ਗੁਰਦੇਵ ਸਿੰਘ ਸਿੱਧੂ
ਦੇਸ਼ ਨੂੰ ਆਜ਼ਾਦੀ ਮਿਲਣ ਦੇ ਪਲ ਤੋਂ ਬੜੀ ਉੱਚੀ ਸੁਰ ਵਿਚ ਨਿਰੰਤਰਤਾ ਨਾਲ ਦੇਸ਼ ਵਾਸੀਆਂ ਦੇ ਮਨ ਵਿਚ ਇਹ ਗੱਲ ਬਿਠਾਈ ਗਈ ਕਿ ‘‘ਲੇ ਦੀ ਹਮੇਂ ਆਜ਼ਾਦੀ ਬਿਨਾਂ ਖੜਗ ਬਿਨਾਂ ਢਾਲ, ਸਾਬਰਮਤੀ ਕੇ ਸੰਤ ਤੂਨੇ ਕਰ ਦੀਆ ਕਮਾਲ’’ ਪਰ ਸੁਭਾਸ਼ ਚੰਦਰ ਕੁਸ਼ਵਾਹਾ ਦਾ ਮਤ ਹੈ ਕਿ ‘‘ਚੌਰਾ ਚੌਰੀ ਦਾ ਕਿਸਾਨ ਵਿਦਰੋਹ ਇਸ ਤੱਥ ਨੂੰ ਪੇਸ਼ ਕਰਦਾ ਹੈ ਕਿ ਕਿਸੇ ਗ਼ੁਲਾਮ ਦੇਸ਼ ਦੀ ਆਜ਼ਾਦੀ ਕਿਸੇ ਵਿਅਕਤੀ ਵਿਸ਼ੇਸ਼ ਦੇ ਯਤਨਾਂ ਨਾਲ ਨਹੀਂ ਮਿਲਦੀ, ਆਜ਼ਾਦੀ ਲਈ ਹਮੇਸ਼ਾ ਲੋਕ-ਸੰਘਰਸ਼ਾਂ ਦੀ ਲੋੜ ਪੈਂਦੀ ਹੈ।’’ ਉਸ ਦਾ ਇਹ ਵੀ ਕਹਿਣਾ ਹੈ ਕਿ ‘‘ਕਾਂਗਰਸੀ ਅੰਦੋਲਨ ਅਸਲ ਵਿਚ ਕੁਝ ਦੇਸੀ ਸਫੈਦਪੋਸ਼ਾਂ ਨੂੰ ਰਾਜ-ਅਸੈਂਬਲੀਆਂ ਤੱਕ ਪਹੁੰਚਾਉਣ ਤੱਕ ਸੀਮਤ ਸੀ।’’
ਉੱਤਰ ਪ੍ਰਦੇਸ਼ ਦੇ ਸ਼ਹਿਰ ਕੁਸ਼ੀਨਗਰ ਵਿਚ ਜਨਮਿਆ ਅਤੇ ਵਰਤਮਾਨ ਸਮੇਂ ਲਖਨਊ ਸ਼ਹਿਰ ਦਾ ਵਸਨੀਕ ਸੁਭਾਸ਼ ਚੰਦਰ ਕੁਸ਼ਵਾਹਾ ਹਿੰਦੀ ਦਾ ਪੱਤਰਕਾਰ ਹੋਣ ਦੇ ਨਾਲ ਨਾਲ ਬਹੁ-ਵਿਧਾਈ ਰਚਨਾਤਮਿਕ ਲੇਖਕ ਵੀ ਹੈ। ਉਸ ਨੇ ਕਹਾਣੀਆਂ ਵੀ ਲਿਖੀਆਂ ਹਨ ਅਤੇ ਕਵਿਤਾਵਾਂ ਵੀ, ਸੰਪਾਦਨਾ ਕਾਰਜ ਵੀ ਕੀਤਾ ਹੈ; ਪਰ ਉਸ ਦੀ ਪੁਸਤਕ ‘ਚੌਰੀ ਚੌਰਾ’ (ਹਿੰਦੀ ਤੋਂ ਪੰਜਾਬੀ ਅਨੁਵਾਦ: ਸ੍ਰੀ ਬਲਬੀਰ ਲੌਂਗੋਵਾਲ; ਕੀਮਤ: 300 ਰੁਪਏ; ਲੋਕਗੀਤ ਪ੍ਰਕਾਸ਼ਨ, ਮੁਹਾਲੀ) ਸੁਤੰਤਰਤਾ ਸੰਗਰਾਮ ਦੀ ਨਾ-ਭੁੱਲਣਯੋਗ ਅਹਿਮ ਘਟਨਾ, ਜਿਸ ਦੀ ਯਾਦ ਪਿੱਛੋਂ ਦੇਰ ਤੱਕ ਬਸਤੀਵਾਦੀ ਹਾਕਮਾਂ ਦੀ ਨੀਂਦ ਉਡਾਉਂਦੀ ਰਹੀ, ਦਾ ਨਵੇਂ ਪ੍ਰਾਪਤ ਇਤਿਹਾਸਕ ਦਸਤਾਵੇਜ਼ਾਂ, ਤੱਥਾਂ ਅਤੇ ਸਥਾਨਕ ਲੋਕਾਂ ਨਾਲ ਕੀਤੀ ਗੱਲਬਾਤ ਉੱਤੇ ਆਧਾਰਿਤ ਵਿਸਥਾਰਤ ਅਤੇ ਪ੍ਰਮਾਣਿਕ ਬਿਆਨ ਹੈ।
ਗਾਂਧੀ ਜੀ ਵੱਲੋਂ ਖਿਲਾਫ਼ਤ ਲਹਿਰ ਨਾਲ ਸਹਿਮਤੀ ਪ੍ਰਗਟ ਕਰ ਦਿੱਤੇ ਜਾਣ ਨਾਲ ਉਨ੍ਹਾਂ ਨੂੰ ਮੁਸਲਮਾਨ ਭਾਈਚਾਰੇ ਦੀ ਹਮਾਇਤ ਮਿਲ ਗਈ ਜਿਸ ਨਾਲ ਹਿੰਦੂ-ਮੁਸਲਮਾਨ ਏਕਤਾ ਮਜ਼ਬੂਤ ਹੋਈ। ਨਤੀਜਨ ਨਾ-ਮਿਲਵਰਤਣ ਲਹਿਰ ਨੂੰ ਬਲ ਮਿਲਿਆ ਅਤੇ ਇਸ ਅੰਦੋਲਨ ਨੂੰ ਪ੍ਰਭਾਵੀ ਢੰਗ ਨਾਲ ਚਲਾਉਣ ਲਈ ਥਾਂ ਥਾਂ ਕਮੇਟੀਆਂ ਬਣਨ ਲੱਗੀਆਂ। ਅਜਿਹੀ ਮੰਡਲ ਪੱਧਰ ਦੀ ਇਕ ਕਮੇਟੀ ਸੰਯੁਕਤ ਪ੍ਰਾਂਤ ਵਿਚ ਗੋਰਖਪੁਰ ਦੇ ਨੇੜ ਡੁਮਰੀ ਖੁਰਦ ਵਿਚ ਵੀ ਬਣੀ। ਵਿਭਿੰਨ ਜਾਗੀਰਦਾਰਾਂ ਦੀ ਮਾਲਕੀ ਹੇਠ ਵੰਡੇ ਇਸ ਇਲਾਕੇ ਵਿਚ ਬਹੁਤੀ ਵਸੋਂ ਦਲਿਤਾਂ ਦੀ ਸੀ। ਚੌਰਾ ਚੌਰੀ ਭਾਵੇਂ ਇਕ ਦੂਜੇ ਤੋਂ ਹਟਵੇਂ ਦੋ ਪਿੰਡ ਸਨ ਪਰ ਇਨ੍ਹਾਂ ਦਾ ਉਚਾਰਨ ਇਕੱਠਾ ਹੀ ਕੀਤਾ ਜਾਂਦਾ ਸੀ। ਇਲਾਕੇ ਦੇ ਜਾਗੀਰਦਾਰਾਂ ਅਤੇ ਪੁਲੀਸ ਦੇ ਦੂਹਰੇ ਜ਼ੁਲਮ ਤੋਂ ਦੁਖੀ ਲੋਕਾਂ ਨੇ ਨਾ-ਮਿਲਵਰਤਣ ਲਹਿਰ ਦਾ ਜ਼ੋਰਦਾਰ ਹੁੰਗਾਰਾ ਭਰਿਆ ਅਤੇ 1922 ਦੇ ਸ਼ੁਰੂ ਤੋਂ ਹੀ ਇਕੱਤਰਤਾਵਾਂ ਹੋਣ ਲੱਗੀਆਂ। ਚਾਰ ਫਰਵਰੀ ਨੂੰ ਡੁਮਰੀ ਖੁਰਦ ਵਿਚ ਇਕੱਤਰਤਾ ਕਰਨ ਪਿੱਛੋਂ ਇਕੱਠ ਨੇ ਮੁੰਡੇਰਾ ਬਾਜ਼ਾਰ ਵਿਚੋਂ ਤਾੜੀ, ਸ਼ਰਾਬ, ਮਾਸ, ਮੱਛੀ ਦੀਆਂ ਦੁਕਾਨਾਂ ਬੰਦ ਕਰਵਾਉਣ ਲਈ ਉੱਥੇ ਜਾਣ ਦਾ ਫ਼ੈਸਲਾ ਕਰ ਲਿਆ। ਰਾਹ ਚੌਰੀ ਚੌਰਾ ਥਾਣੇ ਕੋਲ ਦੀ ਜਾਂਦਾ ਸੀ ਜਿੱਥੇ ਦਰੋਗਾ ਗੁਪਤੇਸ਼ਵਰ ਸਿੰਹ, ਜੋ ਆਪਣੀ ਸਖ਼ਤੀ ਕਾਰਨ ਮਸ਼ਹੂਰ ਸੀ, ਅਮਲੇ ਫੈਲੇ ਨਾਲ ਹਾਜ਼ਰ ਸੀ। ਕਿਸੇ ਕਾਰਨ ਦੋਵਾਂ ਧਿਰਾਂ ਦਰਮਿਆਨ ਬਹਿਸਬਾਜ਼ੀ ਹੋਣ ਉੱਤੇ ਭੀੜ ਵੱਲੋਂ ਪੱਥਰ ਮਾਰੇ ਜਾਣ ਦੇ ਜੁਆਬ ਵਿਚ ਪੁਲੀਸ ਵੱਲੋਂ ਚਲਾਈ ਗੋਲੀ ਨਾਲ ਕੁਝ ਮੁਜ਼ਾਹਰਾਕਾਰੀ ਮਾਰੇ ਗਏ ਤਾਂ ਗੁੱਸਾ ਵਿਚ ਆਈ ਭੀੜ ਨੇ ਥਾਣੇ ਨੂੰ ਅੱਗ ਲਾ ਦਿੱਤੀ ਜਿਸ ਨਾਲ ਦਰੋਗੇ ਸਮੇਤ 22 ਵਿਅਕਤੀ ਮਾਰੇ ਗਏ। ਮਰਨ ਵਾਲਿਆਂ ਵਿਚ ਪੁਲੀਸ ਦੇ ਸਿਪਾਹੀ ਅਤੇ ਚੌਂਕੀਦਾਰ ਸਨ। ਸਰਕਾਰ ਨੇ 273 ਮੁਲਜ਼ਮਾਂ ਖ਼ਿਲਾਫ਼ ਮੁਕੱਦਮਾ ਦਰਜ ਕੀਤਾ। ਮੈਜਿਸਟ੍ਰੇਟ ਨੇ ਮੁੱਢਲੀ ਕਾਰਵਾਈ ਮੁਕੰਮਲ ਕਰ ਕੇ ਮੁਕੱਦਮਾ ਸੈਸ਼ਨ ਸਪੁਰਦ ਕੀਤਾ ਜਿਸ ਨੇ ਦੋਸ਼ੀ ਐਲਾਨੇ 225 ਵਿਅਕਤੀਆਂ ਨੂੰ ਫਾਂਸੀ ਦੀ ਸਜ਼ਾ ਸੁਣਾਈ। ਅਲਾਹਾਬਾਦ ਹਾਈ ਕੋਰਟ ਵਿਚ ਅਪੀਲ ਪਾਉਣ ਉੱਤੇ ਇਨ੍ਹਾਂ ਵਿਚੋਂ 19 ਦੀ ਸਜ਼ਾ ਬਰਕਰਾਰ ਰਹੀ।
