ਗੁਰਦੇਵ ਚੌਹਾਨ
ਪੁਸਤਕ ਪੜਚੋਲ
ਕਲਪ ਬਿਰਖ ਦੀ ਅਧੂਰੀ ਪਰੀ ਕਥਾ’ ਮਨਮੋਹਨ‘
ਦਾ ਗਿਆਰਵਾਂ ਕਾਵਿ-ਸੰਗ੍ਰਹਿ ਹੈ। ਇਹ ਕਾਵਿ-ਸੰਗ੍ਰਹਿ ਸਾਡੇ ਕਾਵਿ-ਅਨੁਭਵ ਦੇ ਨਵੇਂ ਦਿਸਹੱਦੇ ਹੀ ਨਹੀਂ ਖੋਲ੍ਹਦਾ ਸਗੋਂ ਇਹ ਸਾਡੇ ਵਿਹਾਜੇ ਪੁਰਾਣੇ, ਖਸਤਾ ਦ੍ਰਿਸ਼ਟੀਕੋਣਾਂ ਦਾ ਵੀ ਵਿਸਥਾਪਨ ਕਰਦਾ ਹੈ। ਇਹ ਕਿਤਾਬ ਆਪਣੇ ਪਾਠਕਾਂ ਦੇ ਮਨਾਂ ਵਿਚ ਵੀ ਕਵਿਤਾ ਜਿਹਾ ਕੁਝ ਬੀਜਦੀ ਹੈ ਜਿਹੜਾ ਨਵੇਂ ਅਹਿਸਾਸ ਹੀ ਨਹੀਂ, ਨਵੇਂ ਅਰਥ ਵੀ ਭਰਦਾ ਹੈ।
ਜ਼ਿੰਦਗੀ ਵਿਚ ਜੋ ਕੁਝ ਵਾਪਰਦਾ ਹੈ, ਉਹ ਆਪਣੀ ਗਤੀ, ਆਪਣੇ ਵਹਿਣ ਅਤੇ ਆਪਣੀ ਤਰਜ਼ ਵਿਚ ਰਹਿੰਦਾ ਹੈ, ਲਗਾਤਾਰ। ਇਹ ਸਾਡੀ ਅਣਲਿਖਤ ਹੋਣੀ ਘੜਦਾ ਹੈ। ਪਰ ਅਸਲ ਗੱਲ ਇਸ ਵਾਪਰ ਰਹੇ ਕੱਚ ਸੱਚ ਦੇ ਅਹਿਸਾਸ ਦੀ ਹੈ ਜਿਹੜਾ ਅਸੀਂ ਹੰਢਾਉਂਦੇ ਹਾਂ। ਇਹ ਅਹਿਸਾਸ ਸਾਡੇ ਮਨਾਂ ਅਤੇ ਦਿਲਾਂ ਵਿਚ ਪਲ ਪਲ ਲਿਖੇ ਜਾ ਰਹੇ ਬਿਰਤਾਂਤਾਂ ਅਤੇ ਵਿਵੇਕ ਭਾਵਾਂ ਦਾ ਵੀ ਹੈ ਜਿਸ ਨੂੰ ਸਭਿਆਚਾਰਕ ਰਚਨਾਵਾਂ ਸਾਡੀ ਜ਼ਿੰਦਗੀ ਦੇ ਚਿਤਰਪਟ ’ਤੇ ਪੁਨਰ ਅੰਕਿਤ ਕਰਦੀਆਂ ਹਨ। ਇਸ ਸਭ ਉਪਰੰਤ ਅਸੀਂ ਉਹ ਨਹੀਂ ਰਹਿੰਦੇ ਜੋ ਪਹਿਲਾਂ ਸਾਂ। ਸੋ ਇੰਜ ਰਚਨਾਤਮਿਕ ਕ੍ਰਿਤੀਆਂ ਦੇ ਬੋਧ ਅਤੇ ਅਮਲ ਦੇ ਅੰਤਰਗਤ ਪ੍ਰਾਪਤ ਕੀਤਾ ਸਵੈ-ਸੱਚ ਇਸ ਅਣਲਿਖਤ ਹੋਣੀ ਨੂੰ ਮਾਨਵ-ਪੱਖੀ ਅਤੇ ਸਕਰਮਕ ਬਣਾਉਣ ਵਿਚ ਸਹਾਈ ਹੁੰਦਾ ਹੈ। ਇਸੇ ਲਈ ਸਾਹਿਤ, ਕਲਾਕ੍ਰਿਤਾਂ ਅਤੇ ਹੋਰ ਸਭਿਆਚਾਰਕ ਗਤੀਵਿਧੀਆਂ ਦੀ ਹਮੇਸ਼ਾ ਹਾਂ-ਪੱਖੀ ਅਤੇ ਪ੍ਰਗਤੀਸ਼ੀਲ ਭੂਮਿਕਾ ਮੰਨੀ ਜਾਂਦੀ ਹੈ।
