ਵੇਲਾ (ਸੰਸਕ੍ਰਿਤ): ਅਵਸਰ, ਸਮਾਂ, ਸਮੁੰਦਰ ਕੰਢਾ, ਸੀਮਾ, ਸਹਿਜ ਮ੍ਰਿਤੂਯ, ਧਾਰਾ, ਰੁੱਤ, ਵਿਸਰਾਮ ਕਰਨ ਦਾ ਅੰਤਰਾਲ, ਲਹਿਰ.
*
ਕਵਣੁ ਸੁ ਵੇਲਾ ਵਖਤੁ ਕਵਣੁ ਕਵਣ ਥਿਤਿ ਕਵਣੁ ਵਾਰੁ॥ ਕਵਣਿ ਸਿ ਰੁਤੀ ਮਾਹੁ ਕਵਣੁ ਜਿਤੁ ਹੋਆ ਆਕਾਰੁ॥ਜਪੁ॥ ਮਹਲਾ ੧
ਬੇੜਾ ਬੰਧਿ ਨ ਸਕਿਓ ਬੰਧਨ ਕੀ ਵੇਲਾ॥ ਭਰਿ ਸਰਵਰੁ ਜਬ ਊਛਲੈ ਤਬ ਤਰਣੁ ਦੁਹੇਲਾ॥੧॥ ਸੂਹੀ ਲਲਿਤ॥ ਸੇਖ ਫਰੀਦ ਜੀਉ ਕੀ ਬਾਣੀ
ਵੇਲਾ ਵੀ ਰੱਬ ਵਰਗਾ ਗੋਰਖਧੰਦਾ ਹੈ। ਇਹਨੂੰ ਬੁਝ ਲੈਣ ਦਾ ਦਾਅਵਾ ਪੀਰ ਪਕੰਬਰ ਤੇ ਫੈਲਸੂਫ ਕਰਦੇ ਨੇ। ਉਂਜ ਤਾਂ ਸਭ ਕੁਝ ਵੇਲੇ ’ਚ ਹੀ ਬੱਝਾ ਹੋਇਆ ਹੈ। ਵਿਆਕਰਣ ਵਿਚ ਹਰ ਕ੍ਰਿਆ ਵੇਲਾ ਹੀ ਹੈ। ਬ੍ਰਹਮਗਿਆਨੀ ਅਕਾਲ ਨੂੰ ਵੀ ਕ੍ਰਿਆ ਹੀ ਮੰਨਦੇ ਹਨ। ਬਾਬੇ ਸ਼ੇਖ਼ ਫ਼ਰੀਦ ਨੇ ਵੇਲੇ ਨੂੰ ਲੰਮੀ ਲੰਮੀ ਨਦੀ ਆਖ ਕੇ ਅੱਖਰਾਂ ਚ ਬੰਨ੍ਹਿਆ, ਤਾਂ ਤੀਸਰਾ ਕੰਢਾ ਲਭਦੇ ਗੁਰਮੁਖ ਦਾ ਕੰਮ ਰਤਾ ਸੌਖਾ ਹੋ ਗਿਆ। ਨਦੀ ਵਾਸਤੇ ਪੰਜਾਬੀ ਦਾ ਇਹ ਸ਼ਬਦ ਵੀ ਹੈ: ਸਮਯਣੀ। ਗੁਰਬਾਣੀ ਵਿਚ ਕਾਲੁ ਤੋਂ ਭਾਵ ਮੌਤ ਤੋਂ ਹੈ। – ਸੁਹਾਗ ਗੀਤ ਚੇਤੇ ਆਂਵਦਾ ਹੈ: ਐਸ ਵੇਲੇ ਲੋੜੀਏ ਜੀ, ਅਪਣੀਆਂ ਬਾਹਵਾਂ; ਐਸ ਵੇਲੇ।
– ਅਮਰਜੀਤ ਚੰਦਨ
ਭਾਈ ਵੀਰ ਸਿੰਘ (1889-1957)
ਸਮਾਂ
ਰਹੀ ਵਾਸਤੇ ਘੱਤ ਸਮੇਂ ਨੇ ਇਕ ਨਾ ਮੰਨੀ,
ਫੜ ਫੜ ਰਹੀ ਧਰੀਕ ਸਮੇਂ ਖਿਸਕਾਈ ਕੰਨੀ,
ਕਿਵੇਂ ਨ ਸੱਕੀ ਰੋਕ ਅਟਕ ਜੋ ਪਾਈ ਭੰਨੀ,
ਤ੍ਰਿੱਖੇ ਅਪਣੇ ਵੇਗ ਗਿਆ ਟੱਪ ਬੰਨੇ ਬੰਨੀ,-
ਹੋ! ਅਜੇ ਸੰਭਾਲ ਇਸ ਸਮੇਂ ਨੂੰ, ਕਰ ਸਫਲ ਉਡੰਦਾ ਜਾਂਵਦਾ,
ਇਹ ਠਹਿਰਨ ਜਾਚ ਨ ਜਾਣਦਾ, ਲੰਘ ਗਿਆ ਨ ਮੁੜਕੇ ਆਂਵਦਾ॥
ਮੋਹਨ ਸਿੰਘ (1905-1978)
ਸਵੇਰ
ਲੋਪ ਹੋ ਗਈ ਚੰਨ ਦੀ ਦਾਤੀ
ਵਾਢੀ ਕਰ ਕੇ ਨ੍ਹੇਰੇ ਦੀ।
ਪੂਰਬ ਦੀ ਨਿਰਮਲ ਨੈਂ ਉੱਤੇ
ਕੇਸਰ-ਤੁਰੀਆਂ ਤਰੀਆਂ ਨੇ।
ਦਰਿਆਵਾਂ ਦੇ ਕੰਢੀ ਝੂਮੇਂ
ਬੁੰਬਲ ਸੇਤ ਸਰੂਟਾਂ ਦੇ।
ਮਿੱਸੇ ਚਾਨਣ ਦੇ ਵਿਚ ਦਗੀਆਂ,
ਸਰਕੰਡੇ ਦੀਆਂ ਸਰੀਆਂ ਨੇ।
ਚਮਕਿਆ ਸੋਨ-ਪਤਰੀਆਂ ਵਾਂਗੂੰ,
ਰੰਗ ਸਰੀਂਹ ਦੀਆਂ ਫਲੀਆਂ ਦਾ।
ਚੋਗਾ ਭਾਲਣ ਪੰਛੀ ਨਿਕਲੇ
ਖੰਭ ਚਮਕਣ ਜਿਉਂ ਜ਼ਰੀਆਂ ਨੇ।
ਕ੍ਰਿਸ਼ਨ ਸਾਉਲ਼ਾ ਕੁੰਜੀਂ ਲੁਕਿਆ
ਚੁਕ ਕੇ ਬਸਤਰ ਸਖੀਆਂ ਦੇ।
ਜਮਨਾ ਤਟ ’ਤੇ ਨਗਨ ਫਿਰਦੀਆਂ
ਗੋਕਲ ਦੀਆਂ ਗੁਜਰੀਆਂ ਨੇ।
ਪੂਰਬ ਦੇ ਪਟ ਉੱਤੇ ਹੋਇਆ,
ਨਾਚ ਅਲੌਕਿਕ ਕਿਰਨਾਂ ਦਾ।
ਦਿਲ ਦੀ ਮਹਿਫ਼ਲ ਨੂੰ ਗਰਮਾਇਆ
ਯਾਦ ਤੇਰੀ ਦੀਆਂ ਪਰੀਆਂ ਨੇ।
ਸਰਘੀ ਵਰਗੇ ਮੂੰਹ ਦੇ ਬਾਝੋਂ
ਕਿਹੜੇ ਕੰਮ ਸਵੇਰਾਂ ਨੇ?
