ਕਾਰਗਿਲ ਦੀਆਂ ਚੋਟੀਆਂ ’ਤੇ ਲੜੀ ਗਈ ਜੰਗ ਦੀ ਦਾਸਤਾਨ

ਕਾਰਗਿਲ ਦੀਆਂ ਚੋਟੀਆਂ ’ਤੇ ਲੜੀ ਗਈ ਜੰਗ ਦੀ ਦਾਸਤਾਨ

ਕਰਨਲ ਬਲਬੀਰ ਸਿੰਘ ਸਰਾਂ

ਇਕ ਪੁਸਤਕ - ਇਕ ਨਜ਼ਰ

ਕੈਪਟਨ ਅਮਰਿੰਦਰ ਸਿੰਘ ਦੀ ਲਿਖੀ ਕਿਤਾਬ ‘ਏ ਰਿੱਜ ਟ੍ਹੂ ਫਾਰ: ਵਾਰ ਇਨ ਕਾਰਗਿਲ ਹਾਈਟਸ 1999’ ਅੱਡ ਹੋ ਕੇ ਬਣੇ ਦੋ ਗੁਆਂਢੀ ਅਤੇ ਰਵਾਇਤੀ ਦੁਸ਼ਮਣ ਮੁਲਕਾਂ ਦੀ 1947 ਮਗਰੋਂ ਲੜੀ ਚੌਥੀ ਲੜਾਈ ਬਾਰੇ ਹੈ। ਰਣ ਖੇਤਰ ਜ਼ੋਜੀਲਾ ਪਾਰ ਕਾਰਗਿਲ ਹੈ। ਇਹ ਲਿਖਤ ਉਨ੍ਹਾਂ ਦੀਆਂ ਫ਼ੌਜੀ ਇਤਿਹਾਸ ਬਾਰੇ ਲਿਖੀਆਂ ਚਾਰ ਕਿਤਾਬਾਂ (ਲੈੱਸਟ ਵੀ ਫਾਰਗੈੱਟ, ਮੌਨਸੂਨ ਵਾਰ 1965, ਆਨਰ ਐਂਡ ਫਿਡੈਲਟੀ, ਅਤੇ ਸਾਰਾਗੜ੍ਹੀ ਐਂਡ ਡਿਫੈਂਸ ਆਫ਼ ਸਮਾਨਾ ਫੋਰਟਸ- 36 ਸਿੱਖ ਇਨ ਤੀਰ੍ਹਾ ਕੰਪੇਨ) ਵਿੱਚੋਂ ਦੂਜੇ ਸਥਾਨ ’ਤੇ ਲਿਖੀ ਗਈ ਹੈ। ਕੈਪਟਨ ਅਮਰਿੰਦਰ ਸਿੰਘ ਨੂੰ ਇੱਕ ਸਿਆਸੀ ਲੀਡਰ ਵਜੋਂ ਤਾਂ ਕੋਈ ਭੁੱਲਿਆ ਨਹੀਂ, ਪਰ ਇੱਕ ਫ਼ੌਜੀ ਇਤਿਹਾਸਕਾਰ ਅਤੇ ਲੇਖਕ ਵਜੋਂ ਬਹੁਤ ਘੱਟ ਪੰਜਾਬੀ ਜਾਣਦੇ ਹਨ। ਇਹ ਰੁਚੀ ਕੈਪਟਨ ਨੂੰ ਵਿਰਸੇ ’ਚੋਂ ਮਿਲੀ ਹੈ।

ਲੇਖਕ ਖ਼ੁਦ ਫ਼ੌਜੀ ਅਫ਼ਸਰ ਰਿਹਾ ਹੈ। ਉਨ੍ਹਾਂ ਐੱਨਡੀਏ ਤੇ ਆਈਐੱਮਏ ਤੋਂ ਚਾਰ ਸਾਲ ਜੂਨ 1959 ਤੋਂ ਜੂਨ 1963 ਤੱਕ ਟ੍ਰੇਨਿੰਗ ਮਗਰੋਂ ਬਤੌਰ ਸੈਕੰਡ ਲੈਫਟੀਨੈਂਟ 2 ਸਿੱਖ ਵਿੱਚ ਨੌਕਰੀ ਕੀਤੀ। 1965 ਦੀ ਜੰਗ ਵੇਲੇ ਉਹ ਲੈਫਟੀਨੈਂਟ ਜਨਰਲ ਹਰਬਖਸ਼ ਸਿੰਘ ਪਦਮ ਵਿਭੂਸ਼ਨ, ਵੀਰ ਚੱਕਰ, ਮਿਲਟਰੀ ਕਰਾਸ, ਦੇ ਨਾਲ ਏਡੀਸੀ  ਸਨ।

