ਰਾਤ ਆਪਣਾ ਸਭ ਤੋਂ ਡਰਾਉਣਾ ਬੈਂਡ ਵਜਾਉਂਦੀ ਹੈ

ਰਾਤ ਆਪਣਾ ਸਭ ਤੋਂ ਡਰਾਉਣਾ ਬੈਂਡ ਵਜਾਉਂਦੀ ਹੈ

ਵੀਰੇਨ ਡੰਗਵਾਲ ਦਾ ਜਨਮ 5 ਅਗਸਤ 1947 ਨੂੰ ਕੀਰਤੀ ਨਗਰ, ਟੀਹਰੀ ਗੜਵਾਲ ਵਿਖੇ ਹੋਇਆ। ਉਨ੍ਹਾਂ ਨੇ ਅਲਾਹਾਬਾਦ ਯੂਨੀਵਰਸਿਟੀ ਤੋਂ ਐਮ.ਏ. (ਹਿੰਦੀ) ਅਤੇ ਆਧੁਨਿਕ ਹਿੰਦੀ ਕਵਿਤਾ ਦੇ ਮਿੱਥਕਾਂ ਅਤੇ ਪ੍ਰਤੀਕਾਂ ’ਤੇ ਡੀ.ਲਿਟ.  ਦੀ ਡਿਗਰੀ ਪ੍ਰਾਪਤ ਕੀਤੀ। 1991 ਵਿਚ ਉਨ੍ਹਾਂ ਦਾ ਪਹਿਲਾ ਕਾਵਿ-ਸੰਗ੍ਰਹਿ ‘ਇਸੀ ਦੁਨੀਆ ਮੇਂ’ ਛਪਿਆ। ਉਨ੍ਹਾਂ ਨੇ ਵਿਸ਼ਵ ਕਵਿਤਾ ’ਚੋਂ ਪਾਬਲੋ ਨੈਰੂਦਾ, ਵਾਸਕੋ ਪੋਪਾ, ਮੀਰੋਸਲਾਵ, ਤਦੇਊਸ਼, ਰੁਜ਼ੇਵਿਚ ਆਦਿ ਦੀਆਂ ਕਵਿਤਾਵਾਂ ਤੋਂ ਇਲਾਵਾ ਕੁਝ ਆਦਿਵਾਸੀ ਲੋਕ ਕਵਿਤਾਵਾਂ ਦਾ ਅਨੁਵਾਦ ਕੀਤਾ।

ਵੀਰੇਨ ਦੀ ਕਵਿਤਾ ਸਾਧਾਰਨਤਾ ਵਿਚੋਂ ਅਸਾਧਾਰਨਤਾ ਦੀ ਭਾਲ ਕਰਦੀ ਹੈ ਅਤੇ ਛੋਟੀਆਂ-ਛੋਟੀਆਂ ਚੀਜ਼ਾਂ ਉਸ ਦੇ ਲਈ ਵੱਡੇ ਅਰਥ ਰੱਖਦੀਆਂ ਹਨ। ਵੀਰੇਨ ਨੂੰ ਆਮ ਮਨੁੱਖ ਦੀਆਂ ਦੁੱਖ-ਤਕਲੀਫ਼ਾਂ ਦੀ ਸਮਝ ਹੈ। ਇਸੇ ਲਈ ਉਸ ਦੀ ਕਵਿਤਾ ਵਿਲੱਖਣ ਹੈ।

ਵੀਰੇਨ ਦੀ ਕਵਿਤਾ ਪੜ੍ਹਦਿਆਂ ਵੱਖ-ਵੱਖ ਰੰਗ ਮਿਲਦੇ ਹਨ। ਇਹ ਰੰਗ ਚਾਹੇ ਯਾਦਾਂ ਦੇ ਹੋਣ ਜਾਂ ਪ੍ਰਕਿਰਤੀ ਦੇ, ਸਮਾਜ ਵਿਚਲੇ ਕਰੂਰ ਯਥਾਰਥ ਦੇ ਜਾਂ ਸੱਤਾ ਦੀਆਂ ਚਾਲਾਂ ਦੇ। ਇਹ ਸਭ ਮਿਲ ਕੇ ਇਕ ਖ਼ੂਬਸੂਰਤ ਕਾਵਿ-ਭਾਸ਼ਾ ਸਿਰਜਦੇ ਹਨ। ਵੀਰੇਨ ਦੀ ਕਾਵਿ-ਭਾਸ਼ਾ ਵਿਲੱਖਣਤਾ ਦੀ ਲਖਾਇਕ ਹੈ। ਵਿਲੱਖਣਤਾ ਦਾ ਅਰਥ ਵੀਰੇਨ ਦੇ ਆਪਣੇ ਆਮ ਮਨੁੱਖ ਹੋਣ ਵਿਚ ਲੁਕਿਆ ਹੈ। ਵੱਡੀ ਗੱਲ ਇਹ ਹੈ ਕਿ ਜੋ ਉਹ ਜਿਉਂਦਾ ਹੈ, ਉਹੀ ਲਿਖਦਾ ਹੈ। ਇਸ ਕਰਕੇ ਉਸ ਦੀ ਕਵਿਤਾ ਸੱਚੀ-ਸੁੱਚੀ ਪ੍ਰਤੀਤ ਹੁੰਦੀ ਹੈ। ਅੱਜ ਭਾਵੇਂ ਹਿੰਦੀ ਵਿਚ ਬਹੁਤ ਸਾਰੀ ਕਵਿਤਾ ਲਿਖੀ ਜਾ ਰਹੀ ਹੈ, ਪਰ ਵੀਰੇਨ ਦੀ ਕਵਿਤਾ ਸਿਰਫ਼ ਵੀਰੇਨ ਵਰਗੀ ਹੈ।

- ਤਰਸੇਮ

ਸੰਪਰਕ: 98159-76485

ਸਾਡੀ ਨੀਂਦ

ਮੇਰੀ ਨੀਂਦ ਦੇ ਦੌਰਾਨ

ਕੁਝ ਇੰਚ ਵਧ ਗਏ ਬਿਰਖ

ਕੁਝ ਸੂਤ ਬੂਟੇ

ਤੂਈ ਨੇ ਆਪਣੇ ਮਾਮੂਲੀ ਕੋਮਲ ਸਿੰਗਾਂ ਨਾਲ

ਧੱਕਣਾ ਸ਼ੁਰੂ ਕੀਤਾ

ਬੀਜ ਦੀ ਫੁੱਲੀ ਹੋਈ

ਛੱਤ, ਅੰਦਰੋਂ।

ਇੱਕ ਮੱਖੀ ਦਾ ਜੀਵਨ-ਕ੍ਰਮ ਪੂਰਾ ਹੋਇਆ

ਕਈ ਬੱਚੇ ਪੈਦਾ ਹੋੲੇ, ਤੇ ਉਨ੍ਹਾਂ ’ਚੋਂ

ਕਈ ਤਾਂ ਮਾਰੇ ਵੀ ਗਏ

ਦੰਗੇ ਅਗਜ਼ਨੀ ਤੇ ਬੰਬਾਰੀ ਵਿਚ।

ਗ਼ਰੀਬ ਬਸਤੀਆਂ ਵਿਚ ਵੀ 

ਧਮਾਕੇ ਨਾਲ ਹੋਇਆ ਭਗਵਤੀ ਜਗਰਾਤਾ

ਲਾਊਡ ਸਪੀਕਰ ’ਤੇ।

ਯਾਨੀ ਸਾਧਨ ਤਾਂ ਸਾਰੇ ਜੋੜ ਲਏ ਜ਼ੁਲਮੀਆਂ ਨੇ

ਪਰ ਜੀਵਨ ਜ਼ਿੱਦੀ ਫੇਰ ਵੀ

ਵਧਦਾ ਹੀ ਜਾਂਦਾ ਅੱਗੇ

ਬਾਵਜੂਦ ਸਾਡੀ ਨੀਂਦ ਦੇ

ਹੋਰ ਲੋਕ ਵੀ ਨੇ, ਕਈ ਲੋਕ ਨੇ

ਹੁਣ ਵੀ 

ਜੋ ਭੁੱਲੇ ਨਹੀਂ ਕਰਨਾ

ਸਾਫ਼ ਤੇ ਜ਼ੋਰਦਾਰ

ਇਨਕਾਰ।

t t t t t t t t t t t t

ਸਾਡਾ ਸਮਾਜ

ਇਹ ਕੌਣ ਨਹੀਂ ਚਾਹੇਗਾ, ਉਸ ਨੂੰ ਮਿਲੇ ਪਿਆਰ

ਇਹ ਕੌਣ ਨਹੀਂ ਚਾਹੇਗਾ, ਰੋਟੀ-ਕੱਪੜਾ ਮਿਲੇ

ਇਹ ਕੌਣ ਨਹੀਂ ਸੋਚੇਗਾ, ਹੋਵੇ ਛੱਤ ਸਿਰ ’ਤੇ

ਬਿਮਾਰ ਹੋਈਏ ਤਾਂ ਹੋਵੇ ਇਲਾਜ ਜ਼ਰਾ ਢੰਗ ਨਾਲ

ਧੀ-ਪੁੱਤ ਨੂੰ ਮਿਲੇ ਟਿਕਾਣਾ ਦੁਨੀਆਂ ’ਚ

ਕੁਝ ਇੱਜ਼ਤ ਹੋਵੇ, ਕੁਝ ਮਾਣ ਵਧੇ, ਵਧਣ-ਫੁੱਲਣ 

ਗੱਡੀ ’ਚ ਬੈਠਣ, ਜਗ੍ਹਾ ਮਿਲੇ, ਡਰ ਵੀ ਨਾ ਲੱਗੇ

ਜੇ ਦਫ਼ਤਰ ਵਿਚ ਵੀ ਜਾਣ, ਕਿਸੇ ਤੋਂ ਨਾ ਘਬਰਾਉਣ?

ਓਪਰਿਆਂ ਨਾਲ ਘੁਲ-ਮਿਲ ਕੇ ਵੀ ਮਨ ’ਚ ਨਾ ਪਛਤਾਉਣ।

ਕੁਝ ਚਿੰਤਾਵਾਂ ਵੀ ਹੋਣ, ਕੋਈ ਹਰਜ਼ ਨਹੀਂ

ਪਰ ਅਜਿਹੀਆਂ ਨਹੀਂ ਕਿ ਮਨ ਉਨ੍ਹਾਂ ’ਚ ਹੀ ਗੱਡਿਆ ਰਹੇ

ਹੌਸਲਾ ਦੇਣ ਅਤੇ ਰੋਕਣ ਲਈ ਆਲੇ-ਦੁਆਲੇ

ਹੋਣ ਸੰਗੀ-ਸਾਥੀ, ਆਪਣੇ ਪਿਆਰੇ, ਬਹੁਤ ਜ਼ਿਆਦਾ।

ਪਾਪੜ-ਚਟਨੀ, ਆਲਤੂ-ਫ਼ਾਲਤੂ, ਰੌਲ਼ਾ-ਗ਼ੌਲਾ

ਦੋ-ਚਾਰ ਜਸ਼ਨ ਵੀ ਕਦੇ, ਕਦੇ ਕੁਝ ਧੂਮ-ਧੜੱਕਾ

ਜਿੰਨਾ ਹੋ ਸਕੇ ਦੇਖ ਸਕਣ, ਇਸ ਧਰਤੀ ਨੂੰ

ਹੋ ਸਕੇ ਜਿੱਥੋਂ ਤੱਕ, ਉਨੀ ਦੁਨੀਆਂ ਗਾਹ ਆਉਣ

ਇਹ ਕੌਣ ਨਹੀਂ ਚਾਹੇਗਾ?

ਪਰ ਅਸੀਂ ਇਹ ਕੇਹੋ ਜਿਹਾ ਸਮਾਜ ਸਿਰਜਿਆ ਹੈ

ਇਸ ਵਿਚ ਜੋ ਚਮਕ ਰਿਹਾ, ਸ਼ਰਤੀਆ ਕਾਲਾ ਹੈ

ਉਹ ਕਤਲ ਹੋ ਰਿਹਾ, ਸ਼ਰੇਆਮ ਚੁਰਸਤੇ ’ਤੇ 

ਨਿਰਦੋਸ਼ ਅਤੇ ਸੱਜਣ, ਜੋ ਭੋਲਾ-ਭਾਲਾ ਹੈ

ਆਖ਼ਿਰ ਕਿਸ ਨੇ ਅਜਿਹਾ ਸਮਾਜ ਰਚਿਆ ਹੈ

ਜਿਸ ’ਚ ਬਸ ਉਹੀ ਦਮਕਦਾ ਹੈ, ਜੋ ਕਾਲਾ ਹੈ?