ਯਾਦਾਂ ਭੇਜੇਂ ਆਪ ਨਾ ਆਵੇਂ
ਇਹ ਕਹੀਆਂ ਦਿਲਬਰੀਆਂ ਨੇ॥
ਇਕ ਸ਼ਾਮ
ਲੁਕਾ ਧਰੇਕਾਂ ਪਿੱਛੇ ਕੰਬਦਾ ਚੰਦ
ਧਰਕੇਨੂੰ ਦੀ ਦੌਲਤ ਚਾਹੇ ਬੰਨ੍ਹਣਾ,
ਜੀਵਨ ਵਾਂਗੂੰ ਜੋ ਸੁਹਣੇ ਤੇ ਕੌੜੇ
ਸੋਨੇ ਵਾਂਗ ਲੁਭਾਉਣੇ ਅਤੇ ਪ੍ਰਾਹੁਣੇ।
ਤਾਂ ਵੀ ਲੁਕਾ ਧਰੇਕਾਂ ਪਿੱਛੇ ਚੰਦ
ਸੋਚ ਨਾ ਸੱਕੇ ਜੀਵਨ ਦਾ ਚੰਗ ਮੰਦ,
ਵਲੀਂ ਜਾਏ ਤੰਦ ਦੇ ਉੱਪਰ ਤੰਦ
ਨਾਸ਼ਮਾਨ ਸ਼ੈ ਕਿੰਨੀ ਹੋਏ ਪਸੰਦ।
ਸੋਚ ਰਿਹਾ ਮੈਂ ਖੜਾ ਧਰੇਕਾਂ ਹੇਠ
ਧਰਕੇਨੂੰ ਜਿਉਂ ਡੋਲੇ ਪਿਆ ਧਿਆਨ,
ਯਾਦ ਆ ਗਈ ਜੀਵਨ ਦੀ ਇਕ ਸ਼ਾਮ
ਜਦੋਂ ਜਿੰਦ ਸੀ ਹੁਸਨਾਂ ਦੀ ਮਹਿਮਾਨ।
ਕਾਲੇ ਘੋਰ ਵਿਛੋੜਿਉਂ ਬੇਪਰਵਾਹ,
ਮੇਰੇ ਹੱਥਾਂ ਵਿੱਚੋਂ ਪਿਆਲਾ ਖੋਹ
ਗੋਰੀ ਬੋਲੀ ਘੋਲ ਲਾਡ ਵਿਚ ਰੋਹ,
‘‘ਪੀਣ ਨਾ ਦੇਸਾਂ ਇਤਨੀ ਕਾਲੀ ਚਾਹ।’’
ਸਮੇਂ-ਨਹੁੰ ਦਾ ਲਾਹਿਆ ਵਡਾ ਲੰਗਾਰ
ਗੋਰੀ ਦਾ ਇਕ ਬੋਲ ਗਿਆ ਝਟ ਸੀੜ,
ਗੰਨੀਆਂ ਦੇ ਵਿਚ ਪਾਈ ਗਲੇਡੂਆਂ ਭੀੜ,
ਹਾਏ! ਪਿਆਰ ਦੀ ਮੂਰਖਤਾ ਤੇ ਪੀੜ।
ਅੰਧਕਾਰ
ਅੱਧ ਅਪਣਾ ਘੁੰਮ ਗਈ ਹੈ ਪਿਰਥਮੀ
ਖੇਡ ਕੇ ਰੰਗਾਂ ਦੀ ਲੀਲਾ ਸੌਂ ਗਈ।
ਹੌਲੀ ਹੌਲੀ ਲੀਕ ਫਿੱਕੀ ਹੋ ਗਈ,
ਧਰਤ ਤੇ ਆਕਾਸ਼ ਵੰਡਣ ਵਾਲੜੀ।
ਆਖ਼ਰੀ ਪੰਛੀ ਵੀ ਘਰ ਨੂੰ ਉਡ ਪਿਆ,
ਪਹਿਰਾ ਹੋਇਆ ਜੱਗ ’ਤੇ ਅੰਧਕਾਰ ਦਾ।
ਉਹ ਮਹਾਂ ਅੰਧਕਾਰ ਕਾਲਾ ਮਾਖਿਓਂ,
ਜਿਸ ਨੂੰ ਦਸਵੇਂ ਗੁਰਾਂ ਵੀ ਆਖੀ ਨਮੋ।
ਅੰਦਰਲੇ ਤੇ ਬਾਹਰਲੇ ਨ੍ਹੇਰੇ ਦੇ ਵਿਚ,
ਜੋ ਅਕਾਵੇਂ ਚਾਨਣਾਂ ਪਾਈ ਸੀ ਵਿੱਥ,
ਆ ਮਹਾਂ ਅੰਧਕਾਰ ਨੇ ਦਿੱਤੀ ਮਿਟਾ,
ਜਿੰਦੜੀ ਨੇ ਸੁਖ ਦਾ ਇਕ ਸਾਹ ਲਿਆ।
ਜਿੰਦ ਵਿਹੜੇ ਖਿੜ ਪਿਆ ਕਾਲਾ ਗੁਲਾਬ,
ਕਾਲੀਆਂ ਤੇ ਕੂਲੀਆਂ ਖ਼ੁਸ਼ਬੋਈਆਂ।
ਦਿਲ-ਪਿਆਲੇ ਵਿਚ ਭਰੀ ਕਾਲੀ ਸ਼ਰਾਬ,
ਨੀਲ-ਕੰਠੀ ਵਿਹੁ ਦੀਆਂ ਬੇਹੋਸ਼ੀਆਂ।
ਨਿਮਨ ਚੇਤਨ ਦੇ ਹਨੇਰੇ ਛੰਭ ’ਤੇ,
ਕਿਥੋਂ ਆਈ ਉਤਰ ਚਾਨਣ ਦੀ ਪਰੀ?
