ਡਾ. ਮੇਘਾ ਸਿੰਘ *
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵੱਲੋਂ ਪਿਛਲੇ ਸਾਲ ਬਣਾਏ ਗਏ ਤਿੰਨ ਖੇਤੀ ਕਾਨੂੰਨਾਂ ਵਿਰੁੱਧ ਸ਼ੁਰੂ ਹੋਏ ਕਿਸਾਨ ਅੰਦੋਲਨ ਨੇ ਮੁੱਖ ਰੂਪ ਵਿਚ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਜਾਗਰੂਕ ਅਤੇ ਲਾਮਬੰਦ ਕੀਤਾ ਅਤੇ ਸਮਾਜ ਦੇ ਹੋਰ ਵਰਗਾਂ ਨੂੰ ਕਾਫ਼ੀ ਪ੍ਰਭਾਵਿਤ ਕੀਤਾ। ਬੁੱਧੀਜੀਵੀ ਜਮਾਤ, ਜਿਹੜੀ ਪਿਛਲੇ ਕਈ ਦਹਾਕਿਆਂ ਤੋਂ ਲੋਕ ਹਿੱਤਾਂ ਤੋਂ ਲਾਂਭੇ ਰਹਿੰਦਿਆਂ ਸਿਰਫ਼ ਆਪਣੇ ਹੱਕ-ਹਕੂਕਾਂ ਤੱਕ ਹੀ ਸੀਮਤ ਹੋ ਕੇ ਰਹਿ ਗਈ ਸੀ, ਦੀ ਜ਼ਮੀਰ ਨੂੰ ਵੀ ਇਸ ਕਿਸਾਨ ਅੰਦੋਲਨ ਨੇ ਝੰਜੋੜਿਆ। ਸਿੱਟੇ ਵਜੋਂ ਵੱਡੀ ਗਿਣਤੀ ਬੁੱਧੀਜੀਵੀਆਂ ਨੇ ਆਪੋ-ਆਪਣੀ ਸਮਰੱਥਾ ਅਨੁਸਾਰ ਇਸ ਅੰਦੋਲਨ ਵਿਚ ਆਪਣਾ ਹਿੱਸਾ ਪਾਇਆ। ਉਨ੍ਹਾਂ ਨੇ ਅਖ਼ਬਾਰਾਂ/ਰਸਾਲਿਆਂ ਵਿਚ ਵਿਦਵਤਾ ਭਰਪੂਰ ਲੇਖ ਲਿਖ ਕੇ ਇਨ੍ਹਾਂ ਖੇਤੀ ਕਾਨੂੰਨਾਂ ਦੇ ਕਿਸਾਨਾਂ ਸਮੇਤ ਸਮਾਜ ਦੇ ਸਾਰੇ ਵਰਗਾਂ ਉੱਤੇ ਪੈਣ ਵਾਲੇ ਮਾਰੂ ਪ੍ਰਭਾਵਾਂ ਸਬੰਧੀ ਚੇਤੰਨ ਕਰਨ ਦਾ ਮਹੱਤਵਪੂਰਨ ਰੋਲ ਅਦਾ ਕੀਤਾ। ਆਖ਼ਰ ਇਹ ਕਾਨੂੰਨ ਸਰਕਾਰ ਨੇ ਵਾਪਸ ਲੈ ਲਏ।
ਰੋਜ਼ਾਨਾ ਅਖ਼ਬਾਰਾਂ ਅਤੇ ਰਸਾਲਿਆਂ ਵਿਚ ਕਿਸਾਨੀ ਸਮੱਸਿਆਵਾਂ ਅਤੇ ਇਸ ਕਿਸਾਨ ਅੰਦੋਲਨ ਸਬੰਧੀ ਪ੍ਰਕਾਸ਼ਤ ਨਬਿੰਧਾਂ ਵਿਚੋਂ ਕੁਝ ਚੋਣਵੇਂ ਨਬਿੰਧ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਪੰਜਾਬੀ ਵਿਭਾਗ ਦੇ ਖੋਜਾਰਥੀ ਸਟਾਲਿਨਜੀਤ ਬਰਾੜ ਨੇ ਪੁਸਤਕ ‘ਕਿਸਾਨੀ ਸੰਕਟ: ਪਰਤ ਦਰ ਪਰਤ’ (ਪੀਪਲਜ਼ ਫੋਰਮ, ਬਰਗਾੜੀ) ਰੂਪ ਵਿਚ ਸੰਪਾਦਤ ਕਰ ਕੇ ਪ੍ਰਕਾਸ਼ਤ ਕਰਵਾਉਣ ਦਾ ਸ਼ਲਾਘਾਯੋਗ ਉੱਦਮ ਕੀਤਾ ਹੈ। ਚਾਰ ਭਾਗਾਂ ਵਿਚ ਵੰਡੀ ਇਸ ਪੁਸਤਕ ਵਿਚ ਕੁੱਲ 39 ਨਬਿੰਧ ਹਨ। ਪਹਿਲੇ ਭਾਗ ਵਿਚ ਕਿਸਾਨੀ ਅੰਦੋਲਨਾਂ ਦੀ ਵਿਰਾਸਤ ਨਾਲ ਸਬੰਧਤ 6, ਦੂਜੇ ਭਾਗ ਵਿਚ ਮੌਜੂਦਾ ਖੇਤੀ ਅੰਦੋਲਨ ਨਾਲ ਸਬੰਧਤ 22, ਤੀਜੇ ਭਾਗ ਵਿਚ ਔਰਤਾਂ ਅਤੇ ਮਜ਼ਦੂਰਾਂ ਨਾਲ ਸਬੰਧਤ 4 ਅਤੇ ਚੌਥੇ ਭਾਗ ਵਿਚ ‘ਕਿਸਾਨ ਅੰਦੋਲਨ ਅਤੇ ਸੱਭਿਆਚਾਰ’ ਵਿਸ਼ੇ ਉੱਤੇ 7 ਲੇਖ ਦਰਜ ਹਨ।
ਪਹਿਲੇ ਭਾਗ ਵਿਚ ਕਿਸਾਨ ਅੰਦੋਲਨਾਂ ਦੀ ਵਿਰਾਸਤ ਨਾਲ ਸਬੰਧਤ ਲੇਖਾਂ ਵਿਚ ਡਾ. ਗੁਰਦੇਵ ਸਿੰਘ ਸਿੱਧੂ ਦਾ ਬਾਰ ਦੀ ਆਬਾਦਕਾਰੀ ਅਤੇ ਵੀਹਵੀਂ ਸਦੀ ਦੀ ਪਹਿਲੀ ਕਿਸਾਨ ਲਹਿਰ ਸਬੰਧੀ ਖੋਜ ਅਤੇ ਜਾਣਕਾਰੀ ਭਰਪੂਰ ਲੇਖ ਹੈ। ਚਰੰਜੀ ਲਾਲ ਕੰਗਣੀਵਾਲ ਦੇ ਲਿਖੇ ਤਿੰਨ ਲੇਖ ‘ਅੰਮ੍ਰਿਤਸਰ ਦਾ ਕਿਸਾਨ ਮੋਰਚਾ’ (1938), ‘ਨੀਲੀਬਾਰ ਦਾ ਮੁਜ਼ਾਰਾ ਘੋਲ’ (1937) ਅਤੇ ‘ਗਾਥਾ ਦੋ ਕਿਸਾਨੀ ਘੋਲਾਂ ਦੀ’ (ਪੰਜਾਬ ਕਿਸਾਨ ਸਭਾ ਦਾ ਫ਼ਤਹਿਗੜ੍ਹ ਕੋਰੋਟਾਣਾ ਸਮਾਗਮ ਅਤੇ ਚੜਿੱਕ ਦਾ ਮੋਰਚਾ) ਵੀ ਭਾਰਤ ਦੀ ਸੁਤੰਤਰਤਾ ਤੋਂ ਪਹਿਲਾਂ ਚੱਲੇ ਕਿਸਾਨੀ ਘੋਲਾਂ ਦੀ ਗਾਥਾ ਹਨ। ਸੁਤੰਤਰਤਾ ਤੋਂ ਬਾਅਦ ਚੱਲੇ ਦੋ ਮਹੱਤਵਪੂਰਨ ਕਿਸਾਨ ਅੰਦੋਲਨਾਂ ਸਬੰਧੀ ਦੋ ਲੇਖਾਂ ਵਿਚ ਡਾ. ਬਲਵਿੰਦਰ ਸਿੰਘ ਨੇ ਇਨ੍ਹਾਂ ਦੋਵਾਂ ਕਿਸਾਨੀ ਘੋਲਾਂ ਦੇ ਸੰਘਰਸ਼ ਅਤੇ ਸ਼ਾਨਾਮੱਤੀਆਂ ਪ੍ਰਾਪਤੀਆਂ ਨੂੰ ਬਾਖ਼ੂਬੀ ਬਿਆਨ ਕੀਤਾ ਹੈ। ਇਹ ਲੇਖ ਕਿਸਾਨੀ ਘੋਲਾਂ ਸਬੰਧੀ ਜਾਣਕਾਰੀ ਪ੍ਰਦਾਨ ਕਰਨ ਵਾਲੇ ਅਤੇ ਮੌਜੂਦਾ ਕਿਸਾਨ ਸੰਘਰਸ਼ ਨੂੰ ਹਿੰਮਤ, ਹੌਸਲਾ ਅਤੇ ਦ੍ਰਿੜ੍ਹਤਾ ਪ੍ਰਦਾਨ ਕਰਨ ਵਾਲੇ ਹਨ।
