ਮਨਦੀਪ ਰਿੰਪੀ
ਦੋ ਤਿਤਲੀਆਂ ਭੈਣਾਂ ਵਿੱਚੋਂ ਵੱਡੀ ਬਹੁਤ ਸੋਹਣੀ ਸੀ। ਉਹਦੇ ਖੰਭ ਬਹੁਤ ਖੂਬਸੂਰਤ ਰੰਗਾਂ ਨਾਲ ਲੱਦੇ ਹੋਏ ਸਨ। ਜਿਸ ਕਾਰਨ ਸਾਰੇ ਉਹਨੂੰ ਪਰੀ ਤਿਤਲੀ ਆਖਦੇ ਸਨ। ਛੋਟੀ ਤਿਤਲੀ ਦੇ ਖੰਭ ਕਾਲੇ ਅਤੇ ਸਫ਼ੈਦ ਰੰਗ ਦੇ ਸਨ। ਛੋਟੀ ਹੋਣ ਕਾਰਨ ਪਿਆਰ ਨਾਲ ਸਾਰੇ ਉਹਨੂੰ ਨਿੱਕੀ ਤਿਤਲੀ ਆਖਦੇ ਸਨ, ਪਰ ਪਰੀ ਤਿਤਲੀ ਹਮੇਸ਼ਾਂ ਉਸ ਨੂੰ ਡੱਬੋ ਹੀ ਆਖਦੀ।
ਨਿੱਕੀ ਤਿਤਲੀ ਹਮੇਸ਼ਾਂ ਪਰੀ ਤਿਤਲੀ ਨੂੰ ਪਿਆਰ ਨਾਲ ਆਖਦੀ, ‘ਦੀਦੀ! ਸਾਰੇ ਮੈਨੂੰ ਪਿਆਰ ਨਾਲ ਨਿੱਕੀ ਆਖਦੇ ਹਨ। ਤੁਸੀਂ ਵੀ ਮੈਨੂੰ ਨਿੱਕੀ ਹੀ ਆਖਿਆ ਕਰੋ।’ ਇਸ ’ਤੇ ਪਰੀ ਤਿਤਲੀ ਉਹਦਾ ਮਜ਼ਾਕ ਉਡਾਉਂਦੀ ਹੋਈ ਆਖਦੀ ਕਿ ਤੇਰੇ ਰੰਗ ਡੱਬ ਖੜੱਬੇ ਨੇ, ਇਸ ਲਈ ਮੈਂ ਡੱਬੋ ਹੀ ਆਖਾਂਗੀ। ਪਰੀ ਤਿਤਲੀ ਦੀ ਇਹ ਗੱਲ ਸੁਣ ਨਿੱਕੀ ਤਿਤਲੀ ਨੂੰ ਬੜਾ ਦੁੱਖ ਹੁੰਦਾ, ਪਰ ਉਹ ਚੁੱਪ ਕਰ ਜਾਂਦੀ।
ਨਿੱਕੀ ਤਿਤਲੀ ਬਹੁਤ ਹੀ ਸਾਊ ਅਤੇ ਸਭ ਦੇ ਕੰਮ ਆਉਣ ਵਾਲੀ ਸੀ। ਹਰ ਕਿਸੇ ਦੀ ਮਦਦ ਕਰ ਕੇ ਉਹਨੂੰ ਬਹੁਤ ਖੁਸ਼ੀ ਹੁੰਦੀ। ਜਦੋਂ ਕਿ ਪਰੀ ਤਿਤਲੀ ਦਾ ਸੁਭਾਅ ਬਹੁਤ ਰੁੱਖਾ ਸੀ। ਉਸ ਨੂੰ ਆਪਣੀ ਖੂਬਸੂਰਤੀ ’ਤੇ ਬਹੁਤ ਘੁਮੰਡ ਸੀ। ਉਹ ਕਦੇ ਕਿਸੇ ਦਾ ਕੋਈ ਕੰਮ ਕਰਨ ਨੂੰ ਰਾਜ਼ੀ ਨਹੀਂ ਸੀ ਹੁੰਦੀ। ਜੇਕਰ ਉਹਦੇ ਮੰਮੀ ਵੀ ਕਿਸੇ ਕੰਮ ਨੂੰ ਕਹਿੰਦੇ ਤਾਂ ਉਹ ਝੱਟ ਜਵਾਬ ਦੇ ਦਿੰਦੀ। ਜਦੋਂ ਕਿ ਨਿੱਕੀ ਤਿਤਲੀ ਹਰ ਕੰਮ ਭੱਜ ਭੱਜ ਕੇ ਕਰਦੀ।
ਇੱਕ ਦਿਨ ਨਿੱਕੀ ਤਿਤਲੀ ਅਤੇ ਪਰੀ ਤਿਤਲੀ ਦੋਵੇਂ ਕਿਤੇ ਬਾਹਰ ਘੁੰਮਣ ਜਾ ਰਹੀਆਂ ਸਨ। ਰਸਤੇ ਵਿੱਚ ਉਨ੍ਹਾਂ ਨੂੰ ਇੱਕ ਚਿੜੀ ਮਿਲੀ। ਨਿੱਕੀ ਤਿਤਲੀ ਚਿੜੀ ਕੋਲ ਖੜ੍ਹ ਉਹਦਾ ਹਾਲ ਚਾਲ ਪੁੱਛਣ ਲੱਗੀ। ਪਰੀ ਤਿਤਲੀ ਬਿਨਾਂ ਕੁਝ ਬੋਲਿਆਂ ਅੱਗੇ ਲੰਘ ਗਈ। ਅੱਗੇ ਪਰੀ ਤਿਤਲੀ ਇੱਕ ਰੁੱਖ ਦੀ ਟਾਹਣੀ ’ਤੇ ਬੈਠ ਨਿੱਕੀ ਤਿਤਲੀ ਦੀ ਉਡੀਕ ਕਰਨ ਲੱਗੀ। ਅਚਾਨਕ ਉਸ ਦੀ ਨਿਗ੍ਹਾ ਇੱਕ ਡੱਡੂ ’ਤੇ ਪਈ। ਉਹ ਡੱਡੂ ਵੀ ਪਰੀ ਤਿਤਲੀ ਵੱਲ ਹੀ ਵੇਖ ਰਿਹਾ ਸੀ। ਉਹ ਡੱਡੂ ਪਰੀ ਤਿਤਲੀ ਨੂੰ ਆਖਣ ਲੱਗਿਆ, ‘ਤਿਤਲੀ ਭੈਣ! ਮੈਂ ਇਸ ਜਗ੍ਹਾ ’ਤੇ ਨਵਾਂ ਆਇਆ ਹਾਂ। ਮੈਨੂੰ ਇਸ ਥਾਂ ਬਾਰੇ ਬਹੁਤਾ ਨਹੀਂ ਪਤਾ। ਮੈਨੂੰ ਬਹੁਤ ਪਿਆਸ ਲੱਗੀ ਹੈ। ਕੀ ਇੱਥੇ ਨੇੜੇ ਤੇੜੇ ਕੋਈ ਛੱਪੜ ਜਾਂ ਤਲਾਬ ਹੈ?’ ਪਰੀ ਤਿਤਲੀ ਮੂੰਹ ਜਿਹਾ ਬਣਾ ਕੇ ਆਖਣ ਲੱਗੀ, ‘ਮੈਂ ਤੇਰੀ ਨੌਕਰ ਲੱਗੀ ਹਾਂ? ਮੈਨੂੰ ਨਹੀਂ ਪਤਾ ਕਿਸੇ ਤਲਾਬ ਬਾਰੇ। ਆਪੇ ਲੱਭ ਲੈ।’ ਪਰੀ ਤਿਤਲੀ ਦੇ ਮੂੰਹੋਂ ਅਜਿਹੀਆਂ ਕੌੜੀਆਂ ਗੱਲਾਂ ਸੁਣਕੇ ਉਹ ਚੁੱਪ ਕਰ ਗਿਆ।
