ਬਲਵਿੰਦਰ ‘ਬਾਲਮ’
ਸਭ ਧਰਮਾਂ ਦੇ ਚੜ੍ਹਨ ਸਿਤਾਰੇ ਫੇਰ ਦੀਵਾਲੀ ਹੋਵੇਗੀ।
ਇਕ ਅੰਬਰ ਵਿਚ ਹੋਵਣ ਸਾਰੇ ਫੇਰ ਦੀਵਾਲੀ ਹੋਵੇਗੀ।
ਸੂਰਜ ਦੀ ਲੋਅ, ਚੰਦ ਦੀ ਲੋਅ, ਦੀਵੇ ਦੀ ਲੋਅ,
ਜੁਗਨੂੰ ਦੀ ਲੋਅ।
ਛੋਟੇ ਵੱਡੇ ਆਦਰ ਨੂੰ ਇਕ ਹੀ ਮਾਲਾ ਵਿਚ ਪਿਰੋ।
ਹਾਕਮ ਸਭ ਦੇ ਹਿੱਤ ਵਿਚਾਰੇ ਫੇਰ ਦੀਵਾਲੀ ਹੋਵੇਗੀ।
ਸਭ ਧਰਮਾਂ ਦੇ ਚੜ੍ਹਨ ਸਿਤਾਰੇ ਫੇਰ ਦੀਵਾਲੀ ਹੋਵੋਗੀ।
ਟਹਿਣੀ-ਟਹਿਣੀ ਖਿੜੀਆਂ ਕਲੀਆਂ ਨੂੰ ਕੋਈ ਮਾਲੀ ਤੋੜੇ ਨਾ।
ਫੁੱਲ ਗੁਲਾਬੀ ਦੇ ਨਾਲ ਥੋਰ੍ਹਾਂ ਵਰਗੇ ਰਿਸ਼ਤੇ ਜੋੜੇ ਨਾ।
ਨਿਰਧਨ ਨੂੰ ਰਾਜਾ ਸਤਿਕਾਰੇ ਫੇਰ ਦੀਵਾਲੀ ਹੋਵੇਗੀ।
ਸਭ ਧਰਮਾਂ ਦੇ ਚੜ੍ਹਨ ਸਿਤਾਰੇ ਫੇਰ ਦੀਵਾਲੀ ਹੋਵੇਗੀ।
ਬੇਰੁਜ਼ਗਾਰੀ, ਰਿਸ਼ਵਤਖੋਰੀ, ਨਸ਼ਿਆਂ ’ਤੇ ਕਾਬੂ ਕੌਣ ਕਰੇ।
ਇਸ ਗੰਧਲੇ ਮਾਹੌਲ ਦੇ ਅੰਦਰ ਸੀਸ ਤਲੀ ’ਤੇ ਕੌਣ ਧਰੇ।
ਬੇੜੀ ਤਾਰਨ ਖੋਹਵਣਹਾਰੇ ਫੇਰ ਦੀਵਾਲੀ ਹੋਵੇਗੀ।
ਸਭ ਧਰਮਾਂ ਦੇ ਚੜ੍ਹਨ ਸਿਤਾਰੇ ਫੇਰ ਦੀਵਾਲੀ ਹੋਵੋਗੀ।
ਉੱਨਤੀ ਯੁਕਤ ਵਿਦੇਸ਼ਾਂ ਵਾਂਗੂੰ ਨੀਅਤ, ਨੀਤੀ, ਪ੍ਰੀਤ ਬਣੇ।
ਵੱਖ-ਵੱਖ ਸਾਜ਼ਾਂ ਦੀ ਇਕ ਧੁਨ ਦਾ ਫਿਰ ਉੱਤਮ ਸੰਗੀਤ ਬਣੇ।
ਸ਼ੁੱਧਤਾ, ਬੁੱਧਤਾ ਨਾਲ ਨਜ਼ਾਰੇ ਫੇਰ ਦੀਵਾਲੀ ਹੋਵੇਗੀ।
ਸਭ ਧਰਮਾਂ ਦੇ ਚੜ੍ਹਨ ਸਿਤਾਰੇ ਫੇਰ ਦੀਵਾਲੀ ਹੋਵੋਗੀ।
ਫੁੱਲਦੀ-ਫੁੱਲਦੀ ਰੋਟੀ ਲੱਥੇ, ਮੱਖਣ ਸਾਗ ਸਰ੍ਹੋਂ ਦੇ ਨਾਲ।
ਵੱਖ-ਵੱਖ ਭੋਜਨ ਕੌਲੀਆਂ ਦੇ ਵਿਚ,
