ਲਖਵਿੰਦਰ ਸ਼ਰੀਂਹ ਵਾਲਾ
ਛਮ ਛਮ ਵਰ੍ਹਦੇ ਛਰਾਟੇ ਸਾਉਣ ਦੇ
ਆਉਂਦੇ ਨੇ ਨਜ਼ਾਰੇ ਪੁਰੇ ਵਾਲੀ ਪੌਣ ਦੇ
ਬੱਦਲਾਂ ਨੂੰ ਵੇਖ ਚੜ੍ਹੀ ਜਾਵੇ ਲੋਰ ਜੀ
ਚੜ੍ਹੀਆਂ ਘਟਾਵਾਂ, ਪੈਲਾਂ ਪਾਉਂਦੇ ਮੋਰ ਜੀ
ਇੰਝ ਜਾਪੇ ਅੰਬਰਾਂ ’ਤੇ ਰੰਗ ਫੇਰਿਆ
ਕਾਲੀਆਂ ਘਟਾਵਾਂ ਆਸਮਾਨ ਘੇਰਿਆ
ਪੰਛੀਆਂ ਦੀ ਡਾਰ ਲੱਗੇ ਸੋਹਣੀ ਹੋਰ ਜੀ
ਚੜ੍ਹੀਆਂ ਘਟਾਵਾਂ, ਪੈਲਾਂ ਪਾਉਂਦੇ ਮੋਰ ਜੀ
ਕੁੜੀਆਂ ਨੇ ਤੀਆਂ ’ਚ ਬਣਾਈਆਂ ਟੋਲੀਆਂ
ਪੀਂਘ ਦੇ ਹੁਲਾਰੇ ਨਾਲ ਪਾਉਣ ਬੋਲੀਆਂ
ਤੁਰਦੀ ਜਵਾਨੀ ਮਸਤੀ ਦੀ ਤੋਰ ਜੀ
ਚੜ੍ਹੀਆਂ ਘਟਾਵਾਂ, ਪੈਲਾਂ ਪਾਉਂਦੇ ਮੋਰ ਜੀ
ਮੁੰਡੇ ਕਿਹੜਾ ਘੱਟ ਉਨ੍ਹਾਂ ਕੱਢੀ ਟੌਹਰ ਜੀ
ਭੰਗੜੇ ਦੇ ਉਨ੍ਹਾਂ ਵੀ ਵਿਖਾਏ ਜੌਹਰ ਜੀ
ਮਾਰ ਲਲਕਾਰੇ ਨੇ ਮਚਾਉਂਦੇ ਸ਼ੋਰ ਜੀ
ਚੜ੍ਹੀਆਂ ਘਟਾਵਾਂ, ਪੈਲਾਂ ਪਾਉਂਦੇ ਮੋਰ ਜੀ
ਘਰ ਘਰ ਵਿੱਚ ਖੀਰਾਂ ਪੂੜੇ ਪੱਕਦੇ
ਖਾਈ ਜਾਣ ਲੋਕ ਨਾ ਭੋਰਾ ਵੀ ਅੱਕਦੇ
ਖਾਣ ਵਾਲੀ ਟੁੱਟੇ ਨਾ ਕਦੇ ਵੀ ਡੋਰ ਜੀ
ਚੜ੍ਹੀਆਂ ਘਟਾਵਾਂ, ਪੈਲਾਂ ਪਾਉਂਦੇ ਮੋਰ ਜੀ
ਮੋਹਲੇਧਾਰ ਮੀਂਹ ਨਾ ਬਨੇਰੇ ਝੱਲਦੇ
ਚੱਲੇ ਪਰਨਾਲੇ ਜਿਵੇਂ ਬੋਰ ਚੱਲਦੇ
ਵੱਟਾਂ ਬੰਨੇ ਵੀਰੋ ਸਭ ਦਿੱਤੇ ਖੋਰ ਜੀ
ਚੜ੍ਹੀਆਂ ਘਟਾਵਾਂ, ਪੈਲਾਂ ਪਾਉਂਦੇ ਮੋਰ ਜੀ
ਤੜਕੇ ਦੇ ਪਹਿਰ ਸੀ ਬੰਬੀਹਾ ਬੋਲਦਾ
ਮਾਹੀ ਮਾਹੀ ਕਰਦੀ ਦਾ ਚਿੱਤ ਡੋਲਦਾ
ਰਹੇ ਨਾ ਟਿਕਾਣੇ ਕਿਤੇ ਮਨ ਚੋਰ ਜੀ
ਚੜ੍ਹੀਆਂ ਘਟਾਵਾਂ, ਪੈਲਾਂ ਪਾਉਂਦੇ ਮੋਰ ਜੀ
