ਅਮੀਨਾ
ਮੇਰੇ ਅਜ਼ੀਜ਼ ਨੇ ਕਿਹਾ ਸੀ, ‘‘ਕੀ ਤੂੰ ਅਕਸਰ ਖੜ੍ਹ ਕੇ ਆਹ ਸੁੱਕੇ ਜਿਹੇ ਦਰੱਖ਼ਤਾਂ ਨੂੰ ਦੇਖਣ ਲੱਗ ਜਾਂਦੀ ਐਂ…! ਤਾਹੀਉਂ ਤਾਂ ਤੇਰੀ ਜ਼ਿੰਦਗੀ ’ਚ ਏਨੀਆਂ ਸੋਚਾਂ ਨੇ। ਇਹ ਤੈਨੂੰ ਕੀ ਹਾਂ-ਪੱਖੀ ਹੁੰਗਾਰਾ ਦੇਣਗੇ? ਹਰੇ ਦਰੱਖ਼ਤ ਦੇਖਿਆ ਕਰ ਕੁਝ ਚੰਗਾ ਸੋਚੇਂ ਤੂੰ…।’’ ਮੈਂ ਉਸ ਦੇ ਇਹ ਲਫ਼ਜ਼ ਸੁਣ ਕੇ ਅਵਾਕ ਰਹਿ ਜਾਣਾ। ਇਹ ਤਕਰਾਰ ਅਕਸਰ ਸਾਡੇ ਵਿਚਕਾਰ ਚੱਲਦੀ ਰਹਿੰਦੀ ਸੀ। ਮੈਂ ਉਸ ਨੂੰ ਅਕਸਰ ਇਹੋ ਜਵਾਬ ਦਿੱਤਾ, ‘‘ਇਹ ਮੈਨੂੰ ਬਹੁਤ ਪਿਆਰੇ ਲੱਗਦੇ ਨੇ, ਵੇਖ ਕਿਵੇਂ ਜ਼ਿੰਦਗੀ ਦੀਆਂ ਹਕੀਕਤਾਂ ਨੂੰ ਬਿਆਨ ਕਰਦੇ ਨੇ, ਕਿੰਨੇ ਝੱਖੜਾਂ, ਹਨੇਰੀਆਂ, ਤੂਫ਼ਾਨਾਂ, ਧੁੱਪਾਂ-ਛਾਵਾਂ ਨੂੰ ਸਹਿ ਕੇ ਖੜ੍ਹੇ ਨੇ… ਕੀ ਪਤਾ ਕਿਹੜੇ ਦਿਨ ਕਿਸੇ ਗ਼ਰੀਬ ਦੇ ਬੱਚਿਆਂ ਦਾ ਢਿੱਡ ਭਰਨ ਲਈ ਖ਼ੁਦ ਹੀ ਜ਼ਰੀਆ ਬਣ ਜਾਣਗੇ? ਵੇਖ ਕਿੰਨਾ ਸੋਹਣਾ ਜ਼ਿੰਦਗੀ ਦਾ ਰੰਗ ਦਿਖਾ ਰਹੇ ਨੇ। ਕਿਸੇ ਨੂੰ ਕੋਈ ਸ਼ਿਕਾਇਤ ਨਹੀਂ ਕਰਦੇ। ਇਹ ਮੈਨੂੰ ਬਹੁਤ ਮੁਤਾਸਰ ਕਰਦੇ ਨੇ। ਜਦੋਂ ਕਦੇ ਇਨ੍ਹਾਂ ਸੁੱਕੇ ਤੇ ਝੜ ਚੁੱਕੇ ਦਰੱਖ਼ਤਾਂ ’ਤੇ ਨਵੀਆਂ ਕਰੂੰਬਲਾਂ ਫ਼ੁੱਟਦੀਆਂ ਨੇ, ਜਦੋਂ ਇਨ੍ਹਾਂ ਨੂੰ ਨਵੀਆਂ ਲਗਰਾਂ ਆਉਂਦੀਆਂ ਨੇ… ਮੈਨੂੰ ਆਪਣੇ ਅੰਦਰੋਂ ਲੂੰ-ਲੂੰ ’ਚੋਂ ਉਮੀਦ ਫੁੱਟਦੀ ਨਜ਼ਰ ਆਉਂਦੀ ਹੈ। ਕਿੰਨੀ ਵਾਰ ਤਾਂ ਮੇਰੇ ਕਦਮ ਅਜਿਹੇ ਰੁੱਖਾਂ ਨੂੰ ਵੇਖਦਿਆਂ ਹੀ ਰੁਕੇ ਨੇ…। ਇਨ੍ਹਾਂ ਨੂੰ ਦੇਖ ਕੇ ਲੱਗਦਾ ਹੈ ਜਿਵੇਂ ਚਿਰਾਂ ਤੋਂ ਬਾਂਝ ਕੁੱਖ ਨੂੰ ਕੁਦਰਤ ਨੇ ਔਲਾਦ ਦਾ ਸੁੱਖ ਬਖ਼ਸ਼ ਦਿੱਤਾ ਹੋਵੇ। ਜਿਵੇਂ ਇਕ ਔਰਤ ਮਾਂ ਬਣ ਕੇ ਆਪਣੀ ਔਲਾਦ ਤੋਂ ਆਪਾ ਵਾਰਦੀ ਹੈ, ਓਵੇਂ ਹੀ ਇਹ ਕਿੰਨੀਆਂ ਹੀ ਜ਼ਿੰਦਗੀਆਂ ਨੂੰ ਬੇਨਿਆਜ਼ ਨਿਆਮਤਾਂ ਬਖ਼ਸ਼ਦੇ ਹਨ। ਇਨ੍ਹਾਂ ਦੇ ਪੱਤਿਆਂ ’ਤੇ ਮੀਂਹ ਦੀਆਂ ਬੂੰਦਾਂ ਡਿੱਗਦੀਆਂ ਨੇ ਤਾਂ ਇਹ ਕਿੰਨਾ ਮੁਸਕੁਰਾਉਂਦੇ ਨੇ, ਕਿੰਨੀਆਂ ਅਠਖੇਲੀਆਂ ਕਰਦੇ ਨੇ ਜਿਵੇਂ ਚਿਰਾਂ ਤੋਂ ਤ੍ਰਿਹਾਏ ਰੇਗਿਸਤਾਨ ਨੂੰ ਮੀਂਹ ਦੀਆਂ ਬੂੰਦਾਂ ਨੇ ਜ਼ਿੰਦਗੀ ਬਖ਼ਸ਼ ਦਿੱਤੀ ਹੋਵੇ। ਕਿਵੇਂ ਨਿਰਮਾਣਤਾ ਨਾਲ ਝੁਕ ਜਾਂਦੇ ਨੇ ਕੁਦਰਤ ਦੇ ਹਰ ਰੰਗ/ਮੌਸਮ ਅੱਗੇ ਤੇ ਅਡੋਲ ਖੜ੍ਹੇ ਰਹਿੰਦੇ ਨੇ। ਕਦੇ ਵੀ ਕਿਸੇ ਨਾਲ ਵੀ ਕੋਈ ਵਿਤਕਰਾ ਨਹੀਂ ਕਰਦੇ। ਕੁਦਰਤ ਦੀਆਂ ਬਖ਼ਸ਼ੀਆਂ ਅਨਮੋਲ ਦਾਤਾਂ ਸਭਨਾਂ ਨੂੰ ਮਜ਼ਹਬਾਂ, ਰੰਗਾਂ ਤੋਂ ਪਾਰ ਜਾ ਕੇ ਵੰਡਦੇ ਰਹਿੰਦੇ ਨੇ।’’ ਕਿੰਨੀ ਵਾਰ ਇਨ੍ਹਾਂ ਨੇ ਮੈਨੂੰ ਰੋਂਦਿਆਂ ਸੁਣਿਆ, ਵਰਾਇਆ। ਸਮਝਾਇਆ। ਮੈਨੂੰ ਖੁੱਲ੍ਹ ਕੇ ਹੱਸਣਾ, ਰੋਣਾ, ਸੁਣਨਾ, ਜ਼ਿੰਦਗੀ ਮਾਨਣਾ ਸਿਖਾਇਆ। ਇਹ ਬੇਸ਼ਕੀਮਤੀ ਨੇ, ਸਕੂਨ ਦਿੰਦੇ ਨੇ।
