ਜਸਵੰਤ ਸਿੰਘ ਪੂਨੀਆਂ
ਮੈਨੂੰ ਸੱਤਰਵਿਆਂ ’ਚ ਸੰਤ ਰਾਮ ਉਦਾਸੀ ਦੀਆਂ ਕਿਤਾਬਾਂ ਪੜ੍ਹਨ, ਉਦਾਸੀ ਨੂੰ ਸੁਣਨ ਤੇ ਉਨ੍ਹਾਂ ਨਾਲ ਵਾਰਤਾਲਾਪ ਕਰਨ ਦਾ ਅਵਸਰ ਮਿਲਿਆ। ਕਾਲਜ ਦੇ ਦਿਨ, ਲੋਟੂ ਨਿਜ਼ਾਮ ਖ਼ਿਲਾਫ਼ ਲੜਾਈ, ਜਵਾਨੀ ਦਾ ਜੋਸ਼, ਅਗਾਂਹਵਧੂ ਆਦਰਸ਼ਾਂ ਉੱਤੇ ਉਦਾਸੀ ਦੀਆਂ ਕਿਤਾਬਾਂ ਦਾ ਜਾਗ ਸੋਨੇ ’ਤੇ ਸੁਹਾਗੇ ਦਾ ਕੰਮ ਕਰਦਾ ਸੀ। ਫਿਲਾਸਫ਼ੀ ਤੇ ਵਿਦੇਸ਼ੀ ਇਤਿਹਾਸ ਜਿੰਨਾ ਮਰਜ਼ੀ ਪੜ੍ਹ ਲਈਏ, ਉਹ ਪਰਾਇਆ ਜਿਹਾ ਹੀ ਲੱਗਦਾ ਰਹਿੰਦਾ ਹੈ। ਪਰ ਜਦੋਂ ਕੋਈ ਤੁਹਾਡੀਆਂ ਅੱਖਾਂ ਸਾਹਮਣੇ ਵਾਪਰਦੇ ਵਰਤਾਰੇ ਬਾਰੇ ਤੁਹਾਨੂੰ ਸੁਚੇਤ ਕਰੇ ਤਾਂ ਉਹ ਬੋਲ ਤੇ ਲਿਖਤਾਂ ਤੁਹਾਨੂੰ ਆਪਣੇ ਹੀ ਸਰੋਕਾਰ ਜਾਪਣ ਲੱਗਦੇ ਹਨ ਤੇ ਤੁਹਾਡੇ ਮਨ ਨੂੰ ਟੁੰਬ ਕੇ ਤੁਹਾਨੂੰ ਇਨਸਾਫ਼ ਲਈ ਲੜਨ ਵਾਸਤੇ ਪ੍ਰੇਰਦੇ ਹਨ। ਇਨ੍ਹਾਂ ਦੀ ਤੰਦ ਆਪੇ ਨਾਲ ਝੱਟ ਜੁੜ ਜਾਂਦੀ ਹੈ। ਇਹ ਜੱਦੋਜਹਿਦ ਤੁਹਾਨੂੰ ਖ਼ੁਦ ਨਾਲ ਜੁੜੀ ਜਾਪਦੀ ਹੈ ਤੇ ਆਪੇ ਨਾਲ ਲੜ ਕੇ ਆਪਣੇ ਅੰਦਰ ਆਪੇ ਬਾਰੇ ਪਲ ਰਹੇ ਭਰਮ ਭੁਲੇਖਿਆਂ ਨੂੰ ਸਮਝਣ ਤੇ ਸੁਧਾਰਨ ਦਾ ਵੀ ਕਾਰਜ ਕਰਦੀ ਹੈ। ਫਿਰ ਆਪਮੁਹਾਰੇ ਅੰਦਰ ਨਵੀਂ ਵਿਚਾਰਧਾਰਾ ਤੇ ਨਵੇਂ ਸੰਕਲਪ ਜਨਮ ਲੈਣ ਲੱਗਦੇ ਹਨ। ਇਨਸਾਨ ਅਨਿਆਂ, ਧੱਕਾ, ਲੁੱਟ-ਖਸੁੱਟ ਖ਼ਿਲਾਫ਼ ਜੂਝਣ ਲਈ ਦ੍ਰਿੜ੍ਹ ਹੋ ਜਾਂਦਾ ਹੈ। ਮੇਰੇ ’ਤੇ ਉਦਾਸੀ ਦੀਆਂ ਕਿਤਾਬਾਂ ਅਤੇ ਹੋਰ ਇਨਕਲਾਬੀ ਸਾਹਿਤ ਦਾ ਅਸਰ ਮੁੱਛ ਫੁੱਟਦੇ ਹੀ ਹੋ ਗਿਆ ਸੀ। ਮੈਨੂੰ ਯਾਦ ਹੈ ਕਿ ਜਦੋਂ ਮੈਂ ਬੀ.ਏ. ਦੇ ਦੂਜੇ ਸਾਲ ’ਚ ਪੜ੍ਹਦਾ ਸੀ ਤਾਂ ਆਪਣੇ ਪਿਤਾ ਜੀ ਨੂੰ ਮਿਲਣ ਲਈ ਜੰਮੂ ਨੇੜੇ ਫ਼ੌਜ ਦੇ ਬ੍ਰਿਗੇਡ ਹੈੱਡਕੁਆਰਟਰ ਗਿਆ ਹੋਇਆ ਸੀ। ਇੱਕ ਦਿਨ ਮੈਂ ਫ਼ੌਜੀਆਂ ਤੇ ਅਫ਼ਸਰਾਂ ਨਾਲ ਵਾਲੀਬਾਲ ਖੇਡ ਰਿਹਾ ਸੀ ਤਾਂ ਮੇਰੇ ਪਿਤਾ ਜੀ ਨਾਲ ਬ੍ਰਿਗੇਡੀਅਰ ਸਾਹਿਬ ਆ ਗਏ ਤੇ ਮੈਂ ਉਨ੍ਹਾਂ ਨੂੰ ਫ਼ਤਿਹ ਬੁਲਾਈ। ਉਨ੍ਹਾਂ ਨੇ ਮੇਰੇ ਨਾਲ ਅੰਗਰੇਜ਼ੀ ’ਚ ਗੱਲਬਾਤ ਕੀਤੀ ਤੇ ਮੇਰਾ ਲੰਮਾ ਕੱਦ ਵੇਖ ਕੇ, ਅੰਗਰੇਜ਼ੀ ਸੁਣ ਕੇ ਮੇਰੇ ਪਿਤਾ ਜੀ ਨੂੰ ਆਖਣ ਲੱਗੇ, ‘‘ਲਿਆਓ ਇਸ ਕਾਕੇ ਨੂੰ ਬ੍ਰਿਗੇਡ ਵੱਲੋਂ ਰੈੱਕਮੈਂਡ ਕਰ ਕੇ ਆਰਮੀ ’ਚ ਅਫ਼ਸਰ ਭਰਤੀ ਕਰਦੇ ਹਾਂ।’’ ਮੇਰੇ ਬਾਪੂ ਨੂੰ ਤਾਂ ਚਾਅ ਚੜ੍ਹ ਗਿਆ ਤੇ ਸ਼ਾਮ ਨੂੰ ਮੈਨੂੰ ਪੁੱਛਣ ਲੱਗੇ ਕਿ ਦੱਸ ਫਿਰ ਕੀ ਸਲਾਹ ਹੈ? ਮੈਂ ਕਿਹਾ, ‘‘ਮੈਂ ਫ਼ੌਜਾਂ ਦਾ ਜਰਨੈਲ ਨਹੀਂ ਸਗੋਂ ਲੋਕਾਂ ਦਾ ਤੇ ਲੋਕ ਲਹਿਰਾਂ ਦਾ ਜਰਨੈਲ ਬਣਾਂਗਾ।’’ ਇਹ ਦ੍ਰਿੜ੍ਹਤਾ ਮੈਨੂੰ ਉਸਾਰੂ ਸਾਹਿਤ, ਇਤਿਹਾਸ ਤੇ ਵਿਦਿਆਰਥੀ ਸੰਘਰਸ਼ ’ਚੋਂ ਮਿਲੀ ਸੀ। ਫ਼ੌਜ ਵਾਲਿਆਂ ਨੂੰ ਬਹੁਤ ਚਾਅ ਹੁੰਦਾ ਹੈ ਕਿ ਉਨ੍ਹਾਂ ਦਾ ਪੁੱਤ ਵੱਡਾ ਫ਼ੌਜੀ ਅਫ਼ਸਰ ਬਣੇ। ਮੇਰੇ ਇਨਕਾਰ ਕਾਰਨ ਪਿਤਾ ਜੀ ਨੇ ਮੈਨੂੰ ਅੱਜ ਤੱਕ ਮੁਆਫ਼ ਨਹੀਂ ਕੀਤਾ। ਪਰ ਮੈਨੂੰ ਕਦੇ ਕੋਈ ਅਫ਼ਸੋਸ ਨਹੀਂ ਹੋਇਆ ਕਿਉਂਕਿ ਸਮਾਜ ਦਾ ਚਿੰਤਨ ਕਰਨਾ, ਸਮਾਜਿਕ ਬਣਤਰ ਤੇ ਇਤਿਹਾਸ ਨੂੰ ਸਮਝਣਾ, ਇਨਸਾਫ਼ ਲਈ ਲੜਨਾ, ਇਮਾਨਦਾਰੀ ਨਾਲ ਜ਼ਮੀਰ ਜਿਉਂਦੀ ਰੱਖ ਕੇ ਜਿਉਣਾ, ਸਿਆਸੀ ਪਾਰਟੀਆਂ ਦੇ ਪੈਂਤੜੇ ਸਮਝਣਾ ਤੇ ਉਨ੍ਹਾਂ ਦੇ ਨਿੱਗਰ ਤੇ ਤਰਕਸ਼ੀਲ ਜਵਾਬ ਦੇਣਾ ਵੀ ਲੋੜੀਂਦਾ ਹੈ।
ਸੰਤ ਰਾਮ ਉਦਾਸੀ ਦੀਆਂ ਕਵਿਤਾਵਾਂ ਤੇ ਗੀਤ ਲੋਕਾਂ ਦੀ ਜ਼ਿੰਦਗੀ ਨੂੰ ਇੰਨੇ ਨੇੜਿਓਂ ਪੇਸ਼ ਕਰਦੇ ਹਨ ਕਿ ਪੜ੍ਹਨ ਸੁਣਨ ਵਾਲੇ ਦੀ ਸੁਰਤ ਮੁੜ ਪੁਰਾਣੇ ਪਿੰਡਾਂ ਤੋਂ ਲੈ ਕੇ ਅੱਜ ਤੱਕ ਦੀ ਤਬਦੀਲੀ, ਕਿਸਾਨਾਂ, ਮਜ਼ਦੂਰਾਂ, ਸ਼ਾਹੂਕਾਰਾਂ ਤੇ ਮਜ਼ਲੂਮਾਂ ਦੇ ਦ੍ਰਿਸ਼ਾਂ ਵਿੱਚ ਜਾ ਵੜਦੀ ਹੈ। ਉਨ੍ਹਾਂ ਦੇ ਲਿਖੇ ਸੱਤਰਵਿਆਂ ਦੇ ਜਾਂ ਪਹਿਲਾਂ ਦੇ ਬੋਲ ‘ਆਖਣਾ ਸਮੇਂ ਦੀ ਸਰਕਾਰ ਨੂੰ ਗਹਿਣੇ ਸਾਡਾ ਦੇਸ਼ ਨਾ ਧਰੇ’ ਅੱਜ ਦੀ ਸਰਕਾਰ ਨੂੰ ਵੀ ਚੇਤਾਵਨੀ ਦਿੰਦੇ ਜਾਪਦੇ ਹਨ। ਅੱਜ ਤੋਂ ਕਈ ਦਹਾਕੇ ਪਹਿਲਾਂ ਜਦੋਂ ਆਜ਼ਾਦੀ ਦੀ ਪ੍ਰਾਪਤੀ ਦਾ ਜੋਸ਼ ਅਜੇ ਠੰਢਾ ਨਹੀਂ ਪਿਆ ਸੀ, ਉਦਾਸੀ ਨੇ ਉਸ ਵੇਲੇ ਦੀਆਂ ਸਰਕਾਰਾਂ ਦੀਆਂ ਨੀਤੀਆਂ ਨੂੰ ਅਨੁਭਵ ਕਰਦਿਆਂ ਹੀ ਇਹ ਸ਼ਬਦ ਲਿਖੇ ਸਨ। ਮੌਜੂਦਾ ਸਥਿਤੀ ਤਾਂ ਉਸ ਤੋਂ ਕਿਤੇ ਬਦਤਰ ਹੈ। ਰੇਲਵੇ, ਹਵਾਈ ਅੱਡਿਆਂ ਤੇ ਸਰਕਾਰੀ ਜਾਇਦਾਦਾਂ ਦੇ ਸਿੱਧੇ ਇੰਤਕਾਲ ਹੀ ਹੋ ਰਹੇ ਹਨ ਤੇ ਜ਼ਮੀਨਾਂ ਹੜੱਪਣ ਦੀ ਤਿਆਰੀ ਚਲ ਰਹੀ ਹੈ।
ਇਹ ਸਭ ਕੁਝ ਵਾਪਰ ਕਿਉਂ ਰਿਹਾ ਹੈ? ਸਦੀਆਂ ਤੋਂ ਇਸ ਗ਼ੁਲਾਮੀ ਦੇ ਕਿੱਲੇ ਸਾਡੇ ਦਿਮਾਗ਼ ’ਚ ਗੱਡੇ ਹੋਏ ਹਨ। ਇਸ ਨੇ ਸਾਡੇ ਦੇਸ਼ ਦੇ ਕਾਫ਼ੀ ਸਾਰੇ ਲੋਕਾਂ ਨੂੰ ਚੁਫੇਰਗੜੀਏ ਜਿਹੇ ਬਣਾ ਕੇ, ਫੋਕੀ ਝਾਕ ਵਿਖਾ ਕੇ ਨਿੱਜ ਵੱਲ ਧੱਕ ਦਿੱਤਾ ਹੈ ਤੇ ਸਾਡੇ ਆਤਮ-ਵਿਸ਼ਵਾਸ ਨੂੰ ਖੋਰਾ ਲਾ ਦਿੱਤਾ ਹੈ। ਸਾਡੇ ਨਿਜ਼ਾਮ ਵਿੱਚ ਅਸੀਂ ਵੱਡੇ ਅਫ਼ਸਰਾਂ, ਨੇਤਾਵਾਂ, ਮੰਤਰੀਆਂ ਸੰਤਰੀਆਂ ਨੂੰ ਰੱਬ ਮੰਨੀ ਬੈਠੇ ਹਾਂ ਤੇ ਉਨ੍ਹਾਂ ਲੇਲ੍ਹੜੀਆਂ ਕੱਢਦੇ ਫਿਰਨਾ ਬਹੁਤ ਸਾਰੇ ਲੋਕਾਂ ਦੇ ਚਰਿੱਤਰ ਦਾ ਹਿੱਸਾ ਬਣ ਗਿਆ ਹੈ। ਅਸਲ ਵਿਚ ਜਮਹੂਰੀ ਪ੍ਰਣਾਲੀ ਵਿੱਚ ਅਫ਼ਸਰ, ਮੰਤਰੀ ਜਾਂ ਕਿਸੇ ਸੰਵਿਧਾਨਕ ਅਹੁਦੇ ’ਤੇ ਹੋਣਾ ਤਾਕਤ ਨਹੀਂ ਸਗੋਂ ਸਮਾਜ ਤੇ ਦੇਸ਼ ਪ੍ਰਤੀ ਜ਼ਿੰਮੇਵਾਰੀ ਹੁੰਦੀ ਹੈ ਜੋ ਉਨ੍ਹਾਂ ਨੂੰ ਬਾਖ਼ੂਬੀ ਨਿਭਾਉਣੀ ਚਾਹੀਦੀ ਹੈ ਤੇ ਲੋਕਾਂ ਅੱਗੇ ਜੁਆਬਦੇਹ ਹੋਣਾ ਚਾਹੀਦਾ ਹੈ। ਸਾਰਾ ਤੰਤਰ ਲੋਕਾਂ ਦੇ ਟੈਕਸਾਂ ਦੇ ਪੈਸੇ ਨਾਲ ਚਲਦਾ ਹੈ। ਦੇਸ਼ ਦੇ ਮਾਲਕ ਲੋਕ ਹੁੰਦੇ ਹਨ ਨਾ ਕਿ ਸਰਕਾਰਾਂ ਜਾਂ ਸਿਆਸੀ ਪਾਰਟੀਆਂ। ਪਰ ਸਾਡੀ ਖ਼ੁਦਗਰਜ਼ੀ, ਹੀਣ ਭਾਵਨਾ ਤੇ ਅਗਿਆਨਤਾ ਨੇ ਕਾਰਨ ਇਹ ਲੋਕ ਆਪਣੇ ਆਪ ਨੂੰ ਨਵਾਬ ਤੇ ਦਰੋਗੇ ਹੀ ਸਮਝਦੇ ਹਨ ਨਾ ਕਿ ਸੇਵਾਦਾਰ।
ਸੰਤ ਰਾਮ ਉਦਾਸੀ ਨੇ ਲਿਖ ਕੇ, ਗਾ ਕੇ, ਪ੍ਰਚਾਰ ਕਰਕੇ, ਤਸੀਹੇ ਝੱਲ ਕੇ ਸਾਨੂੰ ਜਗਾਉਣ ਦੀ ਕੋਸ਼ਿਸ਼ ਕੀਤੀ, ਪਰ ਅਸੀਂ ਜਾਗਣਾ ਤਾਂ ਕੀ ਸੀ ਸਗੋਂ ਲੋਕਾਂ ਨੂੰ ਲੁੱਟਣ ਕੁੱਟਣ ਵਾਲਿਆਂ ਨਾਲ ਆਪਣੀਆਂ ਫੋਟੋਆਂ ਖਿਚਵਾ ਕੇ, ਆਪਣੇ ਸੁਆਰਥ ਨੂੰ ਕੂੜ ਦੇ ਤੇ ਸ਼ੋਹਰਤ ਦੇ ਪੱਠੇ ਪਾ ਕੇ ਸਦੀਵੀ ਗ਼ੁਲਾਮੀ ਵੱਲ ਵਧ ਰਹੇ ਹਾਂ। ਮੌਜੂਦਾ ਕਿਸਾਨੀ ਲਹਿਰ ਨੇ ਸਾਨੂੰ ਹਲੂਣ ਕੇ ਜਗਾਇਆ ਹੈ। ਇਸੇ ਸਦਕਾ ਉਸਾਰੂ ਗੱਲਾਂ, ਵਧੀਆ ਗੀਤਾਂ ਤੇ ਸ਼ਾਂਤਮਈ ਤੇ ਸੁਲਝੀ ਹੋਈ ਅਗਵਾਈ ’ਚ ਸੰਘਰਸ਼ਾਂ ਦੀ ਸ਼ੁਰੂਆਤ ਹੋਈ ਹੈ। ਉਦਾਸੀ ਹੋਰਾਂ ਨੇ ਕਿੰਨੇ ਦਹਾਕੇ ਪਹਿਲਾਂ ਸਾਨੂੰ ਸਾਡੀ ਦਸ਼ਾ ਬਾਰੇ ਜਾਣੂ ਕਰਵਾ ਕੇ ਏਕੇ ਨਾਲ ਜੂਝਣ ਦਾ ਸੰਕਲਪ ਦਿੱਤਾ ਹੈ ਤਾਂ ਕਿ ਲੋਕ ਸਤਿਕਾਰ ਤੇ ਖੁਸ਼ਹਾਲੀ ਭਰਿਆ ਜੀਵਨ ਜਿਊਂ ਸਕਣ। ਜੇਕਰ ਅਸੀਂ ਹੁਣ ਵੀ ਸੁਚੇਤ ਨਾ ਹੋਏ ਤਾਂ ਲੋਕਤੰਤਰ ਤੇ ਵਤਨ ਕਮਜ਼ੋਰ ਹੀ ਹੁੰਦਾ ਰਹੇਗਾ।
ਸੰਪਰਕ: 96464-66055