ਪਰੀ ਤਿਤਲੀ ਉੱਥੋਂ ਉੱਡ ਕੇ ਅੱਗੇ ਚਲੀ ਗਈ। ਐਨੇ ਨੂੰ ਨਿੱਕੀ ਤਿਤਲੀ ਵੀ ਉਸੇ ਟਾਹਣੀ ’ਤੇ ਆ ਬੈਠੀ। ਹੁਣ ਡੱਡੂ ਨਿੱਕੀ ਤਿਤਲੀ ਵੱਲ ਨੀਝ ਲਾ ਕੇ ਵੇਖ ਰਿਹਾ ਸੀ। ਜਦੋਂ ਨਿੱਕੀ ਤਿਤਲੀ ਦੀ ਨਿਗ੍ਹਾ ਡੱਡੂ ’ਤੇ ਪਈ, ਉਹ ਡੱਡੂ ਨੂੰ ਆਖਣ ਲੱਗੀ, ‘ਡੱਡੂ ਵੀਰੇ! ਡੱਡੂ ਵੀਰੇ! ਕੀ ਗੱਲ ਹੈ ? ਤੂੰ ਮੇਰੇ ਵੱਲ ਏਦਾਂ ਕਿਉਂ ਦੇਖ ਰਿਹਾ? ਕੀ ਤੂੰ ਇਸ ਜਗ੍ਹਾ ’ਤੇ ਨਵਾਂ ਆਇਆ ? ਪਹਿਲਾਂ ਤਾਂ ਮੈਂ ਤੈਨੂੰ ਕਦੀ ਦੇਖਿਆ ਨਹੀਂ।’ ਨਿੱਕੀ ਤਿਤਲੀ ਦੀ ਗੱਲ ਸੁਣ ਡੱਡੂ ਆਖਣ ਲੱਗਿਆ, ‘ਤਿਤਲੀ ਭੈਣੇ! ਹਾਂ, ਮੈਂ ਇਸ ਥਾਂ ’ਤੇ ਨਵਾਂ ਆਇਆ ਹਾਂ। ਮੈਨੂੰ ਕਿਸੇ ਛੱਪੜ ਜਾਂ ਟੋਭੇ ਦੀ ਤਲਾਸ਼ ਹੈ। ਮੈਨੂੰ ਬਹੁਤ ਪਿਆਸ ਲੱਗੀ ਹੈ। ਤੂੰ ਮੇਰੀ ਮਦਦ ਕਰ ਸਕਦੀ ਹੈ?’ ਨਿੱਕੀ ਤਿਤਲੀ ਬੜੇ ਪਿਆਰ ਨਾਲ ਆਖਣ ਲੱਗੀ, ‘ਹਾਂ, ਵੀਰੇ! ਕਿਓਂ ਨਹੀਂ?’ ਨੇੜੇ ਹੀ ਇੱਕ ਛੱਪੜ ਹੈ। ਤੂੰ ਮੇਰੇ ਪਿੱਛੇ ਪਿੱਛੇ ਆ ਜਾ।’ ਨਿੱਕੀ ਤਿਤਲੀ ਉੱਡਣ ਲੱਗੀ ਅਤੇ ਡੱਡੂ ਛੜੱਪੇ ਮਾਰਦਾ ਉਹਦੇ ਪਿੱਛੇ-ਪਿੱਛੇ ਤੁਰ ਪਿਆ। ਜਦੋਂ ਡੱਡੂ ਛੱਪੜ ਕੋਲ ਪਹੁੰਚਿਆ ਤਾਂ ਉਹਨੇ ਸੁੱਖ ਦਾ ਸਾਹ ਲਿਆ। ਉਹ ਨਿੱਕੀ ਤਿਤਲੀ ਨੂੰ ਆਖਣ ਲੱਗਿਆ, ‘ਭੈਣੇ! ਤੂੰ ਬਹੁਤ ਚੰਗੀ ਹੈ। ਤੇਰੇ ਆਉਣ ਤੋਂ ਪਹਿਲਾਂ ਵੀ ਇੱਕ ਰੰਗ ਬਿਰੰਗੀ ਤਿਤਲੀ ਆਈ ਸੀ। ਮੈਂ ਉਹਨੂੰ ਜਦੋਂ ਛੱਪੜ ਜਾਂ ਟੋਭੇ ਬਾਰੇ ਪੁੱਛਿਆ ਤਾਂ ਉਹ ਮੈਨੂੰ ਵੱਧ ਘੱਟ ਸੁਣਾ ਗਈ।’