ਮੈਂ ਅਕਸਰ ਆਪਣੇ ਅਜ਼ੀਜ਼ ਨੂੰ ਆਖਦੀ, ‘‘ਇਹ ਮੈਨੂੰ ਪਿਆਰੇ ਲੱਗਦੇ ਨੇ। ਰੂਹ ਨੂੰ ਸਕੂਨ ਦਿੰਦੇ ਨੇ।’’ ਉਸ ਨੇ ਅਕਸਰ ਮੁਸਕੁਰਾ ਪੈਣਾ ਅਤੇ ਆਪਣੇ ਹੱਥ ਨੂੰ ਨਾਂਹ ਦੀ ਮੁਦਰਾ ਦਾ ਨਚਾਉਂਦਿਆਂ ਕਹਿਣਾ, ‘‘ਇਹ ਸਿਰਫ਼ ਕਿਤਾਬੀ ਗੱਲਾਂ ਨੇ ਅਮੀਨਾ… ਇਨ੍ਹਾਂ ਨਾਲ ਜ਼ਿੰਦਗੀ ਨਹੀਂ ਚੱਲਦੀ ਹੁੰਦੀ।’’ ਮੈਂ ਭਿੱਜੀਆਂ ਅੱਖਾਂ ਨਾਲ ਕਹਿਣਾ, ‘‘ਮੇਰੇ ਕੋਲ ਤਾਂ ਇਹੋ ਹੀ ਨੇ… ਮੇਰੇ ਕੋਲ ਹੋਰ ਕੋਈ ਰਾਸਤਾ ਨਹੀਂ।’’ ਸਮਾਂ ਬੀਤਿਆ ਜ਼ਿੰਦਗੀ ਨੇ ਜ਼ਿੰਦਗੀ ਹੋਣ ਦਾ ਅਹਿਸਾਸ ਕਰਵਾਇਆ। ਤਲਖ਼ ਹਕੀਕਤਾਂ ਨਾਲ ਵਾਹ ਪਿਆ। ਪਤਾ ਲੱਗਾ ਕਿ ਜ਼ਿੰਦਗੀ ਮਹਿਜ਼ ਕਿਸੇ ਪ੍ਰਤੀ ਇਮਾਨ, ਸਪੁਰਦਤਾ, ਅਕੀਦਤ ਦਿਖਾਉਣ ਨਾਲ ਨਹੀਂ ਗੁਜ਼ਰਦੀ, ਖ਼ਾਸਕਰ ਓਦੋਂ ਜਦੋਂ ਅਜ਼ੀਜ਼ ਆਖੇ, ‘‘ਇਹ ਮਹਿਜ਼ ਕਿਤਾਬੀ ਗੱਲਾਂ ਨੇ।’’ ਮੈਨੂੰ ਇਹ ਅਹਿਸਾਸ ਵੀ ਹੋਣ ਲੱਗਾ ਕਿ ਕਿਸੇ ਪ੍ਰਤੀ ਜਿੰਨੇ ਇਮਾਨ ਨਾਲ ਲਿਫ਼ ਕੇ ਨਿਭਦੇ ਹੋ ਓਨਾ ਹੀ ਆਪਣੀਆਂ ਨਜ਼ਰਾਂ ਤੋਂ ਡਿੱਗਦੇ ਜਾਂਦੇ ਹੋ, ਪਰ ਮੇਰੇ ਵਰਗਾ ਇਨਸਾਨ ਇਸ ਵਿੱਚੋਂ ਵੀ ਰਿਸ਼ਤਿਆਂ ’ਚ ਠਹਿਰਾਅ ਦਾ ਰਾਸਤਾ ਲੱਭਣ ਲੱਗਦਾ ਹੈ। ਮੈਂ ਮੇਰੇ ਅਜ਼ੀਜ਼ ਨੂੰ ਸਮਝਾ ਨਾ ਸਕਣਾ ਕਿ ਕਿੰਝ ਸਮਝਾਵਾਂ, ਅਹਿਸਾਸ ਨਾਲ ਹੀ ਜ਼ਿੰਦਗੀ ਜਿਊਈਂ ਜਾਂਦੀ ਐ…। ਟੋਟਿਆਂ ’ਚ ਵੰਡ ਕੇ ਮਹਿਜ਼ ਭੀੜ ਇਕੱਠੀ ਹੋ ਸਕਦੀ ਐ ਤਾਂਹੀਓ ਤਾਂ ਮੈਨੂੰ ਇਹ ਸੁੱਕੇ ਦਰੱਖ਼ਤ ਇੰਨੇ ਸੋਹਣੇ ਲੱਗਦੇ ਨੇ। ਇਹ ਭੀੜ ’ਚੋਂ ਇਕੱਲੇ ਦਿਸਦੇ ਨੇ… ਹਰੇ-ਭਰੇ ਹੋਣ ਦੀ ਉਮੀਦ ਨਾਲ ਲਬਰੇਜ਼।’’ ਖ਼ੈਰ! ਹਰ ਇਕ ਦਾ ਆਪੋ ਆਪਣਾ ਨਜ਼ਰੀਆ ਹੁੰਦਾ ਏ। ਆਪਣੇ ਅਜ਼ੀਜ਼ ਦੀ ਗੱਲ ਮੈਂ ਅੱਜ ਤੱਕ ਸਮਝਣ ਦੀ ਕੋਸ਼ਿਸ਼ ਕਰ ਰਹੀ ਹਾਂ। ‘‘ਇਹ ਮਹਿਜ਼ ਕਿਤਾਬੀ ਗੱਲਾਂ ਨੇ’’ ਦੇ ਸੰਤਾਪ ’ਚੋਂ ਨਿਕਲਣ ਲਈ ਕਈ ਵਾਰ ਸ਼ਾਂਤ ਪਾਰਕ ’ਚ ਜਾ ਕੇ ਦਰੱਖ਼ਤਾਂ ਦੇ ਆਗੋਸ਼ ’ਚ ਬੈਠ ਜਾਣਾ ਜਿੱਥੇ ਇਹ ਕਈ ਰੂਪਾਂ ਹਰੇ-ਭਰੇ, ਰੁੰਡ-ਮਰੁੰਡ ਹੋਏ ਖੜ੍ਹੇ ਵੀ ਮੁਸਕੁਰਾਉਂਦੇ… ਇਨ੍ਹਾਂ ਨੂੰ ਜਾ ਕੇ ਦੱਸਣਾ ਕਿ ਹੁਣ ਜ਼ਿੰਦਗੀ ਇਹ ਰੰਗ ਦਿਖਾ ਰਹੀ ਹੈ, ਇਨ੍ਹਾਂ ਅਡੋਲ ਸ਼ਾਂਤ ਚਿੱਤ ਰਹਿਣ ਦੇ ਸਬਕ ਸਿਖਾ ਦੇਣੇ। ਰੁੱਖਾਂ ਦੀਆਂ ਟਹਿਣੀਆਂ ’ਚੋਂ ਝਰ ਕੇ ਆਉਂਦੀਆਂ ਚੰਨ ਦੀਆਂ ਰਿਸ਼ਮਾਂ ਨੇ ਇਕ ਨਵਾਂ ਰਾਹ ਦਿਖਾ ਦੇਣਾ। ਇਨ੍ਹਾਂ ਦੇ ਪਰਛਾਵਿਆਂ ਦੇ ਆਕਾਰਾਂ ਨੇ ਕੋਈ ਨਾ ਕੋਈ ਸੁਨੇਹਾ ਦੇ ਦੇਣਾ। ਜਦੋਂ ਕਿਤੇ ਬਹੁਤ ਉਦਾਸ ਹੋਣਾ ਤਾਂ ਅਕਸਰ ਫ਼ੋਨ ਤੋਂ ਬਿਨਾਂ ਸਵੇਰ ਦੀ ਸੈਰ ’ਤੇ ਨਿਕਲ ਪੈਣਾ ਕਿਉਂਕਿ ਫ਼ੋਨ ਨਾਲ ਇਨ੍ਹਾਂ ਦੀ ਸੰਗਤ ਨੂੰ ਚੰਗੀ ਤਰ੍ਹਾਂ ਮਾਣਿਆ ਨਹੀਂ ਜਾ ਸਕਦਾ। ਕਦੇ ਕਦੇ ਜੀਅ ਵੀ ਕਰਨਾ ਕਿ ਇਸ ਪਲ ਨੂੰ ਕੈਦ ਕਰਕੇ ਸਾਂਭ ਲਵਾਂ ਤਾ-ਉਮਰ ਲਈ…।
