ਪ੍ਰੋ. ਹਰਪ੍ਰੀਤ ਕੌਰ
ਪੁਸਤਕ ‘ਜੇਕਰ ਦੇਖਦੀ ਨਾ’ (ਕੀਮਤ: 250 ਰੁਪਏ; ਚੇਤਨਾ ਪ੍ਰਕਾਸ਼ਨ, ਲੁਧਿਆਣਾ) ਵਿਰਕ ਪੁਸ਼ਪਿੰਦਰ ਦਾ ਪਲੇਠਾ ਕਾਵਿ ਸੰਗ੍ਰਹਿ ਹੈ। ਇਸ ਵਿਚ ਦੋ ਮੁੱਖ ਵਿਸ਼ੇ ਔਰਤ ਮਨ ਦੀਆਂ ਭਾਵਨਾਵਾਂ ਅਤੇ ਕਿਸਾਨੀ ਸੰਘਰਸ਼ ਦੌਰਾਨ ਆਏ ਮੀਂਹਾਂ, ਝੱਖੜਾਂ, ਹਨੇਰੀਆਂ ਦਾ ਵਰਣਨ ਕਰਦਿਆਂ, ਸੰਘਰਸ਼ ਨੂੰ ਢਾਹ ਲਾਉਣ ਵਾਲੀ ਹਾਕਮ ਧਿਰ ਨੂੰ ਵੰਗਾਰਦਿਆਂ, ਸੱਚ ਅਤੇ ਝੂਠ ਦਾ ਨਿਤਾਰਾ ਕੀਤਾ ਹੈ। ਔਰਤ ਹੋਣ ’ਤੇ ਮਾਣ ਕਰਦੀ ਹੋਈ ਕਵਿੱਤਰੀ ਨਾਰੀ ਨੂੰ ਸਾਰੀ ਸ੍ਰਿਸ਼ਟੀ ਦਾ ਸਿਰਜਕ ਮੰਨਦੀ ਹੈ। ਇਨ੍ਹਾਂ ਭਾਵਨਾਵਾਂ ਦੀ ਤਰਜਮਾਨੀ ਕਰਦੀ ਉਸ ਦੀ ਕਵਿਤਾ ‘ਮਹੀਨੇ ਦੇ ਉਹ ਚਾਰ ਦਿਨ’ ਔਰਤ ਦੇ ਅਸਤਿਤਵ ਨੂੰ ਬਿਆਨ ਕਰਦੀ ਹੈ:
ਇਹ ਚਾਰ ਦਿਨ ਮੈਨੂੰ
ਮੇਰੇ ਔਰਤ ਹੋਣ ਦਾ ਅਹਿਸਾਸ ਕਰਵਾਉਂਦੇ
ਤੇ ਆਤਮ ਵਿਸ਼ਵਾਸ ਨਾਲ ਭਰ ਦਿੰਦੇ
ਤੇ ਮੈਨੂੰ ਮੇਰੀ ਹੋਂਦ
ਬ੍ਰਹਿਮੰਡ ਤੋਂ ਵੀ ਉੱਚੀ ਮਹਿਸੂਸ ਹੁੰਦੀ।
ਅਜੋਕੇ ਸਮੇਂ ਵਿਚ ਉਹ ਔਰਤ ਨੂੰ ਬਣਦੇ ਸਨਮਾਨ ਦਾ ਨਾ ਮਿਲਣਾ, ਸਮੇਂ ਦੀ ਸੋਚ ਦੇ ਇਕ ਪਲ ਪਿੱਛੇ ਰਹਿ ਜਾਣ ਦਾ ਕਾਰਨ ‘ਕਸੂਰ ਤਾਂ ਮੇਰਾ ਵੀ ਐ’ ਕਵਿਤਾ ਰਾਹੀਂ ਸਪਸ਼ਟ ਭਾਵਾਂ ’ਚ ਔਰਤ ਨੂੰ ਖ਼ੁਦ ਹੀ ਮੰਨਦੀ ਹੈ:
ਕਸੂਰ ਤਾਂ ਮੇਰਾ ਵੀ ਐ
ਜੋ ਔਰਤ ਹੋਣ ਦਾ ਲੈਂਦੀ ਰਹੀ ਲਾਹਾ
ਕਦੇ ਨਿਮਾਣੀ