ਮੋਟਰ ਸਫ਼ੇਦ ਉਹ ਕਾਲੀ ਹੈ

ਉਹ ਗੱਲ੍ਹਾਂ ਗੁਲਾਬੀ ਕਾਲੀਆਂ ਹਨ

ਚਿੰਤਾਤੁਰ ਚਿਹਰਾ-ਬੁੱਧੀਮਾਨ

ਪੋਥੇ ਕਾਨੀ ਕਾਲੇ ਨੇ

ਆਟੇ ਦੀ ਥੈਲੀ ਕਾਲੀ ਹੈ

ਹਰ ਸਾਹ ਵਿਹੁਲਾ ਕਾਲਾ ਹੈ

ਛੱਤਾ ਹੈ ਕਾਲੀਆਂ ਭਰਿੰਡਾਂ ਦਾ

ਉਹ ਸੁੰਦਰ ਭਵਨ ਵੀ ਕਾਲਾ ਹੈ

ਕਾਲੇਪਣ ਦੀਆਂ ਉਹ ਔਲਾਦਾਂ

ਨੇ ਵਿਛਾ ਰਹੀਆਂ ਜਿਹੜੀਆਂ ਕਾਲੀਆਂ ਛਾਵਾਂ ਦੀ ਬਿਸਾਤ

ਉਹ ਆਪਣੇ ਕਾਲੇਪਣ ਨਾਲ ਸਾਨੂੰ ਘੇਰ ਰਹੀਆਂ

ਆਪਣਾ ਕਾਲਾ ਜਾਦੂ ਨੇ ਸਾਡੇ ਉੱਤੇ ਫੇਰ ਰਹੀਆਂ

ਦੱਸੋ ਤਾਂ, ਕੁਝ ਕਰਨਾ ਵੀ ਹੈ

ਜਾਂ ਕਾਲਾ ਸ਼ਰਬਤ ਪੀਂਦੇ-ਪੀਂਦੇ ਮਰਨਾ ਹੈ?