ਇਸ ਲਿਹਾਜ਼ ਨਾਲ ਕਵਿਤਾ ਸਾਡੇ ਵਰਤਮਾਨ ਦੇ ਅੰਦਰੂਨੀ ਵਾਰਤਾਲਾਪ ਦੀ ਪੁਨਰ ਵਿਆਖਿਆ ਅਤੇ ਸੋਚ ਸਿਰਜਦੀ ਹੈ ਅਤੇ ਇਸ ਵਿਚੋਂ ਉਪਜੇ ਵਿਚਾਰ ਦਾ ਕਾਇਆ ਕਲਪ ਵੀ। ਹੁਣ ਆਉਂਦੇ ਹਾਂ, ਮਨਮੋਹਨ ਕਾਵਿ ਦੇ ਸੰਦਰਭ ਵੱਲ। ਇਸ ਕਿਤਾਬ ਵਿਚ ਇਕ ਸੌ ਤੋਂ ਵੱਧ ਕਵਿਤਾਵਾਂ ਹਨ। ਰੂਪਕ ਪੱਖ ਤੋਂ ਭਾਵੇਂ ਬਹੁਤੀਆਂ ਬਿਰਤਾਂਤਕ ਹਨ, ਪਰ ਇਨ੍ਹਾਂ ਦਾ ਸੁਭਾਅ ਤੇ ਸ਼ੈਲੀ ਵਿਚਾਰਕ ਤੇ ਦਾਰਸ਼ਨਿਕ ਹੈ। ਮੂਲ ਉਚਾਰ ਵਿਅੰਗ ਦੀ ਪਾਣ ਵਾਲਾ ਹੈ ਜਿਹੜਾ ਅਕਸਰ ਵਿਰੋਧੀ ਜੁੱਟਾਂ ਦੀ ਖਹਿ ’ਚੋਂ ਤੀਜੀ ਨਵੀਂ ਸੰਜੋਗੀ ਅਤੇ ਸਮਿੰਲਤ ਭਾਵ ਵਾਲੀ ਸੁਰ ਦਾ ਆਗਾਜ਼ ਕਰਦਾ ਹੈ। ਸੋ ਸੰਦਰਭ, ਭਾਵ ਅਤੇ ਅਨੁਭਵ ਪੱਖੋਂ ਸਿਮਰਤੀਆਂ ਅਤੇ ਵਰਤਮਾਨ ਹਕੀਕਤਾਂ ਦੇ ਸੁਮੇਲ ਵਿਚੋਂ ਜ਼ਿੰਦਗੀ ਦੀ ਪੁਨਰ ਪੜ੍ਹਤ ਅਤੇ ਪੁਨਰ-ਘਾੜਤ ਦਾ ਉਪਰਾਲਾ ਅਤੇ ਇਸ ਅਮਲ ਰਾਹੀਂ ਸੁਰਖ਼ਰੂ ਹੋ ਸਕਣਾ ਜਾਂ ਮਹਿਸੂਸ ਕਰ ਸਕਣਾ ਇਸ ਕਾਵਿ-ਰਚਨਾ ਦੇ ਕਵੀ ਦੀ ਅੰਦਰੂਨੀ ਇੱਛਾ-ਪੂਰਤੀ ਹੈ। ਬਚਪਨ ਦੀਆਂ ਯਾਦਾਂ ਦਾ ਨਿਤਰਿਆ ਹੋਇਆ ਸੁੱਖ ਅਹਿਸਾਸ, ਨਾਲ ਹੀ ਵਰਤਮਾਨ ਦਾ ਕੌੜਾ ਮਿੱਠਾ, ਵਿਚਾਰਾਂ ਅਤੇ ਸ਼ਬਦਾਂ ਦੀ ਨਵੀਂ ਵਿਆਕਰਣ ਜਾਂ ਪ੍ਰਤਿਲਿਪੀ ਘੜਨਾ ਅਤੇ ਮੌਤ ਤੇ ਡਰ ਦਾ ਨਵ-ਬੋਧ ਉਜਾਗਰ ਕਰਨਾ ਆਦਿ ਇਸ ਕਵਿਤਾ ਰੁਝਾਨ ਦੇ ਹੋਰ ਮੋਟੇ ਜ਼ੁਜ਼ ਹਨ।
ਕੁਝ ਝਾਤ ਨਜ਼ਮਾਂ ’ਤੇ। ਪਿਆਰ ਨੂੰ ਜ਼ਿੰਦਗੀ ਵਿਚ ਪ੍ਰਮੁੱਖਤਾ ਹਾਸਲ ਹੈ। ਅਸਲ ਸਜੀਵਤਾ ਪਿਆਰ ਵਿਚ ਪਈ ਹੁੰਦੀ ਹੈ, ਜੀਰਾਂਦ ਦੀ ਜੜ੍ਹ ਵੀ। ਦੋਸਤੀ, ਹਮਦਰਦੀ, ਸਾਂਝ, ਸਹਿਹੋਂਦ, ਸੁੰਦਰਤਾ ਅਤੇ ਅਸਚਰਜ ਦਾ ਭਾਵ ਬੋਧ ਵੀ ਇਸੇ ਦਾ ਵਿਸਤਾਰ ਹੈ। ਬੁੱਧ ਇਸ ਨੂੰ ਮੈਤਾ (Metta) ਆਖਦਾ ਸੀ। ਇਹ ਸਾਰਾ ਕੁਝ ਸਾਡੇ ਅੰਦਰ ਚੁੱਪ ਪਿਆ ਹੁੰਦਾ ਹੈ, ਅਹਿੱਲ ਅਤੇ ਬੇਹਿਸ। ਕਲਾ, ਕਵਿਤਾ, ਸੰਵਾਦ ਅਤੇ ਧਿਆਨ ( ਸਮਾਧੀ) ਸਦਕਾ ਉਪਜਿਆ ਤਰੱਦਦ ਹੀ ਅਕਸਰ ਇਸ ਨੂੰ ਜਗਾਉਂਦਾ ਹੈ। ਹੋਰ ਵੀ ਮਹੱਤਵਪੂਰਨ ਇਹ ਜਾਨਣਾ ਹੈ ਕਿ ਭਾਵੇਂ ਇਹ ਸਦਾਚਾਰ ਬੋਧ ਸਾਡੇ ਸਰੀਰ ਵਿਚ ਸਥਾਈ ਤੌਰ ’ਤੇ ਕੁੱਟ ਕੁੱਟ ਕੇ ਭਰਿਆ ਹੁੰਦਾ ਹੈ, ਪਰ ਇਹ ਕਿਸੇ ਨਾਜ਼ੁਕ ਛੁਹ ਦੀ ਭਾਲ ਵਿਚ ਰਹਿੰਦਾ ਹੈ ਜਿਹੜੀ ਲੋੜੀਂਦੀ ਜੁੰਬਿਸ਼ ਪੈਦਾ ਕਰ ਸਕੇ। ਕਵਿਤਾ ਦਾ ਇਹ ਹੀ ਮਹੱਤਵ ਹੈ, ਇਹ ਹੀ ਕਾਰਜ ਖੇਤਰ ਹੈ।
ਇਸ ਤੱਥ ਤੋਂ ਨਿਰੋਲ ਕਵਿਤਾਵਾਂ ਵੱਲ ਆਉਂਦੇ ਹਾਂ। ਵੈਸੇ ਤਾਂ ਪਿਆਰ ਭਾਸ਼ਾ ਦੀ ਮੂਲ ਚੂਲ ਹੈ ਜਿਹੜਾ ਸ਼ਬਦਾਂ ਨੂੰ ਅਨੁਭਵ ਦੇ ਰਾਹ ਤੋਰਦਾ ਹੈ। ਇਸ ਸੰਗ੍ਰਹਿ ਵਿਚ ਪੰਜ ਪਿਆਰ ਕਵਿਤਾਵਾਂ ਹਨ: ਅਪਹਿਰਨ, ਇਹਨਾਂ ਦਿਨਾਂ ਵਿਚ, ਸੰਸਾ, ਆਮਦ ਅਤੇ ਅਧਿਕਾਰ। ਇਨ੍ਹਾਂ ਸਾਰੀਆਂ ਕਵਿਤਾਵਾਂ ਦਾ ਧੁਰਾ ਦੇਹ-ਪਿਆਰ ਤੋਂ ਆਤਮਿਕ ਪਿਆਰ ਤੀਕ ਦੀ ਪਹੁੰਚ, ਅਪੰਹੁਚ ਅਤੇ ਆਪੇ ਦੇ ਤਿਆਗ ਨਾਲ ਨਿਪਟਣ ਦੇ ਮਾਮਲੇ ਨਾਲ ਹੈ, ਮੈਂ ਅਤੇ ਤੂੰ ਦਾ ਅਸੀਂ ਵਿਚ ਲੁਪਤ ਹੋਣ ਨਾਲ। ਕਵਿਤਾ ‘ਇਹਨਾਂ ਦਿਨਾਂ ਵਿਚ ਸਾਵਣ’ ਵਿਚ ਕਵੀ ਚਾਹੁੰਦਾ ਹੈ ਕਿ “ਪ੍ਰੇਮਿਕਾ ਨਾਲ ਬਿਤਾਏ ਪਲਾਂ ਦੀ ਨਮੀ ਕਵਿਤਾ ਕੇਵਲ ਉਸ ਦੀ ਦੇਹ ਦੀ ਜਿਲਦ ਹੀ ਨਾ ਭੇਵੇਂ, ਇਹ ਉਸਦੀ ਆਤਮਾ ਦਾ ਕਾਗ਼ਜ਼ ਵੀ ਸੋਖ ਲਵੇ।’’
ਸਹਿਵਾਸ ’ਚ ਜਿਸਮ ਨਹੀਂ ਹੁੰਦਾ ਉਹਦਾ/ ਨਾ ਉਹ ਆਪ ਸਗੋਂ ਉਹ ਹੁੰਦਾ
ਜਿਸਨੂੰ ਚਿਤਵਿਆ ਹੁੰਦਾ ਉਸਨੇ/ ਜੋ ਹੁੰਦੈ ਉਸਦੀ ਪਹੁੰਚ ਤੋਂ ਬਹੁਤ ਬਾਹਰ
ਸੁਪਨਿਆਂ ਦੇ ਆਪ ਵਾਲਾ ਆਪ/ ਉਹ ਵੀ ਸ਼ਾਇਦ ਨਾਲ ਪਈ ਉਹ ਨਹੀਂ ਹੁੰਦੀ
ਉਹ ‘ਉਹ’ ਹੁੰਦੀ ਜੋ ਮਨ ਦੀਆਂ ਪਰਤਾਂ ’ਚ ਵਸੀ/ ਸੁਹਜ ਦੀ ਆਦਰਸ਼ ਮੂਰਤ, ਸੁੰਦਰਤਾ ਦੀ ਅਪੰਹੁਚ ਟੀਸੀ (ਅਪਹਿਰਨ)
ਸੋ ਜਾਪਦਾ ਹੈ ਕਵੀ ਸਾਰੀਆਂ ਦੁਬਿਧਾਵਾਂ ਨੂੰ ਸਮੇਟਣ ਦੇ ਆਹਰ ਵਿਚ ਹੈ ਜਾਂ ਹੁਣ ਤੋਂ ਉਧਾਰੇ ਲਏ ਪਲਾਂ ਲਈ ਉਨ੍ਹਾਂ ਤੋਂ ਅੱਖਾਂ ਮੀਟ ਲੈਣ ਵਿਚਕਾਰ ਜੂਝਣ ਵਿਚ। ਉਸ ਦੀ ਸਾਰੀ ਕਵਿਤਾ ਇਸੇ ਵਕਤੀ ਮੁਕਤੀ ਲਈ ਜੱਦੋਜਹਿਦ ਦੀ ਧਰਤੀ ਹੈ।
ਬਹੁਤੀਆਂ ਕਵਿਤਾਵਾਂ ਦਾ ਸੰਬੰਧ ਬਚਪਨ ਵਿਚ ਬਿਤਾਏ ਪਲਾਂ ਅਤੇ ਬਚਪਨ ਦੇ ਚਿਹਰਿਆਂ ਦੀ ਯਾਦ ਅਤੇ ਅੰਤਰ-ਯਾਦ ਨਾਲ ਹੈ ਜਿਹੜੀ ਉਸ ਦੇ ‘ਹੁਣ’ ਨੂੰ ਮੱਲੀ ਬੈਠੀ ਹੈ। ਮਾਂ ਦੀ ਮੌਤ ਉਪਰੰਤ ਅਤੇ ਪਿਤਾ ਦੀ ਮੌਤ ਉਪਰੰਤ ਉਨ੍ਹਾਂ ਦੀਆਂ ਚਿਖਾਵਾਂ ਵਿਚ ਰੱਖੀਆਂ ਲਾਸ਼ਾਂ ਬਾਰੇ ਦੋ ਬਹੁਤ ਭਾਵੁਕ ਨਜ਼ਮਾਂ ਹਨ, ‘ਮਰਨਾ’ ਅਤੇ ‘ਕਪਾਲ-ਕਿਰਿਆ’। ਜਿੱਥੇ ਮਾਂ ਬਾਰੇ ਨਜ਼ਮ ਵਿਚ ਮਾਂ ਦੀ ਦੇਹ ਨੂੰ ਉਸ ਦੀ ਮੌਤ ਬਾਅਦ ਚਿਖਾ ਵਿਚ ਰੱਖਿਆਂ ਵੀ ਕੋਈ ਕਿੱਲ ਨਾ ਚੁੱਭੇ, ਇਸ ਬਾਰੇ ਕਵੀ ਦਾ ਚਿਖਾ ਤਿਆਰ ਕਰਨ ਵਾਲੇ ਭਾਈ ਨੂੰ ਸੁਚੇਤ ਕਰਨਾ ਕਵੀ ਦਾ ਮਾਂ ਨੂੰ ਜੀਵਨ ਭਰ ਤਾਂ ਕੀ ਮੌਤ ਬਾਅਦ ਵੀ ਕਿਸੇ ਤਰ੍ਹਾਂ ਦੀ ਚੋਭ ਨਾ ਆਵੇ ਦਾ ਖਿਆਲ ਖ਼ੁਦ ਕਵੀ ਲਈ ਇਕ ਅਕਹਿ ਚੋਭ ਬਣ ਜਾਣਾ ਦਰਸਾਉਂਦਾ ਹੈ। ਕਪਾਲ ਕਿਰਿਆ ਵਿਚ ਬਲਦੀ ਚਿਖ਼ਾ ਵਿਚ ਵੀ ਪਿਤਾ ਦਾ ਸਾਬਤ ਸਬੂਤ ਰਿਹਾ ਕਪਾਲ ਕਵੀ ਨੂੰ ਪਿਤਾ ਦੇ ਉਸ ਵਚਨ ਦੀ ਅਮਿੱਟ ਯਾਦ ਦੁਹਰਾਉਣ ਅਤੇ ਦ੍ਰਿੜ੍ਹ ਕਰਨ ਦਾ ਸਬੱਬ ਬਣਦਾ ਹੈ ਜਿਹੜਾ ਕਵੀ ਨੂੰ ਜੀਵਨ ਵਿਚ ਹਰ ਹਾਰ ਨੂੰ ਜਿੱਤ ਦਾ ਰਾਹ ਬਣਾਉਣਾ ਦੱਸਦਾ ਸੀ। ਨਾਨੇ, ਨਾਨੀ ਬਾਰੇ, ਅੰਮ੍ਰਿਤਸਰ ਸ਼ਹਿਰ ਬਾਰੇ ਆਦਿ ਨਜ਼ਮਾਂ ਵਿਚ ਕਵੀ ਇਨ੍ਹਾਂ ਪ੍ਰਤੀ ਆਪਣੀ ਅਕੀਦਤ ਪੇਸ਼ ਕਰਦਾ ਹੈ। ਡਰ ਅਤੇ ਡਰ ਦੇ ਭਾਵ ਬਾਰੇ ਕਈ ਨਜ਼ਮਾਂ ਹਨ ਜਿਨ੍ਹਾਂ ਵਿਚ ਕਵੀ ਡਰ ਦੇ ਕਾਰਨ ਨਾਲੋਂ ਮਹਿਜ਼ ਡਰ ਦੇ ਖਿਆਲ ਦਾ ਸਾਡੀ ਜ਼ਿੰਦਗੀ ਵਿਚ ਵੱਧ ਤਬਾਹੀ ਅਤੇ ਆਤੰਕ ਫੈਲਾਉਣਾ ਦੱਸਦਾ ਹੈ। ਕਿ ਅਸੀਂ ਵਿਚਾਰਾਂ ਵਿਚ ਅਧਿਕ ਘਿਰੇ ਰਹਿੰਦੇ ਹਾਂ ਅਤੇ ਜ਼ਿੰਦਗੀ ਦੀਆਂ ਹਕੀਕਤਾਂ ਵਿਚ ਘੱਟ।
ਨੇੜਲੇ ਅਤੇ ਵਰਤ ਰਹੇ ਵਰਤਮਾਨ ਵਿਚ ਸਾਡੇ ਦੇਸ਼ ਵਿਚ ਅਤੇ ਦੇਸ਼ ਬਾਹਰ ਚਾਰੇ ਪਾਸੇ ਫੈਲੇ ਆਤੰਕ ਅਤੇ ਹਿੰਸਾ ਭਰੇ ਮਾਹੌਲ ਬਾਰੇ ਚਿੰਤਾ ਜਤਾਉਂਦੀਆਂ ਕਈ ਨਜ਼ਮਾਂ ਹਨ। ‘ਅਪ੍ਰਸੰਗ ਇਕ ਅਤੇ ਦੋ’, ‘ਮੇਰੇ ਨਾਂ ਤੇ ਨਹੀਂ’, ‘ਹੋਣ ਦੇ ਅਨਰਥ’, ‘ਚਿੰਤਾ ਦੀ ਭਾਸ਼ਾ’, ‘ਉਮੀਦ’, ‘ਸੋਚ’, ‘ੳ, ਐੜਾ, ਈੜੀ’ (ਦਿੱਲੀ ਦਾ ਦਿਲ ਫਰੋਲਦਿਆਂ)।
ਮਾਰਨ ਵਾਲੇ ਦਾ ਚਿਹਰਾ ਨਹੀਂ- ਰੰਗ ਜ਼ਰੂਰ ਬਦਲਦਾ
ਕੇਸਰੀ, ਪੀਲਾ, ਨੀਲਾ, ਲਾਲ, ਹਰਾ, ਕਾਲਾ, ਖ਼ਾਕੀ
ਨਹੀਂ ਬਦਲਦੀ ਤਾਂ ਬੇਨਤੀ, ਖ਼ੌਫ਼ਜ਼ਦਾ ਚਿਹਰਾ, ਹੰਝੂ, ਭੈਅ ( ਅਪ੍ਰਸੰਗ)