ਲੇਖਕ ਅਨੁਸਾਰ ਹੱਥਲੀ ਕਿਤਾਬ ਤੋਂ ਪਹਿਲਾਂ ਕਾਰਗਿਲ ਜੰਗ ਬਾਰੇ ਕਈ ਕਿਤਾਬਾਂ ਲਿਖੀਆਂ ਗਈਆਂ, ਪਰ ਫ਼ੌਜੀ ਪੱਖ ਤੋਂ ਪਾਠਕਾਂ ਲਈ ਲਿਖੀ ਗਈ ਇਹ ਪਹਿਲੀ ਕਿਤਾਬ ਹੈ। ਇਹ ਕਿਤਾਬ ਪੂਰੀ ਖੋਜ ਅਤੇ ਤੱਥਾਂ ’ਤੇ ਆਧਾਰਿਤ ਕਹਾਣੀ ਨੂੰ ਪੇਸ਼ ਕਰਦੀ ਹੈ। ਇਸ ਵਿਚਲੇ ਤੱਥਾਂ ਦੇ ਪ੍ਰਮਾਣਿਕ ਹੋਣ ਸਬੰਧੀ ਇਹ ਆਖਿਆ ਜਾ ਸਕਦਾ ਹੈ ਕਿ ਤਤਕਾਲੀ ਫ਼ੌਜ ਮੁਖੀ ਜਨਰਲ ਵੇਦ ਪ੍ਰਕਾਸ਼ ਮਲਿਕ ਲੇਖਕ ਨੂੰ ਯੁੱਧ ਦੀ ਪਲਾਨ, ਨਕਸ਼ੇ ਤੇ ਹੋਰ ਕਾਗ਼ਜ਼ਾਤ ਪੜ੍ਹਨ ਅਤੇ ਯੁੱਧ ਖੇਤਰ ਦੇ ਪ੍ਰਮੁੱਖ ਅਸਥਾਨਾਂ ਨੂੰ ਦੇਖਣ ਦੀ ਇਜਾਜ਼ਤ ਦੇ ਦਿੱਤੀ ਸੀ ਜੋ ਹਰ ਇੱਕ ਦੇ ਹਿੱਸੇ ਨਹੀਂ ਆਉਂਦੀ।

‘ਏ ਰਿੱਜ ਟ੍ਹੂ ਫਾਰ’ ਜੰਗ ਤੋਂ ਮਹਿਜ਼ ਡੇਢ ਸਾਲ ਮਗਰੋਂ ਯੁੱਧ ਖੇਤਰ ਦੇਖ ਕੇ 2001 ਵਿੱਚ ਲਿਖੀ ਗਈ ਅਤੇ ਇਸ ਦਾ ਰੀਪ੍ਰਿੰਟ 2016-17 ਵਿੱਚ ਆਇਆ। ਖ਼ੂਬਸੂਰਤ ਦਿੱਖ ਵਾਲੀ ਅਨਮੋਲ ਨਕਸ਼ੇ, ਤਸਵੀਰਾਂ ਅਤੇ ਹੋਰ ਜਾਣਕਾਰੀ ਨਾਲ ਲੈਸ ਇਹ ਕਿਤਾਬ ਵਿਸ਼ੇ ਨਾਲ ਪੂਰਾ ਇਨਸਾਫ਼ ਕਰਦੀ ਹੈ। ਲੇਖਕ ਮੁਤਾਬਿਕ ਭਾਵੇਂ ਇਹ ਇੱਕ ਫ਼ੌਜੀ ਕਹਾਣੀ ਹੈ, ਪਰ ਆਮ ਪਾਠਕ ਇਸ ਨੂੰ ਹੱਥ ਪਾ ਕੇ ਛੱਡ ਨਹੀਂ ਸਕਦਾ ਕਿਉਂਕਿ ਇਸ ਦੀ ਕਹਾਣੀ ਵਿੱਚ ਤਰਤੀਬ ਅਤੇ ਰਵਾਨੀ ਹੈ। ਆਮ ਪਾਠਕਾਂ ਲਈ ਇਸ ਨੂੰ ਸੁਖਾਲਾ ਬਣਾਉਣ ਹਿਤ ਫ਼ੌਜੀ ਸ਼ਬਦਾਂ ਦੇ ਅਰਥ, ਫ਼ੌਜੀ ਰੈਂਕ ਆਦਿ ਦੇ ਕੇ ਸੁਖਾਲ਼ਾ ਕਰ ਦਿੱਤਾ ਹੈ।