ਸ਼ਰੀਂਹ ਵਾਲਾ ਕਹੇ ਵਾਰ ਵਾਰ ਬੰਦਿਆ
ਕੁਦਰਤ ਨਾਲ ਕਰ ਪਿਆਰ ਬੰਦਿਆ
ਬੂਟੇ ਲਾਉਣ ਵੱਲ ਲਾਉ ਵੱਧ ਜ਼ੋਰ ਜੀ
ਚੜ੍ਹੀਆਂ ਘਟਾਵਾਂ, ਪੈਲਾਂ ਪਾਉਂਦੇ ਮੋਰ ਜੀ
ਸੰਪਰਕ: 94782-13684
* * *
ਬੇਬੇ ਆਈ ਸੰਧਾਰਾ ਲੈ
ਮਲਕੀਤ ਸਿੰਘ ਗਿੱਲ
ਬੇਬੇ ਆਈ ਸੰਧਾਰਾ ਲੈ ਕੇ ਸਾਰੇ ਖ਼ੁਸ਼ੀ ਮਨਾਉਂਦੇ।
ਦੋਹਤੇ ਦੋਹਤੀਆਂ ਵੇਖ ਕੇ ਨਾਨੀ ਫੁੱਲੇ ਨਹੀਂ ਸਮਾਉੰਦੇ।
ਧੀ ਦੇ ਘਰੇ ਸੰਧਾਰਾ ਲੈ ਕੇ ਤੀਆਂ ਨੂੰ ਮਾਂ ਆਈ
ਘਰ ਦੇ ਵਿੱਚ ਪਕਵਾਨ ਬਣਾ ਕੇ ਪੀਪਾ ਭਰ ਕੇ ਲਿਆਈ
ਗੁੜ ਦੇ ਵਿੱਚ ਭਿਉਂਕੇ ਆਟਾ ਰੱਖੀਆਂ ਫੇਰ ਕੜਾਹੀਆਂ
ਗੁਲਗਲੇ ਮੱਠੀਆਂ ਬੇਬੇ ਜੀ ਨੇ ਹੱਥੀਂ ਆਪ ਬਣਾਈਆਂ
ਪਿੰਡ ’ਚ ਆ ਕੇ ਇੱਕ ਭਾਈ ਨੇ ਭੱਠੀ ਇੱਕ ਲਗਾਈ
ਤਾਜ਼ੇ ਬਿਸਕੁਟ ਭਾਈ ਕੋਲੋਂ ਹੈ ਕਢਵਾ ਕੇ ਲਿਆਈ
ਪੀਪੇ ਵਿੱਚੋਂ ਕੱਢ ਕੇ ਬਿਸਕੁਟ ਬੱਚਿਆਂ ਤਾਈਂ ਵੰਡੇ
ਗੁਲਗਲੇ ਮੱਠੀਆਂ ਬੜੇ ਸਵਾਦੀ ਹਰ ਕੋਈ ਮੁੜ ਮੁੜ ਮੰਗੇ
ਕੇਲੇ ਸੇਬ ਲਿਫ਼ਾਫੇ ਵਿੱਚੋਂ ਕੱਢ ਕੱਢ ਸਭ ਨੂੰ ਦੇਵੇ
ਕਦੇ ਖ਼ੀਸੇ ’ਚੋਂ ਕੱਢ ਖਵਾਉਂਦੀ ਨਾਨੀ ਸੁੱਕੇ ਮੇਵੇ
ਧੀ ਨੂੰ ਚਾਅ ਅੱਜ ਬਹੁਤਾ ਚੜ੍ਹਿਆ ਚਿਰ ਪਿੱਛੋਂ ਮਾਂ ਆਈ
ਮਾਤਾ ਮਾਤਾ ਕਰਦਾ ਫਿਰਦਾ ਪਿਆਰਾ ਅੱਜ ਜਵਾਈ
ਸੋਹਣਾ ਸੂਟ ਧੀ ਪਿਆਰੀ ਖ਼ਾਤਰ ਮਾਂ ਨੇ ਕੱਢ ਕੇ ਧਰਿਆ
ਬੰਬਲ ਵੱਟਿਆ ਖੇਸ ਵੀ ਹੈ ਇੱਕ ਉਸ ਦੇ ਹੱਥ ’ਚ ਫੜਿਆ
ਚਾਹ ਪਾਣੀ ਪੀ ਰੋਟੀ ਖਾ ਕੇ ਵਾਪਸ ਜਾਣ ਦੀ ਤਿਆਰੀ
ਮਲਕੀਤ ਸੰਧਾਰਾ ਦੇ ਕੇ ਧੀ ਨੂੰ ਮੁੜ ਗਈ ਬੇਬੇ ਪਿਆਰੀ
ਸੰਪਰਕ: 79865-28225
* * *
ਸਾਉਣ ਆਇਆ
ਭੁਪਿੰਦਰ ਸਿੰਘ ਪੰਛੀ
ਸਾਉਣ ਆਇਆ ਛੱਤ ਚੋਈ ਹੈ
ਲੱਗਦਾ ਸੱਧਰ ਕੋਈ ਮੋਈ ਹੈ
ਛੱਤ ਹੇਠਾਂ ਆ ਕੋਈ ਮਰਿਆ ਹੈ
ਅਣਹੋਣੀ ਲੱਗੇ ਕੋਈ ਹੋਈ ਹੈ
ਆਉਂਦੇ ਸਾਉਣ ਤੋਂ ਪਹਿਲਾਂ ਛੱਤ ਪੱਕੀ ਹੋਵੇਗੀ
ਇਹ ਸੱਧਰ ਲੱਗਦਾ ਮੋਈ ਹੈ
ਗ਼ਰੀਬ ਦਾ ਕੋਈ ਸਾਉਣ ਨਾ ਆਇਆ
ਨਾ ਕਿਧਰੇ ਮਿਲਦੀ ਢੋਈ ਹੈ
ਨਾ ਗ਼ਰੀਬ ਦੀ ਕੁੱਲੀ ’ਤੇ ਵਰ੍ਹਿਆ ਕਰ
ਇੰਦਰ! ਇਹ ਅਰਜ਼ੋਈ ਹੈ
ਢਹਿ ਢੇਰੀ ਹੋਇਆ ਆਲ੍ਹਣਾ ਪੰਛੀ ਦਾ
ਸਾਉਣ ਵਾਂਗੂੰ ਪੰਛੀ ਦੀ ਅੱਖ ਵੀ ਚੋਈ ਹੈ।
* * *
ਕਣੀਆਂ ਦੀ ਫੁਹਾਰ
ਰਣਜੀਤ ਆਜ਼ਾਦ ਕਾਂਝਲਾ
ਪੈਂਦੀ ਕਣੀਆਂ ਦੀ ਵੇਖ ਫੁਹਾਰ ਵੇ।
ਆ ਰਲਮਿਲ ਮਾਣੀਏ ਬਹਾਰ ਵੇ।
ਨੱਚਣ ਟੱਪਣ ਗਾਉਣ ਦਾ ਵਕਤ ਆ ਗਿਆ।
ਸਾਉਣ ਦਾ ਮਹੀਨਾ ਕੇਹਾ ਰੰਗ ਲਾ ਗਿਆ…!!
ਦਿਲ ’ਚ ਧੜਕੇ ਪਿਆਰ ਵਾਲੀ ਤਾਣ ਵੇ।
ਐਵੇਂ ਛੁਪ ਛੁਪ ਝਾਤੀਆਂ ਨਾ ਮਾਰ ਵੇ।
ਰਲ ਮਿਲ ਪ੍ਰੀਤ ਵਾਲਾ ਗੀਤ ਗਾ ਲਿਆ…!!
ਰੀਝ ਮਨ ਦੀ ਸੰਭਾਲੀ ਹੁਣ ਜਾਵੇ ਨਾ।
ਫਲ ਪੱਕਿਆ ਟਹਿਣੀ ਤੋਂ ਝੜ ਜਾਵੇ ਨਾ।
ਸੁਆਦ ਚੱਖ ਨਿਆਰਾ ਹੀ ਆਨੰਦ ਆ ਗਿਆ…!!
ਦੋਖ਼ੀ ਮਨ ਵਿੱਚ ਜ਼ਹਿਰ ਪਏ ਘੋਲਦੇ।
ਵਿੱਚੇ ਵਿੱਚ ਕੁੜਨ ਨਾ ਉਹ ਮੁੱਖੋਂ ਬੋਲਦੇ।
ਜਾਂਦੀ ਪੇਸ਼ ਨਾ ਕੋਈ ਐਵੇਂ ਪੰਗਾ ਪਾ ਲਿਆ…!!
ਸਾਉਣ ਦੇ ਮਹੀਨੇ ਖਿੜੇ ਜੋਬਨ ਵੱਖਰਾ।
ਹੁਸਨ ਮਾਣ ਲੈ ਚਾਰ ਦਿਹਾੜੇ ਮਿੱਤਰਾ।
ਰੂਪ ਸੋਹਣਿਆਂ ਦਾ ਸਿਖਰ ਆ ਗਿਆ…!!