ਨਜ਼ਮ ‘ਉਮੀਦ’ ਅਫ਼ਗ਼ਾਨਿਸਤਾਨ ਵਿਚ ਜੰਗ ਬਾਅਦ ਲਾਵਾਰਸ ਪਈ ਤੋਪ ਦੀ ਨਾਲੀ ਵਿਚ ਚਿੜੀ ਦਾ ਆਪਣਾ ਆਲ੍ਹਣਾ ਬਣਾਉਣ ਦਾ ਜ਼ਿਕਰ ਹੈ। ਨਜ਼ਮ ‘ਸੋਚ’ ਵਿਚ ਫਿਲਸਤੀਨ ਸਰਹੱਦ ’ਤੇ ਸਬੀਹਾ ਜੰਗ ਵਿਚ ਮਰ ਗਏ ਆਪਣੇ ਪੁੱਤਰ ਨੂੰ ਬੰਬਾਂ ਦੇ ਖੋਲਾਂ ਵਿਚ ਫੁੱਲ ਉਗਾ ਕੇ ਯਾਦ ਕਰਦੀ ਹੈ। ਬਾਕੀ ਨਜ਼ਮਾਂ ਵਿਚ ਦਿੱਲੀ ਅਤੇ ਦੇਸ਼ ਵਿਚ ਵਾਪਰ ਰਹੀ ਅਤੇ ਬੇਖ਼ੌਫ਼
ਫਿਰਦੀ ਹਿੰਸਾ ਦਾ ਜ਼ਿਕਰ ਅਤੇ ਫ਼ਿਕਰ ਹੈ। ਹਿੰਸਾ
ਭੀੜ ਵਾਂਗ ਬੇ-ਚਿਹਰਾ, ਬੇਪਛਾਣ ਅਤੇ ਬੇ-ਲਗਾਮ
ਹੁੰਦੀ ਹੈ। ਇਸ ਦੇ ਚਿਹਰੇ ਦਾ ਪਹਿਰਨ, ਰੰਗ, ਧਰਮ, ਜਾਤ, ਥਾਂ, ਕਾਨੂੰਨ ਕੁਝ ਵੀ ਹੋ ਸਕਦਾ ਹੈ ਅਤੇ ਇੰਜ ਹੀ ਇਸ ਦੇ ਸ਼ਿਕਾਰ ਦਾ ਵੀ।
ਸਾਰੀ ਪੁਸਤਕ ਵਿਚ ਵਿਅੰਗ ਕਿਸੇ ਨਾ ਕਿਸੇ ਰੰਗ ਵਿਚ ਵਿਦਮਾਨ ਹੈ। ਕਿਤੇ ਵੱਧ, ਕਿਤੇ ਘੱਟ। ਵੱਧ ਵਾਲੀਆਂ ਵਿਚ ਕਵੀ ਮੌਜੂਦਾ ਵਕਤ ’ਤੇ ਤਨਜ਼ ਕੱਸਦਾ ਹੈ। ਨਜ਼ਮ ‘ਕੀ ਕਰਾਂ’ ਵਿਚ ਕਵੀ ਦਾ ਵਿਅੰਗ ਸਰਬੋਤਮ ਹੈ ਜਿਹੜਾ ਨਾਗਪੁਰੀ ਸੰਗਤਰੇ ਅਤੇ ਫ਼ਿਰੋਜ਼ਪੁਰੀ ਕਿੰਨੂ ਵਿਚ ਰੰਗ ਅਤੇ ਨਸਲ ਦੋਹਾਂ ਨੂੰ ਲੈ ਕੇ ਕੌਣ ਬਿਹਤਰ ਹੈ ਦੇ ਕਲਪਿਤ ਤਕਰਾਰ ਰਾਹੀਂ ਹਿੰਦੂ ਸਿੱਖ ਵਿਚਲੇ ਤਕਰਾਰ ਨੂੰ ਸ਼ਾਂਤ ਕਰਨ ਦੀ ਦੁਹਾਈ ਦਿੰਦਾ ਹੈ ਕਿ ਦੁਨੀਆਂ ਵਿਚ ਕੁਝ ਵੀ ਮੌਲਿਕ ਨਹੀਂ ਹੁੰਦਾ। ਸਭ ਇਕ ਦੂਜੇ ਵਿਚੋਂ ਨਿਕਲੇ ਕਾਰਕ ਅਤੇ ਕਾਰਨ ਦੀ ਉਪਜ ਹਨ ਅਤੇ ਇਸ ਲਈ ਇਕ ਦੂਜੇ ਉੱਤੇ ਨਿਰਭਰ ਹਨ। ਵਿਅੰਗਾਤਮਿਕ ਸਿਖ਼ਰ ਦੀ ਇਕ ਕਵਿਤਾ ਹੈ ‘ਇਤਿਹਾਸ ਆਪਣਾ ਆਪ ਦੁਹਰਾਉਂਦਾ ਹੈ’ ਜਿਸ ਵਿਚ ਗਾਂਧੀ, ਮਹਾਤਮਾ ਬੁੱਧ ਪਾਸ ਆਪਣਾ ਰੋਣਾ ਰੋਂਦਾ ਹੈ ਕਿ ਉਸ ਵਾਂਗ ਅੱਜਕੱਲ੍ਹ ਭਾਰਤ ਵਿਚ ਗਾਂਧੀਵਾਦ ਦੀ ਵੀ ਕੋਈ ਪੁੱਛ ਨਹੀਂ। ਇੱਥੋਂ ਤੀਕ ਕਿ ਸ਼ਬਦ ‘ਮਹਾਤਮਾ’ ਵੀ ਅਪ੍ਰਸੰਗਿਕ ਅਤੇ ਅਰਥਹੀਣ ਹੋ ਗਿਆ ਹੈ। ਗਾਂਧੀ ਦੇ ਤਿੰਨੋ ਬਾਂਦਰ ਮਸਤੀ ਮਾਰਦੇ ਹਨ ਅਤੇ ਕਹਿੰਦੇ ਹਨ:
ਇਹ ਗੁੰਗੇ, ਬੋਲੇ, ਅੰਨ੍ਹਿਆਂ ਦਾ ਯੁੱਗ ਹੈ/ ਜਿੰਨਾ ਬੁਰਾ ਬੋਲ ਸਕਦੇ ਹੋ ਬੋਲੋ
ਜਿੰਨਾ ਬੁਰਾ ਦੇਖ ਸਕਦੇ ਹੋ ਦੇਖੋ/ ਜਿੰਨਾ ਬੁਰਾ ਸੁਣ ਸਕਦੇ ਹੋ ਸੁਣੋ
ਤੀਬਰ ਵਿਅੰਗ ਦੀ ਇਕ ਹੋਰ ਮਿਸਾਲ ਹੈ, ‘ਖਾਡਵ ਵਣ’ ਜਿਸ ਵਿਚ ਅੱਗ ਦੇ ਵਿਉਪਾਰ ਦੇ ਮਾਹਰ ਰਾਜਨੀਤਕ ਨਾਇਕ ਦੀ ਗੱਲ ਕੀਤੀ ਗਈ ਹੈ ਜਿਹੜਾ ਪੱਕਾ ਮੁਨਾਫਾਖੋਰ ਹੈ ਅਤੇ ਅੱਗ ਲਾਉਣ ਦੇ ਮੌਕੇ ਅਤੇ ਮਿਕਦਾਰ ਅਤੇ ਲੱਗੀ ਅੱਗ ਤੋਂ ਆਪਣਾ ਆਪ ਕਿਵੇਂ ਬਚਾਉਣਾ ਹੈ ਬਾਰੇ ਖ਼ੂਬ ਜਾਣਦਾ ਹੈ।
ਅੱਗ ਦੇ ਵਿਉਪਾਰ ਦਾ ਮਾਹਰ ਨਾਇਕ ਦੇਸ਼ ਦਾ/ ਢਿੱਡ ਭਰਦਾ ਅੱਗ ਨਾਲ ਨਿਰਧਨ ਬੇਬੱਸ ਲੋਕਾਈ ਦਾ-
ਮਹਾਂਭਾਰਤ ਦੇ ਮ੍ਹਾਨਾਇਕ ਦਾ ਵੱਡਾ ਉਪਾਸ਼ਕ/ ਅੱਗ ਦੇ ਵਿਉਪਾਰ ਦਾ ਮਾਹਰ ਦੇਸ਼ ਦਾ ਨਾਇਕ
ਨਜ਼ਮ ‘ਪਟੜੀਆਂ’ ਕਰੋਨਾ ਕਾਲ ਵਿਚ ਅਚਨਚੇਤ ਐਲਾਨੇ ਲੌਕਡਾਊਨ ਕਾਰਨ ਮਜ਼ਦੂਰਾਂ ਦੀ ਪੈਦਲ
ਘਰ ਵਾਪਸੀ ਵੇਲੇ ਵਾਪਰੀਆਂ ਮੌਤਾਂ ਅਤੇ ਦੁਸ਼ਵਾਰੀਆਂ ਬਾਰੇ ਹੈ।
ਕਿਤਾਬ ਦੇ ਟਾਈਟਲ ਵਾਲੀ ਨਜ਼ਮ ਵਿਚ ਕਲਪ ਬਿਰਖ ਇਕ ਪ੍ਰਤੀਕ ਵਜੋਂ ਹੈ। ਕਵੀ ਨੂੰ ਇਹ ਬਿਰਖ ਕਦੇ ਆਪਣੇ ਪਿਉ ਵਿਚ ਜਾਪਦਾ ਹੈ ਅਤੇ ਕਦੇ ਆਪਣੇ ਆਪ ਵਿਚ। ਕਲਪ ਬਿਰਖ ਦੀ ਹੋਣੀ ਦੂਸਰਿਆਂ ਦੀਆਂ ਮਰਜ਼ੀਆਂ ਪੂਰੀਆਂ ਕਰਨਾ ਹੈ, ਪਰ ਉਸ ਦੀ ਆਪਣੀ ਮਰਜ਼ੀ ਪੁੱਛਣ ਵਾਲਾ ਕੋਈ ਨਹੀਂ। ਕਲਪ ਬਿਰਖ ਵਾਂਗ ਅਧੂਰਾ ਰਹਿਣਾ ਹੀ ਜਿਵੇਂ ਕਵੀ ਦੀ ਵੀ ਦੀ ਹੋਣੀ ਹੋਵੇ।