ਕਿਤਾਬ ਦਾ ਮੁੱਖ ਬੰਦ ਤਤਕਾਲੀ ਚੀਫ਼ ਆਫ਼ ਆਰਮੀ ਸਟਾਫ਼ ਨੇ ਸੇਵਾ ਮੁਕਤੀ ਮਗਰੋਂ ਲਿਖਿਆ ਹੈ ਜੋ ਪੂਰੀ ਲਿਖਤ ਨੂੰ ਸਾਰਥਕ ਬਣਾ ਦਿੰਦਾ ਹੈ। ਜਨਰਲ ਮੁਤਾਬਿਕ ਇਸ ਵਾਰੀ ਵੀ ਸਾਡੀਆਂ ਖ਼ੁਫ਼ੀਆ ਏਜੰਸੀਆਂ 1962 ਅਤੇ ਹੋਰ ਜੰਗਾਂ ਵਾਂਗ ਨਾਕਾਮ ਹੋ ਗਈਆਂ ਸਨ। ਦੁਸ਼ਮਣ ਦੀ ਘੁਸਪੈਠ ਨੇ ਸਾਨੂੰ ਹੈਰਾਨ ਕਰ ਦਿੱਤਾ ਸੀ। ਪਹਿਲ ਦੁਸ਼ਮਣ ਦੇ ਹੱਥ ਸੀ, ਅਸੀਂ ਪ੍ਰਤੀਕਰਮ ਕਰ ਰਹੇ ਸਾਂ। ਜਨਰਲ ਮਲਿਕ ਮੁਤਾਬਿਕ ‘‘ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ‘ਕਾਰਗਿਲ ਯੁੱਧ’ ਬਾਰੇ ਕਿਤਾਬ ਲਿਖਣ ਦੀ ਇੱਛਾ ਪ੍ਰਗਟਾਈ ਤਾਂ ਮੈਂ ਨਾਂਹ ਨਾ ਕਰ ਸਕਿਆ ਅਤੇ ਹਰ ਮਦਦ ਲਈ ਹਾਂ ਕਰ ਦਿੱਤੀ ਕਿਉਂਕਿ ਮੈਨੂੰ ਪਤਾ ਸੀ ਕਿ ਉਸ ਦੀ ਫ਼ੌਜੀ ਇਤਿਹਾਸ ਲਿਖਣ ਦੀ  ਤਾਂਘ, ਘੋਖ ਕਰਨ ਦੀ ਸ਼ਕਤੀ ਅਤੇ ਲੋੜੀਂਦਾ ਸਬਰ ਵੀ ਹੈ।’’ ਇਸ ਬਾਰੇ ਜਨਰਲ ਲਿਖਦੇ ਹਨ ਕਿ ਇਸ ਯੁੱਧ ਲਈ ਦੇਸ਼ ਦਾ ਸਿਆਸੀ ਉਦੇਸ਼ ਲਿਖਿਆ ਤਾਂ ਨਹੀਂ ਗਿਆ ਸੀ, ਪਰ ਇਸ ’ਤੇ ਬਹਿਸ ਤਕਰੀਬਨ ਹਰ ਰੋਜ਼ ਹੁੰਦੀ ਸੀ। ਸਾਡਾ ਫ਼ੌਜੀ ਮੰਤਵ ਦੁਸ਼ਮਣ ਨੂੰ ਲਾਈਨ ਆਫ ਕੰਟਰੋਲ ਤੋਂ ਦੂਸਰੇ ਪਾਸੇ ਧੱਕਣਾ, ਕੰਟਰੋਲ ਰੇਖਾ ਨੂੰ ਬਹਾਲ ਕਰਨਾ ਅਤੇ ਦੁਨੀਆਂ ਨੂੰ ਦੱਸਣਾ ਸੀ ਕਿ ਅਸੀਂ (ਭਾਰਤ) ਪੀੜਤ ਹਾਂ ਅਤੇ ਪਾਕਿਸਤਾਨ ਹਮਲਾਵਰ ਜੋ ਆਖ਼ਰ ਅਸੀਂ ਹਾਸਲ ਕਰ  ਲਿਆ। ਜਨਰਲ ਅਤੇ ਲੇਖਕ ਇਸ ਜੰਗ ਵਿੱਚ ਜਿੱਤ ਦਾ ਸਿਹਰਾ ਸਾਡੇ ਬਹਾਦਰ ਨੌਜਵਾਨ ਅਫ਼ਸਰਾਂ ਅਤੇ ਜਵਾਨਾਂ ਦੇ ਸਿਰ ਬੰਨ੍ਹਦੇ ਹਨ ਜੋ ਉਨ੍ਹਾਂ ਦੇ ਸਾਹਸ, ਸਹਿਣਸ਼ੀਲਤਾ, ਪੱਕੇ ਇਰਾਦੇ, ਸਮਰਪਣ ਅਤੇ ਅਡੋਲਤਾ ਕਰਕੇ ਸੰਭਵ ਹੋ ਸਕਿਆ।