t t t t t t t t t t t t

ਰੇਲ ਦੀ ਮੁਸ਼ਕਿਲ ਖੇਡ

ਠੱਪ 

ਬਿਲਕੁਲ ਠੱਪ ਖੜ੍ਹੀ ਹੈ

ਦੇਰ ਤੋਂ ਇਹ ਰੇਲ

ਘੱਟ ਧੀਰਜ ਵਾਲੇ ਮੁਸਾਫ਼ਿਰ ਵੀ ਉੱਤਰ ਕੇ

ਤੁਰ ਪਏ ਝਾੜੀ ਉਹਲੇ, ਪਟੜੀ-ਪਾਰ

ਜ਼ਿੱਦ ਕਰਨ ਬੱਚੇ

ਕਿ ਆਪੇ ਪਾਣੀ ਪੀਵਾਂਗੇ

ਮੋਰਮ ਵਾਲੇ ਪਲੇਟਫਾਰਮ ’ਤੇ ਨਲਕੇ ’ਤੇ

ਰੇਲਵੇ ਦੇ ਚਾਰ ਕੁਆਰਟਰ

ਇੱਕ ਐਂਟੀਨਾ

ਬਾਂਦਰ ਰਿਹਾ ਝੰਜੋੜ।

ਤਲਾਬ ਸੜਦਾ ਹੋਇਆ

ਜਲ-ਕੁੰਭੀਆਂ ਦਾ ਖੇਤ

ਉਪਜਾਊ ਖੇਤ।

ਸਰਦੀ ਦੀ ਹੈ ਧੁੱਪ

ਕੁਝ ਸਿੱਲ੍ਹੀ ਥੋੜ੍ਹੀ ਜਿਹੀ ਗਰਮ

ਉਹ ਲੱਗੇ ਛੋਟੇ-ਛੋਟੇ ਗੋਭੀ ਦੇ ਫੁੱਲ

ਨਗੀਨਿਆਂ ਵਾਂਗ ਜਗਮਗਾਉਂਦੇ

ਕਾਲੇ ਹਰੇ ਪੱਤਿਆਂ ਦਾ ਉਹਲਾ

ਕਾਫ਼ੀ ਹੱਦ ਤੱਦ ਕੱਟ ਦਿੱਤਾ ਝੋਨਾ

ਹੁਣੇ ਹੀ ਹੋਇਆ ਹੈ ਗੰਗਾ ਨਹਾਉਣ।

ਦੂਰੋਂ ਹੀ ਦਿਸਦੇ ਨੇ ਦੋ

ਪਗਡੰਡੀ ’ਤੇ ਭਜਾਉਂਦੇ ਆ ਰਹੇ ਸਾਈਕਲ

ਇੱਕ ਬੈਠਾ ਕੈਰੀਅਰ ’ਤੇ ਸੰਭਾਲੀ ਪੇਟੀ

ਇੱਕ ਛਾਤੀ ਨਾਲ ਦਿੰਦਾ ਪੈਡਲਾਂ ’ਤੇ ਜ਼ੋਰ

ਇੱਕ ਸ਼ਾਇਦ ਬੈਠ ਗੱਡੀ ’ਚ

ਕੰਮ-ਧੰਦੇ ਦੀ ਹਨੇਰੀ ਰਾਹ ’ਤੇ ਵਧ ਜਾਵੇਗਾ

ਦੂਜਾ ਥੱਕ ਕੇ ਹੌਲੀ-ਹੌਲੀ ਖਿੱਚਦਾ ਸਾਈਕਲ

ਪਿੰਡ-ਘਰ ਦੇ ਸਲ੍ਹਾਬੇ ਹਨੇਰੇ ਵੱਲ ਮੁੜ ਜਾਵੇਗਾ।

ਦੋਵਾਂ ਦਿਸ਼ਾਵਾਂ ਵੱਲ ਜਾਵੇਗੀ ਖ਼ੂਨੀ-ਲਕੀਰ ਅਦ੍ਰਿਸ਼

ਟੋਹ ਹੀ ਲੈਣਗੇ ਉਸ ਨੂੰ ਪਰ ਸ਼ਿਕਾਰੀ

ਉਹ ਹੁੰਦੇ ਹੀ ਨੇ ਪ੍ਰਬੀਨ

ਅਤੇ ਨਿਪੁੰਨ ਉਨ੍ਹਾਂ ਦੇ ਕੁੱਤੇ।

t t t t t t t t t t t t

ਬਸੰਤ ਦਰਸ਼ਨ

ਥੋੜ੍ਹਾ ਜਿਹਾ ਪਾਣੀ

ਪਰ ਝਿਲਮਿਲ, ਸੂਰਜ ਝਿਲਮਿਲ

ਚਿੜੀ ਫਰਕੀ

ਫਰ-ਫਰ ਕਰਦੀ ਬੇਰੋਕ

ਬਸੰਤੀ ਧੁੱਪ ਵਿਚ

ਨੀਲੇ ਰੇਸ਼ਮ ’ਤੇ

ਚਿੜੀ ਫਰਕੀ

ਜਿਉਂ

ਖੁੱਲ੍ਹੀ-ਖੁੱਲ੍ਹੀ

ਛੋਟੀ-ਛੋਟੀ

ਉਹ ਇੱਕ ਹਾਸੀ

ਖ਼ਤ ਮਿਲਿਆ ਇੱਕ ਜਿਉਂ

ਪਛਾਣੀ ਲਿਪੀ ’ਚ ਪਤਾ ਲਿਖਿਆ

ਕੁਝ ਵਰ੍ਹੇ ਬਾਅਦ ਕੋਈ ਬੀਤੀ ਧੁਨ

ਇੱਕ ਯਾਦ

ਕੁਝ ਯਾਦਾਂ ਦੀ।

ਉਹ ਮੈਨੂੰ ਘੁਰਕਦੀ ਗਈ ਇਕ ਮੋਟਰਸਾਈਕਲ

ਅਤਿ ਰੰਗਦਾਰ

ਜੁੱਤੇ ਸਫ਼ੇਦ ਪਾਈ ਸਵਾਰ

ਨਜ਼ਾਰਾ ਜਿਵੇਂ ਕਿ ਟੀ.ਵੀ. ਦਾ

ਉਹ ਮੈਨੂੰ ਘੁਰਕਦਾ ਘੁਰਰ-ਘੁਰਰ ਉਹ ਨਜ਼ਾਰਾ

ਇਹ ਆਇਆ ਹੈ ਅਜਿਹਾ ਬਸੰਤ

ਜਿਸ ’ਚ ਅਸੀਂ ਬਣੇ ਸਿਰਫ਼ ਦਰਸ਼ਕ

ਸਿਰਫ਼ ਕੱਦੂ।

t t t t t t t t t t t t

ਸੋਕਾ

ਸੋਕਾ ਪਿਤਾ ਦੇ ਦਿਲ ਵਿਚ ਸੀ

ਭਰਾ ਦੀਆਂ ਅੱਖਾਂ ’ਚ

ਭੈਣ ਦੇ ਨਿਰਾਸ਼ੇ ਡਰ ’ਚ ਸੀ ਸੋਕਾ

ਮਾਂ ਸੀ

ਖੂਹ ਦੀ ਟੁੱਟੀ ਮੌਣ ’ਤੇ ਡਗਮਗਾਉਂਦਾ ਇਕਹਿਰਾ ਪਿੱਪਲ

ਚਮਕਾਉਂਦਾ ਮੱਕੜੀ ਦੀ ਮਹੀਨ ਤਾਰ ਨੂੰ

ਇਕ ਖਾਸ ਕੋਣ ’ਤੇ

ਹੰਝੂ ਦੀ ਤਰ੍ਹਾਂ।

ਸੂਰਜ ਦੇ ਪ੍ਰਚੰਡ ਸਾਮਰਾਜ ਹੇਠ

ਇਸ ਭਰਪੂਰ ਉਜਾੜ ’ਚ

ਸਿਰਫ਼ ਚਿੱਕੜ ’ਚ ਬਚੀ ਰਹੀ ਸੀ ਨਮੀ

ਅਸੰਭਵ ਸੀ ਉਸ ’ਚੋਂ ਵੀ ਨਿਤਾਰਨਾ

ਚੂਲੀ ਭਰ ਪਾਣੀ।

t t t t t t t t t t t t

ਮੌਨਸੂਨ ਦੀ ਪਹਿਲੀ ਬਰਸਾਤ

ਮੌਨਸੂਨ ਦੀ ਪਹਿਲੀ ਬਰਸਾਤ ਹੋਈ ਹੈ

ਲੰਬੀ ਬੇਚੈਨ ਉਡੀਕ ਦੇ ਬਾਅਦ

ਤੜਕੇ ਤੋਂ,

ਜ਼ਿਆਦਾ ਬੇਚੈਨ ਮਨ

ਯਾਦ ਉਹੀ ਸਭ ਕਰਦਾ ਹੈ

ਜੋ ਯਾਦ ਨਹੀਂ ਹੁਣ, ਫੇਰ ਵੀ ਰੁਕ-ਰੁਕ ਕੇ ਵਜਦਾ ਹੈ

ਜਿਉਂ ਕਾਂਸੀ ਦੀ ਗਾਗਰ ’ਤੇ ਵੱਜਦੀਆਂ ਹੋਣ ਬੂੰਦਾਂ।

ਉਹ ਗਾਗਰ, ਉਂਝ ਤਾਂ ਫੁੱਟ ਚੁੱਕੀ ਹੈ ਹੁਣ ਕਦੋਂ ਦੀ,

ਪਰ ਰੱਖੀ ਹੈ ਫੇਰ ਵੀ ਸੰਭਾਲ ਕੇ ਪੇਟੀ ਵਿਚ।

t t t t t t t t t t t t

ਭਲੇ ਦਿਨ ਜ਼ਰੂਰ

(ਨਿਰਾਲਾ ਨੂੰ)

ਆਉਣਗੇ, ਭਲੇ ਦਿਨ ਜ਼ਰੂਰ ਆਉਣਗੇ

ਦਹਿਸ਼ਤੀ ਬਰਫ਼ ਵਿਛੀ ਹੋਈ ਹਰ ਪਾਸੇ

ਸਖ਼ਤ ਹੈ ਹਵਾ, ਹੱਡੀ ਹੱਡੀ ਹੁੰਦੀ ਸੁੰਨ

ਆਕਾਸ਼ ਸੁੱਟਦਾ ਹਨੇਰਾ ਫੇਰ ਇਕ ਵਾਰ

ਸ਼ੱਕਾਂ-ਵਿੰਨ੍ਹੀ ਆਤਮਾ ਰਾਮ ਦੀ ਘਬਰਾਉਂਦੀ

ਹੋਵੇਗਾ ਉਹ ਯੁੱਧ, ਹਾਲੇ ਹੋਵੇਗਾ ਕੁਝ ਹੋਰ ਵਾਰ

ਤਦ ਕਿਤੇ ਬੱਦਲ ਇਹ ਛਟ ਸਕਣਗੇ।

ਤਹਿਖਾਨਿਓਂ ਨਿਕਲੇ ਮੋਟੇ-ਮੋਟੇ ਚੂਹੇ

ਜੋ ਲਾਸ਼ਾਂ ਦੀ ਬਦਬੂ ਫੈਲਾਉਂਦੇ ਘੁੰਮ ਰਹੇ

ਨੇ ਕੁਤਰ ਰਹੇ ਪੁਰਖਿਆਂ ਦੀਆਂ ਸਾਰੀਆਂ ਤਸਵੀਰਾਂ

ਚੀਂ-ਚੀਂ, ਚਿਕ-ਚਿਕ ਦੀ ਧੁੰਮ ਮਚਾਉਂਦੇ ਘੁੰਮ ਰਹੇ

ਪਰ ਡਰੋ ਨਾ, ਚੂਹੇ ਆਖ਼ਿਰ ਚੂਹੇ ਹੀ ਨੇ,

ਜੀਵਨ ਦੀ ਮਹਿਮਾ ਨਸ਼ਟ ਨਹੀਂ ਕਰ ਸਕਣਗੇ।

ਇਹ ਖ਼ੂਨ-ਖ਼ਰਾਬਾ, ਇਹ ਵੱਢ-ਕੱਟ ਜੋ ਮੱਚੀ ਹੋਈ

ਲੋਕਾਂ ਦੇ ਦਿਲ ਭਰਮਾਉਣ ਦਾ ਸਾਧਨ ਹੈ

ਜੋ ਅੜਿਆ ਹੋਇਆ ਹੈ ਸਾਨੂੰ ਡਰਾਉਂਦਾ ਰਾਹ ’ਚ

ਲਾਟਾਂ ਮਾਰਦਾ ਡਰਾਉਣੀ ਅੱਗ ਦਾ ਦਰਿਆ ਹੈ

ਸੁੱਕੇ ਚਿਹਰੇ ਬੱਚਿਆਂ ਦੇ ਉਨ੍ਹਾਂ ਦੀ ਤਰਲ ਹਾਸੀ

ਅਸੀਂ ਯਾਦ ਰੱਖਾਂਗੇ, ਪਾਰ ਉਸ ਨੂੰ ਕਰ ਜਾਵਾਂਗੇ।

ਮੈਂ ਨਹੀਂ ਤਸੱਲੀ ਝੂਠ-ਮੂਠ ਦੀ ਦਿੰਦਾ

ਹਰ ਸੁਪਨੇ ਦੇ ਪਿੱਛੇ ਸਚਾਈ ਹੁੰਦੀ ਹੈ

ਹਰ ਦੌਰ ਕਦੇ ਤਾਂ ਖ਼ਤਮ ਹੁੰਦਾ ਹੀ ਹੈ

ਹਰ ਔਖ ਕੁਝ ਰਾਹ ਦਿਖਾ ਹੀ ਦਿੰਦੀ ਹੈ।

ਆਏ ਹਾਂ ਜਦ ਅਸੀਂ ਤੁਰ ਕੇ ਏਨੇ ਲੱਖ ਵਰ੍ਹੇ

ਇਸ ਤੋਂ ਅੱਗੇ ਵੀ ਉਦੋਂ ਤੁਰ ਕੇ ਹੀ ਜਾਵਾਂਗੇ,

ਆਉਣਗੇ, ਭਲੇ ਦਿਨ ਜ਼ਰੂਰ ਆਉਣਗੇ।

t t t t t t t t t t t t

ਸ਼ਮਸ਼ੇਰ

ਰਾਤ ਸ਼ੀਸ਼ਾ ਹੈ ਮੇਰਾ

ਜਿਸ ਦੇ ਸਖ਼ਤ ਠੰਢੇਪਣ ’ਚ ਵੀ

ਲੁਕੀ ਹੈ ਸਵੇਰ

ਚਮਕੀਲੀ ਸਾਫ਼

ਝੀਲ ’ਚ ਦਾੜ੍ਹੀ ਭਿਉਂਦੇ ਸਪਤਰਿਸ਼ੀ

ਮੁਸਕਰਾਉਂਦੇ ਨੇ ਆਪਸ ’ਚ

ਮੇਰੇ ਵੱਲ ਇਸ਼ਾਰਾ ਕਰਕੇ

ਮੈਂ ਪ੍ਰੇਮ ਕੀਤਾ

ਇਸ ਲਈ ਝੱਲਣੇ ਪਏ

ਮੈਨੂੰ ਏਨੇ ਬਦਲੇ

ਇਕੱਲਾਪਣ ਆਥਣ ਦਾ ਤਾਰਾ ਸੀ

ਇਕੱਲਿਆਂ

ਜਿਸ ਨੂੰ ਮੈਂ ਨਿਗਲਿਆ

ਨੀਂਦ ਦੀ ਗੋਲੀ ਵਾਂਗ

ਪਰ ਮੈਂ ਸੁੱਤਾ ਨਹੀਂ

ਹਵਾਓ, ਮੈਂ ਧੋਤਾ ਜਾਵਾਂ

ਲਹਿਰੋ

ਸੁੱਕਣ ਲਈ ਫੈਲਾ ਦੇਵੋ ਮੈਨੂੰ

ਚੌੜੇ ਆਬਸ਼ਾਰਾਂ ਦੇ ਮੋਢਿਆਂ ’ਤੇ

ਪੱਤਿਓ ਮੈਂ ਜੰਮਿਆ ਰਹਾਂ

ਤੁਹਾਡੇ ਵਾਂਗ

ਇਕ ਕੰਬਦੀ ਹੋਈ ਕੋਮਲ ਜ਼ਿੱਦ

ਕਾਮਿਓ

ਤੁਸੀਂ ਕਹੋ, ‘ਇਹ ਵੀ ਹਾਂ ਅਸੀਂ’

ਅਮਰਤਾ

ਮੈਂ ਤੇਰੇ ’ਚ ਖੁੱਭਿਆ ਰਹਾਂ

ਤੇਰੇ ਦਿਲ ’ਚ ਲਗਾਤਾਰ ਗੁੜਦੀ

ਇਕ ਮਿੱਠੀ ਛਿੱਲਤ।

t t t t t t t t t t t t

ਜਿੱਥੋਂ ਦੀਆਂ ਔਰਤਾਂ ਗਈਆਂ ਹੋਣ ਕਿਤੇ

ਮੈਨੂੰ ਚੰਗਾ ਲੱਗੇ ਜਾਣਾ ਉਸ ਘਰ

ਜਿੱਥੋਂ ਦੀਆਂ ਔਰਤਾਂ ਗਈਆਂ ਹੋਣ ਕਿਤੇ।

ਇਕ ਬੇਰੋਕ ਆਜ਼ਾਦੀ

ਮੰਜੇ ’ਤੇ ਪਿਆ ਪਜਾਮਾ

ਚਾਹ ਦੇ ਪਤੀਲੇ ’ਚ ਸੜਦੀ ਪੱਤੀ

ਇਸ ਨਾਸ਼ ਵਿਚ ਵੀ

ਪ੍ਰੇਮ ਬੇਤਰਤੀਬ।

ਜਾਣਗੀਆਂ ਤਾਂ ਖ਼ੈਰ ਜਾਣਗੀਆਂ ਕਿੱਥੋਂ ਤੱਕ?