ਵਿਹੁ-ਕਟੋਰੇ ਵਿਚ ਕੇਸਰ ਦੀ ਤੁਰੀ,
ਨਾਫ਼ਾ ਕੱਟਣ ਵਾਲੀ ਚਾਂਦੀ ਦੀ ਛੁਰੀ।
ਚਾਨਣਾ ਹੁਣ ਛੱਡ ਵੀ ਜਾਦੂਗਰੀ,
ਇਹ ਕਹੀ ਅੰਧਕਾਰ ਦੀ ਬੇਆਦਰੀ?
ਸ਼ਿਵ ਕੁਮਾਰ (1936-1973)
ਚਾਂਦੀ ਦੀਆਂ ਗੋਲ਼ੀਆਂ
ਸ਼ਾਮ ਦੀ ਮੈਂ ਫਿੱਕੀ ਫਿੱਕੀ ਉੱਡੀ ਉੱਡੀ ਧੁੰਦ ਵਿੱਚੋਂ,
ਨਿੰਮ੍ਹੇ-ਨਿੰਮ੍ਹੇ ਟਾਵੇਂ-ਟਾਵੇਂ ਤਾਰੇ ਪਿਆ ਵੇਖਦਾਂ।
ਦੂਰ ਅੱਜ ਪਿੰਡ ਤੋਂ- ਮੈਂ ਡੰਡੀਆਂ ’ਤੇ ਖੜ੍ਹਾ ਖੜ੍ਹਾ,
ਮੰਦਰਾਂ ਦੇ ਕਲਸ ਤੇ ਮੁਨਾਰੇ ਪਿਆ ਵੇਖਦਾਂ।
ਹੌਲੀ-ਹੌਲੀ ਉੱਡ-ਉੱਡ ਰੁੰਡਿਆਂ ਜਹੇ ਰੁੱਖਾਂ ਉੱਤੇ,
ਬਹਿੰਦੀਆਂ ਮੈਂ ਡਾਰਾਂ ਦੇ ਨਜ਼ਾਰੇ ਪਿਆ ਵੇਖਦਾਂ।
ਮੈਂ ਵੀ ਅੱਜ ਰਾਂਝੇ ਵਾਂਗੂੰ ਹੀਰ ਖੇੜੀਂ ਟੋਰ ਕੇ,
ਤੇ ਸੁੰਞੇ ਸੁੰਞੇ ਅਪਣੇ ਹਜ਼ਾਰੇ ਪਿਆ ਵੇਖਦਾਂ।
ਪੌਣ ਦੇ ਫਰਾਟੇ ਮੇਰੇ ਕੋਲ਼ੋਂ ਰੋਂਦੇ ਲੰਘ ਰਹੇ ਨੇ,
ਜਾਪਦੇ ਨੇ ਜਿਵੇਂ ਅੱਜ ਦੇ ਰਹੇ ਨੇ ਅਲਾਹੁਣੀਆਂ।
ਪਿੱਪਲੀ ਦਾ ਰੁੱਖ ਜਿਦ੍ਹੇ ਥੱਲੇ ਦੋਵੇਂ ਬੈਠਦੇ ਸਾਂ,
ਉਹਦੀਆਂ ਅਯਾਲ਼ੀ ਕਿਸੇ ਛਾਂਗ ਲਈਆਂ ਟਾਹਣੀਆਂ।
ਗੋਲ੍ਹ਼ਾਂ ਖਾਣ ਘੁੱਗੀਆਂ ਜੋ ਦੋ ਨਿੱਤ ਆਉਂਦੀਆਂ ਸੀ,
ਉਹ ਵੀ ਅੱਜ ਸਾਰਾ ਦਿਨ ਆਈਆਂ ਨਹੀਂ ਨਮਾਣੀਆਂ।
ਧਰਤੀ ਦੀ ਹਿੱਕ ’ਤੇ ਰਮਾਈ ਮੇਰੇ ਦੁੱਖਾਂ ਧੂਣੀ,
ਅੱਗ ਅਸਮਾਨੀਂ ਲਾਈ ਹਉਕਿਆਂ ਨੇ ਹਾਣੀਆਂ।
ਇਹਦਾ ਉੱਕਾ ਦੁੱਖ ਨਹੀਂ ਕਿ ਅੱਜ ਤੂੰ ਪਰਾਇਆ ਹੋਇਓਂ
ਦੁੱਖ ਹੈ ਕਿ ਤੈਨੂੰ ਮੈਨੂੰ ਕੌਡੀਆਂ ਨੇ ਪਿਆਰੀਆਂ।
ਦੁੱਖ ਹੈ ਸ਼ਿਕਾਰੀ ਕਿਸੇ ਮਹਿਲਾਂ ਉਹਲੇ ਲੁਕ ਕੇ ਤੇ
ਚਾਂਦੀ ਦੀਆਂ ਗੋਲ਼ੀਆਂ ਨਿਸ਼ਾਨੇ ਬੰਨ੍ਹ ਮਾਰੀਆਂ।
ਦੁੱਖ ਨਹੀਂ ਕਿ ਤੇਰੇ ਨਾਲ਼ ਖੇਡ ਨੰਗੀ ਖੇਡਿਆ ਨਾ,
ਦੁੱਖ ਹੈ ਕਿ ਨੀਂਹਾਂ ਕਾਹਨੂੰ ਰੇਤ ’ਤੇ ਉਸਾਰੀਆਂ।
ਦੁੱਖ ਨਹੀਂ ਕਿ ਰਾਹੀਆਂ ਪੈਰੀਂ ਲੱਖਾਂ ਸੂਲ਼ਾਂ ਪੁੜ ਗਈਆਂ,
ਦੁੱਖ ਹੈ ਕਿ ਰਾਹਵਾਂ ਹੀ ਨਖੁੱਟੀਆਂ ਵਿਚਾਰੀਆਂ।
ਮੰਨਿਆ, ਪਿਆਰ ਭਾਵੇਂ ਰੂਹਾਂ ਦਾ ਹੀ ਮੇਲ਼ ਹੁੰਦੈ,
ਦੇਰ ਪਾ ਕੇ ਸਿਉਂਕ ਲੱਗ ਜਾਂਦੀ ਹੈ ਸਰੀਰਾਂ ਨੂੰ।
ਲੰਘਦੈ ਜਵਾਨੀਆਂ ਦਾ- ਹਾੜ੍ਹ ਬੜੀ ਛੇਤੀ ਛੇਤੀ
ਸਾਉਣ ਏਂ ਜੰਗਾਲ ਦੇਂਦਾ ਨੈਣਾਂ ਦਿਆਂ ਤੀਰਾਂ ਨੂੰ।
ਪਰ ਨਹੀਂ ਵੇ ਹੁੰਦੇ ਸਿੱਪ ਮੋਤੀਆਂ ਦੇ ਰੱਕੜਾਂ ’ਚ
ਇਕੋ ਜਹੇ ਨਹੀਂ ਪੱਤ ਪੈਂਦੇ ਬੋਹੜਾਂ ਤੇ ਕਰੀਰਾਂ ਨੂੰ।
ਸਿਊਣ ਨੂੰ ਤਾਂ ਲੱਖ ਵਾਰੀ ਸੀਤੀਆਂ ਵੀ ਜਾਂਦੀਆਂ ਨੇ,
ਨਾਂ ਪਰ ਲੀਰਾਂ ਰਹਿੰਦੈ ਸਿਉਂ ਕੇ ਵੀ ਲੀਰਾਂ ਨੂੰ।
ਠੀਕ ਹੈ ਕਿ ਚੰਨ ਤਾਰੇ ਭਾਵੇਂ ਅੱਜ ਬੰਦੇ ਦੇ ਨੇ,
ਬੰਦਾ ਪਰ ਹਾਲੇ ਤੀਕ ਹੋਇਆ ਨਹੀਂ ਵੇ ਬੰਦੇ ਦਾ।
ਸੱਸੀ ਦਾ ਭੰਬੋਰ ਲੁੱਟ-ਪੁੱਟ ਕੇ ਵੀ ਹਾਲੇ ਤੀਕ
ਹੋਤਾਂ ਸਾਥ ਛੱਡਿਆ, ਨਹੀਂ ਡਾਚੀਆਂ ਦੇ ਧੰਦੇ ਦਾ।
ਹੱਦਾਂ ਬੰਨੇ ਬੰਨ੍ਹ ਕੇ ਵੀ ਗੋਰਿਆਂ ਤੇ ਕਾਲ਼ਿਆਂ ਨੇ,
ਹੱਥੋਂ ਰੱਸਾ ਛੱਡਿਆ ਨਹੀਂ ਮਜ਼੍ਹਬਾਂ ਦੇ ਫੰਦੇ ਦਾ।
ਲੂਣੇ ਪਾਣੀ ਅੱਖਾਂ ਦੇ ਦਾ ਹਾਲੇ ਕੋਈ ਨਹੀਂ ਮੁੱਲ ਪੈਂਦਾ,
ਮੁੱਲ ਭਾਵੇਂ ਪਿਆ ਪੈਂਦੈ ਪਾਣੀ ਗੰਦੇ ਮੰਦੇ ਦਾ।
ਰੱਬ ਜਾਣੇ ਕਿੰਨਾ ਅਜੇ ਹੋਰ ਮੇਰਾ ਪੈਂਡਾ ਰਹਿੰਦਾ,
ਕਦੋਂ ਜਾ ਕੇ ਮੁੱਕਣੇ ਨੇ ਕੋਹ ਮੇਰੇ ਸਾਹਵਾਂ ਦੇ।
ਕਿੰਨਾ ਚਿਰ ਹਾਲੇ ਹੋਰ ਸੋਹਣੀਆਂ ਨੇ ਡੁੱਬਣਾ ਏਂ
ਕਿੰਨਾ ਚਿਰ ਲੱਥਣੇ ਤੂਫ਼ਾਨ ਨਹੀਂ ਝਨਾਂਵਾਂ ਦੇ।
ਕਿੰਨਾ ਚਿਰ ਪੀਲਕਾਂ ਨੇ ਖੋਲ਼ਿਆਂ ’ਚ ਉੱਗਣਾ ਏਂ,
ਕਿੰਨਾ ਚਿਰ ਰਾਹੀਆਂ ਦਿਲ ਠੱਗਣੇ ਨੇ ਰਾਹਵਾਂ ਦੇ।
ਕਿੰਨਾ ਚਿਰ ਡੋਲੀਆਂ ਤੇ ਰੱਖਾਂ ਚ ਜਨਾਜ਼ੇ ਜਾਣੇ,
ਕਿੰਨਾ ਚਿਰ ਸੌਦੇ ਹੋਣੇ ਧੀਆਂ ਭੈਣਾਂ ਮਾਵਾਂ ਦੇ॥
ਲਾਲ ਸਿੰਘ ਦਿਲ (1943-2007)
ਆਥਣ
ਛੱਡ ਤੁਰੇ ਹਨ ਇਕ ਹੋਰ ਗ਼ੈਰਾਂ ਦੀ ਜ਼ਮੀਨ ਛੱਜਾਂ ਵਾਲ਼ੇ
ਜਾ ਰਿਹਾ ਏ ਲੰਮਾ ਲਾਰਾ ਝਿੜਕਾਂ ਦੇ ਭੰਡਾਰ ਲੱਦੀ
ਲੰਮੇ ਸਾਇਆਂ ਦੇ ਨਾਲ਼ ਨਾਲ਼ ਗਧਿਆਂ ’ਤੇ
ਬੈਠੇ ਨੇ ਜੁਆਕ
ਪਿਉਆਂ ਦੇ ਹੱਥ ਵਿਚ ਕੁੱਤੇ ਹਨ
ਮਾਵਾਂ ਦੀ ਪਿੱਠ ਪਿੱਛੇ ਬੰਨ੍ਹੇ ਪਤੀਲੇ ਹਨ
ਪਤੀਲਿਆਂ ਚ ਮਾਵਾਂ ਦੇ ਪੁੱਤ ਸੁੱਤੇ ਹਨ
ਜਾ ਰਿਹਾ ਏ ਲੰਮਾ ਲਾਰਾ
ਮੋਢਿਆਂ ’ਤੇ ਚੁੱਕੀ ਕੁੱਲੀਆਂ ਦੇ ਬਾਂਸ
ਇਹ ਭੁੱਖਾਂ ਦੇ ਮਾਰੇ ਕੌਣ ਆਰੀਆ ਹਨ?
ਇਹ ਜਾ ਰਹੇ ਹਨ ਰੋਕਣ ਕਿਸ ਭਾਰਤ ਦੀ ਜ਼ਮੀਨ?
ਨੌਜਵਾਨਾਂ ਨੂੰ ਕੁੱਤੇ ਪਿਆਰੇ ਹਨ
ਉਹ ਕਿੱਥੇ ਪਾਲਣ
ਮਹਿਲਾਂ ਦੇ ਚਿਹਰਿਆਂ ਦਾ ਪਿਆਰ?
ਉਹ ਭੁੱਖਾਂ ਦੇ ਸ਼ਿਕਾਰ ਛੱਡ ਤੁਰੇ ਹਨ
ਇਕ ਹੋਰ ਗ਼ੈਰਾਂ ਦੀ ਜ਼ਮੀਨ
ਜਾ ਰਿਹਾ ਏ ਲੰਮਾ ਲਾਰਾ
ਇਹਨੂੰ ਕੀ ਪਤਾ ਹੈ?