ਦੁਸ਼ਮਣ ਦੇ ਮਨਸੂਬਿਆਂ ਵਿੱਚ ਕੰਟਰੋਲ ਰੇਖਾ ਪਾਰ ਕਰ ਕੇ ਤੁਰਤੁਕ ਨਾਮੀ ਇਲਾਕੇ ਦੇ ਨਾਲ ਲੱਗਦੇ ਇਲਾਕੇ ’ਤੇ ਕਬਜ਼ਾ, ਸਾਡੀ ਕੌਮੀ ਸ਼ਾਹਰਾਹ ਐੱਨਐੱਚ 1ਏ ਦਾ ਬਾਕੀ ਦੇਸ਼ ਨਾਲੋਂ ਸੰਪਰਕ ਤੋੜਨਾ ਅਤੇ ਮੱਠੀ ਪੈ ਰਹੀ ਦਹਿਸ਼ਤਗਰਦੀ ਨੂੰ ਹਵਾ ਦੇਣਾ ਸੀ। ਉਨ੍ਹਾਂ ਦੇ ਕਹਿਣ ਮੁਤਾਬਿਕ ਜੰਗ ਫ਼ੌਜ ਅਤੇ ਉਸ ਦੇ ਸਿਪਾਹੀਆਂ ਦੀ ਪ੍ਰੀਖਿਆ ਹੁੰਦੀ ਹੈ। ਜੰਗ ਵਿੱਚ ਜਿੱਤ, ਉਸ ਵਿੱਚ ਲੜੀਆਂ ਗਈਆਂ ਲੜਾਈਆਂ ’ਤੇ ਆਧਾਰਿਤ ਹੁੰਦੀ ਹੈ ਜੋ ਕਿ ਉਸ ਨੂੰ ਲੜਣ ਵਾਲਿਆਂ ਦੀ ਹੁਨਰਮੰਦੀ, ਰੈਜੀਮੈਂਟਲ ਭਾਵਨਾ, ਫ਼ੌਜੀ ਭਾਈਚਾਰੇ ਅਤੇ ਸਰਬ ਉੱਚ ਸੰਕਲਪ ’ਤੇ ਨਿਰਭਰ ਕਰਦੀ ਹੈ।

ਲੇਖਕ ਦੀ ਇਹ ਪੁਸਤਕ ਸਾਡੀ ਫ਼ੌਜ ਦੇ 26 ਅਫ਼ਸਰਾਂ, 21 ਜੇ.ਸੀ.ਓਜ਼., ਅਤੇ 452 ਸੈਨਿਕਾਂ ਨੂੰ ਸਮਰਪਿਤ ਹੈ ਜੋ 5 ਮਈ ਤੋਂ 26 ਜੁਲਾਈ 1999 ਤੱਕ ਇਸ ਜੰਗ ਵਿੱਚ ਲੜਦੇ ਸ਼ਹੀਦ ਹੋ ਗਏ ਸਨ। ਲੇਖਕ 66 ਅਫ਼ਸਰਾਂ, 60 ਜੇ.ਸੀ.ਓਜ਼. ਅਤੇ 1085 ਜਵਾਨਾਂ ਨੂੰ ਵੀ ਯਾਦ ਕਰਦਾ ਹੈ ਜੋ ਇਸ ਜੰਗ ਵਿੱਚ ਜ਼ਖ਼ਮੀ ਹੋਏ। ਉਹ ਇੱਕ ਅਫ਼ਸਰ ਅਤੇ ਤਿੰਨ ਜਵਾਨਾਂ ਨੂੰ ਉਮਰ ਭਰ ਲਈ ਸੰਭਾਲਣ ਦਾ ਅਹਿਦ ਵੀ ਕਰਦਾ ਹੈ ਜੋ ਜੰਗ ਦੌਰਾਨ ਨੇਤਰਹੀਣ ਹੋ ਗਏ ਸਨ।

ਕਿਤਾਬ ਦੀ ਜਾਣ ਪਛਾਣ ਵਿੱਚ ਲੇਖਕ ਇਹ ਜੰਗ ਵੀ ਪਹਿਲਾਂ ਹੋ ਚੁੱਕੀਆਂ ਤਿੰਨ ਜੰਗਾਂ ਵਾਂਗ ਪਾਕਿਸਤਾਨ ਵੱਲੋਂ ਥੋਪੀ ਹੋਈ ਦੱਸਦਾ ਹੈ। ਉਹ ਇਸ ਯੁੱਧ ਦਾ ਮੁੱਢ ਤਤਕਾਲੀ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੇ ਦਿੱਲੀ-ਲਾਹੌਰ ਬੱਸ ਲਈ ਲਾਹੌਰ ਜਾਣ ਦੇ ਵਕਤ ਬੱਝਿਆ ਦੱਸਦਾ ਹੈ। ਉਸ ਮੁਤਾਬਿਕ ਲਾਹੌਰ ਸਮਾਗਮ ਵੇਲੇ ਜਨਰਲ ਮੁਸ਼ੱਰਫ਼ ਵੱਲੋਂ ਕੀਤੇ ਬਾਈਕਾਟ ਨੂੰ ਵੀ ਸਾਡੀਆਂ ਖ਼ੁਫ਼ੀਆ ਏਜੰਸੀਆਂ ਠੀਕ ਸਮਝ ਨਹੀਂ ਸਕੀਆਂ।