ਪੇਕੇ,

ਥੋੜ੍ਹਾ ਅੱਧਖੜ ਹੋ ਗਈਆਂ ਤਾਂ ਭਾਈ ਦੇ ਘਰ,

ਪਰ ਇਸ ਵਿਚ ਵੀ ਡਰ ਹੈ

ਕਦੇ ਵੀ ਮੁੜ ਆਉਣ ਦਾ।

ਫੇਰ ਵੀ

ਅਸੀਂ ਤਾਂ ਟਹਿਲ ਹੀ ਲਵਾਂਗੇ ਇਸ ਦੌਰਾਨ ਸਭ ਥਾਵੇਂ,

ਲਿਟ ਜਾਵਾਂਗੇ ਕਿਤੇ ਵੀ

ਕੁਝ ਪਕਾ ਵੀ ਲਵਾਂਗੇ

ਕਿਸੇ ਡੱਬੇ ਵਿਚ ਮਿਲ ਹੀ ਜਾਵੇਗਾ ਕੁਝ

ਫਿਰ ਲਵਾਂਗੇ

ਆਪਣਾ ਰਾਹ।

ਕੁਝ ਅਣਮਨੀ ਪੇਕਿਆਂ ਨਾਲ

ਭਾਬੀ ਨਾਲ ਕੁਝ ਰੁੱਸੀਆਂ

ਜ਼ਰਾ ਜਿੰਨੀਆਂ ਖ਼ੁਸ਼

ਆਪਣੇ ਨਰਕ ਦੀ ਬੇਤਰਤੀਬੀ ਵਿਚ ਲੱਭਣਗੀਆਂ ਉਹ

ਆਪਣੀ ਜ਼ਰੂਰਤ ਦੀ ਤਸੱਲੀ

ਖਿਝ ਭਰੀ ਖ਼ੁਸ਼ੀ ਦੇ ਨਾਲ। 

t t t t t t t t t t t t

ਤਾਰੰਤਾ ਬਾਬੂ ਨੂੰ ਕੁਝ ਸੁਆਲ

ਤੋਤੇ ਕਿਉਂ ਪਾਲੇ ਗਏ ਘਰਾਂ ’ਚ

ਕੂੜਾ ਪਾਉਣ ਦੇ ਕੰਮੀਂ ਕਿਉਂ ਲਿਆਂਦੇ ਗਏ ਪੀਪੇ

ਰੱਦੀ ਵਾਲੇ ਹੀ ਆਖ਼ਿਰ ਕਿਉਂ ਬਣੇ ਸਾਡੀ ਆਸ

ਮਾੜੇ ਦਿਨਾਂ ’ਚ?

ਜ਼ਰਾ ਸੋਚੋ, ਅਕਸਰ ਉੱਥੇ ਹੀ ਕਿਉਂ ਵੱਧ ਬਾਲੀਆਂ ਗਈਆਂ ਬੱਤੀਆਂ

ਜਿੱਥੇ ਉਨ੍ਹਾਂ ਦੀ ਘੱਟ ਜ਼ਰੂਰਤ ਸੀ

ਜਿਨ੍ਹਾਂ ਦੇ ਤੁਰਦੇ ਸਭ ਤੋਂ ਘੱਟ ਮਨੁੱਖ 

ਆਖ਼ਿਰ ਕਿਉਂ ਉਹੀ ਸੜਕਾਂ ਬਣੀਆਂ ਚੌੜੀਆਂ ਸਪਾਟ?

ਇਤਰ ਬਣਾਉਣ ਦਾ ਉਦਯੋਗ 

ਆਖ਼ਿਰ ਕਿਵੇਂ ਬਣ ਗਿਆ ਏਨਾ ਵਿਸ਼ਾਲ ਪਸੀਨਾ

ਜਦਕਿ ਹੋ ਗਿਆ ਇਕ ਫਟਿਆ ਹੋਇਆ ਤ੍ਰਿਸਕਾਰਤ ਜੁੱਤਾ

ਸਾਡੇ ਇਸ ਸਮੇਂ ’ਚ

ਜਦਕਿ ਸਭ ਤੋਂ ਸਾਬਤ ਸੱਚ ਤਦ ਵੀ ਉਹੀ ਸੀ।

ਇਨ੍ਹਾਂ ਨੌਜਵਾਨਾਂ ਤੋਂ ਕਿਵੇਂ ਖੋਹ ਲਿਆ ਉਨ੍ਹਾਂ ਦਾ ਧਰਮ

ਅਤੇ ਕਿਉਂ ਭਰ ਜਾਣ ਦਿੱਤਾ ਉਨ੍ਹਾਂ ਨੇ ਆਪਣੇ ਦਿਮਾਗ਼ ’ਚ 

ਸੜਿਆ ਹੋਇਆ ਜਟਾਂਹਾਰ ਘਾਹ-ਫੂਸ?

ਕਿੱਥੋਂ ਆ ਗਏ ਇਹ ਗਮਲੇ ਸਜੇ ਕਮਰਿਆਂ ਦੇ ਅੰਦਰ ਤੱਕ

ਕੁਦਰਤ ਦੀ ਆਭਾ ਬਿਖੇਰਦੇ

ਜਦਕਿ ਕੱਟੇ ਜਾ ਰਹੇ ਸਨ ਜੰਗਲਾਂ ਦੇ ਜੰਗਲ

ਆਦਿਵਾਸੀਆਂ ਨੂੰ ਬੇਦਖ਼ਲ ਕਰਦਿਆਂ?

ਆਖ਼ਿਰ ਝਪਟ ਕਿਉਂ ਲਿਆ ਅਸੀਂ ਅਜਿਹੀ ਸਭਿਅਤਾ ਨੂੰ

ਲੋਭੀ ਮੁਫ਼ਤਖੋਰਾਂ ਦੀ ਤਰ੍ਹਾਂ? ਚਾਣਚੱਕ?