ਕਿੰਨੇ ਕੁ ਬੰਨ੍ਹੇ ਕੀਲਿਆਂ ਦੇ ਨਾਲ਼
ਜਾਲ਼ੇ ਜਾਂਦੇ ਨੇ ਰੋਜ਼ ਲੋਕ
ਜੋ ਛੱਡ ਵੀ ਸਕਦੇ ਨਹੀਂ
ਬਸਤੀਆਂ ਨੂੰ ਕਿਸੇ ਰੋਜ਼
ਜਾ ਰਿਹਾ ਹੈ ਨਾਲ਼ ਨਾਲ਼
ਬਸਤੀ ਦੇ ਰੁੱਖਾਂ ਦਾ ਸਾਇਆ
ਫੜ ਰਿਹਾ ਹੈ ਓਦਰੇ ਪਸ਼ੂਆਂ ਦੇ ਪੈਰ
ਓਦਰੇ ਪਿਆਰਾਂ ਦੇ ਪੈਰ
ਜਾ ਰਿਹਾ ਏ ਲੰਮਾ ਲਾਰਾ
ਜਾ ਰਿਹਾ ਏ ਲੰਮਾ ਲਾਰਾ
ਹਰ ਜਗ੍ਹਾ
ਸੁਰਜੀਤ ਪਾਤਰ (1945)
ਰਾਤ
ਅੱਗੇ ਰਾਤ ਆਰੰਭ ਸੀ ਤਾਰਿਆਂ ਤੋਂ
ਪਲਾਂ ਵਿਚ ਸੀ ਜਾਂਦੀ ਸਵੇਰ ਤੀਕਰ
ਕਿਸੇ ਬਾਤ ਬਤੋਲੀ ਦੇ ਧੁੰਦਲਕੇ ਤੋਂ
ਚਿੜੀ ਚੂਕਦੀ ਦੇ ਮੂੰਹ-ਹਨ੍ਹੇਰ ਤੀਕਰ
ਅੱਗੇ ਦੋ ਹੀ ਅਵਾਜ਼ਾਂ ਮੈਂ ਜਾਣਦਾ ਸਾਂ
ਕੁਝ ਸਨ ਸ਼ਾਮ ਤੇ ਕੁਝ ਪਰਭਾਤ ਦੀਆਂ
ਪਹਿਲੀ ਵਾਰ ਮੈਂ ਜ਼ਿੰਦਗੀ ਵਿਚ ਸੁਣੀਆਂ
ਖ਼ੌਫ਼ਨਾਕ ਸਰਗੋਸ਼ੀਆਂ ਰਾਤ ਦੀਆਂ
ਅੱਗੇ ਰਾਤ ਦਾ ਆਦਿ ਤੇ ਅੰਤ ਹੀ ਸੀ
ਉਸ ਵਿਚਕਾਰ ਅਜ਼ਾਬ ਹੈ ਭੇਤ ਨਾ ਸੀ
ਦੇਖੀ ਜਿਲ਼ਦ ਸੀ ਸ਼ਾਮ ਸਵੇਰ ਵਾਲ਼ੀ
ਉਸ ਵਿਚ ਰਾਤ ਕਿਤਾਬ ਹੈ ਭੇਤ ਨਾ ਸੀ
ਹੁਣ ਤਾਂ ਰਾਤ ਦਾ ਅੰਧ ਤੇ ਮਹਾਸਾਗਰ
ਉਸ ਵਿਚ ਜਾਨ ਦਾ ਖ਼ੌਫ਼ ਜਹਾਜ਼ ਡੋਲੇ
ਸੁੱਖਾਂ ਸੁੱਖਦਿਆਂ ਨੂੰ ਕਿਧਰੇ ਦਿਸੇ ਧਰਤੀ
ਜੁੱਗਾਂ ਬਾਅਦ ਸੁਣੀਏ ਕੋਈ ਚਿੜੀ ਬੋਲੇ
ਰਾਤ ਉੱਗਦੀ ਗਗਨ ਮੈ ਥਾਲ ਬਣਦੀ
ਤਾਰੇ ਜਗਣ ਲਗਦੇ ਜਦ ਰਹਿਰਾਸ ਹੁੰਦੀ
ਸੋਹਿਲਾ ਖ਼ਤਮ ਹੁੰਦਾ, ਮਨ ਨਿਸਚਿੰਤ ਸੌਂਦਾ
ਆਸਾ ਰਾਗ ਦੀ ਵਾਰ ਵੀ ਪਾਸ ਹੁੰਦੀ
ਮੇਰੇ ਸਿਦਕ ਵਿਚ ਹੋ ਗਈ ਕਮੀ ਕੋਈ
ਜਾਂ ਹੈ ਵਿੱਥ ਰਬਾਬ ਤਲਵਾਰ ਦੇ ਵਿਚ
ਏਨਾ ਫ਼ਾਸਿਲਾ ਨਹੀਂ ਸੀ ਕਦੀ ਹੋਇਆ
ਮੇਰੇ ਸੋਹਿਲੇ ਤੇ ਆਸਾ ਦੀ ਵਾਰ ਦੇ ਵਿਚ॥
ਅਮਰਜੀਤ ਚੰਦਨ (1946)
ਤ੍ਰਿਕਾਲ ਸੰਧਯਾ
ਸੁਆਣੀਆਂ ਦੇ ਹੱਥਾਂ ਚ ਰਿਜ਼ਕ ਹੈ
ਇਹ ਵੇਲਾ ਸੱਚ ਬੋਲਣ ਦਾ ਹੈ
ਇਹ ਵੇਲਾ ਹਰਣਾਖਸ਼ ਦੇ ਮਰਨ ਦਾ ਹੈ
ਇਹ ਵੇਲਾ ਆਉਣ ਵਾਲ਼ੇ ਕੱਲ੍ਹ ਦਾ ਕੋਈ ਬੀਜ ਹੈ
ਜੋ ਡਿਗਣਾ ਹੈ ਅੰਧਕਾਰ ਦੀ ਕੁੱਖ ਵਿਚ
ਬਹੁਤ ਸਾਰੇ ਸੂਰਜਾਂ ਦਾ ਬੀਜ ਬਣ ਕੇ
ਨਮਸਕਾਰ ਅੰਧਕਾਰ ਅੰਧਕਾਰ ਨਮਸਕਾਰ
ਇਹ ਵੇਲਾ ਜੋ ਬਹੁੜਿਆ ਤ੍ਰੈਕਾਲ ਦਾ
ਸਹੰਸ ਵਰ੍ਹਿਆਂ ਤੋਂ ਬਾਅਦ
ਦਸ ਦਿਸ਼ਾਵਾਂ ਦਾ ਹੋ ਕੇ ਸੰਗਮ
ਇਸ ਉੱਤੇ ਖਲੋ
ਤੂੰ ਤੇ ਮੈਂ ਮੈਂ ਤੇ ਤੂੰ
ਕੀਲ ਸਕਦੇ ਹਾਂ ਹੋਣੀ ਦੇ ਅੱਥਰੇ ਅਸ਼ਵ ਨੂੰ
ਅੰਗ ਲਾ ਸਕਦੇ ਹਾਂ ਸਾਰੇ ਵਿਸ਼ਵ ਨੂੰ
ਮੁੜ ਕੇ ਨਹੀਂ ਆਵਣਾ ਇਹ ਸਮਾਂ
ਦਿਲ ਧੜਕਣ ਦੀ ਜਾਚ ਨਾ ਭੁੱਲਣ ਕਦੇ
ਪਰਿੰਦੇ ਉੱਡਣ ਦਾ ਅੰਦਾਜ਼ ਨਾ ਵਿਸਰਨ ਕਦੇ
ਦਿਲਾਂ ਚ ਜੋਤ ਅੱਖਾਂ ਦੀ ਸਲਾਮਤ ਰਹੇ
ਕੁੱਖ ਗੀਤਾਂ ਦੀ ਹਮੇਸ਼ਾਂ ਹੀ ਫਲ਼ਦੀ ਰਹੇ
ਮਾਂ ਸੰਝਕਰਨੀ ਦੇ ਨਾਂ
ਰਿਜ਼ਕ ਖ਼ਾਤਰ ਜੂਝਦੀ ਹਯਾਤੀ ਦੇ ਨਾਂ
ਦਿਲਾਂ ਦੇ ਰਾਹ ਦੇਖਦੇ ਦਿਲਾਂ ਦੇ ਨਾਂ
ਤੂੰ ਮੇਰੇ ਹੋਠਾਂ ’ਤੇ ਅਪਣੇ ਹੋਠ ਰੱਖ
ਹਿਜਰ ਦਾ ਇਕੱਲਤਾ ਦਾ ਉਮਰ ਭਰ ਦਾ ਜ਼ਹਿਰ ਚੱਖ
ਮੇਰੀ ਸੱਖਣ ਲੋਚਦੀ ਤੇਰਾ ਖ਼ਿਲਾਅ
ਮੇਰੀ ਚਿੰਤਾ ਲੋਚਦੀ ਤੇਰਾ ਸ਼ੁਦਾਅ
ਤੂੰ ਮੈਨੂੰ ਸੰਖ ਵਾਂਙੂੰ ਪੂਰ ਦੇ
ਏਸ ਪਲ ਏਸ ਘੜੀ ਤੂੰ ਮੈਨੂੰ ਸੰਖ ਵਾਂਙੂੰ ਪੂਰ ਦੇ
ਅੱਜ ਜੁੱਗਾਂ ਤੋਂ ਬਾਅਦ ਕੋਈ ਨਾਦ ਅਨਹਦ ਗੂੰਜ ਦੇ
ਤੂੰ ਮੈਨੂੰ ਸੰਖ ਵਾਂਙੂੰ ਪੂਰ ਦੇ
ਗੂੰਜ ਉੱਠਣ ਪੰਜੇ ਤੱਤ
ਗੂੰਜੇ ਸੁਰ ਸਪਤਮੀ
ਗੂੰਜ ਉੱਠਣ ਚਾਰੇ ਪਾਸੇ
ਗੂੰਜ ਉੱਠੇ ਹੱਦ-ਏ-ਨਜ਼ਰ
ਗੂੰਜ ਉੱਠੇ ਕਾਇਨਾਤ
ਗੂੰਜ ਉੱਠਣ ਸਾਰੇ ਰੰਗ
ਗੂੰਜ ਉੱਠੇ ਸੁੰਞ-ਸਿਖਰ
ਗੂੰਜ ਉੱਠਣ ਸਾਰੇ ਰਾਹ
ਤੂੰ ਮੇਰੇ ਹੋਠਾਂ ’ਤੇ ਅਪਣੇ ਹੋਠ ਰੱਖ
ਤੇ ਮੈਨੂੰ ਸੰਖ ਵਾਂਙੂੰ ਪੂਰ ਦੇ
ਮੁੜ ਕੇ ਨਹੀਂ ਆਵਣਾ ਇਹ ਸਮਾਂ
੨੫ ਪੋਹ ਸੰਮਤ ੨੦੫੬ ਦੇ ਢਲ਼ਦੇ ਸੂਰਜ ਨਾਲ਼ ਗੱਲਾਂ
ਪਿਆਰੇ ਸੂਰਜ ਸਾਹਿਬ ਜੀਉ
ਕਿੰਨੀ ਦੇਰ ਲਗਾ ਕੇ ਆਏ
ਹੁਣ ਜਾਣ ਦੀ ਕਾਹਲ਼ੀ ਕਾਹਦੀ?
ਨੱਸ ਕੇ ਜਾਣਾ ਕਿੱਥੇ?
ਰਤਾ ਠਹਿਰ ਜਾਉ
ਸਭ ਦਾ ਦਿਲ ਹੈ ਲੱਗਾ
ਬੱਚੇ ਪੰਛੀ ਤੇ ਪਰਛਾਵੇਂ ਦਾ
ਹੁਣ ਦੀ ਬੇਲਾ ਸੁੱਖ ਦੀ ਬੇਲਾ
ਨਾਲ਼ ਅਸਾਡੇ
ਤੂੰ ਹੈਂ ਉਹ ਹੈ ਹਮ ਹੈਂ
ਨਾਲ਼ ਤਿਹਾਰੇ ਦਿਲ ਪਿਆ ਡੁੱਬੇ
ਜੰਗ ਹਯਾਤੀ ਜਿੱਤਣੇ ਦੇ ਲਈ
ਕੀ ਕੋਈ ਕ੍ਰਿਸ਼ਣ ਬੁਲਾਈਏ
ਜੋ ਬਾਹੋਂ ਫੜ ਡੱਕ ਲਏ ਤਿਆਨੂੰ?
ਪੈਰਾਂ ਦੇ ਵਿਚ ਰਸਤਾ ਸਿੱਧਾ
ਤੇਰੇ ਤੀਕਣ ਜਾਵੇ ਲਹਿਰਾਂ ਉੱਤੇ
ਲਿਸ਼ਕਣ ਕਿਰਣਾਂ
ਰਤਾ ਠਹਿਰ ਜਾਉ
ਤੈਨੂੰ ਪਾਣੀ ਅਰਘਾਂਗੇ
ਚੰਗਾ ਬਣ ਕੇ ਦਿਖਲਾਵਾਂਗੇ
ਰਚਨਾ ਕਰਕੇ ਨਾਮ ਤੇਰੇ ਦੀ ਮਹਿਮਾ ਗਾਵਾਂਗੇ
ਸੂਰਜ ਸਾਹਿਬ ਜੀਉ!