ਪਾਕਿਸਤਾਨ ਤਾਂ ਇਸ ਘੁਸਪੈਠ ਨੂੰ ਜਹਾਦੀਆਂ ਵੱਲੋਂ ਕੀਤੀ ਕਰਵਾਈ ਹੀ ਦੱਸਦਾ ਸੀ। ਹਾਲਾਂਕਿ ਉਹ ਸਾਰੇ ਉਸ ਦੇ ਆਪਣੇ ਫ਼ੌਜੀ ਸਨ ਜੋ ਸਾਨੂੰ ਸਾਬਤ ਕਰਨਾ ਪਿਆ। ਲੇਖਕ ਮੁਤਾਬਿਕ ਸਾਡੀਆਂ ਕਮਜ਼ੋਰ ਖ਼ੁਫ਼ੀਆ ਏਜੰਸੀਆਂ ਅਤੇ ਸਥਾਨਕ ਪੱਧਰ ’ਤੇ ਘੱਟ ਨਿਗਰਾਨੀ ਜਾਂ ਸੁਸਤੀ ਕਾਰਨ ਲੜਾਈ ਦੇ ਮੁੱਢਲੇ ਗ਼ਰਦ-ਗ਼ੁਬਾਰ ਨੂੰ ਸਾਫ਼ ਹੋਣ ਵਿੱਚ ਵਕਤ ਲੱਗ ਗਿਆ। ਇਲਾਕੇ ਵਿੱਚ ਹਾਜ਼ਰ ਫ਼ੌਜੀ ਟੁਕੜੀਆਂ ਦੀ ਮਦਦ ਲਈ ਸਭ ਤੋਂ ਪਹਿਲਾਂ ਪਹੁੰਚਣ ਵਾਲੀਆਂ ਪਲਟਣਾਂ 1/11 ਗੋਰਖਾ ਰਾਈਫਲਜ਼ ਅਤੇ 12 ਜੰਮੂ ਕਸ਼ਮੀਰ ਲਾਈਟ ਇਨਫੈਂਟਰੀ ਸਨ। ਜੰਗ ਨੂੰ ਕਾਰਗਿਲ ਇਲਾਕੇ ਵਿੱਚ ਸੀਮਤ ਰੱੱਖ ਕੇ ਸਬਰ ਅਤੇ ਸੰਜਮ ਨਾਲ ਭਾਰਤੀ ਫ਼ੌਜ ਨੇ ਖੇਤਰ ਵਿਚ ਮਜ਼ਬੂਤੀ ਹਾਸਲ ਕਰ ਚੁੱਕੇ ਦੁਸ਼ਮਣ ਨੂੰ ਖਦੇੜ ਦਿੱਤਾ। ਲੇਖਕ ਮੁਤਾਬਿਕ ਸਾਡੀ ਫ਼ੌਜ ਵੱਲੋਂ ਰਿੱਜ ਲਾਈਨਾਂ (ਤਿੱਖੀਆਂ, ਉੱਚੀਆਂ ਅਤੇ ਤਿਲ੍ਹਕਣੀਆਂ ਚੱਟਾਨਾਂ) ਜੋ ਦੁਨੀਆਂ ਭਰ ਦੇ ਰਣ ਖੇਤਰਾਂ ਵਿੱਚ ਸਭ ਤੋਂ ਔਖੀਆਂ ਹਨ, ਫ਼ਤਹਿ ਕਰਨ ਨਾਲ ਪਾਕਿਸਤਾਨ ਅਤੇ ਹੋਰ ਮੁਲਕਾਂ ਨੂੰ ਇਹ ਗੱਲ ਸਮਝ ਆ ਗਈ ਕਿ ਬਚੇ ਹੋਏ ਇਲਾਕਿਆਂ ਵਿੱਚੋਂ ਪਿੱਛੇ ਹਟਣ ਤੋਂ ਇਲਾਵਾ ਕੋਈ ਚਾਰਾ ਨਹੀਂ। ਸਾਡੇ ਸਿਆਸੀ ਅਤੇ ਫ਼ੌਜੀ ਉਦੇਸ਼ ਹਾਸਲ ਕਰਨ ਮਗਰੋਂ 26 ਜੁਲਾਈ 1999 ਨੂੰ ਲੜਾਈ ਮੁੱਕ ਗਈ।