ਸੋਚੋ ਤਾਂ ਤਾਰੰਤਾ ਬਾਬੂ ਅਤੇ ਜ਼ਰਾ ਦੱਸੋ ਤਾਂ

ਕਿਉਂ ਐਵੇਂ ਤੁਰੇ ਜਾਂਦੇ ਹੋ

ਏਨੇ ਜੁਗਤ ਰਹਿਤ?

t t t t t t t t t t t t

ਪੋਸਟ ਕਾਰਡ ਮਹਿਮਾ

ਅਸੀਂ ਪੋਸਟ ਕਾਰਡਾਂ ਦੀ ਮਹਿਮਾ ਦੇ ਗੀਤ ਗਾਵਾਂਗੇ

ਇਸ ਮੈਲੇ ਸਮੇਂ ’ਚ 

ਉਸ ਨੂੰ ਵੀ ਗਿਣੋ ਆਸ ਦੇਣੀਆਂ ਚੀਜ਼ਾਂ ’ਚ

ਉਹ ਆਉਂਦੇ ਨੇ ਜਿਵੇਂ ਕੋਈ ਥੋੜ੍ਹਾ ਜਿਹਾ ਜ਼ਿਆਦਾ ਪੁਰਾਣਾ ਦੋਸਤ

ਜਿਸ ਨੂੰ ਖ਼ਾਸ ਉਮੀਦ ਨਹੀਂ ਜੋ ਜ਼ਿਆਦਾ ਲਾਭਦਾਇਕ ਨਹੀਂ

ਜੋ ਥੋੜ੍ਹਾ ਜ਼ਿਆਦਾ ਹੀ ਨਿਰਉਚੇਚ

ਜਿਵੇਂ ਘਰੋਂ ਕੋਈ ਰਿਸ਼ਤੇ ਦਾ ਭਾਈ

ਜੋ ਮੁੜ ਜਾਵੇਗਾ ਅਕਸਰ ਬਗੈਰ ਜ਼ਿਆਦਾ ਬੋਝ ਬਣਿਆਂ

ਛੱਡ ਕੇ ਕੁਝ ਮੋਟੀਆਂ-ਮੋਟੀਆਂ ਯਾਦਾਂ ਵੜੀਆਂ ਅਚਾਰ

ਹਾਂ ਉਨ੍ਹਾਂ ਤੋਂ ਸੰਤੁਸ਼ਟੀ ਨਹੀਂ ਹੁੰਦੀ

ਪਰ ਉਹ ਹਮੇਸ਼ਾ ਪੂਰਾ ਕਰਦੇ ਨੇ ਆਪਣਾ ਕੰਮ।

ਅਸੀਂ ਉਨ੍ਹਾਂ ਭੱਦੇ ਪੀਲੇ ਪੋਸਟ ਕਾਰਡਾਂ ਦੀ ਮਹਿਮਾ ਗਾਵਾਂਗੇ

ਠੀਕ ਹੈ ਕਦੇ-ਕਦਾਈਂ ਉਹ ਲਿਆਉਂਦੇ ਨੇ ਕੋਈ ਬੁਰੀ ਖ਼ਬਰ ਵੀ

ਤਦ ਉਨ੍ਹਾਂ ਦੀ ਸ਼ਕਲ ਹੁੰਦੀ ਹੈ

ਕੰਨ-ਪੂਛ ਦਬਾਈ ਘਰੇਲੂ ਕੁੱਤੇ ਦੇ ਵਾਂਗ

ਜੋ ਕਰ ਆਇਆ ਹੋਵੇ ਕੋੋਈ ਨਖਿੱਧ ਕੰਮ

ਉਨ੍ਹਾਂ ਨੂੰ ਪਾੜ ਤੱਕ ਦਿੱਤਾ ਜਾਂਦੈ ਉਸ ਸਮੇਂ

ਕੂੜੇ ਦੇ ਢੇਰ ਵਿਚ ਸਾਊਆਂਹਾਰ ਸੁੰਗੜੇ

ਉਹ ਕਿਸਮਤ ਨੂੰ ਵੀ ਨਹੀਂ ਕੋਸਦੇ

ਹਾਂ ਅਸੀਂ ਤਾਂ ਗਾਵਾਂਗੇ ਜੀ ਉਨ੍ਹਾਂ ਸ਼ਰੀਫ਼ ਪੋਸਟਕਾਰਡਾਂ ਦੇ ਮਹਿਮਾ ਗੀਤ

ਜਿਨ੍ਹਾਂ ਦੇ ਅੱਧੇ ਧਾਰੀਦਾਰ ਮੁੱਖ ਦਾ ਇਕ ਕੰਨ ਹੈ ਸ਼ੇਰਛਾਪ

ਸਭ ਤੋਂ ਵੱਡੀ ਗੱਲ ਤਾਂ ਇਹ

ਕਿ ਉਹ ਮੌਜੂਦ ਰਹਿੰਦੇ ਨੇ ਹਰ ਪਾਸੇ

ਭਲੇ ਲੋਕਾਂ ਦੀ ਤਰ੍ਹਾਂ 

ਜ਼ਰੂਰ ਉਹ ਦਿਸਦੇ ਨਹੀਂ

ਸੁੰਦਰ ਲਿਖਣ-ਸਮੱਗਰੀ ਘੁਸਪੈਠੀਆ ਪਿਕਚਰ ਪੋਸਟਕਾਰਡਾਂ 

ਅਤੇ ਰੰਗੀਨ ਟੈਲੀਫੋਨਾਂ ਦੇ ਜੰਜਾਲ ਵਿਚ

ਪਰ ਪਤਾ ਕਰ ਲਓ, ਗਿਣਤੀ ਵਿਚ ਸਭ ਤੋਂ ਵੱਧ ਹਨ ਉਹੀ 

ਬਚ ਕੇ ਰਹਿੰਦੇ ਨੇ ਰਾਜਮਾਰਗਾਂ ਤੋਂ

ਉਨ੍ਹਾਂ ਨੂੰ ਗੁਆਉਣਾ ਵੀ ਸਭ ਤੋਂ ਸੌਖਾ ਹੈ

ਪਾੜ ਤਾਂ ਦੇਣਾ ਤਾਂ ਹੋਰ ਵੀ

ਪਰ ਫੂਕ ਨਾਲ ਨਹੀਂ ਉਡਾਇਆ ਜਾ ਸਕਦਾ ਉਨ੍ਹਾਂ ਨੂੰ 

ਉਨ੍ਹਾਂ ਤੋਂ ਪਰਹੇਜ਼ ਕਰਦੇ ਨੇ ਰਾਜਪੁਰਸ਼ ਚਾਲਬਾਜ਼

ਤਸਕਰ ਅਤੇ ਸੂਹੀਏ ਸੰਚਾਰ ਮੰਤਰੀ ਉਨ੍ਹਾਂ ਤੋਂ ਕੁੜ੍ਹਦਾ ਹੈ