ਅਮਿਤੋਜ (1947-2005)
ਸੰਧਿਆ
ਮੇਰੇ ਪਿੰਡ ਵਿਚ ਸੂਰਜ ਕੁਝ ਹੋਰ ਤਰ੍ਹਾਂ ਡੁੱਬਦਾ ਹੈ
… … …
ਹਾਲਾਂ ਕਿ ਉਹ ਜਾਣਦਾ ਹੈ
ਕਿ ਭਲ਼ਕੇ ਉਸ ਫੇਰ ਪਰਤ ਆਉਣਾ ਹੈ
ਪਰ ਜਾਣ ਲੱਗਿਆਂ ਉਹ ਡੈਂਬਰੇ ਹੋਏ ਬਾਲ ਵਾਂਗ
ਬੜੀ ਅੜੀ ਕਰਦਾ ਹੈ
ਰਾਤ ਭਰ ਦੇ ਵਿਛੋੜੇ ਨੂੰ ਬੜਾ ਦਿਲ ’ਤੇ ਲਾਉਂਦਾ ਹੈ
ਕਦੇ ਉਹ ਸੁਨਹਿਰੀ ਭੂੰਡੀ ਵਾਂਗ
ਸਣ ਦੇ ਫੁੱਲਾਂ ’ਤੇ ਖੇਡਦਾ ਹੈ
ਕਦੇ ਉਹ ਜੰਗਲ਼ੀ ਬਿੱਲੇ ਵਾਂਗ
ਮੋਢੇ ਕਮਾਦ ਵਿਚ ਲੁਕਦਾ ਹੈ
ਕਦੇ ਉਹ ਟੁੱਟੀ ਪਤੰਗ ਵਾਂਗ
ਕਬਰਾਂ ਦੀਆਂ ਕਿੱਕਰਾਂ ਵਿਚ ਫਸਦਾ ਹੈ
ਕਦੇ ਉਹ ਔਂਤਰੀ ਕਰਤਾਰੀ ਦੇ ਦੀਵੇ ਵਾਂਗ
ਖ਼ਾਨਗਾਹ ’ਤੇ ਬਲ਼ਦਾ ਹੈ
ਦੱਸਿਆ ਨਾ
ਜਾਣ ਲੱਗਿਆਂ ਬੜੀ ਅੜੀ ਕਰਦਾ ਹੈ
ਪਹਿਲਾਂ ਮਸੀਤ ਦੇ ਗੁੰਬਦ ਪਿਛਾੜੀ
ਲੋਟਣ ਕਬੂਤਰ ਵਾਂਗ ਬਾਜ਼ੀ ਪਾਉਂਦਾ ਹੈ
ਫਿਰ ਪਹਿਲਣਾਂ ਲਵੇਰੀਆਂ ਨਾਲ਼
ਢਾਬ ਵਿਚ ਤਾਰੀ ਲਾਉਂਦਾ ਹੈ
ਟਿੱਬੇ ’ਤੇ ਕੌਡੀ ਖੇਡਦੇ ਨਿਆਣਿਆਂ ਨੂੰ
ਘਰੋ-ਘਰੀ ਪਹੁੰਚਾਉਂਦਾ ਹੈ
ਰਹਿਰਾਸ ਸੁਣਦਾ ਤੇ ਡੰਡਾਉਤ ਕਰਦਾ ਹੈ
ਪੀਰ ਫ਼ਕੀਰ ਧਿਆਉਂਦਾ ਹੈ
ਦੱਸਿਆ ਨਾ
ਰਾਤ ਭਰ ਦੇ ਵਿਛੋੜੇ ਨੂੰ
ਬੜਾ ਦਿਲ ’ਤੇ ਲਾਉਂਦਾ ਹੈ
… … …
(ਇਹ ਨਜ਼ਮ ਪੂਰੀ ਨਹੀਂ)
ਮਜ਼ਹਰ ਤਿਰਮਜ਼ੀ (1950)
ਵੇਲਾ
ਕਦੀ ਕਿਸੇ ਨੂੰ ਦੱਸਿਆ ਏ ਤੂੰ ਕੀ ਏਂ
ਸਾਨੂੰ ਪੰਥ ਸੁਖਾਲ਼ੇ ਦਿਹੁੰ ਦਾ ਲਗਦਾ ਸੈਂ
ਕਦੀ ਕਦੀ ਕੋਈ ਰੂਪ ਵਿਛੁੰਨੇ ਮਿਤਰਾਂ ਦਾ
ਕਦੀ ਤੂੰ ਝੱਲਾ ਜਗਤ ਵਿਖਾਲ਼ੀ ਦੇਨਾਂ ਏਂ
ਕਦੀ ਤੂੰ ਅੰਬਰੀਂ ਤਾਰਾ ਰਾਤ ਹਨੇਰੀ ਦਾ
ਸੱਜਰਾ ਬੋਲ ਪਿਆਰਾ ਚਿਣਗ ਚੁਆਤੀ
ਤੂੰ ਝੇੜਾ ਏਂ ਅੰਦਰ ਦਾ ਜਿਸ ਮੁੱਕਣਾ ਨਹੀਂ
ਤੂੰ ਉਹ ਗਿੱਲਾ ਬਾਲਣ ਏਂ ਜੋ ਸੁੱਕਣਾ ਨਹੀਂ
ਤੂੰ ਫਾਹੀ ਗਲ਼ ਉਮਰਾਂ ਦੀ
ਇਹ ਰਾਤ
ਇਹ ਰਾਤ ਹਵਾ ਦਾ ਬੁੱਲਾ ਏ
ਇਹ ਕੱਚੀ ਕੰਧ ਏ ਸਾਹਵਾਂ ਦੀ
ਜਿਸ ਓੜਕ ਨੂੰ ਢਹਿ ਜਾਣਾ ਏ
ਇਹ ਵਸਤੀ ਲੋਕਾਂ ਦੀ
ਜਿਹੜੀ ਵਸ ਕੇ ਉੱਜੜ ਜਾਂਦੀ ਏ
ਇਹ ਬਾਤ ਐ ਲੰਮਿਆਂ ਸਫ਼ਰਾਂ ਦੀ
ਜਿਹੜੀ ਅੱਖ ਮੀਟੇ ਮੁੱਕ ਜਾਂਦੀ ਏ
ਇਹ ਐਸੇ ਦੁੱਖ ਦਾ ਕਿੱਸਾ ਏ
ਜਿਹਨੂੰ ਕਮਲ਼ੇ ਲੋਕ ਸੁਣਾਂਦੇ ਨੇ
ਤੁਸੀਂ ਜਾਣਦੇ ਓ ਜੋ ਹੋਣਾ ਏ
ਸਭ ਜਾਗਦਿਆਂ ਨੇ ਸੌਣਾ ਏ
ਇਸ ਘਰ ਦਾ ਬੂਹਾ ਖੁੱਲ੍ਹਾ ਏ