ਕੈਪਟਨ ਅਮਰਿੰਦਰ ਸਿੰਘ ਲਿਖਦੇ ਹਨ ਕਿ ਸਾਡੇ ਦੇਸ਼ ਵਾਸੀ ਅਮਨ ਅਤੇ ਧਰਮ ਨਿਰਪੱਖਤਾ ਦੇ ਹਾਮੀ ਹਨ। ਇਸ ਦੇ ਉਲਟ ਪਾਕਿਸਤਾਨ ਦੀਆਂ ਦੋ ਤਿੰਨ ਪੀੜ੍ਹੀਆਂ ਦਾ ਹਰ ਭਾਰਤੀ ਅਤੇ ਵਸਤੂਆਂ ਨੂੰ ਨਫ਼ਰਤ ਕਰਨ ਲਈ ਬਰੇਨ ਵਾਸ਼ ਕੀਤਾ ਗਿਆ ਹੈ।

ਲੇਖਕ ਪਹਿਲੇ ਭਾਗ ਵਿੱਚ ਇਸ ਨੂੰ ਕਦੇ ਨਾ ਮੁੱਕਣ ਵਾਲੀ ਟੱਕਰ ਦੱਸਦਾ ਹੈ। ਇਸ ਵਿੱਚ ਉਹ 1947 ਤੋਂ 1999 ਤੱਕ ਦੀਆਂ ਘਟਨਾਵਾਂ ’ਤੇ ਝਾਤ ਪੁਆਉਂਦਾ ਹੈ। ਉਹ ਸਾਨੂੰ ਭਾਰਤ ਦੀ ਵੰਡ ਤੋਂ ਹੁਣ ਤੱਕ ਦਾ ਇਤਿਹਾਸ ਪੜ੍ਹਾਉਂਦਾ ਹੈ ਜੋ ਸਾਦਾ ਅਤੇ ਰੌਚਕ ਹੈ।

ਉਸ ਮੁਤਾਬਿਕ 1988 ਤੋਂ 1999 ਤੱਕ ਪਾਕਿਸਤਾਨ ਦੀ ਖ਼ੁਫ਼ੀਆ ਏਜੰਸੀ ਆਈਐੱਸਆਈ ਵੱਲੋਂ ਛੇੜੀ ਅਣਐਲਾਨੀ ਜੰਗ ਵਿਚ ਅਤਿਵਾਦੀਆਂ ਜਾਂ ਉਨ੍ਹਾਂ ਵਿਰੁੱਧ ਕਾਰਵਾਈ ਵਿਚ 20,506 ਕਸ਼ਮੀਰੀ ਨਾਗਰਿਕ ਅਤੇ ਹੋਰ ਵਿਅਕਤੀ ਮਾਰੇ ਗਏ। ਇਨ੍ਹਾਂ ਵਿਚ 9416 ਅਤਿਵਾਦੀ, 7463 ਬੇਦੋਸ਼ੇ ਕਸ਼ਮੀਰੀ, 372 ਸਰਕਾਰੀ ਮੁਲਾਜ਼ਮ, 151 ਸਿਆਸੀ ਕਾਰਕੁਨ ਅਤੇ 1819 ਸੁਰੱਖਿਆ ਬਲਾਂ ਦੇ ਜਵਾਨ ਸਨ। ਇਸੇ ਅਰਸੇ ਵਿੱਚ ਸਾਡੇ ਵੱਲੋਂ ਫੜੇ ਗਏ ਹਥਿਆਰ, ਗੋਲ਼ਾ-ਬਾਰੂਦ ਅਤੇ ਹੋਰ ਉਪਕਰਣਾਂ ਦੀ ਵੱਡੀ ਸੂਚੀ ਹੈ। ਇਸੇ ਭਾਗ ਦੇ ਦੂਜੇ ਅਧਿਆਇ ਵਿੱਚ ਲੇਖਕ ਪਾਕਿਸਤਾਨ ਦੇ ਸਾਡੇ ਪ੍ਰਤੀ ਵਹਿਮ ਅਤੇ ਭੈਅ ਦਾ ਜ਼ਿਕਰ ਕਰਦਾ ਹੈ। ਉਹ  ਜਨਰਲ ਮੁਸ਼ੱਰਫ਼ ਦੀ ਜੀਵਨੀ ਅਤੇ ਹੋਰ ਸਰੋਤਾਂ ਦੇ ਹਵਾਲਿਆਂ ਨਾਲ ਜਾਣਕਾਰੀ ਦਿੰਦਾ ਹੈ ਜਿਸ ਵਿੱਚ ਦੋਵਾਂ ਦੇਸ਼ ਦੀ  ਨਫ਼ਰੀ ਆਦਿ ਸ਼ਾਮਿਲ ਹਨ।