ਲੇਖਕ ਅਨੁਸਾਰ ਚੌਰਾ ਚੌਰੀ ਦੇ ਜਿਸ ‘‘ਕਿਸਾਨ ਵਿਦਰੋਹ ਦੇ ਸਿੱਟਿਆਂ ਨੇ ਬਰਤਾਨਵੀ ਸੱਤਾ ਦੇ ਸਵੈ-ਵਿਸ਼ਵਾਸ ਨੂੰ ਹਿਲਾ ਦਿੱਤਾ’’, ਉਸ ਬਾਰੇ 11-12 ਫਰਵਰੀ ਨੂੰ ਕਾਂਗਰਸ ਕਾਰਜਕਾਰਨੀ ਦੀ ਬਾਰਦੌਲੀ ਵਿਚ ਹੋਈ ਮੀਟਿੰਗ ਵਿਚ ਪ੍ਰਵਾਨ ਕੀਤੇ ਮਤੇ ਵਿਚ ਕਿਹਾ ਗਿਆ, ‘‘ਕਾਰਜਕਾਰਨੀ ਚੌਰਾ ਚੌਰੀ ਭੀੜ ਦੇ ਉਸ ਗ਼ੈਰ-ਮਨੁੱਖੀ ਕੰਮ, ਜਿਸ ਵਿਚ ਨਿਰਦਈਪੁਣੇ ਨਾਲ ਸਿਪਾਹੀਆਂ ਦੀ ਹੱਤਿਆ ਕੀਤੀ ਗਈ, ਥਾਣਾ ਫੂਕਿਆ ਗਿਆ, ਦਾ ਵਿਰੋਧ ਕਰਦੀ ਹੈ ਅਤੇ ਪੀੜਤ ਪਰਿਵਾਰਾਂ ਪ੍ਰਤੀ ਹਮਦਰਦੀ ਪ੍ਰਗਟਾਉਂਦੀ ਹੈ।’’ ਮਹਾਤਮਾ ਗਾਂਧੀ ਨੇ ਵੀ ਨਾ-ਮਿਲਵਰਤਣ ਅੰਦੋਲਨ ਨੂੰ ਚੌਰੀ ਚੌਰਾ ਦੀ ਘਟਨਾ ਦੇ ਹਵਾਲੇ ਨਾਲ ਵਾਪਸ ਲੈਂਦਿਆਂ ਆਪਣੇ ਅਖ਼ਬਾਰ ‘ਨਵ ਜੀਵਨ’ ਦੇ 12 ਫਰਵਰੀ 1922 ਵਾਲੇ ਅੰਕ ਵਿਚ ਲਿਖਿਆ ਕਿ ‘‘ਜਦੋਂ ਮੈਂ ਇਹ ਵੇਖਦਾ ਹਾਂ ਕਿ ਮੇਰੇ ਅੰਦੋਲਨ ਦਾ ਗ਼ਲਤ ਫਾਇਦਾ ਦੂਸਰੇ ਲੋਕ ਉਠਾ ਰਹੇ ਹਨ ਤਾਂ ਮੈਂ ਇਕ ਕਦਮ ਵੀ ਅੱਗੇ ਨਹੀਂ ਜਾ ਸਕਦਾ।’’ ਜਦ ਚੌਰੀ ਚੌਰਾ ਦੇ ਸ਼ਹੀਦਾਂ ਬਾਰੇ ਗਾਂਧੀ ਜੀ ਅਤੇ ਕਾਂਗਰਸ ਦੀ ਸਰਬੋਤਮ ਕਮੇਟੀ ਦੀ ਧਾਰਨਾ ਇਹ ਸੀ ਤਾਂ ਇਹ ਹੈਰਾਨੀ ਵਾਲੀ ਗੱਲ ਨਹੀਂ ਪ੍ਰਤੀਤ ਹੁੰਦੀ ਕਿ 17 ਜੁਲਾਈ 1937 ਨੂੰ ਸੰਯੁਕਤ ਪ੍ਰਾਂਤ ਵਿਚ ਸ੍ਰੀ ਗੋਬਿੰਦ ਵਲਭ ਪੰਤ ਦੀ ਅਗਵਾਈ ਵਿਚ ਕਾਂਗਰਸ ਪਾਰਟੀ ਦੀ ਸਰਕਾਰ ਬਣੀ ਤਾਂ ਉਸ ਵੇਲੇ ਅਜੇ ਕੈਦ ਦੀ ਸਜ਼ਾ ਭੁਗਤ ਰਹੇ ਵਿਅਕਤੀਆਂ ਵੱਲੋਂ ਬਣਦੀਆਂ ਸਹੂਲਤਾਂ ਲੈਣ ਲਈ ਕੀਤੀ ਭੁੱਖ ਹੜਤਾਲ ਅਤੇ ਜਨਤਕ ਦਬਾਅ ਹੇਠ ਇਨ੍ਹਾਂ ਵਿਚੋਂ ਅੱਧ-ਪਚੱਧਿਆਂ ਨੂੰ ਅੱਗੜ ਪਿੱਛੜ ਛੱਡਿਆ ਗਿਆ ਅਤੇ ਉਹ ਵੀ ਇਹ ਸ਼ਰਤ ਲਾ ਕੇ ਕਿ ਉਹ ਸਿੱਧੇ ਆਪਣੇ ਘਰ ਜਾਣ; ਸ਼ਾਂਤੀ ਨਾਲ ਰਹਿਣ ਅਤੇ ਕਿਸੇ ਧਰਨੇ ਜਾਂ ਮੁਜ਼ਾਹਰੇ ਵਿਚ ਭਾਗ ਨਾ ਲੈਣ।
ਅੰਗਰੇਜ਼ ਸਰਕਾਰ ਨੇ ਇਸ ਘਟਨਾ ਵਿਚ ਮਾਰੇ ਗਏ ਪੁਲੀਸ ਕਰਮੀਆਂ ਅਤੇ ਹੋਰਨਾਂ ਦੀ ਯਾਦ ਵਿਚ ਫਰਵਰੀ 1924 ਵਿਚ ਯਾਦਗਾਰ ਉਸਾਰ ਦਿੱਤੀ ਪਰ ਅੰਗਰੇਜ਼ ਸਰਕਾਰ ਵੱਲੋਂ ਫਾਂਸੀ ਲਾ ਕੇ ਸ਼ਹੀਦ ਕੀਤੇ ਲੋਕਾਂ ਦੀ ਯਾਦਗਾਰ ਜੁਲਾਈ 1993 ਵਿਚ ਭਾਵ ਆਜ਼ਾਦੀ ਮਿਲਣ ਤੋਂ ਸਾਢੇ ਚਾਰ ਦਹਾਕੇ ਪਿੱਛੋਂ ਉਸਾਰੀ ਗਈ। ਵਿਡੰਬਨਾ ਇਹ ਹੈ ਕਿ ਦੋਵਾਂ ਯਾਦਗਾਰਾਂ ਨੂੰ ‘ਸ਼ਹੀਦ ਸਮਾਰਕ’ ਨਾਂ ਦਿੱਤਾ ਹੋਇਆ ਹੈ।
ਸ੍ਰੀ ਬਲਬੀਰ ਲੌਂਗੋਵਾਲ ਨੇ ਇਸ ਪੁਸਤਕ ਦਾ ਅਨੁਵਾਦ ਕਰ ਕੇ ਸੁਚੇਤ ਪੰਜਾਬੀਆਂ ਲਈ ਗਿਆਨਵਰਧਕ ਸਮੱਗਰੀ ਦੇਣ ਦਾ ਸ਼ਲਾਘਾਯੋਗ ਉਪਰਾਲਾ ਕੀਤਾ ਹੈ।
ਸੰਪਰਕ: 94170-49417