨ ਡੈਪੂਟੇਸ਼ਨ ’ਤੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਪ੍ਰੈੱਸ ਸਕੱਤਰ ਰਹੇ।
ਕੁਲਵੰਤ ਸਿੰਘ ਵਿਰਕ ਦੀ ਰਿਹਾਇਸ਼ ਜਲੰਧਰ ਵਿਚ ਸੀ। ਉੱਥੇ ਉਹ ਪੰਜਾਬੀ ਲੇਖਕ ਸਭਾ ਦੇ ਜਨਰਲ ਸਕੱਤਰ ਸਨ। ਵਿਰਕ ਅਨੁਸਾਰ ਪੰਜਾਬੀ ਸਮਾਜ ਅਤੇ ਸਭਿਆਚਾਰ ਉਨ੍ਹਾਂ ਦੀ ਸਾਹਿਤ ਰਚਨਾ ਦੇ ਕਾਰਜ ਖੇਤਰ ਸਨ।
ਉਨ੍ਹਾਂ ਬਹੁਤ ਸਾਰੇ ਕਹਾਣੀ ਸੰਗ੍ਰਹਿ ਲਿਖੇ ਜਿਨ੍ਹਾਂ ਵਿਚ ਸ਼ਾਹ ਵੇਲਾ (1950), ਧਰਤੀ ਤੇ ਅਕਾਸ਼ (1951), ਤੂੜੀ ਦੀ ਪੰਡ (1954), ਏਕਸ ਕੇ ਹਮ ਬਾਰਿਕ (1955), ਦੁੱਧ ਦਾ ਛੱਪੜ (1958), ਗੋਲ੍ਹਾਂ(1961), ਵਿਰਕ ਦੀਆਂ ਕਹਾਣੀਆਂ (1966), ਨਵੇਂ ਲੋਕ (1967), ਦੁਆਦਸ਼ੀ ਅਤੇ ਅਸਤਬਾਜ਼ੀ (1984), ਮੇਰੀਆਂ ਸਾਰੀਆਂ ਕਹਾਣੀਆਂ (1986) ਪੁਸਤਕਾਂ ਸ਼ਾਮਲ ਹਨ। ਕੁਲਵੰਤ ਸਿੰਘ ਵਿਰਕ ਦੀਆਂ ਕਹਾਣੀਆਂ ਦੇ ਅੰਗਰੇਜ਼ੀ, ਹਿੰਦੀ, ਉਰਦੂ, ਰੂਸੀ ਅਤੇ ਜਪਾਨੀ ਭਾਸ਼ਾ ਵਿਚ ਵੀ ਅਨੁਵਾਦ ਛਪ ਚੁੱਕੇ ਹਨ। ਧਰਤੀ ਹੇਠਲਾ ਬਲਦ ਦੇ ਨਾਮ ਹੇਠ ਇਕ ਪੁਸਤਕ ਰੂਸ ’ਚ ਪ੍ਰਕਾਸ਼ਤ ਹੋਈ। ਵਿਰਕ ਦੀਆਂ ਕਈ ਕਹਾਣੀਆਂ ਜਿਵੇਂ ਦੁੱਧ ਦਾ ਛੱਪੜ, ਧਰਤੀ ਹੇਠਲਾ ਬਲਦ, ਖੱਬਲ ਆਦਿ ਨਾਟਕ ਰੂਪ ਵਿਚ ਟੈਲੀਵਿਜ਼ਨ ’ਤੇ ਪੇਸ਼ ਕੀਤੀਆਂ ਗਈਆਂ।
ਕੁਲਵੰਤ ਸਿੰਘ ਵਿਰਕ ਛੋਟੇ ਲੇਖਕਾਂ ਨੂੰ ਬਹੁਤ ਪਿਆਰ ਕਰਦਾ ਸੀ। ਉਨ੍ਹਾਂ ਨੂੰ ਲਿਖਣ ਲਈ ਵੀ ਉਤਸ਼ਾਹਿਤ ਕਰਦਾ ਰਹਿੰਦਾ ਸੀ। ਦੇਸ਼ ਦੀ ਆਜ਼ਾਦੀ ਵੇਲੇ ਉਹ ਛੱਬੀ ਕੁ ਸਾਲ ਦਾ ਸੀ। ਆਜ਼ਾਦੀ ਦੀ ਹੋ ਰਹੀ ਹਿੱਲਜੁਲ ਵਿਚ ਫ਼ੌਜੀ ਨੌਕਰੀ ਕਰਨ ਦੇ ਨਾਲ ਨਾਲ ਆਜ਼ਾਦੀ ਵੇਲੇ ਦਾ ਸੰਤਾਪ ਪਿੰਡੇ ’ਤੇ ਉਸ ਵੇਲੇ ਭੋਗਣਾ ਪਿਆ ਜਦੋਂ ਫੁੱਲਰਵਨ ਪਿੰਡ ਛੱਡ ਕੇ ਕਰਨਾਲ ਆ ਵਸੇ। ਵਿਰਕ ਨੇ ਦੇਸ਼ ਦੀ ਆਜ਼ਾਦੀ ਸਮੇਂ ਲੋਕਾਂ ਵੱਲੋਂ ਭੋਗੇ ਸੰਤਾਪ ਨੂੰ ਵੀ ਕਹਾਣੀਆਂ ਵਿਚ ਬਿਆਨ ਕੀਤਾ। ਓਪਰੀ ਧਰਤੀ, ਮੈਨੂੰ ਜਾਣਨੈ, ਖੱਬਲ ਅਤੇ ਮੁਰਦੇ ਦੀ ਤਾਕਤ ਆਦਿ ਕਹਾਣੀਆਂ ਇਸ ਦੀ ਮਿਸਾਲ ਹਨ। ਖੱਬਲ ਕਹਾਣੀ ਵਿਚਲੀ ਔਰਤ ਦੀ ਬਿਆਨ ਕੀਤੀ ਤਸਵੀਰ ਅਤੇ ਔਰਤ ਵੱਲੋਂ ਆਪਣੀ ਨਨਾਣ ਨੂੰ ਲੱਭ ਕੇ ਲਿਆਉਣ ਦੀ ਪੁਕਾਰ ਇਸ ਤਰ੍ਹਾਂ ਲੱਗ ਰਹੀ ਹੈ ਜਿਸ ਤਰ੍ਹਾਂ ਡਿਊਟੀ ਦੌਰਾਨ ਵਿਰਕ ਨਾਲ ਹੀ ਵਾਪਰੀ ਹੋਵੇ। ਵਿਰਕ ਨੇ ਚਾਹੇ ਬਹੁਤ ਉੱਚੇ ਆਹੁਦਿਆਂ ’ਤੇ ਕੰਮ ਕੀਤਾ ਅਤੇ ਬਹੁਤ ਸਮਾਂ ਸ਼ਹਿਰੀ ਜੀਵਨ ਗੁਜ਼ਾਰਨਾ ਪਿਆ ਪਰ ਉਸ ਦਾ ਮਨ ਪਿੰਡਾਂ ਵਿਚ ਹੀ ਰਹਿੰਦਾ ਸੀ। ਉਸ ਦੀਆਂ ਕਹਾਣੀਆਂ ਵਿਚ ਪਿੰਡਾਂ ਦੇ ਪਾਤਰ ਅਤੇ ਪਿੰਡਾਂ ਦਾ ਦ੍ਰਿਸ਼ ਚਿਤਰਣ ਹੈ।
ਕੁਲਵੰਤ ਸਿੰਘ ਵਿਰਕ ਨੂੰ ਭਾਸ਼ਾ ਵਿਭਾਗ ਪੰਜਾਬ ਨੇ 1959 ਵਿਚ ਸਨਮਾਨਿਤ ਕੀਤਾ। ਸਾਹਿਤ ਅਕਾਦਮੀ ਵੱਲੋਂ 1969 ਵਿਚ, ਭਾਸ਼ਾ ਵਿਭਾਗ ਪੰਜਾਬ ਵੱਲੋਂ ਸ਼੍ਰੋਮਣੀ ਸਹਿਤ ਐਵਾਰਡ 1985 ਵਿਚ ਮਿਲਿਆ।
ਲੇਖਕ ਕਰਤਾਰ ਸਿੰਘ ਦੁੱਗਲ, ਸੰਤ ਸਿੰਘ ਸੇਖੋਂ ਅਤੇ ਅਜੀਤ ਕੌਰ ਉਨ੍ਹਾਂ ਦੇ ਬਹੁਤ ਨੇੜੇ ਸਨ। ਸੰਤ ਸਿੰਘ ਸੇਖੋਂ, ਵਿਰਕ ਤੋਂ ਵੱਡੇ ਸਨ ਅਤੇ ਪਹਿਲਾਂ ਦੇ ਲਿਖਦੇ ਸਨ ਪਰ ਸੇਖੋਂ ਆਪ ਇਸ ਗੱਲ ਨੂੰ ਮੰਨਦੇ ਸਨ ਕਿ ‘ਪਤਾ ਹੀ ਨਹੀਂ ਲੱਗਿਆ ਕਿਸ ਟਾਇਮ ਇਕੱਲੀਆਂ ਕਹਾਣੀਆਂ ਲਿਖਦਾ ਲਿਖਦਾ ਵਿਰਕ ਮੇਰੇ ਨਾਲੋਂ ਅੱਗੇ ਲੰਘ ਗਿਆ’। ਅਜੀਤ ਕੌਰ ਤਾਂ ਉਨ੍ਹਾਂ ਨੂੰ ਪੰਜਾਬੀ ਕਹਾਣੀ ਦਾ ਵਾਰਿਸ ਕਹਿੰਦੀ ਹੈ। ਲੇਖਕ ਪ੍ਰੋਫੈਸਰ ਮੋਹਣ ਸਿੰਘ, ਜੀਵਨ ਸਿੰਘ ਅਤੇ ਗੁਲਜ਼ਾਰ ਸਿੰਘ ਸੰਧੂ ਵੀ ਉਨ੍ਹਾਂ ਦੇ ਬਹੁਤ ਨੇੜੇ ਸਨ।
ਹਸਦੇ ਵਸਦੇ ਪਰਿਵਾਰ ਅਤੇ ਮਹਿਫ਼ਲਾਂ ਵਿਚ ਸਮਾਂ ਗੁਜ਼ਾਰਦੇ ਕੁਲਵੰਤ ਸਿੰਘ ਵਿਰਕ ਨੂੰ 20 ਮਾਰਚ 1986 ਨੂੰ ਅਧਰੰਗ ਦਾ ਦੌਰਾ ਪਿਆ। ਅਧਰੰਗ ਦੇ ਦੌਰੇ ਨਾਲ ਉਨ੍ਹਾਂ ਦਾ ਸੱਜਾ ਪਾਸਾ ਖੜ੍ਹ ਗਿਆ ਤੇ ਜ਼ੁਬਾਨ ਬੰਦ ਹੋ ਗਈ ਸੀ। ਨਾ ਤਾਂ ਉਹ ਚੱਲ ਫਿਰ ਸਕਦੇ ਸਨ ਤੇ ਨਾ ਹੀ ਬੋਲ ਸਕਦੇ ਸਨ। ਘਰ ਵਿਚ ਪਏ ਰਹਿੰਦੇ।
ਪਰਿਵਾਰ ਵਾਲੇ ਉਨ੍ਹਾਂ ਨੂੰ ਕੈਨੇਡਾ ਛੋਟੇ ਪੁੱਤਰ ਕੋਲ ਲੈ ਗਏ ਤਾਂ ਕਿ ਉੱਥੋਂ ਇਲਾਜ ਕਰਵਾਇਆ ਜਾ ਸਕੇ, ਪਰ ਸਫ਼ਲਤਾ ਨਾ ਮਿਲ ਸਕੀ। ਉਹ ਟੋਰਾਂਟੋ ਡਫਰਿਨ ਇਲਾਕੇ ਵਿਚ ਵਿਲਸਨ ਐਵੇਨਿਊ ਵਿਚ ਆਪਣੇ ਛੋਟੇ ਪੁੱਤਰ ਰਾਜੂ ਦੇ ਘਰ ਪਏ ਰਹਿੰਦੇ। ਉਨ੍ਹਾਂ ਨੂੰ ਸੁਣਦਾ ਜ਼ਰੂਰ ਸੀ, ਨਜ਼ਰ ਵੀ ਪੂਰੀ ਸੀ ਪਰ ਕਿਸੇ ਗੱਲ ਦਾ ਜਵਾਬ ਨਹੀਂ ਦੇ ਸਕਦੇ ਸਨ।
ਆਖ਼ਰ ਚੌਵੀ ਦਸੰਬਰ 1987 ਨੂੰ ਟੋਰਾਂਟੋ ਵਿਖੇ ਹੀ ਕੁਲਵੰਤ ਸਿੰਘ ਵਿਰਕ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ। ਕੁਲਵੰਤ ਸਿੰਘ ਵਿਰਕ ਦਾ ਨਾਮ ਅੱਜ ਵੀ ਪੂਰੇ ਮਾਣ ਸਤਿਕਾਰ ਨਾਲ ਲਿਆ ਜਾਂਦਾ ਹੈ। ਉਨ੍ਹਾਂ ਨੂੰ ਪੰਜਾਬੀ ਦੀ ਨਿੱਕੀ ਕਹਾਣੀ ਦਾ ਬਾਦਸ਼ਾਹ ਕਿਹਾ ਜਾਂਦਾ ਹੈ।
ਸੰਪਰਕ: 99141-84794