ਦੂਜੇ ਭਾਗ ਵਿੱਚ ਲੇਖਕ ਕਾਰਗਿਲ ਖੇਤਰ ਦੇ ਧਰਾਤਲ ਅਤੇ ਜੰਗ ਤੋਂ ਪਹਿਲਾਂ ਦੋਵਾਂ ਦੇਸ਼ਾਂ ਦੇ ਇਲਾਕੇ ਵਿੱਚ ਫ਼ੌਜਾਂ ਦਾ ਵੇਰਵਾ ਦਿੰਦਾ ਹੈ। ਉਹ ਸਾਡੀ ਫ਼ੌਜ ਵੱਲੋਂ ਕੀਤੀਆਂ ਉਕਾਈਆਂ/ਨਾਲਾਇਕੀਆਂ/ਗ਼ਲਤੀਆਂ ਵੀ ਨਿੱਠ ਕੇ ਬਿਆਨਦਾ ਹੈ। ਇਸ ਵਿਚ ਕੁਝ ਪੰਨੇ ਆਮ ਪਾਠਕ ਲਈ ਮੁਸ਼ਕਲ ਹਨ। ਤੀਜੇ ਹਿੱਸੇ ਵਿੱਚ ਕੈਪਟਨ ਅਮਰਇੰਦਰ ਸਿੰਘ ਘੁਸਪੈਠ ਜੱਗ ਜ਼ਾਹਰ ਹੋ ਜਾਣ ’ਤੇ ਸਾਡੇ ਦੇਸ਼ ਵੱਲੋਂ ਚੁੱਕੇ ਕਦਮਾਂ ਦੀ ਜਾਣਕਾਰੀ ਦਿੰਦਾ ਹੈ। ਕਿਹੜੀ ਫਾਰਮੇਸ਼ਨ/ਯੂਨਿਟ  ਕਿੱਥੋਂ ਕਿਵੇਂ ਆ ਕੇ ਲੱਗੀ, ਇਸ ਦਾ ਸੋਹਣਾ ਵਰਣਨ ਹੈ। ਪੰਨਾ 74 ਤੋਂ 99 ਤੱਕ ਉਹ ਫ਼ੌਜੀ ਕਾਰਵਾਈਆਂ ’ਤੇ ਖੁੱਲ੍ਹੀ-ਡੁੱਲ੍ਹੀ ਝਾਤ ਪੁਆਉਂਦਾ ਹੈ। 92 ਦਿਨ ਚੱਲੀ ਲੜਾਈ ਵਿੱਚ ਉਹ ਭਾਰਤੀ ਅਤੇ ਪਾਕਿਸਤਾਨੀ ਜਾਨੀ ਨੁਕਸਾਨ ਦੀ ਪੂਰੀ ਤਫ਼ਸੀਲ ਪੇਸ਼ ਕਰਦਾ ਹੈ।

ਕਿਤਾਬ ਦਾ ਚੌਥਾ ਭਾਗ ਸਭ ਤੋਂ ਰੌਚਿਕ ਹੈ। ਉਹ ਫ਼ੌਜ ਮੁਖੀ ਵੱਲੋਂ ਚੁਣੀਆਂ ਗਈਆਂ 10 ਇਨਫੈਂਟਰੀ ਬਟਾਲੀਅਨਾਂ ਜੋ ਸਭ ਤੋਂ ਵੱਧ ਕਾਰਗਰ ਅਤੇ ਬਹਾਦਰੀ ਨਾਲ ਲੜੀਆਂ, ਦੇ ਐਕਸ਼ਨ ਤਫ਼ਸੀਲ ਵਿੱਚ ਪੇਸ਼ ਕਰਦਾ ਹੈ। ਉਹ ਇਹ ਲੜਾਈਆਂ ਸਾਨੂੰ ਇੱਕ ਕਹਾਣੀ ਵਾਂਗ ਸੁਣਾਉਂਦਾ ਹੈ ਜਿਸ ਦੀਆਂ ਘਟਨਾਵਾਂ ਲੂੰ ਕੰਡੇ ਖੜ੍ਹੇ ਕਰ ਦਿੰਦੀਆਂ ਹਨ। ਇਉਂ ਲੱਗਦਾ ਹੈ ਜਿਵੇਂ ਪਾਠਕ ਖ਼ੁਦ ਓਥੇ ਲੜ ਰਿਹਾ ਸੀ। ਇਨ੍ਹਾਂ ਦਸ ਬਹਾਦਰ ਬਟਾਲੀਅਨਾਂ ਦੇ ਨਾਮ 8 ਸਿੱਖ, 18 ਗ੍ਰਨੇਡੀਅਰਜ਼, 17 ਜਾਟ, 18 ਗੜ੍ਹਵਾਲ ਰਾਈਫਲਜ਼, 2 ਰਾਜਪੂਤਾਨਾ ਰਾਈਫਲਜ਼, 13 ਜੈਕ ਰਾਈਫਲਜ਼, 2 ਨਾਗਾ, 1 ਬਿਹਾਰ, 12 ਜੈਕ ਐਲ ਆਈ ਅਤੇ 1/11 ਗੋਰਖਾ ਰਾਈਫਲਜ਼ ਹਨ। ਇੰਜ ਕਰਦਿਆਂ ਲੇਖਕ ਕੁਝ ਕੁ ਫ਼ੌਜੀ ਟਰਮਾਂ ਬਾਰੇ ਵੀ ਸਮਝਾਉਂਦਾ ਹੈ। ਉਹ ਭੈੜੇ ਧਰਾਤਲ, ਹਾਈ ਆਲਟੀਚਿਊਡ, ਬਰਫ਼, ਹਨੇਰੇ ਵਿੱਚ ਲੜੀ ਲੜਾਈ ਆਦਿ ਨੂੰ ਬਿਆਨ ਕਰਦਾ ਹੈ। ਪਾਠਕ ਇਸ ਨੂੰ ਇੱਕ ਕਹਾਣੀ ਵਾਂਗ ਪੜ੍ਹ ਸਕਦਾ ਹੈ।

