ਦੇਵਿੰਦਰ ਸਤਿਆਰਥੀ ਪੰਜਾਬ ਦੀ ਰੂਹ ਸੀ। ਲੋਕ ਗੀਤ ਇਕੱਠੇ ਕਰਨ ਵਾਲਾ, ਕਹਾਣੀਕਾਰ, ਕਵੀ, ਨਾਵਲਕਾਰ, ਵਾਰਤਕਾਰ, ਸਤਿਆਰਥੀ ਲੰਮੇ ਰਾਹਾਂ ਦਾ ਪਾਂਧੀ ਸੀ। ਬਲਵੰਤ ਗਾਰਗੀ ਨੇ ਉਸ ਨੂੰ ਆਪਣੇ ਸਮਿਆਂ ਦਾ ਭ੍ਰਿਗੂ ਰਿਸ਼ੀ ਕਿਹਾ ਹੈ। ਰਾਜਿੰਦਰ ਸਿੰਘ ਬੇਦੀ ਮਖੌਲ ਨਾਲ ਉਸ ਨੂੰ ‘ਡਾਲਡਾ ਟੈਗੋਰ’ ਕਹਿੰਦਾ ਸੀ। ਉਰਦੂ ਦੇ ਪ੍ਰਸਿੱਧ ਅਫ਼ਸਾਨਾਨਿਗਾਰ ਸਆਦਤ ਹਸਨ ਮੰਟੋ ਨੇ ਦੇਵਿੰਦਰ ਸਤਿਆਰਥੀ ਬਾਰੇ ਕਹਾਣੀ ‘ਤਰੱਕੀਪਸੰਦ’ ਲਿਖੀ। ਸਤਿਆਰਥੀ ਨੇ ਮੰਟੋ ’ਤੇ ‘ਨਵੇਂ ਦੇਵਤਾ’ ਨਾਂ ਦੀ ਕਹਾਣੀ ਲਿਖ ਕੇ ਉਸ ਦਾ ਜਵਾਬ ਦਿੱਤਾ।
* * * * * * * * *
ਨੱਚਣਾ ਵੀ ਗਾਉਣ ਵਾਂਗ ਦਿਲੀ ਖ਼ੁਸ਼ੀ ਦਾ ਇਕ ਆਪ-ਮੁਹਾਰਾ ਉਛਾਲ ਹੈ। ਸੰਸਾਰ ਦੇ ਸਭਨਾਂ ਦੇਸ਼ਾਂ ਵਿਚ ਸੰਗੀਤ ਦੇ ਨਾਲ ਨਾਲ ਨ੍ਰਿਤਕਾਰੀ ਦਾ ਜਨਮ ਹੋਇਆ ਹੈ। ਜਿੱਥੇ ਜਿੱਥੇ ਸਭਿਅਤਾ ਦਾ ਖਿਲਾਰ ਹੁੰਦਾ ਗਿਆ, ਉੱਥੇ ਨ੍ਰਿਤਕਾਰੀ ਦੇ ਮੁੱਢਲੇ ਉਛਾਲ ਤੇ ਬਣਤਰ ਵਿਚ ਹੇਰ-ਫੇਰ ਹੁੰਦਾ ਚਲਾ ਗਿਆ ਤੇ ਜਿਨ੍ਹਾਂ ਸਥਾਨਾਂ ਵਿਚ ਮਨੁੱਖ ਕੁਦਰਤ ਦੀ ਗੋਦੀ ਵਿਚ ਹੀ ਮੌਜਾਂ ਲੁੱਟਦੇ ਰਹੇ ਤੇ ਸਭਿਅਤਾ ਦੇ ਖਿਲਾਰ ਤੋਂ ਆਜ਼ਾਦ ਰਹੇ, ਨਾਚ ਆਪਣੇ ਅਸਲੀ ਰੰਗ ਵਿਚ ਹੀ ਜਿਊਂਦਾ ਰਿਹਾ।
ਜਿਸ ਦੇ ਸਰੀਰ ਵਿਚ ਰੱਤ ਨਹੀਂ, ਦਿਲ ਵਿਚ ਚਾਅ ਅਤੇ ਉਮਾਹ ਨਹੀਂ, ਜੀਵਨ ਵਿਚ ਰੀਝਾਂ-ਮੱਤੇ ਸੁਫ਼ਨਿਆਂ ਦਾ ਉਸਾਰ ਨਹੀਂ, ਉਹ ਨੱਚਣ ਲਈ ਕਿਵੇਂ ਖੀਵਾ ਹੋ ਸਕਦਾ ਹੈ? ਜਦ ਦਿਲ ਵਿਚ ਆਨੰਦ ਦੀ ਸਵਰਗੀ ਮਸਤੀ ਛਣਕਦੀ ਹੈ, ਸਰੀਰ ਆਪਣੇ ਆਪ ਝੂਮਣ ਲੱਗ ਪੈਂਦਾ ਹੈ; ਰਗ ਰਗ ਵਿਚੋਂ ਇਕ ਥਿਰਕਦੀ ਹੋਈ ਲੈਅ ਨਿਕਲਦੀ ਹੈ ਜੋ ਸਾਡੇ ਤਨ ਮਨ ਨੂੰ ਨਚਾ ਦਿੰਦੀ ਹੈ।
ਪਿੰਡਾਂ ਦੇ ਸਰਲ ਜੀਵਨ ਵਿਚ ਉਹ ਸਭ ਕੁਝ ਮੌਜੂਦ ਰਹਿੰਦਾ ਹੈ ਜੋ ਪਿੰਡ ਵਾਸੀਆਂ ਨੂੰ ਖ਼ੁਸ਼ੀ ਤੇ ਮਸਤੀ ਦੀਆਂ ਘੜੀਆਂ ਵਿਚ ਨੱਚਣ ਦਾ ਸੱਦਾ ਦੇ ਸਕੇੇ, ਪਰ ਪਿੰਡਾਂ ਵਿਚ ਵੀ ਨੱਚਦੇ ਹਨ ਓਹੀ, ਜਿਨ੍ਹਾਂ ਦੇ ਦਿਲ ਜਿਊਂਦੇ ਹੋਣ।
ਬੰਗਾਲ ਦੇ ਪਿੰਡਾਂ ਵਿਚ ਕਈ ਤਰ੍ਹਾਂ ਦੇ ਦੇਸੀ ਨਾਚ ਪ੍ਰਚਲਤ ਹਨ, ਓਥੋਂ ਦੀਆਂ ਇਸਤਰੀਆਂ ਬੜੀ ਸ਼ਰਧਾ ਨਾਲ ਚਾਵਾਂ ਮੱਤਾ ਬ੍ਰਤ-ਨਾਚ ਨੱਚਦੀਆਂ ਹਨ। ਬੰਗਾਲ ਦੇ ਪੁਰਸ਼ ਵੀ ਹੋਰਨਾਂ ਕਈ ਨਾਚਾਂ ਤੋਂ ਬਿਨਾਂ ਧਰਮ-ਪੂਜਾ ਤੇ ਰੈਬਸ਼ੇ-ਨਾਚ ਵਿਚ ਖ਼ਾਸ ਮਸਤੀ ਮਾਣਦੇ ਹਨ। ਕਲਕੱਤਾ ਨਿਵਾਸੀ ਸ੍ਰੀ ਗੁਰੂਸਦਾਏ ਦੱਤ, ਆਈ.ਸੀ.ਐਸ., ਨੇ ਕੁਝ ਵਰ੍ਹਿਆਂ ਤੋਂ ਬੰਗਾਲ ਦੇ ਇਨ੍ਹਾਂ ਨਾਚਾਂ ਨੂੰ ਉੱਥੋਂ ਦੇ ਸ਼ਹਿਰੀ ਜੀਵਨ ਵਿਚ ਥਾਂ ਦਿਵਾਉਣ ਲਈ ਬੜਾ ਯਤਨ ਕੀਤਾ ਹੈ ਤੇ ਕਵੀ ਟੈਗੋਰ ਤੱਕ ਨੇ ਉਨ੍ਹਾਂ ਦੇ ਇਸ ਯਤਨ ਨੂੰ ਸਲਾਹਿਆ ਹੈ।
ਗੁਜਰਾਤ ਦਾ ਗਰਬਾ ਬਹੁਤ ਪ੍ਰਸਿੱਧ ਨਾਚ ਹੈ। ਓਥੋਂ ਦੇ ਪਿੰਡਾਂ ਵਿਚ ਹੀ ਨਹੀਂ, ਸ਼ਹਿਰਾਂ ਵਿਚ ਵੀ ਇਸਤਰੀਆਂ ਬੜੀ ਸ਼ਰਧਾ ਨਾਲ ਗਰਬਾ ਨਾਚ ਨੱਚਦੀਆਂ ਹਨ। ਆਪਣੇ ਦੇਸ ਦੀ ਇਸ ਪ੍ਰੇਰਨਾ-ਭਰਪੂਰ ਕਲਾ ਉੱਤੇੇ ਮਹਾਤਮਾ ਗਾਂਧੀ ਜਿਹੇ ਵੀ ਮਾਣ ਕਰਦੇ ਹਨ।
ਹਿੰਦੋਸਤਾਨ ਦੇ ਹੋਰਨਾਂ ਪ੍ਰਾਂਤਾਂ ਵਿਚ ਵੀ ਕਈ ਨਾਚ ਪ੍ਰਚਲਤ ਹਨ ਜੋ ਯਤਨ ਕੀਤਿਆਂ ਸਾਡੇ ਸਾਂਝੇ ਕੌਮੀ ਜੀਵਨ ਨੂੰ ਇਕ ਅਤਿ ਨਿੱਘੀ ਪ੍ਰੇਰਨਾ ਦੇ ਸਕਦੇ ਹਨ।