ਪੁਸਤਕ ਦੇ ਦੂਜੇ ਭਾਗ ਵਿਚ ਸ਼ਾਮਲ 22 ਲੇਖਾਂ ਵਿਚੋਂ ਚਾਰ- ‘ਖੇਤੀ ਸੁਧਾਰਾਂ ਦੇ ਨਾਂ ’ਤੇ ਕਿਸਾਨਾਂ ਦਾ ਸੋਧਾ’, ਖੇਤੀ ਖਿਲਾਫ਼ ਕੇਂਦਰ ਦਾ ਵਿਤਕਰਾ, ਪੰਜਾਬ ਦੀ ਖੇਤੀ ਅਤੇ ਵਾਤਾਵਰਣ ਨੂੰ ਕਿਵੇਂ ਬਚਾਇਆ ਜਾਵੇ ਅਤੇ ਕੇਂਦਰੀ ਖੇਤੀ ਕਾਨੂੰਨ ਤੁਰੰਤ ਵਾਪਸ ਕਰਨ ਦੇ ਬੁਨਿਆਦੀ ਕਾਰਨ’ ਉੱਘੇ ਅਰਥਸ਼ਾਸਤਰੀ ਡਾ. ਸੁੱਚਾ ਸਿੰਘ ਗਿੱਲ ਦੀ ਕਲਮ ਤੋਂ ਹਨ। ਡਾ. ਸੁਖਪਾਲ ਸਿੰਘ ਦੇ ਦੋ ਅਤੇ ਪ੍ਰੋ. ਪ੍ਰੀਤਮ ਸਿੰਘ ਦਾ ਲੇਖ ਵਿਵਾਦਿਤ ਖੇਤੀ ਆਰਡੀਨੈਂਸਾਂ ਦੇ ਖੇਤੀ ਅਤੇ ਕਿਸਾਨੀ ਉਪਰ ਪੈਣ ਵਾਲੇ ਮਾੜੇ ਪ੍ਰਭਾਵਾਂ ਦਾ ਵਰਣਨ ਕਰਦੇ ਹਨ। ਡਾ. ਅਨੂਪਮਾ, ਹਰਵਿੰਦਰ ਭੰਡਾਲ, ਕਿਸਾਨ ਆਗੂ ਰਾਜਿੰਦਰ ਸਿੰਘ ਦੀਪ ਸਿੰਘ ਵਾਲਾ ਅਤੇ ਡਾ. ਪਿਆਰਾ ਲਾਲ ਗਰਗ ਦੇ ਲੇਖ ਵੀ ਖੇਤੀ ਕਾਨੂੰਨਾਂ ਦੇ ਮਾਰੂ ਪ੍ਰਭਾਵਾਂ ਨੂੰ ਹੀ ਬਿਆਨ ਕਰਦੇ ਹਨ। ਐਨ ਸਾਈ ਬਾਲਾ ਜੀ. ਅਤੇ ਜਗਮੋਹਨ ਸਿੰਘ ਦੇ ਲੇਖ ਇਨ੍ਹਾਂ ਖੇਤੀ ਕਾਨੂੰਨਾਂ ਦੇ ਪਿਛੋਕੜ ਉੱਤੇ ਝਾਤ ਪਾਉਂਦੇ ਹਨ। ਡਾ. ਸਵਰਾਜਬੀਰ, ਪੀ. ਸਾਈਨਾਥ, ਔਨਿੰਦਿਓ ਚੱਕਰਵਰਤੀ, ਜਤਿੰਦਰ ਸਿੰਘ, ਅਮਿਤ ਭਾਦੁੜੀ, ਪ੍ਰਮਿੰਦਰ ਸਿੰਘ, ਡਾ. ਕੁਲਦੀਪ ਸਿੰਘ, ਅਜਾਇਬ ਸਿੰਘ ਟਿਵਾਣਾ, ਪ੍ਰੋ. ਪ੍ਰੀਤਮ ਸਿੰਘ ਅਤੇ ਆਰ.ਐਸ. ਮਾਨ ਦੇ ਲੇਖ ਮੌਜੂਦਾ ਕਿਸਾਨ ਸੰਘਰਸ਼ ਦੇ ਵੱਖ-ਵੱਖ ਵਿਸ਼ਿਆਂ ਅਤੇ ਪ੍ਰਸੰਗਾਂ ਨੂੰ ਸੰਬੋਧਤ ਹਨ।