ਐਨੇ ਨੂੰ ਪਰੀ ਤਿਤਲੀ ਵੀ ਉੱਥੇ ਪਹੁੰਚ ਗਈ। ਨਿੱਕੀ ਤਿਤਲੀ ਸਮਝ ਗਈ ਕਿ ਮੈਥੋਂ ਪਹਿਲਾਂ ਆਉਣ ਵਾਲੀ ਤਿਤਲੀ ਮੇਰੀ ਭੈਣ ਹੀ ਸੀ, ਪਰ ਉਹਨੇ ਕੁਝ ਨਾ ਕਿਹਾ। ਨਿੱਕੀ ਤਿਤਲੀ ਨੂੰ ਡੱਡੂ ਕੋਲ ਖੜ੍ਹਾ ਵੇਖ ਪਰੀ ਤਿਤਲੀ ਮੂੰਹ ਜਿਹਾ ਬਣਾ ਕੇ ਆਖਣ ਲੱਗੀ, ‘ਤੂੰ ਹਾਲੇ ਤੱਕ ਇੱਥੇ ਖੜ੍ਹੀ ਹੈ? ਚੱਲ ਹੁਣ ਅੱਗੇ ਚੱਲੀਏ।’ ਨਿੱਕੀ ਤਿਤਲੀ ਪਰੀ ਤਿਤਲੀ ਨੂੰ ਪੁੱਛਣ ਲੱਗੀ, ‘ਦੀਦੀ ! ਤੁਸੀਂ ਡੱਡੂ ਵੀਰੇ ਨੂੰ ਛੱਪੜ ਬਾਰੇ ਕਿਉਂ ਨਹੀਂ ਸੀ ਦੱਸਿਆ ?’ ਨਿੱਕੀ ਤਿਤਲੀ ਦੀ ਗੱਲ ਸੁਣ ਕੇ ਪਰੀ ਤਿਤਲੀ ਆਖਣ ਲੱਗੀ, ‘ਮੇਰੀ ਮਰਜ਼ੀ…ਮੈਨੂੰ ਡੱਡੂ ਵੇਖਣ ਨੂੰ ਚੰਗਾ ਨਹੀਂ ਲੱਗਿਆ…ਇਸ ਲਈ ਮੈਂ ਨਹੀਂ ਦੱਸਿਆ।’ ਐਨੇ ਨੂੰ ਚਿੜੀ ਵੀ ਉੱਥੇ ਆ ਗਈ। ਉਹ ਦੋਵਾਂ ਤਿਤਲੀਆਂ ਭੈਣਾਂ ਦੀਆਂ ਗੱਲਾਂ ਸੁਣ ਰਹੀ ਸੀ। ਨਿੱਕੀ ਤਿਤਲੀ ਆਖਣ ਲੱਗੀ, ‘ਦੀਦੀ!
ਮੰਮੀ ਤਾਂ ਕਹਿੰਦੇ ਨੇ ਕਿ ਅਸਲੀ ਸੁੰਦਰਤਾ ਮਨ ਦੀ ਹੁੰਦੀ ਹੈ। ਖ਼ੂਬਸੂਰਤ ਉਹ ਹੁੰਦਾ ਹੈ ਜਿਹੜਾ ਕਿਸੇ ਦੀ ਮਦਦ ਕਰੇ। ਬਾਹਰੀ ਸੁੰਦਰਤਾ ਨੂੰ ਕੀ ਕਰਨਾ ? ਜਦੋਂ ਅਸੀਂ ਕਿਸੇ ਦੇ ਕੰਮ ਹੀ ਨਾ ਆ ਸਕੇ।’ ਚਿੜੀ, ਨਿੱਕੀ ਤਿਤਲੀ ਦੀਆਂ ਗੱਲਾਂ ਸੁਣ ਕੇ ਉਸ ਨੂੰ ਸ਼ਾਬਾਸ਼ੀ ਦੇਣ ਲੱਗੀ। ਨਿੱਕੀ ਤਿਤਲੀ ਦੀਆਂ ਗੱਲਾਂ ਸੁਣ ਪਰੀ ਤਿਤਲੀ ਬਹੁਤ ਸ਼ਰਮਿੰਦਾ ਹੋਈ ਅਤੇ ਉਹਨੇ ਡੱਡੂ ਤੋਂ ਵੀ ਮੁਆਫ਼ੀ ਮੰਗੀ।
ਸੰਪਰਕ: 98143-85918