ਜੋ ਥਾਂ ਗੁਜਰਾਤ ਵਿਚ ਗਰਬੇ ਦੀ ਹੈ, ਉਹੀ ਸਾਡੇ ਪੰਜਾਬ ਦੇ ਪਿੰਡਾਂ ਵਿਚ ਗਿੱਧੇ ਦੀ ਹੈ। ਫ਼ਰਕ ਸਿਰਫ਼ ਏਨਾ ਹੀ ਹੈ ਕਿ ਗੁਜਰਾਤ ਦੇ ਬੰਦੇ ਆਪਣੇ ਗਰਬੇ ਨੂੰ ਸਲਾਹੁੰਦੇ ਨਹੀਂ ਥੱਕਦੇ ਤੇ ਅਸੀਂ ਪੰਜਾਬੀ ਆਪਣੇ ਗਿੱਧੇ ਨੂੰ ਨਿੰਦਣ ਦੀ ਹੀ ਸਹੁੰ ਖਾ ਬੈਠੇ ਹਾਂ। ਇਸ ਵਿਚ ਕੋਈ ਸ਼ੱਕ ਨਹੀਂ ਕਿ ਸਾਡਾ ਗਿੱਧਾ ਸਮੇਂ ਦੇ ਚੱਕਰ ਵਿਚ ਆ ਕੇ ਉਤਨਾ ਹਰਮਨ ਪਿਆਰਾ ਨਹੀਂ ਰਿਹਾ ਜਿੰਨਾ ਗੁਜਰਾਤੀਆਂ ਦਾ ਗਰਬਾ, ਪਰ ਇਸ ਦਾ ਇਹ ਮਤਲਬ ਤਾਂ ਬਿਲਕੁਲ ਨਹੀਂ ਹੋਣਾ ਚਾਹੀਦਾ ਕਿ ਅਸੀਂ ਆਪਣੇ ਗਿੱਧੇ ਨੂੰ ਹਰਮਨ-ਪਿਆਰਾ ਬਣਾਉਣ ਦੀ ਥਾਂ ਇਸ ਨਾਲ ਬੇਪ੍ਰਵਾਹੀ ਦਾ ਵਰਤਾਓ ਕਰਦੇ ਰਹੀਏ। ਕੀ ਸਾਡੀ ਸਿਆਣਪ ਇਹੀ ਹੈ? ਪੰਜਾਬ ਦੇ ਅਨੇਕਾਂ ਪੜ੍ਹੇ-ਲਿਖੇ ਵੀਰਾਂ ਨਾਲ ਸਾਨੂੰ ਗਿੱਧੇ ਬਾਰੇ ਵਿਚਾਰ ਕਰਨ ਦਾ ਅਵਸਰ ਮਿਲਿਆ ਹੈ। ਬਹੁਤ ਘੱਟ ਅਜਿਹੇ ਵੀਰ ਮਿਲੇ ਜੋ ਗਿੱਧੇ ਦਾ ਨਾਂ ਸੁਣ ਕੇ ਚਾਅ ਵਿਚ ਆ ਗਏ ਹੋਣ। ਪਤਾ ਨਹੀਂ ਕਿਉਂ ਅਸੀਂ ਨੱਚਣ ਨੂੰ ਸਭਿਅਤਾ ਤੋਂ ਨੀਵਾਂ ਸਮਝਣ ਲੱਗ ਪਏ ਹਾਂ। ਬਹੁਤ ਥੋੜ੍ਹੇ ਆਦਮੀ ਅਜਿਹੇ ਮਿਲੇ ਹਨ ਜੋੋ ਨਾਚ ਦੀ ਮੂਲ ਪ੍ਰੇਰਨਾ ਵਿਚ ਸ਼ੱਕ ਨਹੀਂ ਕਰਦੇ ਤੇ ਗਿੱਧੇ ਨੂੰ ਪਿਆਰਨ ਦਾ ਹੌਸਲਾ ਕਰ ਸਕਦੇ ਹਨ। ਜੇ ਕਵੀ ਟੈਗੋਰ ਤੇ ਮਹਾਤਮਾ ਗਾਂਧੀ ਜਿਹੇ ਮਹਾਂਪੁਰਸ਼ ਆਪਣੇ ਆਪਣੇ ਪ੍ਰਾਂਤ ਦੇ ਲੋਕ ਨਾਚਾਂ ਨੂੰ ਸਲਾਹ ਸਕਦੇ ਹਨ ਤਾਂ ਅਸੀਂ, ਜੋ ਕਵੀ ਟੈਗੋਰ ਤੇ ਮਹਾਤਮਾ ਗਾਂਧੀ ਨੂੰ ਏਨਾ ਪਿਆਰਦੇ ਹਾਂ, ਕਿਉਂ ਉਨ੍ਹਾਂ ਤੋਂ ਆਪਣੇ ਗਿੱਧੇ ਨੂੰ ਪਿਆਰਨ ਲਈ ਹਾਲੇ ਤਾਈਂ ਪ੍ਰੇਰਨਾ ਨਹੀਂ ਲੈ ਸਕੇ? ਆਖ਼ਰ ਸਾਡੀ ਸੰਜੀਦਗੀ ਦੇ ਏਸ ਅਨੋਖੇ ਖਿਲਾਰ ਦੀ ਕੋਈ ਹੱਦ ਵੀ ਤਾਂ ਹੋਣੀ ਚਾਹੀਦੀ ਹੈ। ਅਸੀਂ ਤਾਂ ਹਾਲੇ ਚੰਗੀ ਸੁਸਾਇਟੀ ਵਿਚ ਗਿੱਧੇ ਦਾ ਨਾਂ ਲੈਂਦੇ ਵੀ ਸੰਗਦੇ ਹਾਂ, ਇਹਨੂੰ ਪਿਆਰਨ ਤੇ ਆਪਣੇ ਸੂਬੇ ਦੀ ਇਕ ਸੁਆਦਲੀ ਚੀਜ਼ ਮੰਨਣ ਦੀ ਤਾਂ ਗੱਲ ਹੀ ਦੂਰ ਰਹੀ। ਹਾਂ, ਪੰਜਾਬ ਤੇ ਆਪਣੇ ਸੂਬੇ ਦੀ ਇਕ ਸੁਆਦਲੀ ਚੀਜ਼ ਮੰਨਣ ਦੀ ਤਾਂ ਗੱਲ ਹੀ ਦੂਰ ਰਹੀ। ਹਾਂ, ਪੰਜਾਬ ਦੇ ਇਕ ਸਮਕਾਲੀ ਕਵੀ ਨੇ ਗਿੱਧੇ ਵੱਲ ਇਕ ਮਿੱਠਾ ਜਿਹਾ ਇਸ਼ਾਰਾ ਜ਼ਰੂਰ ਕੀਤਾ ਹੈ:
ਜਦ ਰਾਤ ਚਾਨਣੀ ਖਿੜਦੀ ਹੈ
ਕੋਈ ਰਾਗ ਇਲਾਹੀ ਖਿੜਦਾ ਹੈ
ਗਿੱਧੇ ਨੂੰ ਲੋਹੜਾ ਆਉਂਦਾ ਹੈ
ਜੋਬਨ ਤੇ ਬਿਰਹਾ ਭਿੜਦਾ ਹੈ
– ਚਾਤ੍ਰਿਕ
ਗਿੱਧਾ ਪਾਉਣ ਦਾ ਵਲਵਲਾ ਖ਼ੁਸ਼ੀ ਨਾਲ ਉਛਲ ਪੈਂਦੇ ਨਰੋਏ ਦਿਲ ਵਿਚ ਉਗਮਦਾ ਹੈ। ਕੋਈ ਵੇਲਾ ਸੀ ਕਿ ਸਾਡੇ ਦੇਸ ਦਾ ਦਿਲ ਅੱਜਕੱਲ੍ਹ ਵਾਂਗ ਲਿੱਸਾ ਤੇ ਢਹਿੰਦੀਆਂ ਕਲਾਂ ਵਿਚ ਰਹਿਣ ਵਾਲਾ ਨਹੀਂ ਸੀ। ਪੀੜ੍ਹੀਓ ਪੀੜ੍ਹੀ ਚਲੇ ਆਉਣ ਵਾਲੇ ਚਾਅ-ਮਲ੍ਹਾਰਾਂ ਦੇ ਸ਼ੁਗਲ ਅਜੇ ਤੀਕ ਉਸ ਮਿੱਠੇ ਵੇਲੇ ਦੀ ਸੋਹਣੀ ਯਾਦ ਦਿਲਾਉਂਦੇ ਹਨ। ਉਹ ਦਿਨ ਸੱਚਮੁੱਚ ਭਰ ਜੋਬਨ ਦੇ ਸਨ, ਜਦ ਸਾਡੇ ਜੀਵਨ ਵਿਚ ਖੁੱਲ੍ਹੀਆਂ ਰਵਾਨੀਆਂ ਸਨ ਤੇ ਸਾਡੇ ਬਜ਼ੁਰਗਾਂ ਨੇ ਮੌਜ ਮੇਲਿਆਂ ਦੇ ਵਲਵਲਿਆਂ ਨੂੰ ਰੂਪ ਦੇਣ ਲਈ ਨਿਰੋਲ ਸਮਾਜਿਕ ਸ਼ੁਗਲ ਆਰੰਭੇ। ਉਨ੍ਹਾਂ ਵਿਚੋਂ ਬਸੰਤ, ਹੋਲੀ, ਸਾਵੇਂ, ਲੋਹੜੀ ਤੇ ਗਿੱਧੇ ਦੀ ਯਾਦਗਾਰ ਹਾਲੇ ਤੀਕ ਕਾਇਮ ਹੈ।