ਭਰਿਆ ਭਰਿਆ ਹੋਵੇ ਥਾਲ।
ਚੁੱਲ੍ਹੇ ਦੇ ਵਿਚ ਹੋਣ ਸ਼ਰਾਰੇ ਫੇਰ ਦੀਵਾਲੀ ਹੋਵੇਗੀ
ਸਭ ਧਰਮਾਂ ਦੇ ਚੜ੍ਹਨ ਸਿਤਾਰੇ ਫੇਰ ਦੀਵਾਲੀ ਹੋਵੋਗੀ।
ਨਾਲ ਮੁਹੱਬਤ ਦੀਵੇ ਹੋਵਣ ਏਧਰ ਵੀ ਤੇ ਓਧਰ ਵੀ।
ਤਪਦੀਆਂ ਮਾਵਾਂ ਫਿਰ ਨਾ ਰੋਵਣ ਏਧਰ ਵੀ ਤੇ ਓਧਰ ਵੀ।
ਜਗਮਗ-ਜਮਮਗ ਜਗਣ ਕਿਨਾਰੇ ਫੇਰ ਦੀਵਾਲੀ ਹੋਵੇਗੀ।
ਸਭ ਧਰਮਾਂ ਦੇ ਚੜ੍ਹਨ ਸਿਤਾਰੇ ਫੇਰ ਦੀਵਾਲੀ ਹੋਵੋਗੀ।
ਮਾਨਵਤਾ ਦੇ ਹਿਰਦੇ ਅੰਦਰ ਪਿਆਰ ਰਹੇ, ਸਤਿਕਾਰ ਰਹੇ।
ਚੜ੍ਹਦੇ ਸੂਰਜ ਦੀ ਲਾਲੀ ਦਾ ਘਰ-ਘਰ ਵਿਚ ਦੀਦਾਰ ਰਹੇ।
ਨਾ ਕੋਈ ਜਿੱਤੇ ਨਾ ਕੋਈ ਹਾਰੇ ਫੇਰ ਦੀਵਾਲੀ ਹੋਵੇਗੀ।
ਸਭ ਧਰਮਾਂ ਦੇ ਚੜ੍ਹਨ ਸਿਤਾਰੇ ਫੇਰ ਦੀਵਾਲੀ ਹੋਵੋਗੀ।
ਸਾਂਝੀਵਾਲ ਸੁਨੇਹਾ ਹੋਵੇ ਹਰਿਮੰਦਿਰ ਦੇ ਸ਼ਬਦਾਂ ’ਚੋਂ।
ਝਿਲਮਿਲ-ਝਿਲਮਿਲ ਦੀਵੇ ਜਗਦੇ ਗੁਰਬਾਣੀ ਦੇ ਅਰਥਾਂ ’ਚੋਂ।
ਸ਼ੀਤਲਤਾ ਹੈ ਸਗਲ ਦੁਆਰੇ ਫੇਰ ਦੀਵਾਲੀ ਹੋਵੇਗੀ।
ਸਭ ਧਰਮਾਂ ਦੇ ਚੜ੍ਹਨ ਸਿਤਾਰੇ ਫੇਰ ਦੀਵਾਲੀ ਹੋਵੋਗੀ।
ਭਾਰਤ ਦੀ ਖੁਸ਼ਹਾਲੀ ਅੰਦਰ ਏਕਮ ਵਾਲੇ ਚਮਕਣ ਤਾਰੇ।
ਖੰਡੇ ਬਾਟੇ ਵਾਲਾ ਅੰਮ੍ਰਿਤ ਆਨੰਦਪੁਰੇ ਵਿਚ
ਗੋਬਿੰਦ ਪਿਆਰੇ।
ਲੈ ਕੇ ਆਵਣ ਪੰਜ ਪਿਆਰੇ ਫੇਰ ਦੀਵਾਲੀ ਹੋਵੇਗੀ।
ਸਭ ਧਰਮਾਂ ਦੇ ਚੜ੍ਹਨ ਸਿਤਾਰੇ ਫੇਰ ਦੀਵਾਲੀ ਹੋਵੋਗੀ।
ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਮਾਨਵਤਾ ਵਡਿਆਈ।