ਤਾਜ਼ਾ ਹਾਲਾਤ ਬਿਆਨਦੀਆਂ, ਪੇਂਡੂ ਜੀਵਨ ਦੇ ਟੁੱਟਣ ਦਾ ਹੇਰਵਾ, ਵਾਤਾਵਰਣ ਪ੍ਰਤੀ ਅਣਗਹਿਲੀ ਅਤੇ ਪ੍ਰਦੂਸ਼ਣ ਦੇ ਵਿਸ਼ੇ ਵਾਲੀਆਂ ਨਜ਼ਮਾਂ ਵਿਚ ‘ਬੋਲਦਾ ਵਰਤਮਾਨ’ ਵੀ ਹੈ ਜਿਸ ਵਿਚ ਕਵੀ ਸਿੰਘੂ, ਟਿਕਰੀ ਬਾਰਡਰ ਦੇ ਕਿਸਾਨ ਅੰਦੋਲਨ ਵਰਗੇ ਸੰਘਰਸ਼ਾਂ ਵਿਚ ਸਿੱਖ ਚਰਿੱਤਰ ਦੇ ਆਪਾਵਾਰੂ ਚਰਿੱਤਰ ਅਤੇ ਕੁਰਬਾਨੀਆਂ ਦਾ ਖੁਰਾ ਪਿੱਛਲਝਾਤ ਵਿਚ ਗੁਰੂ ਕਾਲ ਨਾਲ ਜਾ ਜੋੜਦਾ ਹੈ। ‘ਪਛਤਾਵਾ’ ਅੱਠ ਸਾਲ ਦੀ ਕੁੜੀ ਆਸਿਫਾ ਬਾਨੋ ਦੇ ਬਲਾਤਕਾਰ ਦੇ ਦਿਲ-ਕੰਬਾਊ ਹਾਦਸੇ ਬਾਰੇ ਹੈ ਜਿਹੜਾ ਕਵੀ ਨੂੰ ਇਸ ਘੋਰ ਹੱਤਿਆ ਨੂੰ ਰੋਕਣ ਲਈ ਕੁਝ ਵੀ ਨਾ ਕਰਨ ਕਰਕੇ ਜਿਵੇਂ ਮਿਹਣਾ ਮਾਰ ਰਿਹਾ ਹੋਵੇ ਜਿਸ ਦਾ ਪਛਤਾਵਾ ਕਵੀ ਨੂੰ ਖਾ ਰਿਹਾ ਹੈ।
ਇਸ ਦੇ ਬਾਵਜੂਦ ਕਿ ਕਵੀ ਨੇ ਜਾਣੇ ਅਣਜਾਣੇ ਆਪਣੇ ਦਾਰਸ਼ਨਿਕ ਲਿਖਣ ਅੰਦਾਜ਼ ਵਿਚ ਵਹਿਣ ਸਦਕਾ ਬਹੁਤ ਸਾਰੇ ਹਿੰਦੀ ਦੇ ਭਾਰੇ ਭਰਕਮ ਸ਼ਬਦ ਵਰਤੇ ਹਨ ਜਿਨ੍ਹਾਂ ਬਗ਼ੈਰ ਸਰ ਸਕਦਾ ਸੀ, ਪਰ ਕਵੀ ਦੀ ਡੂੰਘੀ, ਨਿੱਗਰ, ਦਾਰਸ਼ਨਿਕ ਅਤੇ ਸਭਿਆਚਾਰਕ ਚੇਤਨਾ, ਸੋਚ, ਸੂਝ, ਕਾਵਿਕਤਾ ਦੇ ਮਿਆਰੀ ਗੁਣਾਂ, ਭਾਸ਼ਾ ਦੇ ਰਚਨਾਤਮਕ ਪ੍ਰਯੋਗ ਦੇ ਚਲਦਿਆਂ, ਯਕੀਨਨ ਹੀ ਮਨਮੋਹਨ ਦੀ ਇਸ ਕਾਵਿ-ਪੁਸਤਕ ਦੀਆਂ ਕਈ ਕਵਿਤਾਵਾਂ ਪੰਜਾਬੀ ਕਵਿਤਾ ਦਾ ਭਵਿੱਖ ਲਿਖਦੀਆਂ ਜਾਪਦੀਆਂ ਹਨ ਅਤੇ ਅਗਲੇਰੀਆਂ ਲਿਖੀਆਂ ਜਾਣ ਵਾਲੀਆਂ ਪੰਜਾਬੀ ਕਵਿਤਾਵਾਂ ਦਾ ਪ੍ਰੇਰਨਾ ਸਰੋਤ ਬਨਣ ਦਾ ਸਬੱਬ ਅਤੇ ਸੁਭਾਗ ਵੀ।
ਸੰਪਰਕ: +91647-866-2630 (ਵੱਟਸਐਪ)