ਗਿੱਧੇ ਦੇ ਝਰੋਖੇ ਵਿਚ ਬੈਠ ਕੇ ਜਦ ਅਸੀਂ ਇਸ ਦੇ ਜਨਮ-ਕਾਲ ਦਾ ਨਕਸ਼ਾ ਆਪਣੇ ਮਨ ਦੀਆਂ ਅੱਖਾਂ ਸਾਹਮਣੇ ਲਿਆਉਣ ਦਾ ਯਤਨ ਕਰਦੇ ਹਾਂ ਤਾਂ ਸਹਿਜ-ਸੁਭਾਅ ਹੀ ਸਾਡੇ ਸਾਹਮਣੇ ਚੌੜੇ ਮੱਥਿਆਂ ਵਾਲੇ, ਤਿੱਖੇ ਲੰਮੇ ਨੱਕਾਂ ਵਾਲੇ, ਲੰਮੇਰੀਆਂ ਬਾਹਾਂ ਵਾਲੇ, ਮੋਟੀਆਂ ਪਿੰਨੀਆਂ ਵਾਲੇ ਤੇ ਨਿਰਭੈ ਚਾਲ ਢਾਲ ਵਾਲੇ ਬੰਦੇ ਆ ਜਾਂਦੇ ਹਨ। ਦੂਰ ਦੂਰ ਪਿੰਡ ਹਨ। ਪਿੰਡਾਂ ਵਿਚ ਖੁੱਲ੍ਹੇ ਖੁੱਲ੍ਹੇ ਘਰ ਹਨ। ਅੰਦਰ ਝਾਤ ਮਾਰੋ ਤਾਂ ਇਕ ਨੁੱਕਰੇ ਲੰਮੀਆਂ ਲੰਮੀਆਂ ਡਾਂਗਾਂ ਤੇ ਨੇਜ਼ੇ ਵਿਖਾਲੀ ਦਿੰਦੇ ਹਨ। ਕਿਸੇ ਖੂੰਟੀ ਨਾਲ ਤਰਕਸ਼ ਕਮਾਨਾਂ ਲਟਕ ਰਹੀਆਂ ਹਨ ਤੇ ਕਿਤੇ ਮਧਾਣੀਆਂ ਤੇ ਨੇਤ੍ਰੇ। ਭੜੋਲੀਆਂ ਵਿਚ ਕਾੜ੍ਹਨੀਆਂ ਹਨ ਤੇ ਕਾੜ੍ਹਨੀਆਂ ਵਿਚ ਦੁੱਧ ਕੜ੍ਹ ਰਿਹਾ ਹੈ। ਘਰ ਘਰ ਤ੍ਰਿੰਞਣ ਲੱਗੇ ਹਨ। ਘਰਾਂ ਦੇ ਸਾਹਮਣੇ ਤਖ਼ਤਪੋਸ਼ ਤੇ ਮਾਚੇ ਡੱਠੇ ਹੋਏ ਹਨ। ਰਹਿਣੀ-ਬਹਿਣੀ ਸਾਫ਼-ਸੁਥਰੀ ਹੈ ਅਤੇ ਪਹਿਰਾਵਾ ਖੁੱਲ੍ਹਾ ਤੇ ਉਡਾਰੂ ਜਿਹਾ। ਥਾਂ ਥਾਂ ਸੁਤੰਤਰਤਾ ਮੌਜਾਂ ਵਿਚ ਹੈ। ਪਰਦੇ ਦਾ ਕੋਈ ਨਾਂ ਨਿਸ਼ਾਨ ਨਹੀਂ। ਬਾਹਰ ਵੇਖੋ ਤਾਂ ਭੇਡਾਂ-ਬੱਕਰੀਆਂ ਦੇ ਇੱਜੜਾਂ ਤੇ ਗਾਈਆਂ ਮੱਝੀਆਂ ਦੇ ਵੱਗਾਂ ਦਾ ਕੋਈ ਅੰਤ ਨਹੀਂ। ਬੇਪਰਵਾਹੀ ਤੇ ਰੱਜਵੇਂ ਗੁਜ਼ਾਰੇ ਦਾ ਸਮਾਂ ਬੱਝ ਰਿਹਾ ਹੈ। ਤ੍ਰਿਕਾਲਾਂ ਪੈਂਦੀਆਂ ਹਨ ਤਾਂ ਦੋ-ਦੋ, ਚਾਰ-ਚਾਰ ਕਰਕੇ ਲੋਕ ਖੇਤਾਂ ਤੇ ਘਰਾਂ ਵੱਲ ਮੋੜਾ ਪਾਉਂਦੇ ਹਨ। ਪਲੋ-ਪਲੀ ਵਿਚ ਪਿੰਡਾਂ ਵਿਚ ਰੌਣਕ ਹੋ ਜਾਂਦੀ ਹੈ। ਰੋਟੀ-ਟੁੱਕ ਖਾਣ ਪਿੱਛੋਂ ਰਤਾ ਸੁਸਤਾ ਕੇ ਲੋਕੀਂ ਪਿੰਡ ਦੇ ਲਾਗੇ ਕਿਸੇ ਖੁੱਲ੍ਹੀ ਥਾਂ ਆ ਜੁੜਦੇ ਹਨ। ਅੱਧੀ-ਅੱਧੀ ਰਾਤ ਤੀਕ ਗਾਉਣ ਵਜਾਉਣ ਤੇ ਨੱਚਣ ਕੁੱਦਣ ਦਾ ਉਹ ਠਾਠ ਬੱਝਦਾ ਹੈ ਕਿ ਬੁੱਢਿਆਂ ਦਾ ਜੰਮਿਆ ਹੋਇਆ ਲਹੂ ਵੀ ਗਰਮ ਹੋ ਜਾਂਦਾ ਹੈ। ਉੱਤੇ ਝਾਤੀ ਮਾਰਿਆਂ ਤਾਰਿਆਂ ਦਾ ਨਾਚ ਨਜ਼ਰ ਆਉਂਦਾ ਹੈ ਤੇ ਨਾਲ ਦੇ ਛੱਪੜ ਵੱਲ ਨਿਗਾਹ ਗਿਆਂ ਪਾਣੀ ਆਪਣੇ ਵਿਚ ਹੋ ਰਹੇ ਤਾਰਿਆਂ ਦੇ ਨਾਚ ਨਾਲ ਮਸਤ ਹੋਇਆ ਉਛਲ ਉਛਲ ਲਹਿਰਾਂ ਦੀਆਂ ਨਾਜ਼ੁਕ ਤਲੀਆਂ ਨਾਲ ਗਿੱਧਾ ਪਾ ਰਿਹਾ ਜਾਪਦਾ ਹੈ। ਲਾਗਲਾ ਪਿੱਪਲ ਤੇ ਉਸ ਦੇ ਪੱਤੇ ਤਾਂ ਖ਼ਬਰੇ ਜਮਾਂਦਰੂ ਹੀ ਇਸ ਕਲਾ ਦੇ ਪ੍ਰੇਮੀ ਹਨ ਤੇ ਉਹ ਕਦੇ ਗਿੱਧਾ ਪਾਉਣੋਂ ਨਹੀਂ ਟਲੇ। ਇਹੀ ਉਹ ਮਹਿਫ਼ਲ ਹੈ ਜਿੱਥੇ ਸਾਡੇ ਗਿੱਧੇ ਨੇ ਜਨਮ ਲਿਆ।
ਸਮਾਂ ਲੰਘਦਾ ਗਿਆ ਤੇ ਜੀਵਨ-ਨਾਟਕ ਨੇ ਅਨੇਕਾਂ ਹੇਰਾਂ-ਫੇਰਾਂ ਦੀਆਂ ਝਾਕੀਆਂ ਵੇਖੀਆਂ। ਪਿੰਡ ਵਧਦੇ ਵਧਦੇ ਕਸਬੇ ਬਣ ਗਏ। ਕਸਬਿਆਂ ਦੇ ਧਨੀ ਲੋਕਾਂ ਨੇ ਰਤਾ ਅੱਗੇ ਜਾ ਕੇ ਸ਼ਹਿਰਾਂ ਦੀ ਨੀਂਹ ਰੱਖੀ। ਪਿੰਡਾਂ ਤੇ ਸ਼ਹਿਰਾਂ ਦੀ ਰਹਿਣੀ-ਬਹਿਣੀ ਤੇ ਰਹੁ-ਰੀਤ ਵਿਚ ਇਤਨਾ ਫ਼ਰਕ ਪੈ ਗਿਆ ਕਿ ਸਹਿਜ ਸੁਭਾਅ ਹੀ ਸਿਆਣੇ ਆਦਮੀ ਆਖਣ ਲੱਗ ਪਏ- ਪਿੰਡ ਰੱਬ ਦੇ, ਸ਼ਹਿਰ ਆਦਮੀਆਂ ਦੇ!
ਪਿੰਡ ਵਿਚ ਤਾਂ ਗਿੱਧਾ ਹੀ ਕਿਸੇ ਨਾ ਕਿਸੇ ਰੂਪ ਵਿਚ ਪ੍ਰਧਾਨ ਰਿਹਾ, ਪਰ ਸ਼ਹਿਰ ਵਾਲਿਆਂ ਨੇ ਆਪਣੀ ਨਵੀਂ ਰੁਚੀ ਤੇ ਸਮਾਜ ਦੀ ਨਵੀਂ ਬਣਤਰ ਅਨੁਸਾਰ ਇਸ ਦੇ ਰੂਪ ਵਿਚ ਮਨ-ਮਰਜ਼ੀ ਦਾ ਹੇਰ-ਫੇਰ ਕਰ ਲਿਆ। ਨ੍ਰਿਤਕਾਰੀ ਦਾ ਇਹ ਨਵਾਂ ਰੂਪ ਇਤਨਾ ਹਰਮਨ ਪਿਆਰਾ ਹੋਇਆ ਕਿ ਸ਼ਹਿਰਾਂ ਦੇ ਵਸਨੀਕਾਂ ਨੇ ਆਪਣੇ ਇਸ਼ਟ ਦੇਵ ਨੂੰ ਵੀ ਨਚਾ ਦਿੱਤਾ, ਤਾਹੀਓਂ ਸ਼ਿਵਜੀ ਮਹਾਰਾਜ ਦਾ ਨਾਂ ਖ਼ਾਸ ਤੌਰ ’ਤੇ ਨਟਰਾਜ ਹੋ ਗਿਆ। ਰਣਵਾਸਾਂ ਵਿਚ ਨ੍ਰਿਤਕਾਰੀ ਦੀ ਐਨੀ ਵਿਸ਼ੇਸ਼ਤਾ ਬੱਝੀ ਕਿ ਇਹ ਰਾਜਕੁਮਾਰੀਆਂ ਦੀ ਸਿੱਖਿਆ ਲਈ ਇਕ ਖ਼ਾਸ ਮਜ਼ਮੂਨ ਸਮਝਿਆ ਜਾਣ ਲੱਗਾ। ਆਮ ਸਮਾਜਿਕ ਉਤਸਵਾਂ ਵਿਚ ਇਸ ਨੂੰ ਬੜੀ ਚੋਖੀ ਥਾਂ ਦਿੱਤੀ ਜਾਣ ਲੱਗੀ। ਰਾਮਾਇਣ ਦੇ ਸਮੇਂ ਵਿਚ ਨ੍ਰਿਤਕਾਰੀ ਇਕ ਕਲਾ ਬਣ ਚੁੱਕੀ ਸੀ। ਬਾਲਮੀਕ ਰਿਸ਼ੀ ਨੇ ਰਾਮ-ਜਨਮ ਦੇ ਸ਼ੁਭ ਉਤਸਵ ਵਿਚ ਇਸ ਦੀ ਵਰਤੋਂ ਦਾ ਬੜਾ ਸੁੰਦਰ ਨਕਸ਼ਾ ਖਿੱਚਿਆ ਹੈ। ਫੇਰ ਅਸੀਂ ਵੇਖਦੇ ਹਾਂ ਕਿ ਵਿਰਾਟ ਰਾਜੇ ਵੇਲੇ ਜਦ ਬਨਵਾਸੀ ਪਾਂਡਵ ਭੇਟ ਵਟਾ ਕੇ ਆਪਣੇ ਆਖ਼ਰੀ ਵਰ੍ਹੇ ਨੂੰ ਗੁਜ਼ਾਰਨ ਲਈ ਉਸ ਦੀ ਰਾਜਧਾਨੀ ਵਿਚ ਪਹੁੰਚੇ ਤਾਂ ਕਿਸੇ ਆਸਾਨੀ ਨਾਲ ਅਰਜਨ ਜਿਹੇ ਪਰਦੇਸੀ ਦੀ ਨ੍ਰਿਤਕਾਰੀ ਦਾ ਕਮਾਲ ਤੱਕ ਕੇ ਉਸ ਨੂੰ ਦਰਬਾਰ ਵਿਚੋਂ ਰਾਜਕੁਮਾਰੀਆਂ ਨੂੰ ਇਹ ਕਲਾ ਸਿਖਾਉਣ ਦੀ ਜ਼ਰੂਰੀ ਜ਼ਿੰਮੇਵਾਰੀ ਸੌਂਪੀ। ਸਾਫ਼ ਜ਼ਾਹਿਰ ਹੈ ਕਿ ਉਨ੍ਹੀਂ ਦਿਨੀਂ ਅਰਜਨ ਜਿਹੇ ਰਾਜਪੁੱਤਰ ਸਿਰਫ਼ ਤੀਰ ਕਮਾਨ ਦੇ ਹੀ ਧਨੀ ਨਹੀਂ ਹੁੰਦੇ ਸਨ ਸਗੋਂ ਨ੍ਰਿਤਕਾਰੀ ਜਿਹੀ ਕੋਮਲ ਕਲਾ ਦੀ ਸਿੱਖਿਆ ਨੂੰ ਵੀ ਆਪਣੀ ਵਿੱਦਿਆ ਦਾ ਜ਼ਰੂਰੀ ਅੰਗ ਸਮਝਦੇ ਸਨ। ਮਹਾਭਾਰਤ ਕਾਲ ਤੋਂ ਇਹ ਵੀ ਪਤਾ ਚਲਦਾ ਹੈ ਕਿ ਮੁਰਲੀ ਮਨੋਹਰ ਨੇ ਆਪਣੇ ਦਿਲ ਖਿੱਚਵੇਂ ਸੰਗੀਤ ਨਾਲ ਸਾਰੇ ਬ੍ਰਜਮੰਡਲ ਨੂੰ ਨਚਾ ਦਿੱਤਾ ਸੀ। ਉਸ ਵੇਲੇ ਤੋਂ ਲੈ ਕੇ ਬੁੱਧ ਭਗਵਾਨ ਦੇ ਸਮੇਂ ਤੀਕ, ਨ੍ਰਿਤਕਾਰੀ ਨੂੰ ਦੇਸ਼ ਦੇ ਜੀਵਨ ਵਿਚ ਚੋਖੀ ਥਾਂ ਮਿਲੀ ਰਹੀ। ਇਸ ਗੱਲ ਦੀ ਗਵਾਹੀ ਅਜੰਤਾ ਦੀਆਂ ਗੁਫ਼ਾਵਾਂ ਵਿਚ ਬਣੇ ਹੋਏ ਚਿੱਤਰ ਹੁਣ ਤੀਕ ਦੇ ਰਹੇ ਹਨ।
ਤਕਰੀਬਨ 1001 ਤੋਂ 1856 ਤੀਕ ਦੇਸ਼ ਦੇ ਜੀਵਨ ਵਿਚ ਅਨੇਕਾਂ ਹੇਰ-ਫੇਰ ਹੋਏ। ਖ਼ਿਆਲਾਂ ਵਿਚ ਉਥਲ-ਪੁਥਲ ਹੁੰਦੀ ਚਲੀ ਗਈ। ਰਹਿਣੀ-ਬਹਿਣੀ ਬਦਲਦੀ ਗਈ। ਇੱਥੋਂ ਤੱਕ ਕਿ ਜੀਵਨ ਹੀ ਹੋਰ ਦਾ ਹੋਰ ਸਮਝਿਆ ਜਾਣ ਲੱਗ ਪਿਆ। ਨ੍ਰਿਤਕਾਰੀ ਦਾ ਬੁਰਾ ਹਾਲ ਹੋਇਆ। ਹੌਲੀ ਹੌਲੀ ਰਣਵਾਸਾਂ ਵਿਚੋਂ ਤੇ ਸੁੱਚੇ ਸਮਾਜਿਕ ਉਤਸਵਾਂ ਵਿਚੋਂ ਇਸ ਨੂੰ ਧੱਕੇ ਮਾਰ ਕੇ ਕੱਢ ਦਿੱਤਾ ਗਿਆ। ਨੌਬਤ ਇੱਥੋਂ ਤੀਕ ਪੁੱਜੀ ਕਿ ਧਨੀ-ਮਾਨੀ ਤੇ ਰਾਜ-ਪਰਿਵਾਰਾਂ ਦੇ ਜੀਵਨ ਵਿਚ ਇਸ ਲਈ ਕੋਈ ਥਾਂ ਹੀ ਨਾ ਰਹੀ, ਪਰ ਸੁੰਦਰਤਾ ਦੀ ਚੇਤਨਾ ਸਦਕਾ ਬਖ਼ਸ਼ੇ ਹੋਏ ਇਸ ਵਲਵਲੇ ਨੂੰ ਕਿਹੜੀ ਤਾਕਤ ਦਬਾ ਸਕਦੀ ਸੀ? ਜਿਨ੍ਹਾਂ ਨੇ ਇਸ ਨੂੰ ਆਪਣੇ ਘਰੋਂ ਬਾਹਰ ਕੱਢਿਆ, ਉਹ ਛੇਤੀ ਹੀ ਇਸ ਦੇ ਵਿਛੋੜੇ ਵਿਚ ਦੀਵਾਨਿਆਂ ਵਾਂਗ ਆਪ ਘਰੋਂ ਨਿਕਲ ਕਸਬੀਆਂ, ਨਾਚੀਆਂ ਦੇ ਬੂਹੇ ਖੜਕਾਉਣ ਲੱਗੇ, ਭਾਵੇਂ ਇਸ ਚੇਟਕ ਵਿਚ ਉਨ੍ਹਾਂ ਨੂੰ ਕਾਫ਼ੀ ਸਜ਼ਾ ਵੀ ਭੁਗਤਣੀ ਪਈ।
ਪਰ ਪਿੰਡ ਇਸ ਦੁਰਗਤੀ ਤੋਂ ਬਿਲਕੁਲ ਬਚੇ ਰਹੇ। ਪਿੰਡਾਂ ਦਾ ਵਾਸਤਾ ਬਹੁਤਾ ਸਰਕਾਰ ਨੂੰ ਮਾਮਲਾ ਤਾਰਨ ਨਾਲ ਹੀ ਰਿਹਾ; ਹੋਰਨਾਂ ਗੱਲਾਂ ਵਿਚ ਉਹ ਬਹੁਤ ਕੁਝ ਸੁਤੰਤਰ ਹੀ ਸਨ। ਇਹੀ ਕਾਰਨ ਸੀ ਕਿ ਬਹੁਤ ਦੇਰ ਤੀਕ ਗਿੱਧੇ ਨੂੰ ਤੱਤੀ ’ਵਾ ਵੀ ਨਾ ਲੱਗੀ। ਪਿੰਡਾਂ ਦੀ ਜ਼ਿੰਦਗੀ ਵਿਚ ਇਹ ਪਹਿਲਾਂ ਵਾਂਗ ਹੀ ਵਲਵਲਿਆਂ ਦੇ ਫੁੱਲ ਖਿੜਾਉਂਦਾ ਰਿਹਾ।
ਗੁਰੂਆਂ ਦੀ ਬਾਣੀ, ਜਿਸ ਦਾ ਸਬੰਧ ਆਮ ਲੋਕਾਈ ਨਾਲ ਬੜਾ ਡੂੰਘਾ, ਪ੍ਰੀਤ ਭਰਿਆ ਤੇ ਦਰਦਾਂ ਵਾਲਾ ਹੈ, ਰੱਬੀ ਪਿਆਰ ਦੇ ਡੂੰਘੇ ਤੇ ਅਕਹਿ ਸੁੱਖ ਦੀ ਉੱਛਲ ਉੱਛਲ ਪੈਂਦੀ ਖ਼ੁਸ਼ੀ ਨੂੰ ਦੱਸਣ ਲਈ ਗਿੱਧੇ ਦੀ ਮਸਤੀ ਵੱਲ ਗੁੱਝਾ ਜਿਹਾ ਇਸ਼ਾਰਾ ਕਰਦੀ ਜਾਪਦੀ ਹੈ:
ਨਾਨਕ ਗੀਧਾ ਹਰ ਰਸ ਮਾਹਿ।।
(ਆਸਾ ਮਹਲਾ 5)
ਨਾਮ ਸੰਗਿ ਇਹ ਮਨੂਆ ਗੀਧ ।।
(ਗੌਂਡ ਮਹਲਾ 5)
ਰਸਨਾ ਗੀਧੀ ਬੋਲਤ ਰਾਮ।।
(ਗਉੜੀ ਮਹਲਾ 5)
ਰਾਮ ਰਸਾਇਨ ਜੇ ਨਰ ਗੀਧੇ।।
(ਗਉੜੀ ਮਹਲਾ 5)
ਜਿਨ੍ਹਾਂ ਦੂਰ-ਦੁਰਾਡੇ ਗੁਜ਼ਰ ਚੁੱਕੇ ਜ਼ਮਾਨਿਆ ਦਾ ਜ਼ਿਕਰ ਅਸਾਂ ਉਪਰ ਕੀਤਾ ਹੈ, ਉਨ੍ਹਾਂ ਦੀ ਤਸਵੀਰ ਇਤਨੀ ਧੁੰਦਲੀ ਪੈ ਗਈ ਹੈ ਕਿ ਸਾਡੇ ਲਈ ਵੀਹਵੀਂ ਸਦੀ ਵਿਚ ਬੈਠਿਆਂ ਕੋਈ ਅਨੁਮਾਨ ਲਾਉਣਾ ਕਠਿਨ ਹੀ ਨਹੀਂ ਸਗੋਂ ਅਸੰਭਵ ਜਿਹਾ ਹੈ। ਇਹ ਜ਼ਰੂਰ ਆਖ ਸਕਦੇ ਹਾਂ ਕਿ ਉਦੋਂ ਵੀ ਆਮ ਲੋਕਾਈ ਦੇ ਜੀਵਨ ਵਿਚ ਅੱਜਕੱਲ੍ਹ ਵਾਂਗ ਹੀ ਰੀਝਾਂ ਤੇ ਉਮੰਗਾਂ ਸਨ, ਭਾਵੇਂ ਇਨ੍ਹਾਂ ਤੋਂ ਉਤਪੰਨ ਹੋਈ ਮਸਤੀ ਨੂੰ ਰੂਪ ਦੇਣ ਲਈ ਨ੍ਰਿਤਕਾਰੀ ਦਾ ਉਸਾਰ ਅੱਜਕੱਲ੍ਹ ਦੇ ਗਿੱਧੇ ਨਾਲੋਂ ਬਹੁਤ ਹੱਦ ਤੱਕ ਵੱਖਰਾ ਹੋਵੇ। ਸਾਡੇ ਲਈ ਤਾਂ ਨਜ਼ਦੀਕ ਜਿਹੇ ਗੁਜ਼ਰ ਚੁੱਕੇ ਸਮੇਂ ਦਾ ਅਨੁਮਾਨ ਲਾਉਣਾ ਵੀ ਕਠਿਨ ਹੈ। ਜਿਸ ਨੂੰ ਤਵਾਰੀਖ਼ ਆਖਿਆ ਜਾਂਦਾ ਹੈ ਉਸ ਵਿਚ ਤਾਂ ਬਹੁਤ ਕਰਕੇ ਬਾਦਸ਼ਾਹੀ ਲੜਾਈ-ਝਗੜਿਆਂ ਤੇ ਵੱਡਿਆਂ ਮਨੁੱਖਾਂ ਦੇ ਕਾਰਨਾਮਿਆਂ ਤੋਂ ਛੁਟ ਹੋੋਰ ਕੁਝ ਹੈ ਹੀ ਨਹੀਂ। ਖ਼ੁਦਾ ਦੀ ਆਮ ਖ਼ਲਕਤ ਦੀ ਖ਼ੁਸ਼ੀ-ਗ਼ਮੀ ਤੇ ਰਹਿਣੀ-ਬਹਿਣੀ ਦਾ ਇਤਿਹਾਸ ਵਿਚੋਂ ਕੋਈ ਬਹੁਤਾ ਪਤਾ ਨਹੀਂ ਚਲਦਾ। ਇਸ ਲਈ ਅਸੀਂ ਕੇਵਲ ਗਿੱਧੇ ਦੇ ਵਰਤਮਾਨ ਰੂਪ ਦਾ ਹੀ ਨਕਸ਼ਾ ਖਿੱਚ ਸਕਦੇ ਹਾਂ।
ਗਿੱਧਾ ਪਾਉਣ ਲਈ ਲੋਕੀਂ ਹੁੰਮ-ਹੁੰਮਾ ਕੇ ਆਉਂਦੇ ਹਨ ਤੇ ਘੇਰੇ ਵਿਚ ਖਲੋਂਦੇ ਜਾਂਦੇ ਹਨ। ਜਿਉਂ-ਜਿਉਂ ਰੌਣਕ ਵਧਦੀ ਹੈ ਘੇਰਾ ਵੱਡਾ ਹੁੰਦਾ ਜਾਂਦਾ ਹੈ। ਦੋ ਬੰਦੇ ਘੇਰੇ ਦੇ ਵਿਚਕਾਰ ਆ ਕੇ ਗਿੱਧੇ ਦੀ ਅਗਵਾਈ ਕਰਦੇ ਹਨ। ਗਿੱਧੇ ਦੇ ਇਹ ਆਗੂ ਖ਼ਾਸ ਸੁਰਾਂ ਵਿਚ ਗੀਤ ਨੂੰ ਚੁੱਕਣਾ ਸ਼ੁਰੂ ਕਰਦੇ ਹਨ ਤੇ ਜਦ ਗੀਤ ਦਾ ਛੇਕੜਲਾ ਟੱਪਾ ਆਉਂਦਾ ਹੈ ਤਾਂ ਸਾਰੀ ਮੰਡਲੀ ਰਲ ਕੇ ਇਕ ਸੁਰ ਹੋ ਕੇ ਗਾ ਉੱਠਦੀ ਹੈ ਤੇ ਦੂਰ-ਦੂਰ ਤੱਕ ਹਵਾ ਵਿਚ ਗਿੱਧੇ ਦੀ ਗੂੰਜ ਸੁਣਾਈ ਦੇਣ ਲੱਗ ਪੈਂਦੀ ਹੈ। ਘੇਰੇ ਵਿਚ ਖਲੋਤੇ ਬੰਦੇ ਤਾਂ ਅਖ਼ੀਰਲੇ ਟੱਪੇ ਨੂੰ ਗਾਉਂਦੇ ਤੇ ਤਾੜੀ ਮਾਰ ਕੇ ਤਾਲ ਹੀ ਪੂਰਦੇ ਹਨ, ਪਰ ਗਿੱਧੇ ਦੇ ਆਗੂ ਗਾਉਂਦੇ ਗਾਉਂਦੇ, ਘੁੰਮ ਘੁੰਮ ਕੇ ਨੱਚਦੇ ਵੀ ਹਨ। ਇਕ ਪਿੱਛੋਂ ਦੂਜਾ, ਦੂਜੇ ਪਿੱਛੋਂ ਤੀਜਾ- ਇਸ ਤਰ੍ਹਾਂ ਅਨੇਕਾਂ ਗੀਤ ਗਾਏ ਜਾਂਦੇ ਹਨ। ਵਾਰੀ-ਵਾਰੀ ਦੋ-ਦੋ ਬੰਦੇ ਘੇਰੇ ਵਿਚਕਾਰ ਆ ਕੇ ਗਿੱਧੇ ਦੀ ਅਗਵਾਈ ਕਰਦੇ ਹਨ।
ਕਸਬੀ ਨਾਚੀਆਂ ਦੇ ਨਾਚ ਦੀ ਬਨਾਵਟੀ ਸ਼ੋਖ਼ੀ ਉੱਤੇ ਭੁੱਲੇ ਹੋਏ ਬੰਦੇ ਸ਼ਾਇਦ ਇਸ ਨਾਚ ਨੂੰ ਕੋਈ ਫੋਕੀ ਟਪ-ਟਪਾਈ ਹੀ ਸਮਝਣ, ਪਰ ਇਹ ਸੱਚ ਹੈ ਕਿ ਭਾਵੇਂ ਇਸ ਵਿਚ ਕਲਾ ਦੀ ਉਚਾਈ ਤੇ ਬਨਾਵਟ ਨਹੀਂ, ਪਰ ਇਸ ਵਿਚ ਜੀਵਨ ਦਾ ਨਿੱਘ ਤੇ ਪਿਆਰ ਦੀ ਡੁੰਘਿਆਈ ਜ਼ਰੂਰ ਹੈ।
ਗਿੱਧੇ ਦੇ ਆਮ ਮਾਮਲਿਆਂ ਵਿਚ ਭਾਵੇਂ ਸਾਦਗੀ ਪ੍ਰਧਾਨ ਹੁੰਦੀ ਹੈ, ਪਰ ਖ਼ਾਸ ਉਤਸਵਾਂ ਵਿਚ ਲੋਕੀਂ ਬਣ-ਠਣ ਕੇ ਆਉਂਦੇ ਹਨ। ਕਦੇ-ਕਦੇ ਗਿੱਧੇ ਦੇ ਆਗੂਆਂ ਦੇ ਪੈਰੀਂ ਘੁੰਗਰੂ ਬੰਨ੍ਹ ਦਿੱਤੇ ਜਾਂਦੇ ਹਨ। ਘੁੰਗਰੂਆਂ ਦੀ ਮਿੱਠੀ ਛਣਕਾਰ ਹੱਥਾਂ ਦੀ ਤਾੜੀ ਨਾਲ ਰਲ ਕੇ ਇਕ ਅਜੀਬ ਸਮਾਂ ਪੈਦਾ ਕਰ ਦਿੰਦੀ ਹੈ। ਗਿੱਧੇ ਦੀਆਂ ਇਨ੍ਹਾਂ ਮਹਿਫ਼ਲਾਂ ਵਿਚ ਕਿਤੇ-ਕਿਤੇ ਢੋਲਕ, ਵੰਝਲੀ, ਅਲਗੋਜ਼ਾ, ਕਾਟੋ ਤੇ ਤੂੰਬਾ ਵਜਾਉਣ ਦਾ ਰਿਵਾਜ ਵੀ ਹੈ। ਗਿੱਧੇ ਦੇ ਉੱਛਲ-ਉੱਛਲ ਪੈਂਦੇ ਰਸ ਨੂੰ ਇਹ ਦੇਸੀ ਸਾਜ਼ ਨਿਸ਼ਚੇ ਹੀ ਚਾਰ ਚੰਨ ਲਾ ਦਿੰਦੇ ਹਨ। ਗਿੱਧਾ ਪਾਉਣ ਵਾਲਿਆਂ ਨੂੰ ਇੰਦਰਪੁਰੀ ਦੇ ਸੁਫ਼ਨੇ ਦੀ ਬਹੁਤੀ ਲੋੜ ਨਹੀਂ ਪੈਂਦੀ, ਉਹ ਆਪਣੇ ਅਖਾੜਿਆਂ ਵਿਚ ਹੀ ਇੰਦਰਪੁਰੀ ਨੂੰ ਖਿੱਚ ਲਿਆਉਂਦੇ ਹਨ।