ਫਿਰ ਇਕ ਦਿਨ ਸਮਾਂ ਕੁਝ ਪਲਾਂ ਲਈ ਰੁਕਿਆ। ਮੈਂ ਬੜੀ ਸ਼ਿੱਦਤ ਨਾਲ ਇਕ ਰੁੱਖ ਨੂੰ ਰੂਹ ਦਾ ਰਾਜ਼ਦਾਰ ਬਣਾਇਆ ਤੇ ਉਸ ਅਜ਼ੀਜ਼ ਨੂੰ ਉਸ ਦੇ ਜਨਮ ਦਿਨ ਦੇ ਮੁਬਾਰਕ ਮੌਕੇ ਉਸ ਨੂੰ ਤੋਹਫ਼ੇ ਵਜੋਂ ਦਿੱਤਾ। ਇਸ ਉਮੀਦ ਨਾਲ ਕਿ ਕਿਧਰੇ ਉਹ ਇਸ ਖ਼ੂਬਸੂਰਤ ਅਹਿਸਾਸ ਤੋਂ ਵਿਰਵਾ ਨਾ ਰਹਿ ਜਾਵੇ। ਰੁੱਖ ਮਹਿਜ਼ ਤੋਹਫ਼ਾ ਨਹੀਂ ਰਹਿ ਜਾਂਦੇ। ਇਹ ਆਪਣੇ ਨਾਲ ਕਿੰਨੀਆਂ ਹੀ ਮੁਬਾਰਕ ਯਾਦਾਂ ਜੋੜ ਲੈਂਦੇ ਨੇ। ਇਹ ਵਧਦੇ ਫੁੱਲਦੇ ਆਪਣੇ ਮੁਕਾਮ ਵੱਲ ਜਾਂਦੇ ਕਿੰਨੇ ਹੀ ਸਬਕ ਸਿਖਾਉਂਦੇ ਨੇ। ਅਸੀਂ ਇਨ੍ਹਾਂ ਦੇ ਅਹਿਸਾਸਾਂ ਨਾਲ ਜਿਊਣਾ ਸ਼ੁਰੂ ਕਰ ਦਿੰਦੇ ਹਾਂ।
ਖ਼ੈਰ! ਮੈਨੂੰ ਬਾਰਸ਼ ਦਾ ਮੌਸਮ ਵੀ ਬਹੁਤ ਮੁਤਾਸਰ ਕਰਦਾ ਏ। ਮੈਨੂੰ ਇੰਝ ਲੱਗਦਾ ਹੈ ਜਿਵੇਂ ਇਹ ਮੇਰੇ ਅੰਦਰਲੇ ਦੀ ਬਾਤ ਪਾਉਂਦਾ ਹੋਵੇ। ਇਹ ਮੇਰੇ ਉਦਰੇਵੇਂ ਅਤੇ ਉਦਾਸੀ ਨੂੰ ਪਨਾਹ ਦਿੰਦਾ ਏ। ਅੱਖਾਂ ਦਾ ਉਦਾਸ ਮੌਸਮ ਇਹਦੇ ਅੰਦਰ ਸ਼ਾਂਤ ਹੋ ਜਾਂਦਾ ਏ।
ਅੱਜਕੱਲ੍ਹ ਦੇ ਦਿਨਾਂ ਵਿਚ ਯੂਨੀਵਰਸਿਟੀ ਦੇ ਵਿਹੜੇ ਵਿਚ ਅਮਲਤਾਸ ਦੀ ਆਮਦ ਹੋ ਜਾਂਦੀ ਹੈ। ਇਹ ਅਮਲਤਾਸ ਸੁਨਹਿਰੀ ਭਾਹ ਮਾਰਦਾ ਹੈ। ਇਸ ਦਾ ਸੋਹਣਾ ਰੰਗ-ਰੂਪ ਮੇਰੀ ਬੇਰੰਗ ਹੋ ਚੁੱਕੀ ਰੂਹ ਨੂੰ ਆਪਣੇ ਰੰਗ ਵਿਚ ਰੰਗ ਲੈਂਦਾ ਏ। ਇਸ ਦੀ ਆਮਦ ‘‘ਮੈਨੂੰ ਨਿੱਜੀ ਤੌਰ ’ਤੇ ਬਹੁਤ ਸਕੂਨ ਦਿੰਦੀ ਐ…।’’ ਮੈਂ ਸੜਦੀਆਂ-ਬਲ਼ਦੀਆਂ ਧੁੱਪਾਂ ਵਿਚ ਅਮਲਤਾਸ ਦੇ ਦਰੱਖ਼ਤਾਂ ਥੱਲਿਓਂ ਅਕਸਰ ਅਜਾਈਂ ਹੀ ਲੰਘਦੀ ਰਹਿੰਦੀ ਹਾਂ ਕੁਦਰਤ ਨੂੰ ਸਜਦਾ ਕਰਨ, ਸਕੂਨ ਪਾਉਣ ਤੇ ਸ਼ੁਕਰਾਨਾ ਕਰਨ ਲਈ।