ਪੁਸਤਕ ਦੇ ਤੀਜੇ ਭਾਗ ਵਿਚ ਕਿਸਾਨ ਅੰਦੋਲਨ ਦੇ ਸੰਦਰਭ ਵਿਚ ਔਰਤਾਂ ਅਤੇ ਮਜ਼ਦੂਰਾਂ ਦੀ ਭਾਗੀਦਾਰੀ ਦੀ ਜ਼ਰੂਰਤ ਅਤੇ ਖੇਤੀ ਕਾਨੂੰਨਾਂ ਦੇ ਇਨ੍ਹਾਂ ਵਰਗਾਂ ਉੱਤੇ ਪੈਣ ਵਾਲੇ ਖ਼ਤਰਨਾਕ ਪ੍ਰਭਾਵਾਂ ਸਬੰਧੀ ਨਵਸ਼ਰਨ, ਡਾ. ਸੁਖਦੇਵ ਸਿੰਘ, ਸੰਦੀਪ ਕੁਮਾਰ ਅਤੇ ਅਨੂਪਮਾ ਦੇ ਪ੍ਰਭਾਵਸ਼ਾਲੀ ਨਬਿੰਧ ਹਨ। ਚੌਥੇ ਭਾਗ ਵਿਚ ਡਾ. ਸਵਰਾਜਬੀਰ, ਪ੍ਰੋ. ਰਾਜਿੰਦਰਪਾਲ ਸਿੰਘ ਬਰਾੜ, ਗੁਰਬਚਨ ਸਿੰਘ ਭੁੱਲਰ, ਤਸਕੀਨ, ਸੁਮੇਲ ਸਿੰਘ ਸਿੱਧੂ ਅਤੇ ਜਗਵਿੰਦਰ ਜੋਧਾ ਦੇ ਲੇਖ ਕਿਸਾਨ ਅੰਦੋਲਨ ਦੇ ਹਾਂਦਰੂ (ਹਾਂ-ਪੱਖੀ) ਪ੍ਰਭਾਵਾਂ ਦੀ ਨਿਸ਼ਾਨਦੇਹੀ ਕਰਦੇ ਹਨ।
ਕਿਸਾਨੀ ਅੰਦੋਲਨ ਦੇ ਭਿੰਨ-ਭਿੰਨ ਪੱਖਾਂ ਸਬੰਧੀ ਨਬਿੰਧਾਂ ਦੀ ਇਹ ਪੁਸਤਕ ਇਕ ਇਤਿਹਾਸਕ ਦਸਤਾਵੇਜ਼ ਕਹੀ ਜਾ ਸਕਦੀ ਹੈ। ਜੇ ਸੰਪਾਦਕ ਇਕ ਲੇਖਕ ਦੇ ਇਕ ਹੀ ਨਬਿੰਧ ਦੀ ਚੋਣ ਕਰਦਾ ਅਤੇ ਕੁਝ ਹੋਰ ਲੇਖਕਾਂ ਦੇ ਨਬਿੰਧਾਂ ਨੂੰ ਵੀ ਇਸ ਵਿਚ ਸ਼ਾਮਲ ਕਰ ਲੈਂਦਾ ਤਾਂ ਇਹ ਸੰਗ੍ਰਹਿ ਹੋਰ ਵੀ ਮੁੱਲਵਾਨ ਹੋ ਨਬਿੜਦਾ। ਉੱਘੇ ਅਰਥ-ਸ਼ਾਸਤਰੀ ਡਾ. ਰਣਜੀਤ ਸਿੰਘ ਘੁੰਮਣ ਅਤੇ ਡਾ. ਗਿਆਨ ਸਿੰਘ ਦੇ ਲੇਖਾਂ ਦੀ ਅਣਹੋਂਦ ਵੀ ਰੜਕਦੀ ਹੈ। ਇਨ੍ਹਾਂ ਲੇਖਾਂ ਦੀ ਪ੍ਰਕਾਸ਼ਨ ਮਿਤੀ ਅਤੇ ਅਖ਼ਬਾਰ/ ਮੈਗਜ਼ੀਨ, ਜਿਸ ਵਿਚ ਇਹ ਪ੍ਰਕਾਸ਼ਤ ਹੋਏ, ਦਾ ਵੇਰਵਾ ਵੀ ਦਰਜ ਹੁੰਦਾ ਤਾਂ ਇਹ ਜਾਣਕਾਰੀ ਭਵਿੱਖ ਵਿਚ ਹੋਰ ਵੀ ਲਾਹੇਵੰਦ ਹੋ ਸਕਦੀ ਸੀ। ਕੁੱਲ ਮਿਲਾ ਕੇ ਸੰਪਾਦਕ ਦਾ ਇਹ ਯਤਨ ਸ਼ਲਾਘਾਯੋਗ ਹੈ।
* ਸਾਬਕਾ ਸਹਾਇਕ ਸੰਪਾਦਕ, ਪੰਜਾਬੀ ਟ੍ਰਿਬਿਊਨ।
ਸੰਪਰਕ: 97800-36137