ਗਿੱਧੇ ਦਾ ਰਿਵਾਜ ਇਸਤਰੀਆਂ ਵਿਚ ਵੀ ਹੈ ਤੇ ਪੁਰਸ਼ਾਂ ਵਿਚ ਵੀ। ਇਸਤਰੀ ਪੁਰਸ਼ ਅਕਸਰ ਵੱਖੋ-ਵੱਖ ਗਿੱਧਾ ਪਾਉਣ ਲਈ ਇਕੱਠੇ ਹੁੰਦੇ ਹਨ ਪਰ ਜੀਵਨ ਵਿਚ ਇਕ ਅਜਿਹਾ ਪ੍ਰੇਰਨਾ-ਪੂਰਨ ਵੇਲਾ ਵੀ ਆਉਂਦਾ ਹੈ, ਜਦੋਂ ਪਿੰਡਾਂ ਦੇ ਇਸਤਰੀ ਪੁਰਸ਼ ਸਾਂਝਾ ਗਿੱਧਾ ਰਚਾਉਂਦੇ ਹਨ। ਵਿਆਹ-ਸ਼ਾਦੀ ਦੇ ਦਿਨਾਂ ਵਿਚ ‘ਨਾਨਕਾ ਮੇਲ’ ਗਿੱਧਾ ਪਾਉਂਦਾ ਹੈ ਤਾਂ ਪਿੰਡਾਂ ਦੇ ਗੱਭਰੂ ਤੇ ਜਵਾਨ ਮੁੰਡੇ ਇਸ ਮੌਜ ਮੇਲੇ ਨੂੰ ਵੇਖਣ ਲਈ ਪੂਰੀ ਖੁੱਲ੍ਹ ਪ੍ਰਾਪਤ ਕਰਦੇ ਹਨ, ਪਰ ਇਹ ਰਿਵਾਜ ਪੰਜਾਬ ਦੇ ਸਭਨਾਂ ਹਿੱਸਿਆਂ ਵਿਚ ਨਹੀਂ ਮਿਲਦਾ, ਮਾਲਵੇ ਵਿਚ ਇਹ ਰਿਵਾਜ ਹੈ।
ਪੁੰਨਿਆਂ ਦੀ ਰਾਤ ਅਕਸਰ ਗਿੱਧੇ ਲਈ ਬੜੀ ਚੰਗੀ ਸਮਝੀ ਜਾਂਦੀ ਹੈ। ਚੰਨ ਦੀ ਭਰੀ ਜਵਾਨੀ ਨਾਲ ਖੇਡਦੇ ਝਿਲਮਿਲ-ਝਿਲਮਿਲ ਕਰਦੇ ਤਾਰੇ ਗਿੱਧਾ ਪਾਉਣ ਵਾਲਿਆਂ ਦੀਆਂ ਅੱਖਾਂ ਵਿਚ ਉਹ ਮਸਤੀ ਲੈ ਆਉਂਦੇ ਹਨ ਜੋ ਸੁਹਜ-ਰੱਜੀਆਂ ਅੱਖਾਂ ਵਿਚ ਹੀ ਵੇਖੀ ਜਾ ਸਕੇ।
ਪਰਦੇਸੋਂ ਆਏ ਪ੍ਰੀਤਮ ਦੇ ਮੁੜ ਦੇਸ਼ ਵੱਲ ਫੇਰਾ ਪਾਉਣ ਦੀ ਖ਼ੁਸ਼ੀ ਵਿਚ ਵੀ ਗਿੱਧਾ ਪਾਉਣ ਦਾ ਰਿਵਾਜ ਰਿਹਾ ਹੈ। ਗਿੱਧੇ ਦੇ ਅਨੇਕਾਂ ਗੀਤਾਂ ਦਾ ਇਕ ਆਮ ਬੋਲ ‘‘ਖੱਟਣ ਗਏ ਕੀ ਖੱਟ ਲਿਆਂਦਾ’’ ਵੀ ਤਾਂ ਇਸੇ ਵੱਲ ਸੰਕੇਤ ਕਰਦਾ ਜਾਪਦਾ ਹੈ।
ਗਿੱਧੇ ਵਿਚ ਆਉਣ ਵਾਲੀਆਂ ਰੂਹਾਂ ਖੇੜਵੇਂ ਚਾਉ ਮਲ੍ਹਾਰ ਨਾਲ ਮਸਤ ਹੋ ਉੱਠਦੀਆਂ ਹਨ। ਨੱਚਣ ਤੇ ਗਾਉਣ ਦੇ ਇਸ ਜੋੜ-ਮੇਲ ਵਿਚ ਛਣਕਦੇ ਹਾਸੇ ਲਈ ਵੀ ਬਹੁਤ ਥਾਂ ਰਹਿੰਦੀ ਹੈ। ਸਭਨਾਂ ਦੇ ਚਿਹਰਿਆ ’ਤੇ ਜੀਵਨ ਦੀ ਪ੍ਰੇਰਨਾ ਥਿਰਕਦੀ ਹੈ, ਜਿਵੇਂ ਹੱਸਦੇ-ਰਸਦੇ ਦਿਲ ਛਾਤੀਆਂ ਵਿਚੋਂ ਨਿਕਲ ਕੇ ਚਿਹਰਿਆਂ ਉੱਤੇ ਆ ਗਏ ਹੋਣ।
ਸਹਿਜ-ਸੁਭਾਅ ਸਾਦਗੀ ਖ਼ੁਸ਼ੀ ਤੇ ਬੇਪਰਵਾਹੀ ਗਿੱਧੇ ਲਈ ਓਵੇਂ ਹੀ ਲੋੜੀਂਦੀਆਂ ਬਿਭੂਤੀਆਂ ਹਨ, ਜਿਵੇਂ ਬਿਰਛ ਦੇ ਜੀਵਨ ਲਈ ਜਲ, ਹਵਾ ਤੇ ਪ੍ਰਕਾਸ਼। ਜਿੱਥੇ ਰਸ ਨਹੀਂ, ਉੱਥੇ ਗਿੱਧੇ ਦਾ ਨਸ਼ਾ ਕਿਵੇਂ ਚੜ੍ਹ ਸਕਦਾ ਹੈ, ਗਿੱਧੇ ਦਾ ਵਲਵਲਾ ਹਮੇਸ਼ਾ ਰਸ ਦੀ ਛਾਂ ਵਿਚ ਪਲਦਾ ਹੈ। ਜਿਵੇਂ ਬਿਰਛ ਉੱਤੇ ਫੁੱਲ ਤੇ ਫਲ ਲਗਦੇ ਹਨ, ਉਵੇਂ ਹੀ ਗਿੱਧੇ ਵਿਚ ਨਵੇਂ-ਨਵੇਂ ਤਾਲਾਂ ਤੇ ਗੀਤਾਂ ਦਾ ਜਨਮ ਹੁੰਦਾ ਰਹਿੰਦਾ ਹੈ। ਗਿੱਧੇ ਦੇ ਗੀਤਾਂ ਵਿਚ ਹੂ-ਬ-ਹੂ ਫੁੱਲਾਂ ਵਾਲਾ ਖੇੜਾ ਤੇ ਫਲਾਂ ਵਾਲਾ ਰਸ ਰਹਿੰਦਾ ਹੈ। ਇਨ੍ਹਾਂ ਗੀਤਾਂ ਦੇ ਤਾਲ ਦਿਲ-ਦਰਿਆ ਦੇ ਰਸੀਲੇ ਵਹਿਣਾਂ ਵਿਚੋਂ ਪੈਦਾ ਹੁੰਦੇ ਹਨ। ਸਹਿਜ ਸੁਭਾਅ ਸਾਦਗੀ ਖ਼ੁਸ਼ੀ ਤੇ ਬੇਪਰਵਾਹੀ ਦੀ ਅਣਹੋਂਦ ਵਿਚ ਗਿੱਧਾ ਅਜਿਹੇ ਗੀਤਾਂ ਦੀ ਬਹਾਰ ਨਹੀਂ ਵਿਖਾ ਸਕਦਾ ਜਿਨ੍ਹਾਂ ਵਿਚੋਂ ਜੀਵਨ ਦਾ ਖੇੜਾ ਝਾਤਾਂ ਮਾਰਦਾ ਹੋਵੇ।
ਗਿੱਧੇ ਦੇ ਗੀਤ ਰਚਣ ਵਾਲੇ ਬੰਦੇ ਆਮ ਜੀਵਨ ਦੇ ਅਮੁੱਕ ਦ੍ਰਿਸ਼ਾਂ ਵਿਚੋਂ ਹੀ ਆਪਣੀਆਂ ਰਚਨਾਵਾਂ ਲਈ ਮਸਲਾ ਲੱਭਦੇ ਹਨ। ਇਨ੍ਹਾਂ ਦੀ ਰਚਨਾ ਵੇਲੇ ਪਿੰਡਾਂ ਦੇ ਇਸਤਰੀ ਪੁਰਸ਼ਾਂ ਨੂੰ ਸੁਫ਼ਨਿਆਂ ਦੇ ਸੱਤਵੇਂ ਆਸਮਾਨ ’ਤੇ ਜਾਣ ਦੀ ਕੋਈ ਲੋੜ ਨਹੀਂ ਪੈਂਦੀ। ਬੋਲੀ ਨੂੰ ਲਿਸ਼ਕਾਉਣ ਲਈ ਵੀ ਉਨ੍ਹਾਂ ਨੂੰ ਸ਼ਹਿਰੀ ਕਵੀਆਂ ਵਾਂਗ ਖ਼ੂਨ ਪਸੀਨਾ ਇਕ ਨਹੀਂ ਕਰਨਾ ਪੈਂਦਾ। ਅਣਸੱਦੇ ਵਲਵਲਿਆਂ ਦਾ ਆਪ-ਮੁਹਾਰਾ ਵਹਿਣ ਸਹਿਜ ਸੁਭਾਅ ਹੀ ਗੁੰਦਵੇਂ ਸ਼ਬਦਾਂ ਤੇ ਭਾਵਾਂ ਦੀ ਬਣਤਰ ਵਿਚ ਹੱਥ ਵਟਾਉਂਦਾ ਹੈ। ਇਨ੍ਹਾਂ ਗੀਤਾਂ ਦੇ ਪਾਤਰ ਭਾਵੇਂ ਇਸਤਰੀਆਂ ਹੋਣ ਭਾਵੇਂ ਪੁਰਸ਼, ਜਵਾਨ ਹੋਣ ਭਾਵੇਂ ਢਲਵੀਂ ਉਮਰ ਦੇ ਉਹ ਸਾਡੀ ਆਪਣੀ ਜਿਉਂਦੀ ਜਾਗਦੀ ਦੁਨੀਆ ਦੇ ਬੰਦੇ ਹਨ। ਅੱਜ ਵੀ ਅਸੀਂ ਆਪਣੇ ਪਿੰਡਾਂ ਵਿਚ ਇਹੋ ਜਿਹੇ ਮਸਤਾਨੇ ਬੰਦੇ ਵੇਖ ਸਕਦੇ ਹਾਂ। ਇਨ੍ਹਾਂ ਗੀਤਾਂ ਦਾ ਰਸ ਮਾਣਨ ਵੇਲੇ ਇਉਂ ਜਾਪਦਾ ਹੈ ਜਿਵੇਂ ਅੰਦਰਲੇ ਨੂੰ ਕਵਿਤਾ ਦੀ ਦੇਵੀ ਟੁੰਬ ਰਹੀ ਹੋਵੇ। ਥਾਂ-ਥਾਂ ਪੰਜਾਬੀ ਜੀਵਨ ਦੀਆਂ ਦਿਲ-ਖਿੱਚਵੀਆਂ ਝਾਕੀਆਂ ਸਾਡਾ ਮਨ ਮੋਹ ਲੈਂਦੀਆਂ ਹਨ। ਇਕ-ਇਕ ਗੀਤ ਦਿਲ-ਦਰਿਆ ਦਾ ਉਛਾਲ ਹੈ। ਇਸ ਉਛਾਲ ਵਿਚ ਕੁਦਰਤ ਦੀ ਆਪਣੀ ਕਲਾ ਉੱਭਰਦੀ ਹੈ। ਇਸ ਕਲਾ ਵਿਚ ਰੀਝਾਂ ਤੇ ਸੱਧਰਾਂ ਦੀ ਡੂੰਘਿਆਈ ਹੈ, ਸੁਹੱਪਣ ਦੀ ਧੂਹ ਹੈ, ਪ੍ਰੀਤ ਦੀ ਪ੍ਰੇਰਨਾ ਹੈ ਤੇ ਜਵਾਨੀ ਦਾ ਚਮਤਕਾਰ ਹੈ। ਘਰੋਗੀ ਜੀਵਨ ਦੀ ਖ਼ੁਸ਼ੀ ਦੇ ਨਜ਼ਾਰਿਆਂ ਨੂੰ ਇਨ੍ਹਾਂ ਗੀਤਾਂ ਦੀ ਬਣਤਰ ਵਿਚ ਬਹੁਤ ਥਾਂ ਮਿਲੀ ਹੈ। ਇਹ ਸੁਭਾਵਕ ਹੀ ਹੈ। ਗਿੱਧੇ ਦਾ ਵਲਵਲਾ ਖ਼ੁਸ਼ੀ ਦੀਆਂ ਘੜੀਆਂ ਵਿਚ ਉਗਮਦਾ ਹੈ ਤੇ ਗਿੱਧਾ ਪਾਉਣ ਵਾਲੇ ਬੰਦੇ ਆਪਣੇ ਗੀਤਾਂ ਵਿਚ ਆਨੰਦ ਦੀ ਮਾਖਿਓਂ-ਮਿੱਠੀ ਪ੍ਰੇਰਨਾ ਹੀ ਪਸੰਦ ਕਰਦੇ ਹਨ, ਪਰ ਹੌਲੀ-ਹੌਲੀ ਇਨ੍ਹਾਂ ਗੀਤਾਂ ਵਿਚ ਗਿੱਧਾ ਪਾਉਣ ਵਾਲਿਆਂ ਦਾ ਘਰੋਗੀ ਦੁਖ-ਦਰਦ ਵੀ ਆਉਂਦਾ ਗਿਆ।
ਗਿੱਧੇ ਦੇ ਗੀਤਾਂ ਨੂੰ ਬੋਲੀਆਂ ਆਖਦੇ ਹਨ। ਇਨ੍ਹਾਂ ਦਾ ਪੂਰਾ ਸਵਾਦ ਤਾਂ ਉਦੋਂ ਹੀ ਆਉਂਦਾ ਹੈ ਜਦ ਗਿੱਧੇ ਦੀ ਮੌਜ ਮਾਣਨ ਵਾਲੇ ਇਸਤਰੀ ਪੁਰਸ਼ ਇਨ੍ਹਾਂ ਨੂੰ ਨੱਚਦੀਆਂ ਸੁਰਾਂ ਵਿਚ ਗਾਉਂਦੇ ਹਨ। ਇਸ ਵੇਲੇ ਇਨ੍ਹਾਂ ਵਿਚ ਇਕ ਖ਼ਾਸ ਹਲੂਣਾ ਰੁਮਕਦਾ ਹੈ ਜੋ ਇਨ੍ਹਾਂ ਦੇ ਸ਼ਬਦਾਂ ਵਿਚ ਸਵਾਦਲੀ ਰਵਾਨੀ ਲਿਆ ਦਿੰਦਾ ਹੈ। ਉਂਜ ਕਵਿਤਾ ਦੀ ਤਰ੍ਹਾਂ ਪੜ੍ਹਨ ਵਿਚ ਵੀ ਅਸੀਂ ਇਨ੍ਹਾਂ ਦਾ ਰਸ ਤੇ ਸੁਹਜ-ਸਵਾਦ ਚੰਗੀ ਤਰ੍ਹਾਂ ਮਾਣ ਸਕਦੇ ਹਾਂ ਜੋ ਗਿੱਧੇ ਵਿਚ ਨੱਚ-ਨੱਚ ਕੇ ਇਨ੍ਹਾਂ ਨੂੰ ਗਾਉਂਦੇ-ਗਾਉਂਦੇ ਖੀਵੇ ਹੋ ਜਾਂਦੇ ਹਨ।
ਗਿੱਧੇ ਦੇ ਗੀਤਾਂ ਵਿਚ ਛੰਦਾ-ਬੰਦੀ ਦਾ ਵਿਕਾਸ ਹੋਇਆ ਜਾਪਦਾ ਹੈ। ਆਰੰਭ ਵਿਚ ਦੋ-ਸਤਰੇ ਟੋਟਕੇ ਦਾ ਰਿਵਾਜ ਰਿਹਾ ਹੋਵੇਗਾ। ਇਸ ਦੇ ਕੁਝ ਨਮੂਨੇ ਵੇਖੋ ਜਿਨ੍ਹਾਂ ਨੂੰ ਅੱਜਕੱਲ੍ਹ ‘ਇਕਹਿਰੀਆਂ ਬੋਲੀਆਂ’ ਆਖਦੇ ਹਨ:
– ਕਦੇ ਪਾ ਵਤਨਾਂ ਵੱਲ ਫੇਰਾ,
ਕੁੂੰਜੇ ਪਹਾੜ ਦੀਏ!
– ਚੰਦ ਚੜ੍ਹਿਆ ਬਾਪ ਦੇ ਵਿਹੜੇ,
ਵੀਰ ਘਰ ਪੁੱਤ ਜੰਮਿਆ!
– ਬੋਤੇ ਚਾਰਦੇ ਭੈਣਾਂ ਨੂੰ ਮਿਲ ਆਉਂਦੇ,
ਸਰਵਣ ਵੀਰ ਕੁੜੀਓ।
– ਮੰਗ ਓਹਦੀ ਅੱਡ ਮੰਗ ’ਤੀ,
ਜਿਉਣਾ ਦਸੀਦਾ ਸੂਰਮਾ ਭਾਰੀ।
– ਰਾਤੀਂ ਰੋਂਦੀ ਦਾ,
ਭਿੱਜ ਗਿਆ ਲਾਲ ਪੰਘੂੜਾ।
ਇਸ ਦੇ ਮਗਰੋਂ ਜਿਉਂ-ਜਿਉਂ ਲੋਕਾਂ ਦੀ ਸੰਗੀਤਕ ਰੁਚੀ ਚੜ੍ਹਦੀਆਂ ਕਲਾਂ ਵੱਲ ਹੁੰਦੀ ਗਈ, ਗਿੱਧੇ ਦਾ ਗੀਤ ਤੁਕਾਂਤਕ ਲੰਮਾ ਹੁੰਦਾ ਗਿਆ। ਉਪਰਲੀ ਬਣਤਰ ਦੇ ਗੀਤ ਦੇ ਆਰੰਭ ਵਿਚ ਪਰਦੇਸੋਂ ਆਏ ਪ੍ਰੀਤਮ ਦੀ ਲਿਆਂਦੀ ਹੋਈ ਸੌਗ਼ਾਤ ਵੱਲ ਸੰਕੇਤ ਕਰਦਿਆਂ ਇਹ ਬੁਣਤਰ ਹੋ ਗਈ:
ਖੱਟਣ ਗਏ ਕੀ ਖੱਟ ਲਿਆਂਦਾ?
ਖੱਟ ਕੇ ਲਿਆਂਦਾ ਚੂੜਾ
ਰਾਤੀਂ ਰੋਂਦੀ ਦਾ,
ਭਿੱਜ ਗਿਆ ਲਾਲ ਪੰਘੂੜਾ।
ਨਿਰੀ ਇੱਥੇ ਹੀ ਬੱਸ ਨਾ ਹੋਈ। ਉਪਰਲੀ ਬਣਤਰ ਦੇ ਗੀਤ ਤੋਂ ਪਹਿਲਾਂ ਦਸ-ਦਸ ਸਤਰਾਂ ਤੀਕ ਜੋੜਨ ਦਾ ਰਿਵਾਜ ਪੈਂਦਾ ਚਲਿਆ ਗਿਆ। ਇਹ ਨਵੀਂ ਬਣਤਰ ‘ਲੜੀਦਾਰ ਬੋਲੀਆਂ’ ਅਖਵਾਉਂਦੀ ਹੈ:
ਪਿੰਡਾਂ ਵਿਚੋਂ ਪਿੰਡ ਛਾਂਟਿਆ,
ਪਿੰਡ ਛਾਂਟਿਆ ਖਾਰੀ।
ਖਾਰੀ ਦੀਆਂ ਦੋ ਕੁੜੀਆਂ ਛਾਂਟੀਆਂ,
ਇਕ ਪਤਲੀ, ਇਕ ਭਾਰੀ
ਪਤਲੀ ’ਤੇ ਤਾਂ ਖੱਟਾ ਡੋਰੀਆ,
ਭਾਰੀ ’ਤੇ ਫੁਲਕਾਰੀ।
ਮੱਥਾ ਦੋਹਾਂ ਦਾ ਬਾਲੇ ਚੰਦ ਦਾ,
ਅੱਖਾਂ ਦੀ ਜੋਤ ਨਿਆਰੀ!
