ਭਗਵਾਨ ਜੋਸ਼
ਇਤਿਹਾਸਕਾਰ ਭਗਵਾਨ ਸਿੰਘ ਜੋਸ਼ ਨੇ ਪੰਜਾਬ ਦੀ ਕਮਿਊਨਿਸਟ ਲਹਿਰ ਦਾ ਇਤਿਹਾਸ ਲਿਖਿਆ ਜੋ ਪਹਿਲੀ ਵਾਰ ਸੰਨ 1978 ’ਚ ਛਪਿਆ। ਇਸ ਲੇਖ ਵਿਚ ਜੋਸ਼ ਖੱਬੇਪੱਖੀ ਲਹਿਰ ਦੇ 42-44 ਸਾਲਾਂ ਦੌਰਾਨ ਆਏ ਉਤਰਾਅ-ਚੜ੍ਹਾਅ ’ਤੇ ਨਜ਼ਰ ਮਾਰਦਾ ਉਨ੍ਹਾਂ ਪ੍ਰੇਸ਼ਾਨੀਆਂ ਦਾ ਜ਼ਿਕਰ ਕਰਦਾ ਹੈ ਜਿਨ੍ਹਾਂ ਵਿਚ ਖੱਬੇਪੱਖੀ ਲਹਿਰ ਘਿਰੀ ਹੋਈ ਹੈ।
ਪਿਛਲੇ ਬਾਰਾਂ ਸਾਲਾਂ ਵਿਚ ਦੇਸ਼ ਵਿਚ ਇਤਿਹਾਸਕ ਤਬਦੀਲੀ ਆਈ ਹੈ। ਇਸ ਸਦੀ ਦੇ ਦੂਸਰੇ ਦਹਾਕੇ ਦੇ ਸ਼ੁਰੂਆਤੀ ਸਾਲਾਂ ਵਿਚ ਦੇਸ਼ ਵਿਚ ਸੱਜੀ ਸਿਆਸਤ ਦੇ ਉਭਾਰ ਦੀ ਸਮਾਜਕ, ਸਭਿਆਚਾਰਕ ਤੇ ਸਿਆਸੀ ਜ਼ਮੀਨ ਸਭ ਤੋਂ ਤੇਜ਼ੀ ਨਾਲ ਤਿਆਰ ਹੋ ਰਹੀ ਸੀ। ਅਸਲ ਵਿਚ ਇਸ ਸੱਜੀ-ਸਿਆਸਤ ਨੂੰ 1975-77 ਦੌਰਾਨ ਲਗਾਈ ਗਈ ਐਮਰਜੈਂਸੀ ਤੋਂ ਬਾਅਦ ਕਾਫ਼ੀ ਹੌਂਸਲਾ ਮਿਲਿਆ ਸੀ ਤੇ ਇਸ ਝੁਕਾਅ ਵਿਚ ਇਕ ਨਵਾਂ ਬੁਲੰਦ ਉਤਸ਼ਾਹ ਨਜ਼ਰ ਆ ਰਿਹਾ ਸੀ। ਦੇਸ਼ ਦੇ ਕਾਫ਼ੀ ਹਿੱਸੇ ਵਿਚ ਇਸ ਝੁਕਾਅ ਨੂੰ ਸਵੀਕ੍ਰਿਤੀ ਮਿਲਣੀ ਸ਼ੁਰੂ ਹੋ ਚੁੱਕੀ ਸੀ। 2011 ਵਿਚ ਉੱਭਰੀ ਅੰਨਾ ਹਜ਼ਾਰੇ ਦੀ ਲਹਿਰ ਇਸ ਗੱਲ ਵੱਲ ਇਸ਼ਾਰਾ ਸੀ ਕਿ ਲੋਕ-ਬੋਧ ਦਾ ਅਵਚੇਤਨ ਨਵੇਂ ਰਾਹਾਂ ਨੂੰ ਤਲਾਸ਼ਣ ਵੱਲ ਚੱਲ ਪਿਆ ਹੈ। ਪਰ ਅਜੇ ਤਕ ਇਹ ਗੱਲ ਯਕੀਨੀ ਨਹੀਂ ਸੀ ਕਿ ਇਹ ਰਾਹ ਸੱਜੀ-ਸਿਆਸਤ ਵੱਲ ਹੀ ਖੁੱਲ੍ਹੇਗਾ। ਇਹ ਰਾਹ ਖੱਬੀ-ਸਿਆਸਤ ਵੱਲ ਵੀ ਖੁੱਲ੍ਹ ਸਕਦਾ ਸੀ। ਦੇਸ਼ ਦੋਰਾਹੇ ’ਤੇ ਖੜ੍ਹਾ ਸੀ। ਇਕ ਨਵੇਂ ਸਿਆਸੀ ਮੋੜ ਦੀ ਸੰਭਾਵਨਾ ਪੈਦਾ ਹੋ ਚੁੱਕੀ ਸੀ। ਸੰਭਾਵਨਾ ਨੂੰ ਯਥਾਰਥ ਰੂਪ ਵਿਚ ਬਦਲਣ ਤੇ ਰੂਪ-ਮੁਹਾਂਦਰਾ ਘੜਨ ਦਾ ਕੰਮ ਅਜੇ ਬਾਕੀ ਸੀ। ਅੱਧਾ ਕੰਮ ਅਚੇਤ ਸਮਾਜਿਕ-ਇਤਿਹਾਸਕ ਤਾਕਤਾਂ ਕਰਦੀਆਂ ਹਨ; ਵੱਡੀ ਤਬਦੀਲੀ ਦਾ ‘ਦਰਵਾਜ਼ਾ’ ਖੋਲ੍ਹਦੀਆਂ ਹਨ, ਬਾਕੀ ਦਾ ਅੱਧਾ ਕੰਮ ਸਿਆਸੀ ਕਾਰਕੁਨਾਂ ਨੇ ਕਰਨਾ ਹੁੰਦਾ ਹੈ। ਭਾਰਤੀ ਜਨਤਾ ਪਾਰਟੀ ਤੇ ਉਸਦੀਆਂ ਬਾਕੀ ਭਰਾਤਰੀ ਸ਼ਾਖਾਵਾਂ ਲਈ ਇਹ ਸੁਨਹਿਰੀ ਮੌਕਾ ਸੀ ਜਿਸਦਾ ਉਨ੍ਹਾਂ ਨੇ ਬਹੁਤ ਦੇਰ ਤਕ ਸਬਰ ਨਾਲ ਇੰਤਜ਼ਾਰ ਕੀਤਾ ਸੀ। ਅੱਜ ਹਾਲਤ ਇਹ ਹੋ ਗਈ ਹੈ ਕਿ ਕੌਮੀ ਪੱਧਰ ’ਤੇ ਕੋਈ ਵੀ ਅਜਿਹੀ ਪਾਰਟੀ ਨਜ਼ਰ ਨਹੀਂ ਆਉਂਦੀ ਜੋ ਇਸ ਸੱਜੀ-ਸਿਆਸਤ ਦੇ ਵਹਾ ਨੂੰ ਵੰਗਾਰਨ ਦੇ ਕਾਬਿਲ ਹੋਵੇ। ਵਿਰੋਧੀ ਧਿਰਾਂ ਦੀ ਸਾਰੀ ਸਿਆਸਤ ਖਿੰਡੀ ਹੋਈ ਹੈ। ਕਾਂਗਰਸ ਵਿਚ ਲੰਮੀ ਸੋਚ ਰੱਖ ਕੇ ਕੋਈ ਵੀ ਸਿਧਾਂਤਕ ਤੇ ਸਿਆਸੀ ਬਿਰਤਾਂਤ ਘੜਨ ਦੀ ਸਮਰੱਥਾ ਨਜ਼ਰ ਨਹੀਂ ਆਉਂਦੀ। ਉਨ੍ਹਾਂ ਨੂੰ ਲੱਗਦਾ ਹੈ ਕਿ ਅਜਿਹਾ ਲੰਮੇ ਦੌਰ ਦਾ (ਦੀਰਘ-ਕਾਲੀ) ਕਾਰਜ ਕਰਨ ਤੋਂ ਬਿਨਾਂ ਹੀ ਉਨ੍ਹਾਂ ਹੱਥ ਚੋਣਾਂ ਲੜ ਕੇ ਸੱਤਾ ਪ੍ਰਾਪਤ ਹੋ ਜਾਵੇਗੀ। ਬਿਰਤਾਂਤ-ਰਹਿਤ ਭਟਕੀ ਹੋਈ ਕਾਂਗਰਸ ਕੇਵਲ ਥੋੜ੍ਹ-ਚਿਰੇ ਲਾਭ ਲਈ ਫੋਕੇ ਤੇ ਝੂਠੇ ਨਾਅਰਿਆਂ ਨਾਲ ਕੰਮ ਚਲਾਉਣਾ ਚਾਹੁੰਦੀ ਹੈ। ਵਿਰੋਧੀਆਂ ਨੂੰ ਇਹ ਗੱਲ ਸਮਝ ਆਉਣੀ ਚਾਹੀਦੀ ਹੈ ਕਿ ਬਹੁਤ ਦੇਰ ਤੋਂ, ਆਰ.ਐੱਸ.ਐੱਸ. ਤੇ ਜਨਸੰਘ, ਤੇ ਫੇਰ ਭਾਰਤੀ ਜਨਤਾ ਪਾਰਟੀ, ਸਭਿਆਚਾਰਕ ਇਨਕਲਾਬ ਕਰਨ ਦੀ ਕੋਸ਼ਿਸ਼ ਵਿਚ ਮਸਰੂਫ਼ ਰਹੀਆਂ ਹਨ। ਇਹ ਇਸ ਸਮਾਜਿਕ ਭੌਂ ਦੀ ਤਿਆਰੀ ਹੀ ਸੀ ਜਿਸ ਨੇ ਦੇਸ਼ ਦਾ ਅਵਚੇਤਨ ਮਨਸ ਬਦਲ ਕੇ ਉਨ੍ਹਾਂ ਵੱਲ ਕੀਤਾ। ਭਾਰਤੀ ਜਨਤਾ ਪਾਰਟੀ ਦੀ ਜਿੱਤ ਕੇਵਲ ਇਕ ਸਾਧਾਰਨ ਚੋਣ ਮੁਕਾਬਲੇ ਦੀ ਜਿੱਤ ਨਹੀਂ ਹੈ; ਇਹ ‘ਇਤਿਹਾਸਕ’ ਜਿੱਤ ਹੈ ਜਿਸ ਨਾਲ ਨਵਾਂ ਦੌਰ ਸ਼ੁਰੂ ਹੁੰਦਾ ਹੈ। ਅਜਿਹੀ ਜਿੱਤ ਕੇਵਲ ਸਿਆਸੀ ਤਾਕਤ ਦਾ ਹੇਰ-ਫੇਰ ਨਹੀਂ ਹੁੰਦਾ।
ਦੇਸ਼ ਦੇ ਸਮਕਾਲੀ ਇਤਿਹਾਸ ਨੂੰ ਸਮਝਣ ’ਤੇ ਇਹ ਗੱਲ ਸਪੱਸ਼ਟ ਹੁੰਦੀ ਹੈ ਕਿ ਐਮਰਜੈਂਸੀ ਤੋਂ ਬਾਅਦ ਦੇਸ਼ ਦੇ ਨਾਰਮਲ ਚਲਦੇ ਆ ਰਹੇ ਇਤਿਹਾਸਕ ਵਹਿਣ ਵਿਚ ਇਕ ਨਵਾਂ ‘ਪਾੜ’ ਨਵੇਂ ‘ਦਰਵਾਜ਼ੇ’ ਵਾਂਗ ਖੁੱਲ੍ਹ ਗਿਆ ਸੀ। ਇਤਿਹਾਸ ਵਿਚ ਵੱਡੀ ਸਿਆਸੀ ਦਖਲ-ਅੰਦਾਜ਼ੀ ਐਨ ਉਸੇ ਵਕਤ ਸੰਭਵ ਹੁੰਦੀ ਹੈ, ਜਦ ਨਵਾਂ ‘ਪਾੜ’ ਨਵੇਂ ‘ਦਰਵਾਜ਼ੇ’ ਵਾਂਗ ਖੁੱਲ੍ਹਦਾ ਹੈ- ਅਤੇ ਦੇਰ ਤੋਂ ‘ਪਾੜ’ ਖੁੱਲ੍ਹਣ ਦਾ ਇੰਤਜ਼ਾਰ ਕਰ ਰਹੀ ਪਾਰਟੀ ਇਸ ‘ਪਾੜ’ ਜਾਂ ‘ਨਵੇਂ ਦਰਵਾਜ਼ੇ’ ਰਾਹੀਂ ਇਤਿਹਾਸ ਵਿਚ ਦਖਲ-ਅੰਦਾਜ਼ੀ ਕਰ ਲੈਂਦੀ ਹੈ। ਅੱਗੇ-ਪਿੱਛੇ ਪਾਰਟੀਆਂ ਕੇਵਲ ਆਪਣੇ-ਆਪ ਨੂੰ ਤਿਆਰ-ਬਰ-ਤਿਆਰ ਰੱਖਣ ਦੀ ਕਵਾਇਦ ਹੀ ਕਰਦੀਆਂ ਹਨ। ਇਸ ‘ਪਾੜ’ ਦੇ ਖੁੱਲ੍ਹਣ ਨੂੰ ਹੀ ਸੰਕਟ ਕਿਹਾ ਜਾਂਦਾ ਹੈ ਜਿਸ ਤੋਂ ਬਿਨਾਂ ਵੱਡੀ ਤਬਦੀਲੀ ਸੰਭਵ ਨਹੀਂ ਹੁੰਦੀ।
ਆਰ.ਐੱਸ.ਐੱਸ. ਤੇ ਕਮਿਊਨਿਸਟ ਪਾਰਟੀ ਦੋਵਾਂ ਦੀ ਨੀਂਹ 1925 ਵਿਚ ਰੱਖੀ ਗਈ ਸੀ। ਅੱਜ ਇਕ ਸੱਤਾ ਵਿਚ ਹੈ ਤੇ ਕਮਿਊਨਿਸਟ ਖਿੰਡ-ਪੁੰਡ ਗਏ ਹਨ। ਐਮਰਜੈਂਸੀ ਤੋਂ ਬਾਅਦ ਜੋ ਨਵਾਂ ‘ਦਰਵਾਜ਼ਾ/ਪਾੜ’ ਖੁੱਲ੍ਹਿਆ ਤਾਂ ਉਸ ਵੇਲੇ ਵਕਤੀ ਤੌਰ ’ਤੇ ਤਾਕਤ ਵੀ.ਪੀ. ਸਿੰਘ ਕੋਲ ਆਈ। ਉਸ ਦੀ ਸਰਕਾਰ ਦਾ ਸੱਜਾ ਹੱਥ ਭਾਜਪਾ ਤੇ ਖੱਬਾ ਹੱਥ ਖੱਬੇ-ਕਮਿਊਨਿਸਟਾਂ ਨੇ ਪਕੜਿਆ ਹੋਇਆ ਸੀ। ਇਹ ਬਿੰਬ ਇਸ ਗੱਲ ਵੱਲ ਇਸ਼ਾਰਾ ਸੀ ਕਿ ਇਸ ਤੋਂ ਅੱਗੇ ਦੇਸ਼ ਦੇ ਇਤਿਹਾਸ ਦਾ ਰੁਖ਼ ਕਿਸੇ ਪਾਸੇ ਵੱਲ ਵੀ ਮੁੜ ਸਕਦਾ ਸੀ; ਖੱਬੇ ਪਾਸੇ ਜਾਂ ਸੱਜੇ ਪਾਸੇ। ਦੇਸ਼ ਦੀ ਮਾਨਸਿਕਤਾ ਦਾ ਰੁਖ਼ ਕਿੱਧਰ ਮੁੜੇਗਾ, ਇਹ ਗੱਲ ਚੰਗੀ ਤਰ੍ਹਾਂ ਸਪੱਸ਼ਟ ਨਹੀਂ ਸੀ। ਪਰ ਸਾਂਝੀਆਂ ਸਰਕਾਰਾਂ ਦੀ ਟੁੱਟ-ਭੱਜ ਤੋਂ ਬਾਅਦ ਇਹ ਲੋਕ ਮਾਨਸਿਕਤਾ ਪਹਿਲਾਂ ਖੱਬੇ ਪਾਸੇ ਝੁਕਦੀ ਨਜ਼ਰ ਆ ਰਹੀ ਸੀ। ਕੀ ਇਹ ਨਵੀਂ ਉੱਭਰੀ ਸੰਭਾਵਨਾ ਖੱਬੇ ਪਾਸੇ ਝੁਕਾਅ ਤੋਂ ਅੱਗੇ ਵਧ ਕੇ ਇਕ ਖੱਬਾ ਮੋੜ ਕੱਟ ਸਕੇਗੀ? ਇਹ, ਇਸ ਗੱਲ ਉੱਪਰ ਨਿਰਭਰ ਸੀ ਕਿ ਖੱਬੇ ਪੱਖੀ ਦਖਲ-ਅੰਦਾਜ਼ੀ ਕਰਨ ਦੀ ਕਿੰਨੀ ਕੁ ਸੂਝ ਤੇ ਸਮਰੱਥਾ ਰਖਦੇ ਹਨ। ਜਲਦੀ ਹੀ ਇਸ ਸਵਾਲ ਦਾ ਜਵਾਬ ਨਾਂਹ ਵਿਚ ਮਿਲ ਗਿਆ। ਉਸ ਵੇਲੇ ਖੱਬੀ ਕਮਿਊਨਿਸਟ ਪਾਰਟੀ ਦੇ ਲੀਡਰਾਂ ਨੇ ਜਿਉਤੀ ਬਾਸੂ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਬਣਾਉਣ ਤੋਂ ਨਾਂਹ ਕਰਕੇ ਸਾਰੇ ਸਮਰਥਕਾਂ ਦਾ ਦਿਲ ਤੋੜ ਦਿੱਤਾ।
ਇਹ ਉਹ ਵਕਤ ਸੀ ਜਦ ਸਮੁੱਚੇ ਸਮਾਜਿਕ ਤੇ ਸਿਆਸੀ ਤਾਕਤਾਂ ਦਾ ਇਤਿਹਾਸਕ ਲੋਕ-ਵਹਿਣ ਖੱਬਿਆਂ ਵੱਲ ਬੜੀ ਆਸ ਨਾਲ ਵੇਖ ਰਿਹਾ ਸੀ।
ਦੇਸ਼ ਦੀਆਂ ਸਾਰੀਆਂ ਖੇਤਰੀ ਪਾਰਟੀਆਂ ਤੇ ਖੱਬੀ ਸਿਆਸਤ ਨਾਲ ਹਮਦਰਦੀ ਰੱਖਦੇ ਲੋਕ ਕਮਿਊਨਿਸਟਾਂ ਨੂੰ ਅੱਗੇ ਹੋ ਕੇ ਅਗਵਾਈ ਕਰਨ ਲਈ ਬੇਨਤੀ ਕਰ ਰਹੇ ਸਨ। ਸਮੁੱਚੇ ਸੰਸਾਰ ਦੇ ਸਮਕਾਲੀ ਇਤਿਹਾਸ ਵਿਚ ਕੋਈ ਵੀ ਅਜਿਹੀ ਮਿਸਾਲ ਨਹੀਂ ਮਿਲਦੀ ਜਦੋਂ ਕਿਸੇ ਜਮਹੂਰੀ ਦੇਸ਼ ਵਿਚ ਸਾਰੇ ਦੇਸ਼ ਦੀਆਂ ਸਮੁੱਚੀਆਂ ਪਾਰਟੀਆਂ ਇਕੱਠੀਆਂ ਹੋ ਕੇ ਕਮਿਊਨਿਸਟਾਂ ਦੇ ਦਰ ’ਤੇ ਕਹਿਣ ਗਈਆਂ ਹੋਣ: ‘‘ਆਉ ਅੱਗੇ ਲੱਗ ਕੇ ਸਾਡੀ ਅਗਵਾਈ ਕਰੋ।’’ ਆਖਰ ਕਮਿਊਨਿਸਟ ਲਹਿਰ ਦਾ ਇਕੋ ਇਕ ਮਕਸਦ ਸੱਤਾ ਪ੍ਰਾਪਤ ਕਰਕੇ ਲੋਕਾਂ ਦਾ ਭਲਾ ਕਰਨਾ ਹੁੰਦਾ ਹੈ। ਉਹ ਸੱਤਾ ਪ੍ਰਾਪਤੀ ਲਈ ਹੀ ਬਣੀ ਹੁੰਦੀ ਹੈ ਤੇ ਇਹੋ ਉਹਦਾ ਇਕੋ-ਇਕ ਸਪੱਸ਼ਟ ਉਦੇਸ਼ ਹੁੰਦਾ ਹੈ।
ਪਰ ਭਾਰਤੀ ਕਮਿਊਨਿਸਟ ਅਭਾਗੇ ਸਾਬਤ ਹੋਏ ਜਿਨ੍ਹਾਂ ਨੇ ਘਰ ਆਈ ਸਿਆਸੀ-ਸੱਤਾ-ਲਕਸ਼ਮੀ ਲਈ ਦਰਵਾਜ਼ਾ ਖੁੱਲ੍ਹਣ ਦੀ ਬਜਾਏ, ਦਰ ਤੋਂ ਹੀ ‘ਦੂਰ ਦੂਰ ਜਾਅ’ ਦੀ ਪੁਕਾਰ ਲਗਾਉਣੀ ਸ਼ੁਰੂ ਕਰ ਦਿੱਤੀ। ਇਕ ਵੇਰ ਫਿਰ ਦੇਸ਼ ਨੂੰ ਨਿਰਾਸ਼ਤਾ ਹੋਈ। ਦੇਸ਼ ਨੂੰ ਨਿਰਾਸ਼ਾ ਦੇ ਇਸ ਮੂੰਹ ਵਿਚ ਧੱਕ ਦੇਣ ਦੀ ਜ਼ਿੰਮੇਵਾਰੀ ਕਮਿਊਨਿਸਟਾਂ ਦੀ ਹੈ। ਹੁਣ ਦੇਸ਼ ਦੇ ਲੋਕ ਕਮਿਊਨਿਸਟਾਂ ਵੱਲੋਂ ਨਜ਼ਰਾਂ ਮੋੜ ਕੇ ਦੂਸਰੇ ਪਾਸੇ ਵੇਖਣ ਲੱਗ ਪਏ ਜਿੱਥੇ ਭਾਰਤੀ ਜਨਤਾ ਪਾਰਟੀ ਉਨ੍ਹਾਂ ਦਾ ‘ਖਾਲੀ ਕਿਸ਼ਤੀ’ ਲੈ ਕੇ ਇੰਤਜ਼ਾਰ ਕਰ ਰਹੀ ਸੀ। ‘‘ਆਉ ਬੈਠੋ, ਅਸੀਂ ਹੀ ਤੁਹਾਨੂੰ ਦੂਸਰੇ ਪਾਰ ਲਾਵਾਂਗੇ।’’ ਇੰਝ ਸਿਆਸੀ ਆਸ-ਮੁਖੀ ਤਾਕਤਾਂ ਦੇ ਇਤਿਹਾਸਕ ਵਹਾਅ ਦਾ ਮੂੰਹ ਪਛਾੜ ਕੇ ਦੂਸਰੇ ਪਾਸੇ ਕਰਨ ਵਿਚ, ਭਾਵ, ਲੋਕਾਂ ਦਾ ਧਿਆਨ ਭਾਰਤੀ ਜਨਤਾ ਪਾਰਟੀ ਵੱਲ ਕਰ ਦੇਣ ਵਿਚ ਕਮਿਊਨਿਸਟਾਂ ਦੀ ਮਹੱਤਵਪੂਰਨ ਭੂਮਿਕਾ ਹੈ। ਭਾਰਤੀ ਜਨਤਾ ਪਾਰਟੀ ਵਾਸਤੇ ਪੈਦਾ ਹੋਈ ਸੰਭਾਵਨਾ ਨੂੰ ਯਥਾਰਥ ਵਿਚ ਬਦਲ ਸਕਣ ਦੀ ਜ਼ਿੰਮੇਵਾਰੀ ਕਮਿਊਨਿਸਟਾਂ ਦੀ ਨਾਂਹ-ਮੁਖੀ ਭੂਮਿਕਾ ਉੱਪਰ ਹੈ ਜਿਸ ਤੋਂ ਉਹ ਮੁਨਕਰ ਨਹੀਂ ਹੋ ਸਕਦੇ। ਇਸੇ ਕਰਕੇ ਅੱਜ ਇਹ ਆਸ, ਕਿ ਸਾਹ ਤੋੜ ਰਹੀ ਕਮਿਊਨਿਸਟ ਲਹਿਰ ਦੇਸ਼ ਅੱਗੇ ਕੋਈ ਸਿਆਸੀ ਬਦਲ ਪੇਸ਼ ਕਰੇਗੀ, ਵਿਅਰਥ ਹੈ। ਕਾਂਗਰਸ ਪਾਰਟੀ ਇਹ ਭੁੱਲ ਚੁੱਕੀ ਹੈ ਕਿ ਅੱਜ ਦੇਸ਼ ਅੱਗੇ ਜੋ ਮਸਲਾ ਦਰਪੇਸ਼ ਹੈ, ਉਹ ਸਭਿਆਚਾਰਕ-ਸਮਾਜਿਕ ਬਦਲ ਦਾ ਪਹਿਲਾਂ, ਤੇ ਸਿਆਸਤ ਦਾ ਪਿੱਛੋਂ ਹੈ। ਸਭ ਤੋਂ ਪਹਿਲਾਂ ਕੇਵਲ ਸਿਧਾਂਤ ਆਧਾਰਿਤ ਸਿਆਸੀ ਬਿਰਤਾਂਤ ਨੂੰ ਮੁੜ ਤੋਂ ਉਸਾਰਨ ਦਾ ਔਖਾ ਮਸਲਾ ਹੈ। ਉਪਰੋਂ ਉਪਰੋਂ ਨਾਅਰੇਬਾਜ਼ੀ ਤੇ ਚੁਣਾਵੀ ਫ਼ੋਕੀ ਸਿਆਸਤ ਦਾ ਨਹੀਂ।
* ਸੈਂਟਰ ਫਾਰ ਹਿਸਟੋਰੀਕਲ ਸਟੱਡੀਜ਼, ਜਵਾਹਰ ਲਾਲ ਨਹਿਰੂ ਯੂਨੀਵਰਸਿਟੀ, ਨਵੀਂ ਦਿੱਲੀ।
ਸੰਪਰਕ: 98184-98464