ਕਦੇ ਨਿਤਾਣੀ ਬਣ
ਤੇ ਕਦੇ ਕਰਦੀ ਰਹੀ ਗਰਭਪਾਤ ਆਪਣੀਆਂ ਸੋਚਾਂ ਦਾ।
ਸੱਤਾਧਾਰੀ ਧਿਰ ਮਜ਼ਦੂਰਾਂ ਅਤੇ ਕਿਸਾਨਾਂ ’ਤੇ ਹਮੇਸ਼ਾ ਹੀ ਕਾਬਜ਼ ਰਹੀ ਹੈ ਪਰ ਆਧੁਨਿਕ ਸਮੇਂ ਵਿਚ ਲੋਕ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋ ਗਏ ਹਨ ਤੇ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਸੰਘਰਸ਼ ਕਰਨ ਲਈ ਚੇਤੰਨ ਹਨ। ਕਿਸਾਨੀ ਸੰਘਰਸ਼ ਬਾਰੇ ਆਸਵੰਤ ਕਵਿਤਾ ‘ਅਸੀਂ ਫਿਰ ਆਵਾਂਗੇ’ ਰਾਹੀਂ ਕਿਸਾਨਾਂ ਦੀਆਂ ਆਸਾਂ, ਉਮੰਗਾਂ, ਜਜ਼ਬਿਆਂ ਨੂੰ ਨੇੜਿਓਂ ਵਾਚਿਆ ਹੈ:
ਅਸੀਂ ਫੇਰ ਆਵਾਂਗੇ
ਜੇ ਸੀਸ ਦੇਣਾ ਪਵੇ
ਤਾਂ ਹਜ਼ਾਰਾਂ ਸੀਸ
ਤੇਰੀ ਝੋਲੀ
ਹੱਸ-ਹੱਸ ਕੇ ਪਾਵਾਂਗੇ।
‘ਚਿੜੀਆਂ ਦਾ ਚੰਬਾ ਤਾਂ ਉੱਡ ਗਿਆ’, ‘ਮੈਂ ਵਾਰਿਸ ਨੂੰ ਨਹੀਂ ਕਹਿਣਾ’, ਆਦਿ ਕਵਿਤਾਵਾਂ ਉਸ ਦੀ ਦੂਰਅੰਦੇਸ਼ੀ ਤੇ ਅਗਾਂਹਵਧੂ ਸੋਚ ਦੀ ਸ਼ਾਹਦੀ ਭਰਦੀਆਂ ਹਨ। ਸ਼ਾਇਰਾ ਸਮਾਜਿਕ ਰਿਸ਼ਤਿਆਂ ਵਿਚ ਆਈ ਤਰੇੜ, ਨੈਤਿਕਤਾ ਅਤੇ ਕੁਦਰਤੀ ਭਾਵਾਂ ਨੂੰ ਵੀ ਵਿਅਕਤ ਕਰਦੀ ਹੈ। ਇਕ ਚੰਗੇ ਲੇਖਕ ਦੀ ਪਛਾਣ ਉਸ ਦੇ ਲਿਖਣ ਢੰਗ ਤੋਂ ਹੀ ਹੁੰਦੀ ਹੈ। ਵਿਰਕ ਪੁਸ਼ਪਿੰਦਰ ਨੇ ਬੜੇ ਹੀ ਸਰਲ ਕਾਵਿਕ ਲਹਿਜੇ ਰਾਹੀਂ, ਠੇਠ ਪੰਜਾਬੀ ਭਾਸ਼ਾ ਦੀ ਵਰਤੋਂ ਕਰਦਿਆਂ ਕਵਿਤਾਵਾਂ ਦੀ ਸਿਰਜਣਾ ਕੀਤੀ ਹੈ।
ਸੰਪਰਕ: 95180-93498