ਇਹ ਰਾਤ ਹਵਾ ਦਾ ਬੁੱਲਾ ਏ
ਅੱਧ
ਕੀ ਵੇਲੇ ਦਾ ਜੋਖਣਾ
ਬਸ ਹਾੜਾ ਜਿਹਾ ਲਈਦਾ ਏ
ਅੱਧੀ ਰੋਟੀ, ਅੱਧੀ ਭੁੱਖ
ਅੱਧਾ ਮੋਤੀ, ਅੱਧਾ ਸਿਪ
ਅੱਧੀ ਲੰਘ ਗਈ ਸਾਰੀ ਰਹਿ ਗਈ
ਅੰਦਰ ਵਿੰਗ-ਤੜਿੰਗ
ਕੰਧ ’ਤੇ ਟੰਗੀ ਬੁੱਢੀ ਹੋਈ
ਮੂਰਤ ਗਏ ਸਮੇਂ ਦੀ
ਜੰਗਲ਼ ਬੇਲਾ ਚੇਤੇ ਆਉਂਦਾ
ਤੂਤ, ਬੇਰ ਤੇ ਹੋਲ਼ਾਂ
ਦਿਲ ਕਰਦਾ ਹੁਣ ਕਦੇ ਨਾ ਬੋਲਾਂ
ਕੱਲਿਆਂ ਬਹਿ ਕੇ ਅੱਖੀਆਂ ਕੱਜ ਕੇ
ਦਿਲ ਦੀ ਕੱਲਰ ਢੇਰੀ ਫੋਲਾਂ
ਇਰਫ਼ਾਨ ਮਲਿਕ (1958)
ਲਹੌਰ ਦੀ ਰਾਤ
ਦਿਨ ਦੁਆਲ਼ੇ ਸ਼ਾਮ ਦਾ ਘੇਰਾ
ਹੱਥਾਂ ਓਹਲੇ ਅੱਖਾਂ
ਰੰਗ ਮਿਟ ਗਏ ਨੇ
ਪੈਂਦੀ ਰਾਤ ਦੀ ਕਾਲਖ ਵਿਚ
ਇਸ ਸ਼ਹਿਰ ਦੀ ਰਾਤ ਹੁਣ ਡਾਢੀ ਕਾਲ਼ੀ ਏ
ਦਿਨ ਵੀ ਹਮੇਸ਼ ਨਹੀਂ ਚੜ੍ਹਦਾ
ਭਾਵੇਂ ਸੂਰਜ ਰੋਜ਼ ਨਿਕਲ਼ਦਾ ਏ
ਪਰ ਹੁਣ ਉਸ ਦੀਆਂ ਰਿਸ਼ਮਾਂ ਕੋਲ਼ੋਂ
ਰਾਤ ਦੀ ਕਾਲ਼ੀ ਝੋਲ਼ੀ ਵਿੱਚੋਂ
ਰੰਗ ਲਭੀਂਦੇ ਨਹੀਂ
ਮੋਨੀਕਾ ਕੁਮਾਰ (1969)
ਦੁਪਹਿਰ ਚੜ੍ਹਦਿਆਂ
ਦੁਪਹਿਰ ਚੜ੍ਹਦਿਆਂ ਮੈਂ ਅਪਣੇ ਆਪ ਨੂੰ ਭੁੱਲਣ ਲੱਗੀ ਸੀ
ਚੇਤਰ ਦੀ ਹਵਾ ਮੈਨੂੰ ਕਲ਼ਾਵੇ ਵਿਚ ਲੈ ਕੇ ਬੇਹੋਸ਼ ਕਰ ਦਿੰਦੀ ਹੈ
ਇਸਦੇ ਟੂਣੇ ਵਿਚ ਅਧਮੋਈ
ਮੈਂ ਸਭ ਭੁੱਲਣ ਲੱਗੀ ਸੀ
ਊਂਘ ਲੱਗੀ ’ਚ ਉਲਰਦੇ ਸਿਰ ਨੂੰ ਹੱਥ ਦਾ ਸਹਾਰਾ ਜੋ ਦਿੱਤਾ
ਅਚਾਨਕ ਹੱਥਾਂ ’ਚੋਂ ਲਸਣ ਦੀ ਗੰਧ ਆਈ
ਹੱਥਾਂ ਦੇ ਸੇਕ ਨਾਲ਼ ਇਹ ਗੰਧ ਹੋਰ ਡੂੰਘੀ ਹੋ ਗਈ ਸੀ
ਲਸਣ ਦੀ ਗੰਧ ਨੇ ਮੇਰੀ ਬਿਰਤੀ ਮੋੜ ਦਿੱਤੀ
ਮੈਨੂੰ ਹੌਲ਼ੀ-ਹੌਲ਼ੀ ਸਭ ਯਾਦ ਆ ਗਿਆ
ਸਾਡੇ ਕੋਠਿਆਂ ’ਤੇ ਬਨੇਰੇ ਬਹੁਤ ਛੋਟੇ ਸੀ
ਮੇਰੇ ਵਰਗੇ ਮਧਰੇ ਕਦ ਦਾ ਮਨੁੱਖ ਕੋਈ ਵੀ ਕੰਧ ਟੱਪ ਸਕਦਾ ਸੀ
ਸਾਡੇ ਸਾਰੇ ਗੁਆਂਢੀ ਦਿਨ ਵੇਲੇ ਮਿਲਾਪੜੇ ਸੀ
ਫੇਰ ਸੰਧਿਆ ਦਾ ਟੂਣਾ ਸਭ ਨੂੰ ਘੇਰ ਲੈਂਦਾ ਸੀ
ਮਾਵਾਂ ਅਪਣੇ ਬੱਚਿਆਂ ਨੂੰ ਗਲ਼ੀਆਂ ’ਚੋਂ ਧੂਹ ਕੇ ਘਰਾਂ ਦੇ ਅੰਦਰ ਲੈ ਜਾਂਦੀਆਂ
ਮੈਨੂੰ ਯਾਦ ਆ ਗਿਆ
ਡਿਓੜ੍ਹੀਆਂ ਵਿਚ ਸੈਕਲ ਨਿਸੱਤੇ ਹੋ ਕੇ ਡਿੱਗੇ ਰਹਿੰਦੇ
ਤੇ ਬਾਪ
ਬਾਪ ਪਰਤ ਕੇ ਘਰ ਨੂੰ ਪ੍ਰਾਹੁਣਿਆਂ ਤਰ੍ਹਾਂ ਦੇਖਦੇ
ਨਿਆਣੇ ਸਵੇਰ ਤੋਂ ਵੱਡੇ ਹੋਏ ਲਗਦੇ
ਰਿਝਦੀ ਦਾਲ਼ ਦੀ ਮਹਿਕ ਕੋਠੇ ਤਕ ਉਡ ਜਾਂਦੀ
ਅਸੀਂ ਵਿਹੜੇ ਵਿਚ ਬੈਠੇ ਰੋਟੀ ਖਾਣ ਲੱਗਦੇ