ਉਨ੍ਹਾਂ ਦੀ ਮਰਿਆਦਾ ਦੀ ਅੱਜ ਵੀ ਸੁਣਦੀ ਹੈ ਸ਼ਹਿਨਾਈ।
ਬੰਦੀ ਰਾਜੇ ਪਾਰ ਉਤਾਰੇ ਫੇਰ ਦੀਵਾਲੀ ਹੋਵੇਗੀ।
ਸਭ ਧਰਮਾਂ ਦੇ ਚੜ੍ਹਨ ਸਿਤਾਰੇ ਫੇਰ ਦੀਵਾਲੀ ਹੋਵੋਗੀ।
ਭਰਤ ਜਿਹੇ ਫਿਰ ਨਿਸਵਾਰਥ ਦੀਵਾਲੀ ਦੇ ਅਰਥ ਬਣਨ।
ਹਾਲਾਤ ਦੇ ਗਰਭ ’ਚੋਂ ‘ਬਾਲਮ’ ਨੀਤੀ-ਪਰਿਵਰਤਨ ਜਣਨ।
ਮੋਹ-ਮਮਤਾ ਹਿਰਦੇ ਨੂੰ ਠਾਰੇ ਫੇਰ ਦੀਵਾਲੀ ਹੋਵੇਗੀ।
ਸਭ ਧਰਮਾਂ ਦੇ ਚੜ੍ਹਨ ਸਿਤਾਰੇ ਫੇਰ ਦੀਵਾਲੀ ਹੋਵੇਗੀ।
ਸੰਪਰਕ: 98156-25409
* * *
ਆਈ ਦੀਵਾਲੀ ’ਤੇ
ਭੁਪਿੰਦਰ ਸਿੰਘ ਪੰਛੀ
ਭਗਵਾਨ ਰਾਮ ਦੇ ਸਵਾਗਤ ’ਚ ਬਾਲ਼ੀਏ ਦੀਵੇ ਆਈ ਦੀਵਾਲੀ ’ਤੇ
ਮਾਤਾ ਸੀਤਾ ਦੇ ਸਵਾਗਤ ’ਚ ਵੀ ਦੀਵੇ ਬਾਲ਼ੀਏ ਆਈ ਦੀਵਾਲੀ ’ਤੇ
ਕਦੇ ਵੀ ਆਤਿਸ਼ਬਾਜ਼ੀ ਨਹੀਂ ਹੋਈ ਭਗਵਾਨ ਜੀ ਦੇ ਸਵਾਗਤ ’ਤੇ
ਅਕਲਦਾਨੋਂ ਬੱਚਿਆਂ ਨੂੰ ਇਹ ਵੀ ਦੱਸੋ ਆਈ ਦੀਵਾਲੀ ’ਤੇ
ਮੀਰੀ ਪੀਰੀ ਦੇ ਮਾਲਕ ਅੰਮ੍ਰਿਤਸਰ ਪਹੁੰਚੇ ਤਾਂ ਦੀਵੇ ਬਾਲ਼ੇ ਸੀ
ਇਤਿਹਾਸ ਦੱਸੇ ਉਦੋਂ ਵੀ ਠੂ-ਠਾ ਨਹੀਂ ਸੀ ਹੋਈ ਆਈ ਦੀਵਾਲੀ ’ਤੇ
ਇਤਿਹਾਸ ਮਿਥਿਹਾਸ ਤੋਂ ਅਸੀਂ ਮੁਨਕਰ ਹੋ ਗਏ ਆਂ ਸੱਜਣੋ
ਚਲਾ ਪਟਾਕੇ ਸੱਦਾ ਦੇਈਏ ਬਿਮਾਰੀ ਨੂੰ ਹਰ ਆਈ ਦੀਵਾਲੀ ’ਤੇ
ਆਤਿਸ਼ਬਾਜ਼ੀ ਤੋਂ ਦੂਰ ਰਹੋ ਅਤੇ ਦੂਰ ਕਰੋ ਜੀ ਬੱਚਿਆਂ ਨੂੰ
ਪੰਛੀ ਵੱਲੋਂ ਦੀਵਾਲੀ ਮੁਬਾਰਕ ਜੀ ਹਰ ਆਈ ਦੀਵਾਲੀ ’ਤੇ।
ਸੰਪਰਕ: 98559-91055
* * *
ਸਹਿਮ ਤੇ ਹਨੇਰ
ਗੋਬਿੰਦ ਸਿੰਘ ਤੂਰਬਨਜਾਰਾ
ਸਹਿਮ ਦਹਿਮ ਹਨੇਰ ਹੈ,
ਕੀ ਹਾਕਮਾ ਤੇਰਾ ਰਾਜ ਵੇ।
ਟਾਹਲੀਆਂ ਰੱਸੇ ਲਮਕਦੇ,
ਬਣ ਕੇ ਬਿਸੀਅਰ ਨਾਗ਼ ਵੇ।
ਬੇਪੱਤ ਹੋਣ ਦਰੋਪਤਾਂ,
ਕਾਨ ਚੰਦਾ ਰੱਖੇ ਨਾ ਲਾਜ ਵੇ।
ਬੋਟ ਪੰਜੇ ਲੈ ਕੇ ਉੱਡਦੇ,
ਦਿਨ ਦਿਹਾੜੇ ਬਾਜ਼ ਵੇ।
ਪੁੱਤ ਮਾਵਾਂ ਅੱਗੇ ਸਾੜਤੇ,
ਕੌਣ ਧੋਊ ਦਿੱਲੀ ਦੇ ਦਾਗ਼ ਵੇ।
ਸੰਪਰਕ: 98724-16717
* * *
ਕੁਦਰਤ ਦੇ ਰਾਹ
ਅਮਰਜੀਤ ਸਿੰਘ ਫੌ਼ਜੀ
ਆਓ ਰਲ ਕੇ ਕਸਮਾਂ ਖਾਈਏ
ਵਾਤਾਵਰਨ ਨੂੰ ਸ਼ੁੱਧ ਬਣਾਈਏ
ਖੇਤੋਂ ਫ਼ਸਲਾਂ ਘਰੇ ਲਿਆ ਕੇ
ਰਹਿੰਦ ਖੂੰਹਦ ਨੂੰ
ਅੱਗ ਨਾ ਲਾਈਏ।
ਅੱਗ ਜਦ ਆਪਾਂ ਲਾ ਦਿੰਦੇ ਹਾਂ
ਧੂੰਆਂ ਜ਼ਹਿਰ ਫੈਲਾਉਂਦਾ ਜਾਵੇ
ਵਾਤਾਵਰਨ ਨੂੰ ਗੰਧਲਾ ਕਰਕੇ
ਡਾਢਾ ਕਹਿਰ ਕਮਾਉਂਦਾ ਜਾਵੇ
ਮਿੱਤਰ ਕੀੜੇ ਮਰ ਜਾਂਦੇ ਨੇ
ਅੱਗ ਦੇ ਵਿੱਚ ਹੀ ਸੜ ਜਾਂਦੇ ਨੇ
ਬੰਜਰ ਬਣ ਕੇ ਰਹਿ ਜੇ ਧਰਤੀ
ਤੱਤ ਵੀ ਉਹਦੇ ਘਟ ਜਾਂਦੇ ਨੇ
ਜ਼ਹਿਰੀਲਾ ਹੋ ਜਾਏ
ਚਾਰ ਚੁਫ਼ੇਰਾ
ਪੰਛੀ ਛੱਡ ਜਾਣ ਰੈਣ ਬਸੇਰਾ
ਉੱਡ ਜਾਣ ਦੁਰਸੀਸਾਂ ਦੇ ਕੇ
ਮੁੜ ਨਾ ਇਧਰ ਪਾਵਣ ਫੇਰਾ।
ਬੱਚੇ ਬੁੱਢੇ ਤੜਫਣ ਸਾਰੇ
ਰੋਗਾਂ ਵਿੱਚ ਘਿਰ ਜਾਣ ਵਿਚਾਰੇ
ਅੱਖਾਂ ਦੇ ਵਿੱਚ ਜਲਣ ਹੋ ਜਾਵੇ
ਮਰ ਜਾਣ ਕਈ ਦਮੇ ਦੇ ਮਾਰੇ।
ਦੀਨੇ ਪਿੰਡ ਦੇ ਲੋਕ ਸਿਆਣੇ
ਅੱਗ ਲਾਉਂਦੇ ਰਹੇ ਵਿੱਚ ਅਨਜਾਣੇ
‘ਫੌ਼ਜੀਆ’ ਅੱਜ ਤੋਂ ਸਮਝ ਗਏ ਨੇ
ਕੁਦਰਤ ਦੇ ਹੁਣ ਰਾਹ ਪਏ ਨੇ।
ਸੰਪਰਕ: 95011-27033