ਇਹ ਜ਼ਿੰਦਗੀ ਰੰਗਾਂ ’ਚ ਘਿਰੀ ਖੇਡ ਹੈ।
ਪ੍ਰੀਤ ਮਾਨਣੀ ਵੀ ਜੀਵਨ ਦੀ ਖੇਡ ਹੈ।
ਨਿਆਰੀ ਤਾਨ ’ਚ ‘ਅਜ਼ਾਦ’ ਨੇ ਗੀਤ ਗਾ ਲਿਆ।
ਨੱਚਣ ਟੱਪਣ ਗਾਉਣ ਦਾ ਵਕਤ ਆ ਗਿਆ…!!
ਸੰਪਰਕ: 94646-97781
* * *
ਕੇਹੀ ਸਾਵਣ ਦੀ ਰੁੱਤ ਆਈ
ਅਜੀਤ ਕਮਲ ਬਟਾਲਾ
ਹਰ ਪਾਸੇ ਬੇਚੈਨੀ ਛਾਈ।
ਕੇਹੀ ਸਾਵਣ ਦੀ ਰੁੱਤ ਆਈ।
ਨਿਮੋਝੂਣਾ ਕਿਰਤੀ ਬੈਠਾ,
ਜਿਸ ਦੀ ਹੋਈ ਠੱਪ ਕਮਾਈ।
ਕਿਉਂ ਜੋ ਪਿਛਲੇ ਚਾਰ ਦਿਨਾਂ ਤੋਂ,
ਨਾ ਬੱਦਲਾਂ ਨੇ ਅੱਖ ਸੁਕਾਈ।
ਕੇਹੀ ਸਾਵਣ ਦੀ ਰੁੱਤ ਆਈ।
ਰੋਜ਼ ਕਮਾ ਕੇ ਖਾਣ ਵਾਲਿਆਂ,
ਭੁੱਖਿਆਂ ਰਹਿ ਕੇ ਰਾਤ ਲੰਘਾਈ।
ਜਾਂ ਫਿਰ ਗਿੱਲੇ ਬਾਲਣ ਕਾਰਨ,
ਤਵਿਆਂ ਵਿੱਚ ਨਾ ਗਰਮੀ ਆਈ।
ਕੇਹੀ ਸਾਵਣ ਦੀ ਰੁੱਤ ਆਈ।
ਜਾਂ ਜਿਸ ਘਰ ਦੀ ਛੱਤ ਪਈ ਚੋਏ,
ਉਸ ਘਰ ਕਿਸ ਨੂੰ ਨੀਂਦ ਹੈ ਆਈ।
ਜਾਂ ਉਸ ਦਾ ਦਿਲ ਦੇਵੇ ਦੁਹਾਈ,
ਜਿਸ ਦੀ ਮੀਂਹ ਨੇ ਕੁੱਲੀ ਢਾਹੀ।
ਜਾਂ ਉਸ ਜੱਟ ਦੀ ਹਾਲਤ ਵੇਖੋ,
ਸਾਉਣੀ ਜਿਸ ਦੇ ਹੱਥ ਨਾ ਆਈ।
ਕਿੰਜ ਦੇਵੇਗਾ ਦੇਣਦਾਰੀਆਂ,
ਉਸ ਨੂੰ ਚਿੰਤਾ ਜਾਵੇ ਖਾਈ।
ਕੇਹੀ ਸਾਵਣ ਦੀ ਰੁੱਤ ਆਈ।
ਰੱਬਾ ਜੇ ਰੁੱਤ ਸਾਉਣ ਬਣਾਈ।
ਕਿਉਂ ਦੁੱਖਾਂ ਦੀ ਰੀਤ ਚਲਾਈ।
ਸਾਵਣ ਦੇ ਵਿੱਚ ਹੰਝੂ ਕੇਰੇ,
ਪੇਕੇ ਬਹਿ ਕੇ ਸੱਜ ਵਿਆਹੀ।
ਕੇਹੀ ਸਾਵਣ ਦੀ ਰੁੱਤ ਆਈ।
ਕੁਝ ਏਦਾਂ ਦਾ ਗੇੜ ਬਣਾ ਦੇ,
ਸਾਉਣ ’ਚ ਹੱਸੇ ਕੁੱਲ ਲੋਕਾਈ।
ਹਰ ਪਾਸੇ ਗੂੰਜੇ ਸ਼ਹਿਨਾਈ,
ਆਈ ਸਾਵਣ ਦੀ ਰੁੱਤ ਆਈ।
ਸੰਪਰਕ: 94173-76895