ਉਹ ਭਾਰਤੀ ਜਿੱਤ ਦਾ ਸਿਹਰਾ ਇਸ ਦੇ ਨੌਜਵਾਨ ਅਫ਼ਸਰਾਂ (5 ਤੋਂ 7 ਸਾਲ ਜਾਂ ਘੱਟ ਸਰਵਿਸ ਵਾਲੇ) ਅਤੇ ਬਹਾਦਰ ਜੁਆਨਾਂ ਦੇ ਸਿਰ ਬੰਨ੍ਹਦਾ ਹੈ। ਉਹ ਇਨ੍ਹਾਂ ਅਫ਼ਸਰਾਂ ਦੀ ਭੂਮਿਕਾ ਨੂੰ ਉਭਾਰਨ ਲਈ, ਕਿੰਨੇ ਜਵਾਨਾਂ ਪਿੱਛੇ ਇੱਕ ਅਫ਼ਸਰ ਮਰਿਆ ਦਾ ਅਨੁਪਾਤ ਵੀ ਦੱਸਦਾ ਹੈ। ਸਹਿਜੇ ਹੀ ਇਹ ਮੂਹਰੇ ਹੋ ਕੇ ਲੜਨ ਦੀ ਪ੍ਰਥਾ ਹੈ।  ਕਾਰਗਿਲ ਯੁੱਧ ਵੇਲੇ ਭਾਰਤੀ ਫ਼ੌਜ ਵਿੱਚ 12,000 ਅਫ਼ਸਰਾਂ ਦੀ ਘਾਟ ਸੀ।

ਕਿੰਨਾ ਚੰਗਾ ਹੋਵੇ ਜੇਕਰ ਕੋਈ ਤਜਰਬੇਕਾਰ ਅਨੁਵਾਦਕ ਇਸ ਕਿਤਾਬ ਨੂੰ ਮਾਂ ਬੋਲੀ ਦੀ ਝੋਲੀ ਪਾਵੇ ਅਤੇ ਇਹ ਸਾਡੇ ਨੌਜਵਾਨਾਂ ਲਈ ਪ੍ਰੇਰਣਾ-ਸ੍ਰੋਤ ਹੋਵੇ।

ਸੰਪਰਕ: 92165-50902

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਗੁਰੂ ਗੋਬਿੰਦ ਸਿੰਘ ਦੀ ਚਰਨਛੋਹ ਪ੍ਰਾਪਤ ਗੁਰਦੁਆਰਾ ਗੁਰੂਸਰ ਸਾਹਿਬ

ਗੁਰੂ ਗੋਬਿੰਦ ਸਿੰਘ ਦੀ ਚਰਨਛੋਹ ਪ੍ਰਾਪਤ ਗੁਰਦੁਆਰਾ ਗੁਰੂਸਰ ਸਾਹਿਬ

ਮਿਲਾਪ ਦਾ ਮਹੀਨਾ ਫੱਗਣ

ਮਿਲਾਪ ਦਾ ਮਹੀਨਾ ਫੱਗਣ

ਤੇਲ ਕੀਮਤਾਂ ਵਿਚ ਵਾਧੇ ਦੇ ਸਮਾਜ ਉੱਤੇ ਅਸਰ

ਤੇਲ ਕੀਮਤਾਂ ਵਿਚ ਵਾਧੇ ਦੇ ਸਮਾਜ ਉੱਤੇ ਅਸਰ

ਲਵ ਜਹਾਦ: ਖ਼ੂਬਸੂਰਤੀ ਤੇ ਤੜਪ...

ਲਵ ਜਹਾਦ: ਖ਼ੂਬਸੂਰਤੀ ਤੇ ਤੜਪ...

ਸ਼ਹਿਰ

View All