ਬੁੱਢਿਆਂ ਦੇ ਉਹ ਪਿਆਰੇ ਸੰਦੇਸ਼ਵਾਹਕ 

ਪਹਿਲਾਂ ਕੜ੍ਹਕ ਸੀ

ਹੌਲੀ-ਹੌਲੀ ਮੌਸਮ ਨੇ ਮੈਲਾ ਕੀਤਾ ਉਨ੍ਹਾਂ ਨੂੰ

ਪਰ ਉਨ੍ਹਾਂ ਨੇ ਲੋਪ ਨਹੀਂ ਹੋਣ ਦਿੱਤਾ

ਆਪਣੇ ਦਿਲ ’ਤੇ ਲਿਖੇ ਅੱਖਰਾਂ ਨੂੰ

ਭਲੇ ਲੋਕਾਂ ਦੀ ਤਰ੍ਹਾਂ

ਉਨ੍ਹਾਂ ਨੂੰ ਉਡੀਕ ਹੈ ਉਸ ਦਿਨ ਦੀ 

ਜਦ ਉਨ੍ਹਾਂ ਦੇ ਚੌੜੇ ਸੀਨੇ ’ਤੇ ਲਿਖੀਆਂ ਜਾਣਗੀਆਂ

ਪਿਆਰ-ਮੁਹੱਬਤ ਦੀਆਂ ਗੱਲਾਂ

ਸ਼ਰ੍ਹੇਆਮ!

t t t t t t t t t t t t

ਪੁਰਾਣੀ ਉਮਰ

ਬੱਦਲਾਂ ਭਰੀ ਜੋ ਆਭਾ ਹੈ ਭਾਦੋਂ ਦੀ ਸ਼ਾਮ ਦੀ

ਫੇਫੜਿਆਂ ’ਚ ਪਿਪਰਮੈਂਟ ਜਿਹੀ ਠੰਢੀ ਹਵਾ ਦਾ ਸੁਆਦ

ਮੈਂ ਨਵੀਂ ਮਜ਼ਬੂਤ ਪਾਣੀਦਾਰ ਸਾਈਕਲ ’ਤੇ

ਸ਼ਹਿਰੋਂ ਬਾਹਰ ਖੇਤਾਂ ਦੇ ਨੇੜੇ

ਉਮਰ ਮੇਰੀ ਪੁਰਾਣੀ ਸਿਰਫ਼ ਤੇਈ

ਕਲੋਨੀਆਂ ਹਾਲੇ ਨਹੀਂ ਬਣੀਆਂ,

ਬਾਂਦਰਾਂ ਕੋਲ ਭਾਰੀ ਰੁੱਖਾਂ ਦੇ

ਭਰਪੂਰ ਬਸੇਰੇ ਨੇ।

ਡੱਡੂਆਂ ਕੋਲੇ ਹਾਲੇ ਹੈ ਉਨ੍ਹਾਂ ਦਾ

ਪਵਿੱਤਰ ਇਕਾਂਤ ਅਤੇ ਤਾਜ਼ੇ ਪਾਣੀ ’ਚ 

ਲਚਕੀਲੀਆਂ ਲੰਬੀਆਂ ਛਲਾਂਗਾਂ।

ਪਾਣੀ ਸੋਖ ਕੇ ਧੋਤੀਆਂ ਹੋਈਆਂ ਨਵੀਆਂ ਇੱਟਾਂ ਨਾਲ

ਬਣਨੀ ਸ਼ੁਰੂ ਹੋਈ ਹੈ

ਸੁਪਨਿਆਂ ਦੀ ਉਹ ਬਹੁਮੰਜ਼ਿਲੀ ਇਮਾਰਤ

ਜੋ ਇਉਂ ਦੀ ਤਿਉਂ ਛੁਟ ਗਈ ਹੈ

ਇਕ ਸਦੀ ਲਈ।

t t t t t t t t t t t t

ਜਿੱਥੇ ਮੈਂ ਹਾਂ

ਜਿੱਥੇ ਨਸ਼ਾ ਟੁੱਟਦਾ ਹੈ ਕੱਕੜੀ ਦੀ ਤਰ੍ਹਾਂ

ਜਿੱਥੇ ਰਾਤ ਆਪਣਾ ਸਭ ਤੋਂ ਡਰਾਉਣਾ ਬੈਂਡ ਵਜਾਉਂਦੀ ਹੈ

ਸਭ ਤੋਂ ਮਧੁਰ ਸੁਰਾਂ ਵਿਚ

ਇਕ ਔਰਤ ਜਿੱਥੇ ਕਰਦੀ ਹੈ ਪ੍ਰੇਮ ਦਾ ਬੜੀ ਦੂਰ ਇਸ਼ਾਰਾ

ਜਿੱਥੇ ਮੱਛੀ ਦਾ ਤਾਜ਼ਾ ਪਿੰਜਰ ਚੱਬਦਾ ਹੈ ਊਦ-ਬਿਲਾਉ

ਜਿੱਥੇ ਭ੍ਰਿਸ਼ਟਾਚਾਰ ਦਾ ਸੁਹਜਸ਼ਾਸਤਰ ਰਚਦੇ ਨੇ

ਕਮੀਨੇ ਸ਼ਾਸਕ

ਜਿੱਥੇ ਕੋਈ ਮੁਟਿਆਰ ਵਿਧਵਾ ਇਕੱਲੀ ਰੋਂਦੀ ਹੈ ਚੁੱਪ-ਚੁੱਪ

ਚਹੁੰਪਾਸੀਂ ਭਾਰ ਹੈ ਸੰਸਾਰ

ਜਿੱਥੇ ਧੂਣੀ ਸੇਕਦੇ ਹੁਣ ਵੀ ਅਡੋਲ ਆੜੀ

ਰੁੱਝੇ ਨੇ ਕਿਲੇ ਨੂੰ ਤੋੜਣ ਦੀ

ਨਵੀਂ ਜੁਗਤ ਲੱਭਣ ’ਚ।

t t t t t t t t t t t t

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸ਼ਾਇਰ ਤੇ ਮਿੱਟੀ ਦੋ ਨਹੀਂ...

ਸ਼ਾਇਰ ਤੇ ਮਿੱਟੀ ਦੋ ਨਹੀਂ...

ਬੀਬੀ ਰਾਣੀ

ਬੀਬੀ ਰਾਣੀ

ਸ਼ਹਿਰ

View All