ਪਤਲੀ ਤਾਂ ਮੰਗ ਜਿਉਣ ਸਿੰਘ ਦੀ,
ਭਾਰੀ ਅਜੇ ਕੁਆਰੀ।
ਮੰਗ ਉਹਦੀ ਅੱਡ ਮੰਗ ’ਤੀ-
ਜਿਉਣਾ ਦਸੀਦਾ ਸੂਰਮਾ ਭਾਰੀ।
ਪ੍ਰਧਾਨਤਾ ਹਰ ਹਾਲਤ ਵਿਚ ਅਖ਼ੀਰਲੇ ਬੋਲ ਦੀ ਹੀ ਰਹੀ। ਪਹਿਲੇ ਸਭ ਬੋਲ ਮਸਤਾਨੇ ਸੁਰਾਂ ਗਾਉਣ ਦਾ ਰਿਵਾਜ ਪਿਆ ਤੇ ਗਿੱਧੇ ਨੂੰ ਹਲੂਣਾ ਦੇਣ ਲਈ ਅਖ਼ੀਰਲਾ ਬੋਲ ਹੀ ਵਰਤਿਆ ਜਾਂਦਾ ਰਿਹਾ।
ਮਰਦਾਵੇਂ ਗਿੱਧੇ ਦੇ ਗੀਤ ਤਾਂ ਇਸੇ ਤੋਲ ਉੱਤੇ ਹੀ ਖ਼ਤਮ ਹੋ ਗਏ ਪਰ ਇਸਤਰੀਆਂ ਦੀ ਪ੍ਰਤਿਭਾ ਹੋਰ ਵੀ ਅਗਾਂਹ ਵਧੀ। ਜਿਤਨਾ ਕੋਮਲ ਇਸਤਰੀ ਦਾ ਦਿਲ ਹੈ ਓਨੀ ਹੀ ਕਲਾ-ਭਰੀ ਉਸ ਦੀ ਗੀਤ-ਰਚਨਾ ਹੈ। ਖ਼ਾਸ ਕਰ ਇਸਤਰੀਆਂ ਦੇ ਗਿੱਧੇ ਵਿਚ ਗਾਏ ਜਾਣ ਵਾਲੇ ਕੁਝ ਤੋਲ ਵੇਖੋ:
– ਹਾੜ੍ਹ ਦੇ ਮਹੀਨੇ ਜੀ ਨਾ ਕਰੇ ਸਹੁਰੀਂ ਜਾਣ ਨੂੰ,
ਮੁੰਡਾ ਫਿਰੇ ਨੀ, ਗੱਡੀ ਜੋੜ ਕੇ ਲਿਜਾਣ ਨੂੰ।
ਹਾੜ੍ਹ ਦੇ ਮਹੀਨੇ ਧੁੱਪਾਂ ਪੈਣ ਨੀ ਕਰਾਰੀਆਂ
ਨਿੱਜ ਨੂੰ ਵਿਆਹੀ, ਬੁੱਲੇ ਲੈਣ ਨੀ ਕੁਆਰੀਆਂ।
– ਉੱਚੇ ਟਿੱਬੇ ਇਕ ਮੂੰਗੀ ਦਾ ਬੂਟਾ,
ਉਹਨੂੰ ਖਾ ਗਈ ਗਾਂ।
ਰੋਂਦਾ ਮੂੰਗੀ ਨੂੰ,
ਘਰ ਰੋਂਦੀ ਏ ਤੇਰੀ ਮਾਂ।
– ਸੁਣ ਨੀ ਕੁੜੀਏ ਝੁਮਕਿਆਂ ਵਾਲੀਏ!
ਸੁਣ ਨੀ ਕੁੜੀਏ ਝੁਮਕਿਆਂ ਵਾਲੀਏ!
ਝੁਮਕੇ ਤੇਰੇ ਲਾਹ ਲਵਾਂਗੇ,
ਤੇਰੇ ਨਾਲ ਪ੍ਰੀਤਾਂ ਲਾ ਲਵਾਂਗੇ।
– ਨਿੱਕੀ-ਨਿੱਕੀ ਕਣੀ ਦਾ ਮੀਂਹ ਵਰਸੇਂਦਾ,
ਗੋਡੇ-ਗੋਡੇ ਘਾਹ ਕੁੜੇ!
ਤੇਰਾ ਕਦ ਮੁਕਲਾਵਾ, ਭਾਗ ਕੁਰੇ?
– ਚਿੱਟੀ-ਚਿੱਟੀ ਕਣਕ ਦੇ ਮੰਡੇ ਪਕਾਨੀਆਂ
ਨੀ ਨਾ ਰੋ, ਮੁਕਲਾਵੇ ਤੋਰ ਦੇਨੀਆਂ!
– ਕੌਣ ਆਊਗਾ, ਸਿੰਘਾ ਵੇ ਤੇਰੇ ਕੌਣ ਆਊਗਾ?
ਤੇਰੇ ਸ਼ੌਕ ਦੇ ਕਬੂਤਰ, ਸਿੰਘਾ ਕੌਣ ਉਡਾਊਗਾ?
– ਉੱਚੇ ਟਿੱਬੇ ਇਕ ਜਵਾਂ ਦਾ ਬੂਟਾ,
ਉਹਨੂੰ ਲੱਗੀਆਂ ਬੱਲੀਆਂ,
ਬੱਲੀਆਂ ਨੂੰ ਲਗਾ ਕਸੀਰ।
ਕੁੜਤੀ ਮਲਮਲ ਦੀ,
ਭੱਖ-ਭੱਖ ਉਠੇ ਸਰੀਰ।
ਗਿੱਧੇ ਦੇ ਗੀਤਾਂ ਵਿਚ ਸੰਗੀਤਕ ਕਵਿਤਾ ਦੇ ਆਲੇ-ਦੁਆਲੇ ਨਾਟਕੀ ਠਾਠ ਖ਼ੂਬ ਬੱਝਾ ਹੈ। ਗੂੜ੍ਹੀ ਸਥਾਨਕ ਰੰਗਣ ਨੇ ਨਾਟਕੀ ਠਾਠ ਨੂੰ ਹੋਰ ਵੀ ਚਮਕਾ ਦਿੱਤਾ ਹੈ। ਖ਼ਾਸ-ਖ਼ਾਸ ਪਿੰਡਾਂ ਅਤੇ ਮੁੰਡਿਆਂ-ਕੁੜੀਆਂ ਦੇ ਨਾਂ ਮਿਲਦੇ ਹਨ। ਪਿੰਡਾਂ ਦੀਆਂ ਕੁੜੀਆਂ ਕੰਮ ਕਾਰ ਵਿਚ ਰੁੱਝੀਆਂ ਵਿਖਾਈ ਦਿੰਦੀਆਂ ਹਨ। ਕੋਈ ਖੱਟੇ ਡੋਰੀਏ ਦੀ ਸ਼ੌਕੀਨ ਹੈ, ਕਿਸੇ ਨੂੰ ਫੁਲਕਾਰੀ ਭਾਉਂਦੀ ਹੈ। ਸੱਜ-ਵਿਆਹੀਆਂ ਕੁੜੀਆਂ ਦੀਆਂ ਸਹੇਲੀਆਂ ਉਨ੍ਹਾਂ ਦੇ ਮੁਕਲਾਵੇ ਦਾ ਦਿਨ ਪੁੱਛਦੀਆਂ ਹਨ। ਕੁਆਰੇਪਣ ਦੀਆਂ ਬੇਪਰਵਾਹੀਆਂ ਦੀ ਮਿੱਠੀ ਯਾਦ ਸੱਜ-ਵਿਆਹੀਆਂ ਕੁੜੀਆਂ ਨੂੰ ਹਾੜ੍ਹ ਦੇ ਮਹੀਨੇ ਸਹੁਰੀਂ ਜਾਣ ਤੋਂ ਰੋਕਦੀ ਹੈ, ਪਰ ਪ੍ਰੇਮ-ਮਸਤਾਨੇ ਵਿਆਂਹਦੜ ਗੱਡੀ ਜੋੜ ਕੇ ਆ ਜਾਂਦੇ ਹਨ। ਧੀਆਂ ਨੂੰ ਸਹੁਰੀਂ ਤੋਰਨ ਵੇਲੇ ਮਾਵਾਂ ਚਿੱਟੀ ਕਣਕ ਦੇ ਮੰਡੇ ਪਕਾਉਂਦੀਆਂ ਹਨ। ਇਸ ਤਰ੍ਹਾਂ ਗਿੱਧੇ ਦੇ ਅਨੇਕ ਗੀਤਾਂ ਵਿਚ ਅਸੀਂ ਲੋਕ-ਜੀਵਨ ਦੀ ਆਤਮਾ ਪਛਾਣ ਸਕਦੇ ਹਾਂ।
ਕਿਤੇ ਨੱਪ ਕੇ ਰੱਖੇ ਦਿਲ ਦੇ ਭੇਤ ਸਿਰ ਚੁੱਕਦੇ ਹਨ, ਕਿਤੇ ਸਮਾਜ ਉੱਤੇ ਕੱਸਿਆ ਗਿਆ ਵਿਅੰਗ ਉੱਭਰਦਾ ਹੈ, ਕਿਤੇ ਕਿਸੇ ਉਚੇਚੇ ਪ੍ਰਤੀਕ ਵਿਚ ਵਲ੍ਹੇਟਿਆ ਸੰਕੇਤ ਮਲੂਕ ਜਿਹੀ ਤੱਕਣੀ ਨਾਲ ਚਿੱਤਰ ਨੂੰ ਉਭਾਰਦਾ ਹੈ। ਇਸ ਤਰ੍ਹਾਂ ਗਿੱਧੇ ਦੀਆਂ ਬੋਲੀਆਂ ਦਾ ਚਿੱਤਰਪਟ ਲੰਮ-ਸੁਲੰਮੀ ਫਿਲਮ ਵਾਂਗ ਸਾਡੀਆਂ ਅੱਖਾਂ ਮੂਹਰੇ ਆਉਂਦਾ ਹੈ, ਸਾਨੂੰ ਪ੍ਰੇਰਦਾ ਹੈ, ਸਾਡੇ ਅੰਦਰ ਕਵਿਤਾ ਦੀ ਜਾਗ ਲਾਉਂਦਾ ਹੈ। ਕਦੀ-ਕਦੀ ਤਾਂ ਇੰਜ ਲਗਦਾ ਹੈ ਕਿ ਕਿਸੇ-ਕਿਸੇ ਬੋਲੀ ਦਾ ਭਾਵ-ਚਿੱਤਰ ਖੇਤ ਦੀ ਰਾਖੀ ਲਈ ਗੋਪੀਆ ਘੁੰਮਾਉਂਦੇ ਮੁੰਡੇ ਵਾਂਗ ਸਾਡਾ ਧਿਆਨ ਖਿੱਚ ਰਿਹਾ ਹੈ ਤੇ ਅਸੀਂ ਵੀ ਗੋਪੀਆ ਘੁੰਮਾਉਣ ਲੱਗ ਪੈਂਦੇ ਹਾਂ। ਇਹ ਗੋਪੀਆ ਲੋਕ-ਚੇਤਨਾ ਦਾ ਗੋਪੀਆ ਹੈ ਜਿਸ ਦਾ ਗਿੱਧੇ ਨਾਲ ਸਿੱਧਾ ਸਬੰਧ ਹੈ।
– ਦੇਵਿੰਦਰ ਸਤਿਆਰਥੀ ਨੇ ਇਹ ਲੇਖ ਨਵੰਬਰ 1935 ਵਿਚ ਭਦੌੜ (ਉਦੋਂ ਜ਼ਿਲ੍ਹਾ ਪਟਿਆਲਾ ਤੇ ਹੁਣ ਜ਼ਿਲ੍ਹਾ ਸੰਗਰੂਰ) ਵਿਚ ਲਿਖਿਆ।